جواری ਜਵਾਰੀ

ਸਾਂਝਾ ਪੰਜਾਬ

ਜਵਾਰੀ

پنجابی لئی تھلے رول کرو
ਸੱਯਦ ਆਸਿਫ਼ ਸ਼ਾਹਕਾਰ

“ਭਲੇ ਦਾ ਅੱਜ ਜ਼ਮਾਨਾ ਈ ਨਹੀਂ ਰਿਹਾ,” ਮੌਲਵੀ ਆਪਣੇ ਆਪ ਨੂੰ ਕਿਹਾ ਤੇ ਉਹ ਮੁੜ ਕੇ ਖ਼ਾਲੀ ਹੱਥੀਂ ਜੇਲ੍ਹ ਵੱਲ ਆ ਗਿਆ ਪਰ ਉਹਨੂੰ ਹੌਸਲਾ ਨਹੀਂ ਸੀ ਪੈ ਰਿਹਾ ਕਿ ਉਹ ਜੇਲ੍ਹ ਦੇ ਅਫ਼ਸਰਾਂ ਦਾ ਸਾਹਮਣਾ ਕਰੇ। ਜੇਲ੍ਹ ਦੇ ਬਾਹਰ ਇੱਕ ਨਿੱਕਾ ਜਿਹਾ ਖਾਲਾ ਵਗਦਾ ਸੀ ਉਹ ਇਹਦੇ ਕੰਢੇ ‘ਤੇ ਆ ਕੇ ਬਹਿ ਗਿਆ ਤੇ ਸੋਚਣ ਲੱਗ ਪਿਆ। ਉਹਦਾ ਇੱਕ ਤੇ ਦਿਲ ਕਰੇ ਕਿ ਨਿੱਕੇ ਹੁੰਦਿਆਂ ਤਰਾਂ ਏਸ ਖਾਲੇ ਵਿਚ ਲੰਮਾ ਪੈ ਜਾਵੇ ਤੇ ਪਾਣੀ ਦੀ ਚਾਦਰ ਤਾਣ ਕੇ ਸਾਰੇ ਜਹਾਨ ਕੋਲੋਂ ਲੁਕ ਜਾਵੇ। ਖ਼ਾਲੀ ਹੱਥਕੜੀ ਬਾਰ-ਬਾਰ ਖੜਕਦੀ ਸੀ ਤੇ ਉਹਨੂੰ ਇੰਝ ਲੱਗਦਾ ਸੀ ਜਿਵੇਂ ਹੱਥਕੜੀ ਵਿਚ ਜਾਨ ਪੈ ਗਈ ਹੋਵੇ ਤੇ ਇਹ ਕਿਸੇ ਕਾਲੇ ਨਾਗ ਵਾਂਗ ਫਨ ਕੱਢ ਕੇ ਉਹਦੇ ਵੱਲ ਆਉਂਦੀ ਹੋਵੇ ਤੇ ਉਹਦੀਆਂ ਬਾਹਵਾਂ ਨੂੰ ਆ ਕੇ ਚਿੰਬੜਦੀ ਹੋਵੇ। ਜਦ ਇਹ ਉਹਦੇ ਹੱਥਾਂ ਨੂੰ ਲੱਗਣ ਲੱਗਦੀ ਤੇ ਉਹ ਇਹਨੂੰ ਝਟਕ ਕੇ ਪਰ੍ਹੇ ਸੁੱਟ ਦਿੰਦਾ।
“ਤੈਨੂੰ ਕੀ ਲੱਭਾ? ਸੁਆਦ ਤੇ ਉਹਨੇ ਲੈਣਾ ਸੀ ਤੈਨੂੰ ਕਿਹੜਾ ਉਹਨੇ ਹਿੱਸਾ ਦੇਣਾ ਸੀ। ਤੂੰ ਉਹਦੇ ਸੁਆਦ ‘ਚੋਂ ਸੁਆਦ ਲੈਂਦਾ-ਲੈਂਦਾ ਪੰਗਾ ਪਵਾ ਕੇ ਬਹਿ ਰਿਹਾ ਐਂ,” ਮੌਲਵੀ ਸਿੰਧੀ ਆਪਣੇ ਆਪ ਨੂੰ ਕੋਸਿਆ।
ਉਹਨੂੰ ਖਾਲੇ ਕੋਲ਼ ਬੈਠਿਆਂ ਬੜਾ ਚਿਰ ਹੋ ਗਿਆ ਸੀ। ਉਹ ਕਦੇ ਏਸ ਕੈਦੀ ਨੂੰ ਗਾਹਲਾਂ ਕੱਢਦਾ ਤੇ ਕਦੇ ਆਪਣੇ ਆਪ ਨੂੰ। ਵੇਲੇ ਦੀ ਤਰਾਂ ਖਾਲੇ ਦਾ ਪਾਣੀ ਵੀ ਵਗਦਾ ਜਾ ਰਿਹਾ ਸੀ ਤੇ ਉਹ ਵੇਲੇ ਨੂੰ ਖਿਲਾਰਨ ਦਾ ਜਤਨ ਕਰ ਰਿਹਾ ਸੀ। ਜਦ ਸ਼ਾਮ ਪੈਣ ਲੱਗੀ ਤੇ ਉਹਨੇ ਆਪਣੇ ਆਪ ਨੂੰ ਕਿਹਾ, “ਮਨਾ! ਤੂੰ ਇਥੇ ਕਿੰਨਾ ਕੁ ਚਿਰ ਬੈਠਾ ਰਵ੍ਹੇਂਗਾ। ਤੂੰ ਇਥੇ ਝੁੱਗੀ ਪਾਉਣ ਤੋਂ ਤੇ ਰਿਹਾ । ਕੀਤੇ ਦਾ ਹਿਸਾਬ ਕਿਤਾਬ ਤੇ ਦੇਣਾ ਈ ਪੈਂਦਾ ਏ।”
ਉਹ ਹਿੰਮਤ ਕਰ ਕੇ ਉਠਦਾ ਤੇ ਫ਼ੇਰ ਬਹਿ ਜਾਂਦਾ। ਉਹਦੇ ਲਈ ਸਭ ਤੋਂ ਵੱਡਾ ਰੱਫੜ ਇਹ ਸੀ ਕਿ ਉਹ ਜੇਲ੍ਹ ਦੇ ਅਫ਼ਸਰਾਂ ਨੂੰ ਕੀ ਦੱਸੇਗਾ। ਉਹ ਉਨ੍ਹਾਂ ਨੂੰ ਅਸਲੀ ਗੱਲ ਤੇ ਦੱਸਣੋਂ ਰਿਹਾ । ਇਹ ਦੱਸਣ ਨਾਲ਼ ਸਾਰੇ ਜਹਾਨ ਉਹਨੂੰ ਖੱਚਾਂ ਮਾਰਨੀਆਂ ਸਨ। ਕਿਸੇ ਕਹਿਣਾ ਸੀ, “ਕੀ ਇਸ ਕੈਦੀ ਤੈਨੂੰ ਵੀ ਵਾਰੀ ਦਵਾਈ ਸੀ ਜਾਂ ਤੂੰ ਬਾਹਰ ਈ ਬਹਿ ਕੇ ਘਸੇ ਗਿੰਣਦਾ ਰਿਹਾ ਸੀਂ ”
ਜਿੰਨੇ ਮੂੰਹ ਓਨੀਆਂ ਗੱਲਾਂ । ਫ਼ਰ ਉਹਨੂੰ ਅਖ਼ਬਾਰਾਂ ਦੀਆਂ ਖ਼ਬਰਾਂ ਯਾਦ ਆਈਆਂ ਪਈ ਫ਼ਲਾਣੀ ਥਾਂ ਫ਼ਲਾਣੇ ਖ਼ਤਰਨਾਕ ਡਾਕੂ ਨੂੰ ਉਹਦੇ ਸਾਥੀ ਦਿਨ ਦਿਹਾੜੇ ਪੁਲਿਸ ਦੀ ਹਿਰਾਸਤ ਵਿਚੋਂ ਛੁਡਾ ਕੇ ਲੈ ਗਏ। ਇਹ ਸੋਚ ਕੇ

ਉਹਨੂੰ ਹਿੰਮਤ ਮਿਲੀ ਪਰ ਦੂਜੇ ਈ ਪਲ ਉਹਨੂੰ ਖ਼ਿਆਲ ਆਇਆ ਕਿ ਇਹ ਕਹਾਣੀ ਨਹੀਂ ਚੱਲਣੀ। ਇਹ ਨਿੱਕਾ ਜਿਹਾ ਸ਼ਹਿਰ ਏ, ਇਥੇ ਕੋਈ ਫੂਸੀ ਵੀ ਮਾਰੇ ਤੇ ਸਾਰੇ ਸ਼ਹਿਰ ਨੂੰ ਪਤਾ ਲੱਗ ਜਾਂਦਾ ਏ। ਇਹ ਤੇ ਬਹੁਤ ਵੱਡੀ ਗੱਲ ਸੀ ਕਿ ਇੱਕ ਕੈਦੀ ਨੂੰ ਉਹਦੇ ਸਾਥੀ ਦਿਨ ਦਿਹਾੜੇ ਛੁਡਾ ਕੇ ਲੈ ਗਏ। ਤਫ਼ਤੀਸ਼ ਹੋਣ ‘ਤੇ ਉਹਦਾ ਝੂਠ ਫੜਿਆ ਜਾਣਾ ਸੀ। ਤਫ਼ਤੀਸ਼ ਕਰਨ ਵਾਲਿਆਂ ਪੁੱਛਣਾ ਸੀ, ਇਹ ਵਾਕਿਆ ਕਿੱਥੇ ਤੇ ਕਦੋਂ ਹੋਇਆ?

ਜਦ ਉਹਨੇ ਕੋਈ ਝੂਠੀ-ਮੂਠੀ ਥਾਂ ਦੱਸਣੀ ਸੀ ਤੇ ਤਫ਼ਤੀਸ਼ ਕਰਨ ਵਾਲਿਆਂ ਓਥੇ ਪਹੁੰਚ ਜਾਣਾ ਸੀ ਤੇ ਜਦ ਉਨ੍ਹਾਂ ਆਸੇ-ਪਾਸੇ ਦੇ ਲੋਕਾਂ ਕੋਲੋਂ ਪੁੱਛਣਾ ਸੀ ਤੇ ਕਿਸੇ ਵੀ ਏਸ ਵਾਕੇ ਦੀ ਤਸਦੀਕ ਨਹੀਂ ਸੀ ਕਰਨੀ, ਇਹ ਸੋਚ ਕੇ ਉਹਨੇ ਇਹ ਕਹਾਣੀ ਪਾਸੇ ਰੱਖ ਦਿੱਤੀ। ਫ਼ੇਰ ਉਹਨੇ ਸੋਚਿਆ ਕਿ ਕਿਉਂ ਨਾ ਕਵ੍ਹਾਂ ਕਿ ਮੈਂ ਇੱਕ ਢਾਬੇ ‘ਤੇ ਚਾਹ ਪੀਣ ਲੱਗਾ ਸਾਂ ਤੇ ਏਸ ਕੈਦੀ ਅੱਖ ਬਚਾ ਕੇ ਮੇਰੀ ਪਿਆਲੀ ਵਿਚ ਨਸ਼ੇ ਵਾਲੀ ਕੋਈ ਸ਼ੈਅ ਪਾ ਦਿੱਤੀ ਤੇ ਮੈਂ ਬੇਹੋਸ਼ ਹੋ ਗਿਆ ਤੇ ਉਹਨੇ ਮੇਰੀ ਪੈਂਟ ਦੀ ਜੇਬ ‘ਚੋਂ ਚਾਬੀ ਕੱਢੀ ਤੇ ਹੱਥਕੜੀ ਖੋਲ੍ਹ ਕੇ ਨੱਸ ਗਿਆ। ਇਹ ਸੋਚ ਕੇ ਉਹ ਖ਼ੁਸ਼ ਹੋਇਆ ਤੇ ਹਿੰਮਤ ਕਰ ਕੇ ਤੁਰਨ ਲੱਗਾ ਤੇ ਫ਼ੇਰ ਇੱਕ ਹੋਰ ਸੋਚ ਆ ਕੇ ਉਹਦੇ ਪੈਰਾਂ ਵਿਚ ਸੰਗਲ ਪਾ ਦਿੱਤਾ।
ਤਫ਼ਤੀਸ਼ ਕਰਨ ਵਾਲਿਆਂ ਪਹਿਲੀ ਗੱਲ ਇਹ ਕਹਿਣੀ ਸੀ ਕਿ ਉਹ ਡਿਊਟੀ ਤੇ ਸੀ ਤੇ ਉਹਨੂੰ ਕੀਹਨੇ ਇਜਾਜ਼ਤ ਦਿੱਤੀ ਸੀ ਕਿ ਉਹ ਢਾਬਿਆਂ ‘ਤੇ ਬਹਿ ਕੇ ਚਾਹਵਾਂ ਪੀਏ। ਕਾਨੂੰਨ ਇਹ ਕਹਿੰਦਾ ਏ ਕਿ ਜਦ ਕੋਈ ਮੁਲਾਜ਼ਮ ਕਿਸੇ ਕੈਦੀ ਨੂੰ ਤਾਰੀਖ਼ ਭੁਗਤਾਨ ਲਈ ਕਚਹਿਰੀ ਲੈ ਕੇ ਜਾਂਦਾ ਏ ਤੇ ਪੇਸ਼ੀ ਤੋਂ ਵਿਹਲੇ ਹੋਣ ਮਗਰੋਂ ਇਹ ਮੁਲਾਜ਼ਮ ਏਸ ਕੈਦੀ ਨੂੰ ਸਿੱਧਾ ਜੇਲ੍ਹ ਲੈ ਕੇ ਆਉਂਦਾ ਏ। ਮੌਲਵੀ ਸਿੰਧੀ ਸੋਚਿਆ ਕਿ ਉਹਦੇ ਕੋਲ਼ ਏਸ ਗੱਲ ਦਾ ਤੇ ਜਵਾਬ ਹੈ। ਉਹ ਬਹਾਨਾ ਘੜੇਗਾ ਕਿ ਤਾਰੀਖ਼ ਤੇ ਪੇਸ਼ੀ ਦੀ ਵਾਰੀ ਬਹੁਤ ਦੇਰ ਨਾਲ਼ ਆਈ ਤੇ ਉਹ ਸਾਰੇ ਦਿਨ ਦਾ ਭੁੱਖਾ ਸੀ ਤੇ ਨਾਲ਼ ਉਹਦਾ ਸਿਰ ਪੀੜ ਕਰਨ ਲੱਗ ਪਿਆ ਸੀ। ਸਿਰ ਪੀੜ ਦੀ ਗੋਲੀ ਖਾਣ ਲਈ ਉਹਨੇ ਚਾਹ ਪੀਤੀ ਸੀ ਪਰ ਏਸ ਕਹਾਣੀ ਵਿਚ ਕੈਦੀ ਦੇ ਫ਼ਰਾਰ ਹੋਣ ਦੀ ਥਾਂ ਤੇ ਫ਼ਰਾਰੀ ਦੇ ਵਕਤ ਦਾ ਫ਼ੇਰ ਪੰਗਾ ਸੀ। ਤਫ਼ਤੀਸ਼ ਕਰਨ ਵਾਲਿਆਂ ਨੂੰ ਏਸ ਢਾਬੇ ਦਾ ਮਾਲਿਕ ਕਿਵੇਂ ਏਸ ਵਾਕੇ ਦੀ ਗਵਾਹੀ ਦੇਵੇਗਾ। ਜਦ ਇਹ ਵਾਕਿਆ ਉਹਦੇ ਕੋਲ਼ ਹੋਇਆ ਈ ਨਹੀਂ ਤੇ ਉਹ ਐਵੇਂ ਕਿਵੇਂ ਕਹਿ ਦੇਵੇਗਾ। ਇਹ ਢਾਬੇ ਵਾਲਾ ਕਿਹੜਾ ਉਹਦਾ ਰਿਸ਼ਤੇਦਾਰ ਸੀ। ਨਾਲ਼ ਏਸ ਢਾਬੇ ਵਾਲੇ ਪੁਲਿਸ ਅੱਗੇ ਝੂਠ ਬੋਲ ਕੇ ਮਰਨਾ ਸੀ। ਸਿੰਧੀ ਸੋਚਿਆ ਕਿ ਏਸ ਝੂਠ ਨੂੰ ਲੁਕਾਉਣ ਲਈ ਉਹਨੂੰ ਹੋਰ ਸੌ ਝੂਠ ਬੋਲਣੇ ਪੈਣੇ ਸਨ ਤੇ ਉਹ ਕਿੰਨੇ ਕੁ ਝੂਠ ਸੱਚ ਸਾਬਤ ਕਰੇਗਾ। ਇਨ੍ਹਾਂ ਝੂਠਾਂ ‘ਚੋਂ ਕੋਈ ਨਾ ਕੋਈ ਜ਼ਰੂਰ ਫੜਿਆ ਜਾਣਾ ਸੀ। ਇਹ ਕੰਮ ਔਖਾ ਸੀ। ਉਹ ਫ਼ੇਰ ਬਹਿ ਗਿਆ ਤੇ ਖਾਲੇ ਵਿਚ ਵਗਦੇ ਪਾਣੀ ਨੂੰ ਦੇਖਣ ਲੱਗ ਪਿਆ। ਪਾਣੀ ਨੂੰ ਦੇਖ ਕੇ ਉਹਨੂੰ ਇੱਕ ਪੁਰਾਣੀ ਗੱਲ ਯਾਦ ਆ ਗਈ। ਪਿੰਡ ਦੇ ਕਈ ਲੋਕ ਪਾਣੀ ਕੋਲ਼ ਜਾ ਕੇ ਮਿੰਨਤਾਂ ਮੰਨਦੇ ਹੁੰਦੇ ਸਨ ਤੇ ਉਨ੍ਹਾਂ ਦਾ ਈਮਾਨ ਸੀ ਕਿ ਪਾਣੀ ਵੀ ਇੱਕ ਫ਼ਕੀਰ ਜਾਂ ਅਵਤਾਰ ਏ। ਕੁਝ ਲੋਕ ਕਹਿੰਦੇ ਸਨ ਕਿ ਪਾਣੀਆਂ ਦਾ ਵਲੀ ਜਾਂ ਅਵਤਾਰ ਖ਼ੁਆਜਾ ਖ਼ਿਜ਼ਰ ਏ। ਜਦ ਲੋਕਾਂ ਨੂੰ ਕੋਈ ਮੁਸ਼ਕਿਲ ਪੈਂਦੀ ਸੀ ਤੇ ਉਹ ਕਿਸੇ ਦਰਿਆ, ਨਹਿਰ, ਰਾਜਬਾਹ ਜਾਂ ਖਾਲੇ ਕੋਲ਼ ਆ ਕੇ ਪਹਿਲੇ ਕੁਝ ਪੈਸੇ ਪਾਣੀ ਵਿਚ ਸੁੱਟਦੇ ਸਨ ਤੇ ਫ਼ੇਰ ਮੰਨਤ ਮੰਗਦੇ ਹੋਇਆਂ ਕਹਿੰਦੇ ਸਨ, “ਏ ਹਜ਼ਰਤ ਖ਼ਵਾਜਾ ਖ਼ਿਜ਼ਰ ਮੇਰੀ ਇਹ ਮੰਨਤ ਪੂਰੀ ਕਰ ਦੇ। ਮੈਂ ਫੇਰ ਇਤਨਾ ਧੰਨ ਤੇਰੇ ਅੱਗੇ ਹਾਜ਼ਰ ਕਰਾਂਗਾ ਜਾਂ ਕਰਾਂਗੀ।”
ਫ਼ੇਰ ਜਦ ਕਿਸੇ ਦੀ ਮੰਨਤ ਪੂਰੀ ਹੋ ਜਾਂਦੀ ਸੀ ਤੇ ਉਹ ਵਾਅਦੇ ਮੁਤਾਬਿਕ ਆ ਕੇ ਪਾਣੀ ਵਿਚ ਪੈਸੇ ਜਾਂ ਕੋਈ ਹੋਰ ਸ਼ੈਅ ਸੁੱਟਦੇ ਸਨ। ਇਹ ਸੋਚ ਕੇ ਸਿੰਧੀ ਆਪਣੀ ਪੈਂਟ ਦੀ ਜੇਬ ਵਿੱਚੋਂ ਕੁਝ ਸਿੱਕੇ ਕੱਢੇ ਤੇ ਖਾਲੇ ਵਿਚ ਸੁੱਟ ਦਿੱਤੇ ਤੇ ਕਹਿਣ ਲੱਗਾ, “ਏ ਹਜ਼ਰਤ ਖ਼ਾਜਾ ਖ਼ਿਜ਼ਰ ਮੈਨੂੰ ਕੋਈ ਰਾਹ ਦਿਖਾ ਤੇ ਨਾਲੇ ਮੈਨੂੰ ਏਸ ਰੱਫੜ ਵਿਚੋਂ ਕੱਢ, ਮੈਂ ਆਪਣੀ ਹਲਾਲ ਦੀ ਕਮਾਈ ‘ਚੋਂ ਦਸ ਰੁਪਈਏ ਤੈਨੂੰ ਚੜ੍ਹਾਵਾ ਚੜ੍ਹਾਵਾਂਗਾ।”
ਉਹ ਇਹ ਕਹਿ ਕੇ ਈ ਹਟਿਆ ਸੀ ਜੇ ਉਹਦੀ ਨਜ਼ਰ ਕਮਾਦ ‘ਤੇ ਪਈ ਤੇ ਉਹ ਇੱਕ ਦਮ ਖ਼ੁਸ਼ੀ ਨਾਲ਼ ਖਿੜ ਉਠਿਆ। ਅਸਲ ਵਿਚ ਜੇਲ੍ਹ ਸ਼ਹਿਰੋਂ ਬਾਹਰ ਵਾਰ ਸੀ ਤੇ ਜੇਲ੍ਹ ਪਹੁੰਚਣ ਤੋਂ ਪਹਿਲਾਂ ਰਾਹ ਵਿਚ ਜੇਲ੍ਹ ਦੀ ਜ਼ਮੀਨ ਪੈਂਦੀ ਸੀ ਜਿਥੇ ਕੈਦੀ ਵਾਹੀ ਦਾ ਕੰਮ ਕਰਦੇ ਸਨ। ਇਸੇ ਜ਼ਮੀਨ ਵਿਚ ਜੇਲ੍ਹ ਵਾਲਿਆਂ ਕਮਾਦ ਕਢਵਾਇਆ ਹੋਇਆ ਸੀ। ਇਸੇ ਕਮਾਦ ਵਿਚੋਂ ਈ ਮੌਲਵੀ ਸਿੰਧੀ ਨੂੰ ਕੁਝ ਲੱਭ ਗਿਆ ਸੀ।
ਖੌਰੇ ਇਹ ਖ਼ਾਜਾ ਖ਼ਿਜ਼ਰ ਦਾ ਕਮਾਲ ਸੀ ਜਾਂ ਸਿੰਧੀ ਦੇ ਆਪਣੇ ਦਿਮਾਗ਼ ਕੰਮ ਕੀਤਾ ਤੇ ਉਹਨੂੰ ਇੱਕ ਕਹਾਣੀ ਲੱਭ ਗਈ ਸੀ। ਪਈ ਜੇਲ੍ਹ ਵਾਪਸ ਆਉਂਦਿਆਂ ਰਾਹ ਵਿਚ ਉਹਨੂੰ ਜ਼ੋਰਾਂ ਦਾ ਝਾੜਾ ਆਇਆ ਤੇ ਜੇਲ੍ਹ ਦੇ ਬਾਹਰ ਗੱਡੇ ਕਮਾਦ ਦੇ ਖੇਤ ਵਿਚ ਜਦ ਉਹ ਝਾੜੇ ਬਹਿਣ ਵੜਿਆ ਤੇ ਕਾਹਲ਼ੀ ਵਿਚ ਉਹਦੀ ਜੇਬ ‘ਚੋਂ ਚਾਬੀਆਂ ਡਿੱਗ ਪਈਆਂ ਜੋ ਏਸ ਕੈਦੀ ਅੱਖ ਬਚਾ ਕੇ ਚੁੱਕ ਲਈਆਂ। ਹੁਣ ਉਹ ਕੈਦੀ ਨੂੰ ਤੇ ਆਪਣੇ ਨਾਲ਼ ਕਮਾਦ ਵਿਚ ਤੇ ਲੈ ਜਾ ਨਹੀਂ ਸੀ ਸਕਦਾ। ਉਹਨੇ ਕੈਦੀ ਨੂੰ ਕਮਾਦ ਦੇ ਖੇਤ ਦੇ ਬੰਨੇ ‘ਤੇ ਖੜ੍ਹਾ ਕੀਤਾ ਤੇ ਹੱਥਕੜੀ ਦੀ ਸੰਗਲੀ ਆਪਣੇ ਨਾਲ਼ ਲੈ ਕੇ ਕਮਾਦ ਵਿਚ ਵੜ ਗਿਆ। ਜਦ ਉਹ ਝਾੜਾ ਕਰ ਕੇ ਬਾਹਰ ਨਿਕਲਿਆ ਤੇ ਅੱਗੋਂ ਕੈਦੀ ਗ਼ਾਇਬ ਸੀ। ਏਸ ਕਹਾਣੀ ਦੀ ਖ਼ੂਬੀ ਇਹ ਸੀ ਕਿ ਏਸ ਵਿਚ ਵਾਕੇ ਦੀ ਥਾਂ ਦੇ ਨਾਲ਼ ਜੇ ਟਾਈਮ ਵੀ ਦੱਸਿਆ ਜਾਂਦਾ ਤੇ ਕਿਸੇ ਬੰਦੇ ਦੀ ਤਸਦੀਕ ਜਾਂ ਗਵਾਹੀ ਦੀ ਕੋਈ ਲੋੜ ਨਹੀਂ ਸੀ। ਵਾਹ ਹਜ਼ਰਤ ਖ਼ਾਜਾ ਖ਼ਿਜ਼ਰ ਤੂੰ ਹੱਕ ਐਂ, ਤੂੰ ਰਾਹ ਦਿਖਾਉਣ ਵਿਚ ਮਿੰਟ ਨਹੀਂ ਲਾਇਆ ਅੱਗੋਂ ਜਾਨ ਛੁੱਟ ਗਈ ਤੇ ਤੇਰਾ ਚੜ੍ਹਾਵਾ ਹੱਥ ਬੰਨ੍ਹ ਕੇ ਹਾਜ਼ਰ ਕਰਾਂਗਾ।” ਇਹ ਕਹਿ ਕੇ ਉਹ ਉਠਿਆ ਤੇ ਤੁਰ ਪਿਆ ਤੇ ਆ ਕੇ ਜੇਲ੍ਹ ਦਾ ਗੇਟ ਖੜਕਾਇਆ। ਉਹਨੇ ਆ ਕੇ ਇਹ ਕਹਾਣੀ ਹਵਾਲਦਾਰ ਨੂੰ ਦੱਸੀ ਤੇ ਫ਼ੇਰ ਇਹ ਗੱਲ ਤੁਰਦੀ-ਤੁਰਦੀ ਸਭ ਅਫ਼ਸਰਾਂ ਤੱਕ ਪਹੁੰਚ ਗਈ। ਉਹ ਸਭ ਭੱਜੇ ਆਏ। ਹਵਾਲਦਾਰ ਸਿੰਧੀ ਨੂੰ ਲੈ ਜਾ ਕੇ ਉਨ੍ਹਾਂ ਦੇ ਸਾਮ੍ਹਣੇ ਪੇਸ਼ ਕਰ ਦਿੱਤਾ। ਤਫ਼ਤੀਸ਼ ਸ਼ੁਰੂ ਹੋ ਗਈ ਸਿੰਧੀ ਜੋ ਵੀ ਗੱਲ ਕਰਦਾ ਅੱਗੋਂ ਅਫ਼ਸਰ ਉਹਨੂੰ ਵੱਢ-ਵੱਢ ਪੈਂਦੇ ਤੇ ਉਹਦੀ ਇੱਕ-ਇੱਕ ਗੱਲ ‘ਤੇ ਜਿਰ੍ਹਾ ਕਰਦੇ । ਪੁੱਛਗਿੱਛ ਵੇਲੇ ਜਦ ਉਹਨੇ ਇਹ ਕਿਹਾ ਕਿ ਉਹਨੇ ਏਨੇ ਘੰਟਿਆਂ ਮਗਰੋਂ ਆ ਕੇ ਏਸ ਲਈ ਰਿਪੋਰਟ ਕੀਤੀ ਕਿ ਉਹ ਏਸ ਕੈਦੀ ਨੂੰ ਲੱਭਦਾ ਰਿਹਾ ਸੀ। ਉਹਦੀ ਇਹ ਗੱਲ ਸੁਣ ਕੇ ਜੇਲ੍ਹਰ ਇੰਝ ਟੱਪ ਕੇ ਉਠਿਆ ਜਿਵੇਂ ਉਹ ਭੂੰਡਾਂ ਦੀ ਖੱਖਰ ‘ਤੇ ਬਹਿ ਗਿਆ ਹੋਵੇ ਤੇ ਉਹਦੇ ਚਿਤੜਾਂ ਨੂੰ ਸਾਰੇ ਭੂੰਡ ਚਿੰਬੜ ਗਏ ਹੋਣ। ਉਹ ਬਾਹਰ ਤੁਰ ਗਿਆ ਤੇ ਕਹਿਣ ਲੱਗਾ, “ਉਹ ਕੋਈ ਮੱਝ ਗਾਂ ਸੀ ਜਿਹਨੂੰ ਤੂੰ ਲੱਭਦਾ ਰਿਹਾ ਐਂ ਪਈ ਉਹ ਕਿਸੇ ਥਾਂ ਤੇ ਤੈਨੂੰ ਪੱਠੇ ਖਾਂਦੀ ਲੱਭ ਜਾਵੇਗੀ ਤੇ ਤੂੰ ਉਹਨੂੰ ਸੰਗਲ ਪਾ ਕੇ ਲੈ ਆਵੇਂਗਾ। ਜੇ ਤੂੰ ਸਿੱਧਾ ਜੇਲ੍ਹ ਆਇਆ ਹੁੰਦਾ ਤਾਂ ਅਸੀਂ ਪੁਲਿਸ ਨੂੰ ਤੁਰਤ ਇਹਦੀ ਫ਼ਰਾਰੀ ਦੀ ਇੱਤਲਾਹ ਦਿੰਦੇ ਤੇ ਉਹ ਉਹਨੂੰ ਲੱਭਣ ਨਿਕਲਦੀ। ਤੂੰ ਹੁਣ ਸਾਰੀ ਦਿਹਾੜ ਭੰਨ ਕੇ ਆ ਗਿਆ ਐਂ। ਏਨੇ ਚਿਰ ਵਿਚ ਤੇ ਉਹ ਕਰਾਚੀ ਪਹੁੰਚ ਗਿਆ ਹੋਵੇਗਾ। ਤੈਨੂੰ ਕਿਸੇ ਕੀਮਤ ‘ਤੇ ਮੁਆਫ਼ ਨਹੀਂ ਕੀਤਾ ਜਾ ਸਕਦਾ। ਚੱਲ ਫ਼ੌਰਨ ਪੇਟੀ ਲਾਹ। ਤੈਨੂੰ ਨੌਕਰੀ ਤੋਂ ਮੁਅੱਤਲ ਕੀਤਾ ਜਾਂਦਾ ਏ। ਏਸ ਵਾਕੇ ਦੀ ਪੂਰੀ ਪੁਣਛਾਣ ਕੀਤੀ ਜਾਵੇਗੀ ਜੇ ਤੂੰ ਬੇਗੁਨਾਹ ਸਾਬਤ ਹੋਇਆ ਤਾਂ ਤੈਨੂੰ ਨੌਕਰੀ ‘ਤੇ ਬਹਾਲ਼ ਕਰ ਦਿੱਤਾ ਜਾਵੇਗਾ ਨਹੀਂ ਤੇ ਤੈਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਜਾਵੇਗਾ। ਹੱਕ ਤੇ ਇਹ ਹੈ ਕਿ ਤੈਨੂੰ ਏਸ ਲਾਪਰਵਾਹੀ ਤੇ ਗ਼ੈਰ ਜ਼ਿੰਮੇਦਾਰੀ ਦੇ ਨਤੀਜੇ ਵਿਚ ਅੰਦਰ ਕਰ ਦਿੱਤਾ ਜਾਵੇ ਪਰ ਮੈਂ ਤੇਰੇ ‘ਤੇ ਏਨੀ ਮਿਹਰਬਾਨੀ ਕਰਦਾ ਆਂ ਕਿ ਤੈਨੂੰ ਅੰਦਰ ਨਹੀਂ ਕਰਦਾ।”
ਮੌਲਵੀ ਸਿੰਧੀ ਬੜੀਆਂ ਮਿੰਨਤਾਂ ਤਰਲੇ ਕੀਤੇ ਤੇ ਆਪਣੀ ਗੱਲ ਨੂੰ ਸੱਚ ਸਾਬਤ ਕਰਨ ਲਈ ਉਹਨੇ ਸੌ ਕਿਸਮਾਂ ਕੁਰਆਨ ਚੁੱਕੇ ਪਰ ਜੇਲ੍ਹਰ ਉਹਦੀ ਇੱਕ ਨਾ ਸੁਣੀ ਤੇ ਮੌਲਵੀ ਸਿੰਧੀ ਪੇਟੀ ਲਾਹ ਕੇ ਜੇਲ੍ਹਰ ਦੀ ਮੇਜ਼ ‘ਤੇ ਰੱਖ ਦਿੱਤੀ।

سانجھا پنجاب

جواری

سید آصف شاہکار

بھلے دا اج زمانہ ای نہیں رہیا” : مولوی آپنے آپ نوں کیہا تے اوہ مڑ کے خالی ہتھیں جیل ول آ گیا پر اوہنوں حوصلہ نہیں سی پے رہیا کہ اوہ جیل دے افسراں دا سامنا کرے۔ جیل دے باہر اِک نکا جیہا کھالا وگدا سی اوہ ایہدے کنڈھے تے آ کے بہہ گیا تے سوچن لگ پیا اوہدا اِک تے دِل کرے کہ نکے ہوندیاں طراں ایس کھالے وچ لما پے جاوے تے پانی دی چادر تان کے سارے جہان کولون لْک جاوے خالی ہتھکڑی بار بار کھڑکدی سی تے اوہنوں انج لگدا سی جیویں ہتھکڑی وچ جان پے گئی ہووے تے ایہہ کِسے کالے ناگ وانگ پھن کڈھ کے اوہدے ول آؤندی ہووے تے اوہدیاں باہواں نوں آ کے چمبڑ دی ہووے جد ایہہ اوہدے ہتھاں نوں لگن لگدی تے اوہ ایہنوں جھٹک کے پرہے سْٹ دیندا۔
” تینوں کی لبھا؟ سواد تے اوہنے لینا سی تینوں کیہڑا اوہنے حصہ دینا سی۔ توں اوہدے سواد چوں سواد لیندا لیندا پنگا پوا کے بہہ رہیا ایں ” : مولوی سندھی آپنے آپ نوں کوسیا۔
اوہنوں کھالے کول بیٹھیاں بڑا چر ہو گیا سی اوہ کدے ایس قیدی نوں گاہلاں کڈھدا تے کدے آپنے آپ نوں۔ ویلے طراں کھالے دا پانی وی وگدا جا رہیا سی تے اوہ ویلے نوں کھلارن دا جتن کر رہیا سی جد شام پین لگی تے اوہنے آپنے آپ نوں کیہا : ” منا ! توں ایتھے کنا کْوچر بیٹھا رہویں گا توں ایتھے جھگی پاؤن توں تے رہیا ۔ کیتے دا حساب کتاب تے دینا ای پیندا اے ”۔
جد اوہ ہمت کر کے اْٹھدا تے تے فر بہہ جاندا اوہدے لئی سبھ توں وڈا رپھڑ ایہہ سی کہ اوہ جیل دے افسراں نوں کی دسے گا ۔ اوہ اوہناں نوں اصلی گل تے دسنوں رہیا ۔ ایہہ دسن نال سارے جہان اوہنوں کھچاں مارنیاں سن کِسے کہنا سی : ” کی اوس قیدی تینوں وی واری دوائی سی جاں توں باہر ای بہہ کے گھسے گندا رہیا سیں ” ۔
جِنے مونہہ اونیاں گلاں ۔ فر اوہنوں اخباراں دیاں خبراں یاد آئیاں پئی فلانی تھاں فلانے خطرناک ڈاکو نوں اوہدے ساتھی دِن دیہاڑے پلس دی حراست وچوں چھڈا کے لے گئے ۔ ایہہ سوچ کے اوہنوں ہمت ملی پر دوجے ای پل اوہنوں خیال آیا کہ ایہہ کہانی نہیں چلنی ایہہ نکا جیہا شہر اے ایتھے کوئی پھْوسی وی مارے تے سارے شہر نوں پتہ لگ جاندا اے۔ ایہہ تے بوہت وڈی گل سی کہ اک قیدی نوں اوہدے ساتھی دن دیہاڑے چھڈا کے لے گئے ۔ تفتیش ہون تے اوہدا جھوٹھ پھڑیا جانا سی تفتیش کرن والیاں پچھنا سی : ” ایہہ واقوحا کِتھے تے کدوں ہویا ؟ ” ۔
جد اوہنے کوئی جھوٹھی موٹھی تھاں دسنی سی تے تفتیش کرن والیاں اوتھے پہنچ جانا سی تے جد اوہناں آسے پاسے دے لوکاں کولوں پچھنا سی تے کِسے وی ایس وقْوعے دی تصدیق نہیں سی کرنی ایہہ سوچ کے اوہنے ایہہ کہانی پاسے رکھ دتی۔ فر اوہنے سوچیا کہ کیوں نا کہواں کہ میں اِک ڈھابے تے چاہ پین لگا ساں تے ایس قیدی اکھ بچا کے میری پیالی وچ نشے والی کوئی شے پا دتی تے میں بے ہوش ہو گیا تے اوہنے میری پینٹ دی جیب چوں چابی کڈھی تے ہتھکڑی کھول کے نس گیا۔ ایہہ سوچ کے اوہ خوش ہویا تے ہمت کر کے تْرن لگا تے فر اِک ہور سوچ آکے اوہدے پیراں وچ سنگل پا دتا۔
تفتیش کرن والیاں پہلی گل ایہہ کہنی سی کہ اوہ ڈیوٹی تے سی تے اوہنوں کیہنے اجازت دتی سی کہ اوہ ڈھابیاں تے بہہ کے چاواں پئے۔ قانون ایہہ کیہندا اے کہ جد کوئی ملازم کِسے قیدی نوں تاریخ بھگتان لئی کچہری لے کے جاندا اے تے پیشی توں ویہلے ہون مگروں ایہہ ملازم ایس قیدی نوں سدھا جیل لے کے آؤندا اے ۔ مولوی سندھی سوچیا کہ اوہدے کول ایس گل دا تے جواب ہے۔ اوہ بہانہ گھڑے گا کہ تاریخ تے پیشی دی واری بوہت دیر نال آئی تے اوہ سارے دِن دا بھکھا سی تے بْھکھ نال اوہدا سر پیڑ کرن لگ پیا ۔ سر پیڑ دی گولی کھان لئی اوہنے چاہ پیتی سی پر ایس کہانی وچ قیدی دے فرار ہون دی تھاں تے فراری دے وقت دا فر پنگا سی۔ تفتیش کرن والیاں نوں ایس ڈھابے دا مالک کیویں ایس واقعے دی گواہی دیوے گا ۔ جد ایہہ واقعہ اوہدے کول ہویا ای نہیں تے اوہ ایویں کہہ دیوے گا ایہہ ڈھابے والا کیہڑا اوہدا رشتے دار سی نال ایس ڈھابے والے پلس اگے جھوٹھ بول کے مرنا سی۔ سندھی سوچیا کہ ایس جھوٹھ نوں لکاؤن لئی اوہنوں ہور سو جھوٹھ بولنے پینے سن تے اوہ کِنے کْو جھوٹھ سچ ثا بت کرے گا ایہناں جھوٹھا ںوچوںکوئی نا کوئی ضرور پھڑیا جانا سی۔ ایہہ کم آؤکھا سی اوہ فر بہہ گیا تے کھالے وچ وگدے پانی نوں دیکھن لگ پیا۔ پانی نوں دیکھ کے اوہنوں اک پرانی گل یاد آگئی ۔ پنڈ دے کئی لوک پانی کول جا کے منتاں مندے ہوندے سن تے اوہناں دا ایمان سی کہ پانی وی اِک فقیر یاں اوتار اے کْجھ لوک کیہندے سن کہ پانیاں دا ولی یاں اوتار خواجہ خضر اے ۔ جد لوکاں نوں کوئی مشکل پیندی سی تے اوہ کِسے دریا ،نہر ،راجباہ جاں کھالے کول آ کے پہلے کْجھ پیسے پانی وچ سْٹدے سن تے فر منت مندے ہوئیاں کیہندے سن : ” اے حضرت خاج خضر میری ایہہ منت پْوری کر دے میںآ کے اتنا دھن تیرے اگے حاضر کراں گا یاں کراں گی”۔
فر جد کِسے دی منت پْوری ہو جاندی سی تے اوہ وعدے مطابق آ کے پانی وچ پیسے یاں کوئی ہور شے سْٹدے سن ۔ ایہہ سوچ کے سندھی آپنی پینٹ دی جیب چوں کْجھ سکے کڈھے تے کھالے وچ سْٹ دتے تے کہن لگا : ” اے حضرت خاج خضر مینوں کوئی راہ دکھا تے نالے مینوں ایس رپھڑ وچوں کڈھ میں آپنی حلال دی کمائی چوں دس روپئیے تینوں چڑھاوا چڑھاواں گا”۔
اوہ ایہہ کہہ کے ای ہٹیا سی جے اوہدی نظر کماد تے پئی تے اوہ اِک دم خوشی نال کھڑ اْٹھیا ۔ اصل وچ جیل شہروں باہر وار سی تے جیل پہنچن توں پہلاں راہ وچ جیل دی زمیں پیندی سی جتھے قیدی واہی دا کم کردے سن۔ ایسے زمین وچ جیل والیاں کماد کڈوایا ہویا سی ایسے کماد وچوں ای مولوی سندھی نوں کْجھ لبھ گیا سی۔
خورے ایہہ خاج خضر دا کمال سی جاں سندھی دے آپنے دماغ کم کیتا تے اوہنوں اِک کہانی لبھ گئی سی پئی جیل واپس آؤندیاں راہ وچ اوہنوں زوراں دا جھاڑا آیا تے جیل دے باہر گڈے کماد دے کھیت وچ جد اوہ جھاڑے بہن وڑیا تے کاہلی وچ اوہدی جیب چوں چابیاں ڈگ پئیاں جو ایس قیدی اکھ بچا کے چْک لئیاں۔ ن اوہ قیدی نوں تے آپنے نال کماد وچ تے لے جا نہیں سی سکدا اوہنے قیدی نوں کماد دے کھیت دے بنے تے کھڑا کیتا تے ہتھکڑی دی سنگلی آپنے نال لے کے کماد وچ وڑ گیا جد اوہ جھاڑا کر کے باہر نکلیا تے اگوں قیدی غیب سی ایس کہانی دی خوبی ایہہ سی کہ ایس وچ واقعے دی تھاں دے نال جے ٹیم وی دسیا جاندا تے کِسے بندے دی تصدیق یاں گواہی دی کوئی لوڑ نہیں سی  واہ حضرت خاج خضر توں حق ایں توں راہ دیکھاؤن وچ منٹ نہیں لایا اگوں جان چھٹ گئی تے تیرا چڑھاوا ہتھ بنھ کے حاضر کراں گا ایہہ کہہ کے اوہ اْٹھیا تے تر پیا تے آکے جیل دا گیٹ کھڑکایا اوہنے آ کے ایہہ کہانی حوالدار نوں دسی تے فر ایہہ گل تردی تردی سبھ افسراں تک پہنچ گئی اوہ سبھ بھجے آئے۔ حوالدار سندھی نوں لے جا کے اوہناں دے سامنے پیش کر دتا۔ تفتیش شروع ہو گئی سندھی جو وی گل کردا اگوں افسر اوہنوں وڈھ وڈھ پیندے تے اوہدی اِک اِک گل تے جرح کردے ۔ پچھ گِچھ ویلے جد اوہنے ایہہ کیہا کہ اوہنے اینے گھنٹیاں مگروں آ کے ایس لئی رپورٹ کیتی کہ اوہ ایس قیدی نوں لبھدا رہیا سی   اوہدی ایہہ گل سْن کے جیلر اِنج ٹپ کے اْٹھیا جیویں اوہ بھونڈاں دی کھکھر تے بہہ گیا ہووے تے اوہدے چتڑاں نوں سارے بھونڈ چمبڑ گئے ہون اوہ بْھوتر گیا تے کہن لگا  : ” اْوئے اوہ کوئی مجھ گاں سی جیہنوں توں لبھدا رہیا ایں پئی اوہ کِسے تھاں تے تینوں پٹھے کھاندی لبھ جاوے گی تے توں اوہنوں سنگل پا کے لے آویں گا ۔ جے تْوں سدھا جیل آیا ہوندا تاں اسیں پلس نوں تْرت اْوہدی فراری دی اطلاع دیندے تے اوہ اوہنوں لبھن نکلدی توں ہْن ساری دیہاڑ بھن کے آ گیا ایں اینے چر وچ تے اوہ کراچی پہنچ گیا ہووے گا۔ تینوں کِسے قیمت تے معاف نہیں کیتا جاسکدا ۔ چل فورا پیٹی لاہ تینوں نوکری توں معطل کیتا جاندا اے ۔ ایس واقعے دی پْوری پْن چھان کیتی جاوے گی جے توں بے گناہ ثابت ہویا تاں تینوں نوکری تے بحال کر دتا جاوے گا نہیں تے تینوں نوکری توں برخاست کر دتا جاوے گا۔ حق تے ایہہ ہے کہ تینوں ایس لاپرواہی تے غیر ذمے داری دے نتیجے وچ اندر کر دتا جاوے پر میں تیرے تے اینی مہربانی کردا آں کہ تینوں اندر نہیں کردا”۔
مولوی سندھی بڑیا ںمنتاں ترلے کیتے تے آپنی گل نوں سچ ثابت کرن لئی اوہنے سو قسماں قرآن چکے پر جیلر اوہدی اِک نا سْنی تے مولوی سندھی پیٹی لاہ کے جیلر دی میز تے رکھ دتی۔Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net