کرامات ਕਰਾਮਾਤ

ਗੁਰਮੁਖੀ ਲਈ ਥੱਲੇ ਰੋਲ਼ ਕਰੋ

کرامات

جسونت سنگھ وردی

دن وار دا تاں چیتا نہیں، پر میرا خیال ہے کہ ستاراں جاں اٹھاراں اگست دا دن سی۔ واگھے دے آر-پار کٹّ وڈھّ دا دور دورہ سی۔ فسادیاں نے خان صاحب دی دھی نوں چوبارے وچ گھیریا ہویا سی۔

دو دن تے دو راتاں اس کڑی نے اپنے چوبارے نوں قلعے وانگ استعمال کیتا سی۔ لوکاں کول چھرے سن تے جاں برچھے سن۔ پر اس دلیر کڑی کول پستول  سی اتے بے شمار گولیاں سن۔ پر اوہ گولیاں لوکاں نوں مارن لئی نہیں، اپنے آپ نوں بچاؤن لئی چلاؤندی سی۔ اس کرکے گولیاں گھٹّ چلدیاں سن۔ اتے اوہنے دو دناں تکّ اپنے آپ نوں بچائی رکھیا سی۔ فسادیاں لئی ایہہ بڑی حیرانی دی گلّ سی۔

جتھوں پنج پیر دا بازار شروع ہندا ہے، بس بالکل اوہدے ساہمنیں ہی رٹائرمینٹ توں مگروں اوہدے ابا نے اپنے لئی کوٹھی بنائی سی۔ ایہہ ۱۹۴۷ دی گلّ ہے اتے مارچ 47 وچ اکادکا فساداں دیاں وارداتاں شروع ہو گئیاں سن۔ پر کوئی بن چکی سی تے چھڈکے نہیں سی جایا جا سکدا۔ انج، کوٹھی دے باہر لٹک رہی تختی حالے تکّ وی قایم سی، کوٹھی وکاؤ ہے۔”

پر خریددار کوئی نہیں سی۔ کسے نوں وی نہیں سی پتہ کہ کل نوں کی ہون والا سی۔ کدی کدی رولا پیندا سی کہ بٹوارے دی حد ستلج ہوویگی، پر اوہ واگھے تک کھسک گئی سی۔

اسیں لوک چھوٹے ساں، مسیں پندرویں ورھے وچ۔ اس لئی سانوں فساداں دے کارناں دا بہتا پتہ نہیں سی، تے بچاؤ لئی گولیاں چلا رہی سی۔ اوہدا کی بننا سی؟ ایہدے ‘چ ساڈی دلچسپی سی ِ ہر کسے دی دلچسپی سی۔

فسادیاں نے بھیڑ بناکے رینک بازار اتے شیخاں بازار نوں خوب لٹیا سی اتے لاشاں بازاراں وچ، گلیاں وچ رلدیاں پئیاں سن۔ پر خان صاب دی اوہ جوبن متی دھی اپنے چوبارے وچ ڈٹی رہی سی، بھیڑ دا مقابلہ کردی رہی سی۔

پر تیجا دن بہت قہر بھریا سی۔

تیجے دن کجھ فسادی لوکاں نے سبلاں نال چوبارے دیاں مضبوط چوکھٹاں وچ جڑے ہوئے ساگوانی دروازے نوں توڑ کے اس مٹیار نوں باہر کڈھ لیا۔ فسادیاں نوں وشواس ہو گیا سی کہ اوہدے کول گولیاں مکّ گئیاں سن۔ جیکر اوہدے کول ہور گولیاں ہندیاں تاں دروازہ ہور دو دن نہیں ٹٹّ سکدا سی۔فسادیاں نے اسنوں باہر کڈھیا تے رعب نال کیہا- تیرا خیال سی، توں دھرتی تھلے سرنگ بنا کے واگھے دے پار چلی جانا سی؟”

پر اوہ گھبرائی نہیں سی، جویں اوہنوں اپنی ہونی بارے پتہ ہی سی۔ ساڈے خیال سی کہ پولیس والے جاں فوجی اوہدا فسادیاں کولوں بچاؤ کرنگے۔ پر نہ اتھے پولیس دسی، اتے نہ ہی کوئی فوجی دسدا سی۔ بسّ، فسادیاں دی بھیڑ سی جس نے اس اچی لمی، چٹی پتلے سریر والی کڑی نوں اگے لایا ہویا سی۔ اوہ نہتی سی تے لوکاں کول  ہتھیار سن۔ لوکاں وچ روہ وی سی پر کیونکہ اوہدی گولی نال کوئی بندہ نہیں سی مریا، اس لئی لوکاں نے اوہنوں پھڑدیاں سار ہی نہیں مار دتا۔ اوہناں دے چہرے کہہ رہے سن- تینوں اوہ  ایسے تسیہے دین گے کہ توں چیتے ر کھیں گی۔

پنج پیر دے ایس ڈی  او خان دی کڑی پھڑی گئی۔’ ایہہ خبر ہوا دے کندھاڑے چڑھکے ہر پاسے پھیل گئی سی۔ زنانیاں بہت پریشان سن۔ پر بندے  جانن  دے شوق  نال پنج پیر چوک ولّ ودھے جا رہے سن۔ جویں کوئی خاص حادثہ ہو گیا ہووے۔

میری ماتا مینوں روکن لئی میرے پچھے آئی، پر گوبندگڑھ دے بہت سارے لوک ادھر جا رہے سن۔ اوہناں دے کہن تے ماں واپس چلی گئی۔ ماں واروار کہہ رہی سی-وچاری خان صاب دی دھی پتا نہیں اوہدے نال کی بیتی لوک پتہ نہیں اینے نردئی کیوں ہو گئے نے’

ساڈے مناں وچ  جانن دا شوق  سی کہ فسادی لوک اس کڑی نال کی ورتارا کرنگے۔ بس، اس شوق  نے ہی ساڈے پیراں ‘چ پھرتی بھر دتی سی۔

ادوں ساڈا گھر ریلوے سٹیشن دے نیڑے گوبندگڑھ ‘چ سی تے اس محلے دے لوکاں نے شہر بھر ‘چ بہت ماردھاڑ کیتی سی۔ کئیاں نے تاں مسلماناں دیاں کوٹھیاں لٹکے اپنے گھر بھر لئے سن، تے راتو-رات امیراں ‘چ شامل ہو گئے سن۔ خاص کرکے گھریلو سامان دی بہت لٹّ ہوئی سی۔ پر کتاباں کاپیاں گلیاں بازاراں ‘چ رلکے رہِ گئیاں سن۔

سانوں اک جھٹکا لگا۔ اسیں دیکھیا، کڑی الف ننگی سی۔ اس دے سریر ‘تے کوئی کپڑا  نہیں سی۔ اس دے سر دے وال کٹے ہوئے سن، جس کرکے پل بھر لئی اوہ بھلیکھا پاؤندی سی۔ پر اوہدا باقی سریر دیکھن والے نوں دلکشی دا بھلاوا نہیں سی پا رہا۔ کیونکہ اوہدے پچھلے پاسے ننگیاں تلواراں والے کجھ بھائی بڑی بے دردی نال پہرہ دے رہے سن۔ ایہہ کتے دوڑ تاں سکدی نہیں۔’ سانوں خیال آ رہا سی- تے تلواراں والے ایہدی راکھی کاہدے لئی کر رہے نے؟’

پورے دو دن تکّ اوہ فسادیاں دا مقابلہ کردی رہی، پر اسلحہ مکّ جان کرکے ہار گئی۔ پتہ نہیں، اوہدے کجھ کھادا پیتا وی سی کی نہیں؟”

ساڈی ماں دسدی سی-جدوں تیرا بھاپا جمنا پل ‘تے مستری سی تاں اس کڑی دا پیو خان صاب وی اتھے  ایس ڈی سی۔ اس خان صاب دیاں تنّ بیگماں سن۔ اوہناں ‘چوں اک نوں اہنے اتھے کوٹھی پا کے دتی سی۔ تیرا بھاپا خان صاب نوں ملن وی گیا سی وچاری ماں دیاں گلاں نال من ‘چ سنویدناں دا بھاوَ بھر گیا سی۔ ساڈے باپ ریلوے سٹیشن دے ملازم سن، ایہہ سانجھ دی گلّ محسوس  ہندی سی۔

ساڈے دل دھڑک رہے سن۔

سنمیاں والے چونک وچ سانوں کجھ برچھیاں والے لوکاں نے روکیا-اگے نہ ودھو، جلوس ایدھر ہی آ رہے؟’

پر اس وچاری دا جلوس کیوں کڈھئ؟’

واگھیوں پار ساڈیاں دھیاں نال وی لوکاں نے ایہو کجھ ہی کیتٔے

اوہناں نوں اس کڑی نے چکیا سی؟’

تسیں جم تاں لووں، گٹھّ-گٹھّ جیبھاں کڈھی پھردے ہو، چھوکریو’۔

ساڈا باپ وی ریلوے ‘چ نوکر اے۔’ میں اوہناں لوکاں نوں کیہا سی-تے اوہ وی ریلوے دے ایس ڈی دی دھی ایں؟’

پھیر تیری کی لگی؟’

کجھ وی لگے۔ تسیں جان دیو۔’ اوہ لامبھے ہو گئے۔

اسیں ہور اگے ودھے تاں کجھ لوکاں نے پھیر سانوں روکیا-اگے نہ جاؤ۔’

کیوں؟’

تسیں اوہدے کپڑے  کیوں لاہے؟’

ایہہ بدلہ ہے  بدلا۔ نہیں سمجھے؟’

سانوں روکن والے بندے بڑے تکڑے، ڈاڈھے اتے اچے لمے سن۔ اوہناں نال آڈھا نہیں سی لایا جا سکدا۔ میں سوچدا ساں جے ایہناں نوں ایہہ وی پتہ لگّ گیا کہ گھر  اڈے گھر چ مسلم کڑیاں لکیاں رہیاں سن، تاں شاید اوہ مینوں چھرا ہی مار دین’ اس لئی چپّ ہی بہتر سی۔ ساڈے گھروں مسلمان کڑیاں تاں فوجی لے گئے سن، ساڈے ویری ہو گئے سن۔ اوہ فسادیاں دے قابو آ جاندیاں تاں اسیں جیؤندے ہی مر جاندے۔

جلوس ساڈے بالکل نیڑے آ گیا سی۔ اوہ کڑی دیکھن پاکھن توں بالکل ترکنی نہیں سی لگدی۔ اوہدا سبھ کجھ اویں ہی سیجویں کہ سبھ زنانیاں دا ہندا ہے۔ رنگ روپ وی سریر وی اتے ہور سبھ کجھ وی میں نظر بھر کے اوہنوں تکیاں تاں اوہدے ولّ تکّ نہ ہویا، جویں اوہدے سریر نوں کنڈے لگے ہون، جہڑے ساڈی نظر نوں چبھ رہے سن۔ عجیب گلّ سی۔ اسیں سوچ رہے ساں ایہہ کویں ہو سکدے کہ لوکاں نے اوہدے سریر توں کپڑے لاہ کے اوہدے نال کنڈے لا دتے ہون؟ ایداں دی گلّ وی کتے نہیں سنی کہ کسے دے سریر تے کنڈے اگ آئے ہون۔ ہاں۔ لوکاں دیاں میلیاں نظراں ‘چ وی کنڈے سن۔

پتہ نہیں ایہہ جھلّ پنا سی کہ کی سی؟ میں کاہلی نال سروں پگڑی کھولی تے ترنت اگے ودھکے اس کڑی دے سریر دوآلے لپیٹ دتی۔ میں سوچ رہا ساں-گورو صاحب دی بخشی ہوئی ایہہ دات وی اج سارتھک ہو گئی پر میری اس حرکت نال بھیڑ وچ ہل چل مچّ گئی سی۔ اسنوں وی اک جھٹکا لگا سی، تے اوہنے اکھاں کھول کے مینوں تکیاں سی۔ میرا خیال ہے کہ اوہنے مینوں کیہا سی-اے ایمان والے، اﷲ تیرے ‘تے کرم کرے گا۔’

اوہ تاں آپ مصیبت وچ پھسی ہوئی سی پر پھیر وی اہنے مینوں دعا دتی سی۔ پر اس ویلے ہی، پتہ نہیں کہڑے پاسیوں اک چھرا دندناؤندا ہویا میرے ولّ آیا، پر میرے ‘تے اوہدا وار ہون توں پہلاں ہی اس کڑی نے اپنا سریر اگے کر دتا سی، تے چھرا اوہدی  چھاتی وچکار کھبھّ گیا سی، بالکل دل دے کول جتھے دھڑکن سی

یا اﷲ۔ اوہنے کیہا تے ڈگّ پئی۔ خون دی اک تتیری اوہدی چھاتی وچوں نکل کے میری دستار نوں سوہا رتّ کر گئی۔

میرا خیال ہے کہ اوہنوں امید ہی سی کہ اﷲ پاک ضرور اوہدی مدد کریگا۔ اتے کوئی کرامات ہو کے رہیگی۔ دوپہر ہو گئی سی تے اگست دی تکھی دھپّ چمک رہی سی۔ لوکاں دے چہرے وکرت لگّ رہے سن۔

میری دستار وچ لپٹی ہوئی اوہ جوبن متی مٹیار سڑک ‘تے ڈھیر ہو گئی سی تے لوکاں دی بھیڑ دے شور وچ اہنے مینوں تک کے کیہا سی میری چنتا نہ کریں بھائی۔’

میرا سریر بہت لیرا تے ملوک سی۔ پتہ نہیں میں کویں اوہ کارنامہ کر گیا ساں۔ اوہ درش میریاں اکھاں اگے آؤندا ہے تاں سریر وچ تراٹاں شروع ہو جاندیاں ہن، دل دی دھڑکن تیز ہو جاندی ہے۔ مینوں چیتا نے مینوں کٹیا وی سی، پر میں بچ گیا ساں تے میرے کناں وچ اوہ مر رہی کڑی دے بول کمب رہے  اے ایمان والے! اﷲ تیرے ‘تے کرم کریگا۔

ਕਰਾਮਾਤ

ਜਸਵੰਤ ਸਿੰਘ ਵਿਰਦੀ

ਦਿਨ ਵਾਰ ਦਾ ਤਾਂ ਚੇਤਾ ਨਹੀਂ, ਪਰ ਮੇਰਾ ਖਿਆਲ ਹੈ ਕਿ ਸਤਾਰਾਂ ਜਾਂ ਅਠਾਰਾਂ ਅਗਸਤ ਦਾ ਦਿਨ ਸੀ। ਵਾਘੇ ਦੇ ਆਰ-ਪਾਰ ਕੱਟ ਵੱਢ ਦਾ ਦੌਰ ਦੌਰਾ ਸੀ। ਫਸਾਦੀਆਂ ਨੇ ਖਾਨ ਸਾਬ ਦੀ ਧੀ ਨੂੰ ਚੁਬਾਰੇ ਵਿਚ ਘੇਰਿਆ ਹੋਇਆ ਸੀ।
ਦੋ ਦਿਨ ਤੇ ਦੋ ਰਾਤਾਂ ਉਸ ਕੁੜੀ ਨੇ ਆਪਣੇ ਚੁਬਾਰੇ ਨੂੰ ਕਿਲ੍ਹੇ ਵਾਂਗ ਇਸਤੇਮਾਲ ਕੀਤਾ ਸੀ। ਲੋਕਾਂ ਕੋਲ ਛੁਰੇ ਸਨ ਤੇ ਜਾਂ ਬਰਛੇ ਸਨ। ਪਰ ਉਸ ਦਲੇਰ ਕੁੜੀ ਕੋਲ ਪਿਸਟਲ ਸੀ ਅਤੇ ਬੇਸ਼ੁਮਾਰ ਗੋਲੀਆਂ ਸਨ। ਪਰ ਉਹ ਗੋਲੀਆਂ ਲੋਕਾਂ ਨੂੰ ਮਾਰਨ ਲਈ ਨਹੀਂ, ਆਪਣੇ ਆਪ ਨੂੰ ਬਚਾਉਣ ਲਈ ਚਲਾਉਂਦੀ ਸੀ। ਇਸ ਕਰਕੇ ਗੋਲੀਆਂ ਘੱਟ ਚਲਦੀਆਂ ਸਨ। ਅਤੇ ਉਹਨੇ ਦੋ ਦਿਨਾਂ ਤੱਕ ਆਪਣੇ ਆਪ ਨੂੰ ਬਚਾਈ ਰੱਖਿਆ ਸੀ। ਫਸਾਦੀਆਂ ਲਈ ਇਹ ਬੜੀ ਹੈਰਾਨੀ ਦੀ ਗੱਲ ਸੀ।
ਜਿਥੋਂ ਪੰਜ ਪੀਰ ਦਾ ਬਜ਼ਾਰ ਸ਼ੁਰੂ ਹੁੰਦਾ ਹੈ, ਬਸ ਬਿਲਕੁਲ ਉਹਦੇ ਸਾਹਮਣੇਂ ਹੀ ਰਿਟਾਇਰਮੈਂਟ ਤੋਂ ਮਗਰੋਂ ਉਹਦੇ ਅੱਬਾ ਨੇ ਆਪਣੇ ਲਈ ਕੋਠੀ ਬਣਾਈ ਸੀ। ਇਹ 1946 ਦੀ ਗੱਲ ਹੈ ਅਤੇ ਮਾਰਜ 47 ਵਿਚ ਇੱਕਾ-ਦੁੱਕਾ ਫਸਾਦਾਂ ਦੀਆਂ ਵਾਰਦਾਤਾਂ ਸ਼ੁਰੂ ਹੋ ਗਈਆਂ ਸਨ। ਪਰ ਕੋਈ ਬਣ ਚੁੱਕੀ ਸੀ ਤੇ ਛੱਡਕੇ ਨਹੀਂ ਸੀ ਜਾਇਆ ਜਾ ਸਕਦਾ। ਉਂਜ, ਕੋਠੀ ਦੇ ਬਾਹਰ ਲਟਕ ਰਹੀ ਤਖਤੀ ਹਾਲੇ ਤੱਕ ਵੀ ਕਾਇਮ ਸੀ, ਕੋਠੀ ਵਿਕਾਊ ਹੈ।”
ਪਰ ਖਰੀਦਦਾਰ ਕੋਈ ਨਹੀਂ ਸੀ। ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਕੱਲ੍ਹ ਨੂੰ ਕੀ ਹੋਣ ਵਾਲਾ ਸੀ। ਕਦੀ ਕਦੀ ਰੌਲਾ ਪੈਂਦਾ ਸੀ ਕਿ ਬਟਵਾਰੇ ਦੀ ਹੱਦ ਸਤਲੁਜ ਹੋਵੇਗੀ, ਪਰ ਉਹ ਵਾਘੇ ਤਕ ਖਿਸਕ ਗਈ ਸੀ।
ਅਸੀਂ ਲੋਕ ਛੋਟੇ ਸਾਂ, ਮਸੀਂ ਪੰਦਰਵੇਂ ਵਰ੍ਹੇ ਵਿਚ। ਇਸ ਲਈ ਸਾਨੂੰ ਫਸਾਦਾਂ ਦੇ ਕਾਰਨਾਂ ਦਾ ਬਹੁਤਾ ਪਤਾ ਨਹੀਂ ਸੀ, ਤੇ ਬਚਾਉ ਲਈ ਗੋਲੀਆਂ ਚਲਾ ਰਹੀ ਸੀ। ਉਹਦਾ ਕੀ ਬਣਨਾ ਸੀ? ਇਹਦੇ ‘ਚ ਸਾਡੀ ਦਿਲਚਸਪੀ ਸੀਬਲਕਿ ਹਰ ਕਿਸੇ ਦੀ ਦਿਲਚਸਪੀ ਸੀ।
ਫਸਾਦੀਆਂ ਨੇ ਭੀੜ ਬਣਾਕੇ ਰੈਣਕ ਬਜ਼ਾਰ ਅਤੇ ਸ਼ੇਖਾਂ ਬਜ਼ਾਰ ਨੂੰ ਖੂਬ ਲੁੱਟਿਆਂ ਸੀ ਅਤੇ ਲਾਸ਼ਾਂ ਬਜ਼ਾਰਾਂ ਵਿਚ, ਗਲੀਆਂ ਵਿਚ ਰੁਲਦੀਆਂ ਪਈਆਂ ਸਨ। ਪਰ ਖਾਨ ਸਾਬ ਦੀ ਉਹ ਜੋਬਨਮੱਤੀ ਧੀ ਆਪਣੇ ਚੁਬਾਰੇ ਵਿਚ ਡਟੀ ਰਹੀ ਸੀ, ਭੀੜ ਦਾ ਮੁਕਾਬਲਾ ਕਰਦੀ ਰਹੀ ਸੀ।
ਪਰ ਤੀਜਾ ਦਿਨ ਬਹੁਤ ਕਹਿਰ ਭਰਿਆ ਸੀ।
ਤੀਜੇ ਦਿਨ ਕੁਝ ਫਸਾਦੀ ਲੋਕਾਂ ਨੇ ਸੱਬਲਾਂ ਨਾਲ ਚੁਬਾਰੇ ਦੀਆਂ ਮਜ਼ਬੂਤ ਚੌਖਟਾਂ ਵਿਚ ਜੜੇ ਹੋਏ ਸਾਗਵਾਨੀ ਦਰਵਾਜ਼ੇ ਨੂੰ ਤੋੜ ਕੇ ਉਸ ਮੁਟਿਆਰ ਨੂੰ ਬਾਹਰ ਕੱਢ ਲਿਆ। ਫਸਾਦੀਆਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਉਹਦੇ ਕੋਲ ਗੋਲੀਆਂ ਮੁੱਕ ਗਈਆਂ ਸਨ। ਜੇਕਰ ਉਹਦੇ ਕੋਲ ਹੋਰ ਗੋਲੀਆਂ ਹੁੰਦੀਆਂ ਤਾਂ ਦਰਵਾਜ਼ਾ ਹੋਰ ਦੋ ਦਿਨ ਨਹੀਂ ਟੁੱਟ ਸਕਦਾ ਸੀ।
ਫਸਾਦੀਆਂ ਨੇ ਉਸਨੂੰ ਬਾਹਰ ਕੱਢਿਆ ਤੇ ਰੋਹ ਨਾਲ ਕਿਹਾ-Ḕਤੇਰਾ ਖਿਆਲ ਸੀ, ਤੂੰ ਧਰਤੀ ਥੱਲੇ ਸੁਰੰਗ ਬਣਾ ਕੇ ਵਾਘੇ ਦੇ ਪਾਰ ਚਲੀ ਜਾਣਾ ਸੀ?”
ਪਰ ਉਹ ਘਬਰਾਈ ਨਹੀਂ ਸੀ, ਜਿਵੇਂ ਉਹਨੂੰ ਆਪਣੀ ਹੋਣੀ ਬਾਰੇ ਪਤਾ ਹੀ ਸੀ। ਸਾਡੇ ਖਿਆਲ ਸੀ ਕਿ ਪੁਲਿਸ ਵਾਲੇ ਜਾਂ ਫੌਜੀ ਉਹਦਾ ਫਸਾਦੀਆਂ ਕੋਲੋਂ ਬਚਾਓ ਕਰਨਗੇ। ਪਰ ਨਾ ਉਥੇ ਪੁਲਿਸ ਦਿਸੀ, ਅਤੇ ਨਾ ਹੀ ਕੋਈ ਫੌਜੀ ਦਿਸਦਾ ਸੀ। ਬੱਸ, ਫਸਾਦੀਆਂ ਦੀ ਭੀੜ ਸੀ ਜਿਸ ਨੇ ਉਸ ਉਚੀ ਲੰਮੀ, ਚਿੱਟੀ ਪਤਲੇ ਸਰੀਰ ਵਾਲੀ ਕੁੜੀ ਨੂੰ ਅੱਗੇ ਲਾਇਆ ਹੋਇਆ ਸੀ। ਉਹ ਨਿਹੱਥੀ ਸੀ ਤੇ ਲੋਕਾਂ ਕੋਲ ਸ਼ਸਤਰ ਸਨ। ਲੋਕਾਂ ਵਿਚ ਰੋਹ ਵੀ ਸੀ। ਪਰ ਕਿਉਂਕਿ ਉਹਦੀ ਗੋਲੀ ਨਾਲ ਕੋਈ ਬੰਦਾ ਨਹੀਂ ਸੀ ਮਰਿਆ, ਇਸ ਲਈ ਲੋਕਾਂ ਨੇ ਉਹਨੂੰ ਫੜਦਿਆਂ ਸਾਰ ਹੀ ਨਹੀਂ ਮਾਰ ਦਿੱਤਾ। ਉਹਨਾਂ ਦੇ ਚਿਹਰੇ ਕਹਿ ਰਹੇ ਸਨ-Ḕਤੈਨੂੰ ਉਹ ਤਸੀਹੇ ਦਿਆਂਗੇ ਕਿ ਤੂੰ ਚੇਤੇ ਰੱਖੇਗੀ।
Ḕਪੰਜ ਪੀਰ ਦੇ ਐਸ਼ਡੀਖਾਨ ਦੀ ਕੁੜੀ ਫੜੀ ਗਈ।’ ਇਹ ਖਬਰ ਹਵਾ ਦੇ ਕੰਧਾੜੇ ਚੜ੍ਹਕੇ ਹਰ ਪਾਸੇ ਫੈਲ ਗਈ ਸੀ। ਜ਼ਨਾਨੀਆਂ ਬਹੁਤ ਪ੍ਰੇਸ਼ਾਨ ਸਨ। ਪਰ ਬੰਦੇ ਉਤਸੁਕਤਾ ਨਾਲ ਪੰਜ ਪੀਰ ਚੌਕ ਵੱਲ ਵਧੇ ਜਾ ਰਹੇ ਸਨ। ਜਿਵੇਂ ਕੋਈ ਖਾਸ ਹਾਦਸਾ ਹੋ ਗਿਆ ਹੋਵੇ।
ਮੇਰੀ ਮਾਤਾ ਮੈਨੂੰ ਰੋਕਣ ਲਈ ਮੇਰੇ ਪਿੱਛੇ ਆਈ, ਪਰ ਗੋਬਿੰਦਗੜ੍ਹ ਦੇ ਬਹੁਤ ਸਾਰੇ ਲੋਕ ਉਧਰ ਜਾ ਰਹੇ ਸਨ। ਉਹਨਾਂ ਦੇ ਕਹਿਣ ਤੇ ਮਾਂ ਵਾਪਿਸ ਚਲੀ ਗਈ। ਮਾਂ ਵਾਰ-ਵਾਰ ਕਹਿ ਰਹੀ ਸੀ-Ḕਵਿਚਾਰੀ ਖਾਨ ਸਾਬ ਦੀ ਧੀਪਤਾ ਨਹੀਂ ਉਹਦੇ ਨਾਲ ਕੀ ਬੀਤੇਲੋਕ ਪਤਾ ਨਹੀਂ ਏਨੇ ਨਿਰਦਈ ਕਿਉਂ ਹੋ ਗਏ ਨੇ’
ਸਾਡੇ ਮਨਾਂ ਵਿਚ ਸਹਿਜ ਉਤਸੁਕਤਾ ਸੀ ਕਿ ਫਸਾਦੀ ਲੋਕ ਉਸ ਕੁੜੀ ਨਾਲ ਕੀ ਵਰਤਾਰਾ ਕਰਨਗੇ। ਬਸ, ਇਸ ਉਤਸੁਕਤਾ ਨੇ ਹੀ ਸਾਡੇ ਪੈਰਾਂ ‘ਚ ਫੁਰਤੀ ਭਰ ਦਿੱਤੀ ਸੀ।
ਉਦੋਂ ਸਾਡਾ ਘਰ ਰੇਲਵੇ ਸਟੇਸ਼ਨ ਦੇ ਨੇੜੇ ਗੋਬਿੰਦਗੜ੍ਹ ‘ਚ ਸੀ ਤੇ ਇਸ ਮੁਹੱਲੇ ਦੇ ਲੋਕਾਂ ਨੇ ਸ਼ਹਿਰ ਭਰ ‘ਚ ਬਹੁਤ ਮਾਰਧਾੜ ਕੀਤੀ ਸੀ। ਕਈਆਂ ਨੇ ਤਾਂ ਮੁਸਲਮਾਨਾਂ ਦੀਆਂ ਕੋਠੀਆਂ ਲੁੱਟਕੇ ਆਪਣੇ ਘਰ ਭਰ ਲਏ ਸਨ, ਤੇ ਰਾਤੋ-ਰਾਤ ਅਮੀਰਾਂ ‘ਚ ਸ਼ਾਮਲ ਹੋ ਗਏ ਸਨ। ਖਾਸ ਕਰਕੇ ਘਰੇਲੂ ਸਮਾਨ ਦੀ ਬਹੁਤ ਲੁੱਟ ਹੋਈ ਸੀ। ਪਰ ਕਿਤਾਬਾਂ ਕਾਪੀਆਂ ਗਲੀਆਂ ਬਾਜ਼ਾਰਾਂ ‘ਚ ਰੁਲਕੇ ਰਹਿ ਗਈਆਂ ਸਨ।
ਸਾਨੂੰ ਇਕ ਝਟਕਾ ਲੱਗਾ। ਅਸੀਂ ਦੇਖਿਆ, ਕੁੜੀ ਅਲਫ ਨੰਗੀ ਸੀ। ਉਸ ਦੇ ਸਰੀਰ ‘ਤੇ ਕੋਈ ਵਸਤਰ ਨਹੀਂ ਸੀ। ਉਸ ਦੇ ਸਿਰ ਦੇ ਵਾਲ ਕੱਟੇ ਹੋਏ ਸਨ, ਜਿਸ ਕਰਕੇ ਪਲ ਭਰ ਲਈ ਉਹ ਭੁਲੇਖਾ ਪਾਉਂਦੀ ਸੀ। ਪਰ ਉਹਦਾ ਬਾਕੀ ਸਰੀਰ ਦੇਖਣ ਵਾਲੇ ਨੂੰ ਦਿਲਕਸ਼ੀ ਦਾ ਭੁਲਾਵਾ ਨਹੀਂ ਸੀ ਪਾ ਰਿਹਾ। ਕਿਉਂਕਿ ਉਹਦੇ ਪਿਛਲੇ ਪਾਸੇ ਨੰਗੀਆਂ ਤਲਵਾਰਾਂ ਵਾਲੇ ਕੁਝ ਭਾਈ ਬੜੀ ਬੇਦਰਦੀ ਨਾਲ ਪਹਿਰਾ ਦੇ ਰਹੇ ਸਨ। Ḕਇਹ ਕਿਤੇ ਦੌੜ ਤਾਂ ਸਕਦੀ ਨਹੀਂ।’ ਸਾਨੂੰ ਖਿਆਲ ਆ ਰਿਹਾ ਸੀ-Ḕਤੇ ਤਲਵਾਰਾਂ ਵਾਲੇ ਇਹਦੀ ਰਾਖੀ ਕਾਹਦੇ ਲਈ ਕਰ ਰਹੇ ਨੇ?’
ਪੂਰੇ ਦੋ ਦਿਨ ਤੱਕ ਉਹ ਫਸਾਦੀਆਂ ਦਾ ਮੁਕਾਬਲਾ ਕਰਦੀ ਰਹੀ, ਪਰ ਅਸਲਾ ਮੁੱਕ ਜਾਣ ਕਰਕੇ ਹਾਰ ਗਈ। ਪਤਾ ਨਹੀਂ, ਉਹਦੇ ਕੁਝ ਖਾਧਾ ਪੀਤਾ ਵੀ ਸੀ ਕੀ ਨਹੀਂ?”
ਸਾਡੀ ਮਾਂ ਦੱਸਦੀ ਸੀ-Ḕਜਦੋਂ ਤੇਰਾ ਭਾਪਾ ਜਮਨਾ ਪੁਲ ‘ਤੇ ਮਿਸਤਰੀ ਸੀ ਤਾਂ ਉਸ ਕੁੜੀ ਦਾ ਪਿਉ ਖਾਨ ਸਾਬ ਵੀ ਉਥੇ ਐਸ਼ਡੀਸੀ। ਉਸ ਖਾਨ ਸਾਬ ਦੀਆਂ ਤਿੰਨ ਬੇਗਮਾਂ ਸਨ। ਉਹਨਾਂ ‘ਚੋਂ ਇਕ ਨੂੰ ਉਹਨੈ ਇਥੇ ਕੋਝੀ ਪਾ ਕੇ ਦਿੱਤੀ ਸੀ। ਤੇਰਾ ਭਾਪਾ ਖਾਨ ਸਾਬ ਨੂੰ ਮਿਲਣ ਵੀ ਗਿਆ ਸੀਵਿਚਾਰੀ”
ਮਾਂ ਦੀਆਂ ਗੱਲਾਂ ਨਾਲ ਮਨ ‘ਚ ਸੰਵੇਦਨਾਂ ਦਾ ਭਾਵ ਭਰ ਗਿਆ ਸੀ। ਸਾਡੇ ਬਾਪ ਰੇਲਵੇ ਸਟੇਸ਼ਨ ਦੇ ਮੁਲਾਜ਼ਮ ਸਨ, ਇਹ ਸਾਂਝ ਦੀ ਗੱਲ ਪ੍ਰਤੀਤ ਹੁੰਦੀ ਸੀ।
ਸਾਡੇ ਦਿਲ ਧੜਕ ਰਹੇ ਸਨ।
ਸਿਨਮਿਆਂ ਵਾਲੇ ਚੌਂਕ ਵਿਚ ਸਾਨੂੰ ਕੁਝ ਬਰਛਿਆਂ ਵਾਲੇ ਲੋਕਾਂ ਨੇ ਰੋਕਿਆ-Ḕਅੱਗੇ ਨਾ ਵਧੋ, ਜਲੂਸ ਏਧਰ ਹੀ ਆ ਰਿਹੈ?’
ਪਰ ਉਸ ਵਿਚਾਰੀ ਦਾ ਜਲੂਸ ਕਿਉਂ ਕੱਢਿਐ?’
ਵਾਘਿਉਂ ਪਾਰ ਸਾਡੀਆਂ ਧੀਆਂ ਨਾਲ ਵੀ ਲੋਕਾਂ ਨੇ ਇਹੋ ਕੁਝ ਹੀ ਕੀਤੈ
ਉਹਨਾਂ ਨੂੰ ਇਸ ਕੁੜੀ ਨੇ ਚੁਕਿਆ ਸੀ?’
ਤੁਸੀਂ ਜੰਮ ਤਾਂ ਲਵੋਂ, ਗਿੱਠ-ਗਿੱਠ ਜੀਭਾਂ ਕੱਢੀ ਫਿਰਦੇ ਹੋ, ਛੋਕਰਿਓ’।
ਸਾਡਾ ਬਾਪ ਵੀ ਰੇਲਵੇ ‘ਚ ਨੌਕਰ ਐ।’ ਮੈਂ ਉਹਨਾਂ ਲੋਕਾਂ ਨੂੰ ਕਿਹਾ ਸੀ-Ḕਤੇ ਉਹ ਵੀ ਰੇਲਵੇ ਦੇ ਐਸ਼ਡੀਦੀ ਧੀ ਐਂ?’
ਫੇਰ ਤੇਰੀ ਕੀ ਲੱਗੀ?’
ਕੁਝ ਵੀ ਲੱਗੇ। ਤੁਸੀਂ ਜਾਣ ਦਿਓ।’ ਉਹ ਲਾਂਭੇ ਹੋ ਗਏ।
ਅਸੀਂ ਹੋਰ ਅੱਗੇ ਵਧੇ ਤਾਂ ਕੁਝ ਲੋਕਾਂ ਨੇ ਫੇਰ ਸਾਨੂੰ ਰੋਕਿਆ- ਅੱਗੇ ਨਾ ਜਾਓ।’
ਕਿਉਂ?’
ਤੁਸੀਂ ਉਹਦੇ ਵਸਤਰ ਕਿਉਂ ਲਾਹੇ?’
ਇਹ ਬਦਲਾ ਹੈਬਦਲਾ। ਨਹੀਂ ਸਮਝੇ?’
ਸਾਨੂੰ ਰੋਕਣ ਵਾਲੇ ਬੰਦੇ ਬੜੇ ਤਕੜੇ, ਡਾਢੇ ਅਤੇ ਉਚੇ ਲੰਮੇ ਸਨ। ਉਹਨਾਂ ਨਾਲ ਆਢਾ ਨਹੀਂ ਸੀ ਲਾਇਆ ਜਾ ਸਕਦਾ। ਮੈਂ ਸੋਚਦਾ ਸਾਂ-Ḕਜੇ ਇਨ੍ਹਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਸਾਡੇ ਘਰ Ḕਚ ਮੁਸਲਮ ਕੁੜੀਆਂ ਲੁਕੀਆਂ ਰਹੀਆਂ ਸਨ, ਤਾਂ ਸ਼ਾਇਦ ਉਹ ਮੈਨੂੰ ਛੁਰਾ ਹੀ ਮਾਰ ਦੇਣ’ ਇਸ ਲਈ ਚੁੱਪ ਹੀ ਬਿਹਤਰ ਸੀ। ਸਾਡੇ ਘਰੋਂ ਮੁਸਲਮਾਨ ਕੁੜੀਆਂ ਤਾਂ ਫੌਜੀ ਲੈ ਗਏ ਸਨ, ਘਰ ਲੋਕ ਸਾਡੇ ਵੈਰੀ ਹੋ ਗਏ ਸਨ। ਉਹ ਫਸਾਦੀਆਂ ਦੇ ਕਾਬੂ ਆ ਜਾਂਦੀਆਂ ਤਾਂ ਅਸੀਂ ਜੀਉਂਦੇ ਹੀ ਮਰ ਜਾਂਦੇ।
ਜਲੂਸ ਸਾਡੇ ਬਿਲਕੁਲ ਨੇੜੇ ਆ ਗਿਆ ਸੀ। ਉਹ ਕੁੜੀ ਦੇਖਣ ਪਾਖਣ ਤੋਂ ਬਿਲਕੁਲ ਤੁਰਕਨੀ ਨਹੀਂ ਸੀ ਲਗਦੀ। ਉਹਦਾ ਸਭ ਕੁਝ ਇਵੇਂ ਹੀ ਸੀਜਿਵੇਂ ਕਿ ਸਭ ਜਨਾਨੀਆਂ ਦਾ ਹੁੰਦਾ ਹੈ। ਰੰਗ ਰੂਪ ਵੀਸਰੀਰ ਵੀ ਅਤੇ ਹੋਰ ਸਭ ਕੁਝ ਵੀ
ਮੈਂ ਨਜ਼ਰ ਭਰ ਕੇ ਉਹਨੂੰ ਤੱਕਿਆਂ ਤਾਂ ਉਹਦੇ ਵੱਲ ਤੱਕ ਨਾ ਹੋਇਆ, ਜਿਵੇਂ ਉਹਦੇ ਸਰੀਰ ਨੂੰ ਕੰਡੇ ਲੱਗੇ ਹੋਣ, ਜਿਹੜੇ ਸਾਡੀ ਨਜ਼ਰ ਨੂੰ ਚੁਭ ਰਹੇ ਸਨ। ਅਜੀਬ ਗੱਲ ਸੀ।
ਅਸੀਂ ਸੋਚ ਰਹੇ ਸਾਂ-Ḕਪਰ ਇਹ ਕਿਵੇਂ ਹੋ ਸਕਦੈ ਕਿ ਲੋਕਾਂ ਨੇ ਉਹਦੇ ਸਰੀਰ ਤੋਂ ਕੱਪੜੇ ਲਾਹ ਕੇ ਉਹਦੇ ਨਾਲ ਕੰਡੇ ਲਾ ਦਿੱਤੇ ਹੋਣ?’
ਏਦਾਂ ਦੀ ਗੱਲ ਵੀ ਕਿਤੇ ਨਹੀਂ ਸੁਣੀ ਕਿ ਕਿਸੇ ਦੇ ਸਰੀਰ ਤੇ ਕੰਡੇ ਉਗ ਆਏ ਹੋਣ। ਹਾਂ। ਲੋਕਾਂ ਦੀਆਂ ਮੈਲੀਆਂ ਨਜ਼ਰਾਂ ‘ਚ ਵੀ ਕੰਡੇ ਸਨ।
ਪਤਾ ਨਹੀਂ ਇਹ ਝੱਲ ਪੁਣਾ ਸੀ ਕਿ ਕੀ ਸੀ? ਮੈਂ ਕਾਹਲੀ ਨਾਲ ਸਿਰੋਂ ਪਗੜੀ ਖੋਲ੍ਹੀ ਤੇ ਤੁਰੰਤ ਅੱਗੇ ਵਧਕੇ ਉਸ ਕੁੜੀ ਦੇ ਸਰੀਰ ਦੁਆਲੇ ਲਪੇਟ ਦਿੱਤੀ। ਮੈਂ ਸੋਚ ਰਿਹਾ ਸਾਂ-Ḕਗੁਰੂ ਸਾਹਿਬ ਦੀ ਬਖਸ਼ੀ ਹੋਈ ਇਹ ਦਾਤ ਵੀ ਅੱਜ ਸਾਰਥਕ ਹੋ ਗਈ’
ਪਰ ਮੇਰੀ ਇਸ ਹਰਕਤ ਨਾਲ ਭੀੜ ਵਿਚ ਹਲਚਲ ਮੱਚ ਗਈ ਸੀ। ਉਸਨੂੰ ਵੀ ਇਕ ਝਟਕਾ ਲੱਗਾ ਸੀ, ਤੇ ਉਹਨੇ ਅੱਖਾਂ ਖੋਲ੍ਹ ਕੇ ਮੈਨੂੰ ਤੱਕਿਆਂ ਸੀ। ਮੇਰਾ ਖਿਆਲ ਹੈ ਕਿ ਉਹਨੇ ਮੈਨੂੰ ਕਿਹਾ ਸੀ-Ḕਐ ਈਮਾਨ ਵਾਲੇ, ਅੱਲਾ ਤੇਰੇ ‘ਤੇ ਕਰਮ ਕਰੇਗਾ।’
ਉਹ ਤਾਂ ਆਪ ਮੁਸੀਬਤ ਵਿਚ ਫਸੀ ਹੋਈ ਸੀ ਪਰ ਫੇਰ ਵੀ ਉਹਨੈ ਮੈਨੂੰ ਦੁਆ ਦਿੱਤੀ ਸੀ। ਪਰ ਉਸ ਵੇਲੇ ਹੀ, ਪਤਾ ਨਹੀਂ ਕਿਹੜੇ ਪਾਸਿਉਂ ਇਕ ਛੁਰਾ ਦਨਦਨਾਉਂਦਾ ਹੋਇਆ ਮੇਰੇ ਵੱਲ ਆਇਆ, ਪਰ ਮੇਰੇ ‘ਤੇ ਉਹਦਾ ਵਾਰ ਹੋਣ ਤੋਂ ਪਹਿਲਾਂ ਹੀ ਉਸ ਕੁੜੀ ਨੇ ਆਪਣਾ ਸਰੀਰ ਅੱਗੇ ਕਰ ਦਿੱਤਾ ਸੀ, ਤੇ ਛੁਰਾ ਉਹ ਦੀ ਛਾਤੀ ਵਿਚਕਾਰ ਖੁੱਭ ਗਿਆ ਸੀ, ਬਿਲਕੁਲ ਦਿਲ ਦੇ ਕੋਲ਼ਜਿੱਥੇ ਧੜਕਣ ਸੀ
ਯਾ ਅਲਾਹ। ਉਹਨੇ ਕਿਹਾ ਤੇ ਡਿੱਗ ਪਈ। ਖੂਨ ਦੀ ਇਕ ਤਤੀਰੀ ਉਹਦੀ ਛਾਤੀ ਵਿਚੋਂ ਨਿਕਲਕੇ ਮੇਰੇ ਦਸਤਾਰ ਨੂੰ ਸੂਹਾ ਰੱਤ ਕਰ ਗਈ।
ਮੇਰਾ ਖਿਆਲ ਹੈ ਕਿ ਉਹਨੂੰ ਉਮੀਦ ਹੀ ਸੀ ਕਿ ਅੱਲਾ ਪਾਕ ਜ਼ਰੂਰ ਉਹਦੀ ਮਦਦ ਕਰੇਗਾ। ਅਤੇ ਕੋਈ ਕਰਾਮਾਤ ਹੋ ਕੇ ਰਹੇਗੀ। ਦੁਪਹਿਰ ਹੋ ਗਈ ਸੀ ਤੇ ਅਗਸਤ ਦੀ ਤਿੱਖੀ ਧੁੱਪ ਚਮਕ ਰਹੀ ਸੀ। ਲੋਕਾਂ ਦੇ ਚਿਹਰੇ ਵਿਕਰਿਤ ਲੱਗ ਰਹੇ ਸਨ।
ਮੇਰੀ ਦਸਤਾਰ ਵਿਚ ਲਿਪਟੀ ਹੋਈ ਉਹ ਜੋਬਨ ਮੱਤੀ ਮੁਟਿਆਰ ਸੜਕ ‘ਤੇ ਢੇਰ ਹੋ ਗਈ ਸੀ ਤੇ ਲੋਕਾਂ ਦੀ ਭੀੜ ਦੇ ਸ਼ੋਰ ਵਿਚ ਉਹਨੈ ਮੈਨੂੰ ਤਕ ਕੇ ਕਿਹਾ ਸੀ-Ḕਮੇਰੀ ਚਿੰਤਾ ਨਾ ਕਰੀਂ ਭਾਈ।’
ਮੇਰਾ ਸਰੀਰ ਬਹੁਤ ਲੈਰਾ ਤੇ ਮਲੂਕ ਸੀ। ਪਤਾ ਨਹੀਂ ਮੈਂ ਕਿਵੇਂ ਉਹ ਕਾਰਨਾਮਾ ਕਰ ਗਿਆ ਸਾਂ। ਉਹ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਆਉਂਦਾ ਹੈ ਤਾਂ ਸਰੀਰ ਵਿਚ ਤ੍ਰਾਟਾਂ ਸ਼ੁਰੂ ਹੋ ਜਾਂਦੀਆਂ ਹਨ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਮੈਨੂੰ ਚੇਤਾ ਨੇ ਮੈਨੂੰ ਕੁੱਟਿਆ ਵੀ ਸੀ, ਪਰ ਮੈਂ ਬਚ ਗਿਆ ਸਾਂ ਤੇ ਮੇਰੇ ਕੰਨਾਂ ਵਿਚ ਉਹ ਮਰ ਰਹੀ ਕੁੜੀ ਦੇ ਬੋਲ ਕੰਬ ਰਹੇ- ਐ ਈਮਾਨ ਵਾਲੇ! ਅੱਲਾ ਤੇਰੇ ‘ਤੇ ਕਰਮ ਕਰੇਗਾ।’

One Response to “کرامات ਕਰਾਮਾਤ on “کرامات ਕਰਾਮਾਤ”

  • Let us weep and cry for this brave girl and ask for pardon.We are shameful of the deeds of the generation of men, who were our common ancestors.

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net