ਸਾਂਝਾ ਪੰਜਾਬ ਚਮਕੀਲੀ ਜਾਨ

ਸਾਂਂਝਾ ਪੰਜਾਬ
ਚਮਕੀਲੀ ਜਾਨ
ਅੱਲਣ ਦੇ ਜਾਣ ਮਗਰੋਂਂ ਫ਼ਾਤਿਮਾ ਚਮਕੂ ਕੋਲ਼ ਆ ਕੇ ਬਹਿ ਗਈ ਤੇ ਪੁੱਛਣ ਲੱਗੀ, “ਭੈਣ ਜੀ ਜੇ ਤੁਸੀਂ ਨਾਰਾਜ਼ ਨਾ ਹੋਵੋ ਤਾਂ ਇੱਕ ਗੱਲ ਪੁੱਛਣੀ ਸੀ। ਮੈਨੂੰ ਸਮਝ ਨਹੀਂ ਲੱਗ ਰਹੀ ਕਿ ਮੈਂ ਤੁਹਾਨੂੰ ਕੀ ਕਹਿ ਕੇ ਬੁਲਾਵਾਂਂ? ਤੁਹਾਨੂੰ ਆਪਾਂ ਕਹਾਂਂ?”
“ਨਹੀਂ, ਨਹੀਂ ਮੈਂ ਆਪਾ-ਸ਼ਾਪਾ ਕੋਈ ਨਹੀਂ। ਆਪਾ ਤੇ ਮੈਂ ਤਾਂ ਹੋਵਾਂਂ ਜੇ ਮੈਂ ਤੇਰੇ ਤੋਂ ਉਮਰੋਂ ਵੱਡੀ ਹੋਵਾਂਂ, ਮੈਂ ਤੇ ਤੇਰੇ ਕੋਲੋਂ ਨਿੱਕੀ ਆਂ,” ਚਮਕੂ ਝੱਟ ਜਵਾਬ ਦਿੱਤਾ।
“ਭੈਣ ਜੀ ਫੇਰ ਜੇ ਮੈਂ ਤੁਹਾਨੂੰ ਚਮਕੂ ਕਹਾਂ ਤਾਂ ਫੇਰ ਮੈਨੂੰ ਇਹਦਾ ਮਤਲਬ ਤੇ ਦੱਸੋ। ਮੈਂ ਤੇ ਇਹ ਨਾਂ ਪਹਿਲੇ ਕਦੇ ਨਹੀਂ ਸੁਣਿਆਂ,” ਫ਼ਾਤਿਮਾ ਪੁੱਛਿਆ। ਫ਼ਾਤਿਮਾ ਦੀ ਇਹ ਗੱਲ ਸੁਣ ਕੇ ਚਮਕੂ ਏਨੀ ਜ਼ੋਰ ਦੀ ਹੱਸੀ ਕਿ ਉਹਦਾ ਹਾਸਾ ਮੁੱਕਣ ‘ਤੇ ਨਾ ਆਵੇ। ਉਹਨੇ ਹੱਸਦਿਆਂ-ਹੱਸਦਿਆਂ ਕੁੱਝ ਕਹਿਣ ਦੀ ਕੋਸ਼ਿਸ਼ ਕੀਤੀ ਪਰ ਹਾਸੇ ਦਾ ਜ਼ੋਰ ਏਨਾ ਸੀ ਕਿ ਉਹਦੇ ਲਫ਼ਜ਼ ਹਾਸੇ ਵਿੱਚ ਈ ਗਵਾਚ ਗਏ ਤੇ ਫ਼ਾਤਿਮਾ ਦੇ ਪੱਲੇ ਕੱਖ ਵੀ ਨਾ ਪਿਆ। ਕੁੱਝ ਚਿਰ ਮਗਰੋਂ ਜਦ ਉਹਦਾ ਹਾਸਾ ਮੁੱਕਿਆ ਤੇ ਹਾਸੇ ਨਾਲ਼ ਉਹਦੀਆਂਂ ਅੱਖਾਂਂ ਵਿੱਚ ਅੱਥਰੂ ਆ ਗਏ ਸਨ। ਪਹਿਲੇ ਉਹਨੇ ਨੱਕ ਸੁਣਕਿਆ ਤੇ ਫ਼ੇਰ ਕਹਿਣ ਲੱਗੀ, “ਇਹ ਇੱਕ ਲੰਮੀ ਕਹਾਣੀ ਏ। ਅੱਲਣ ਮੇਰਾ ਦੂਰ ਦਾ ਰਿਸ਼ਤੇਦਾਰ ਏ। ਏਹ ਜਦ ਜਵਾਨ ਹੋਇਆ ਤੇ ਇਹਨੂੰ ਫ਼ਿਲਮਾਂ ਵਿੱਚ ਕੰਮ ਕਰਨ ਦਾ ਸ਼ੌਕ ਚੜ੍ਹ ਗਿਆ। ਇਹਨੇ ਦਸ ਜਮਾਤਾਂ ਪਾਸ ਕਰਨ ਮਗਰੋਂ ਪੜ੍ਹਾਈ ਛੱਡ ਦਿੱਤੀ। ਇਹਦੇ ਮਾਂ ਪਿਓ ਬੜਾ ਜ਼ੋਰ ਲਾਇਆ ਕਿ ਇਹ ਚਾਰ ਜਮਾਤਾਂ ਹੋਰ ਪੜ੍ਹ ਲਵੇ ਪਰ ਇਹਨੇ ਕਿਸੇ ਦੀ ਇੱਕ ਨਾ ਮੰਨੀ। ਇਹਨੇ ਸਾਰਾ ਦਿਨ ਬਣ-ਠਣ ਕੇ ਗਲੀ ਵਿੱਚ ਫਿਰਨਾ ਤੇ ਸ਼ਾਮ ਨੂੰ ਫ਼ਿਲਮ ਦੇਖਣ ਚਲੇ ਜਾਣਾ। ਫ਼ਿਲਮ ਦੇਖਣਾ ਇਹਦੇ ਲਈ ਇੰਝ ਸੀ ਜਿਵੇਂ ਇਹਦੀ ਸਾਰੀ ਜ਼ਿੰਦਗੀ ਫ਼ਿਲਮ ਦੇ ਆਲੇ-ਦੁਆਲੇ ਘੁੰਮ ਰਹੀ ਹੋਵੇ। ਇਹ ਕੋਈ ਹੋਰ ਕੰਮ ਭਾਵੇਂ ਕਰੇ ਜ” ਨਾ ਕਰੇ ਪਰ ਸ਼ਾਮ ਦੀ ਫ਼ਿਲਮ ਨਹੀਂ ਸੀ ਛੱਡ ਸਕਦਾ। ਸਿਨਮਿਆਂਂ ਵਿੱਚ ਰੋਜ਼ ਤੇ ਨਵੀਆਂਂ ਫ਼ਿਲਮਾਂਂ ਲੱਗਦੀਆਂਂ ਨਹੀਂ। ਇਹਨੇ ਜਦ ਸਾਰੇ ਸਿਨੇਮਾਂ ਵਿੱਚ ਲੱਗੀਆਂ ਫ਼ਿਲਮਾਂ ਦੇਖ ਲੈਣੀਆਂ ਤੇ ਫ਼ੇਰ ਮੁੜ ਤੋਂ ਸ਼ੁਰੂ ਹੋ ਜਾਣਾ। ਜਦ ਤੱਕ ਕਿਸੇ ਸਿਨੇਮਾ ਵਿੱਚ ਕੋਈ ਨਵੀਂ ਫ਼ਿਲਮ ਲੱਗਣੀ ਇਹਨੇ ਪੁਰਾਣੀ ਲੱਗੀ ਫ਼ਿਲਮ ਏਨੀ ਵਾਰ ਦੇਖ ਲਈ ਹੁੰਦੀ ਸੀ ਕਿ ਇਹਨੂੰ ਏਸ ਫ਼ਿਲਮ ਦੇ ਸਾਰੇ ਡਾਇਲਾਗ ਜ਼ਬਾਨੀ ਯਾਦ ਹੋ ਗਏ ਹੁੰਦੇ ਸਨ ਤੇ ਇਹ ਸਾਰਾ ਦਿਨ ਮੁਹੱਲੇ ਵਿੱਚ ਮੁੰਡਿਆਂਂ-ਖੁੰਡਿਆਂਂ ਵਿੱਚ ਬਹਿ ਕੇ ਫ਼ਿਲਮਾਂਂ ਦੇ ਡਾਇਲਾਗ ਬੋਲਦਾ ਤੇ ਫ਼ਿਲਮੀ ਐਕਟਰਾਂਂ ਦੀਆਂਂ ਨਕਲਾਂਂ ਲਾਉਂਦਾ। ਇਸੇ ਤਰਾਂ ਨਕਲਾਂਂ ਲਾਹੁੰਦਿਆਂਂ ਕਿਸੇ ਇਹਨੂੰ ਕਹਿ ਦਿੱਤਾ ਕਿ ਇਹਨੇ ਅਸਲੀ ਐਕਟਰਾਂ ਤੋਂ ਵੀ ਚੰਗੇ ਡਾਇਲਾਗ ਬੋਲੇ ਨੇ। ਨਾਲ਼ੇ ਉਨ੍ਹਾਂ ਤੋਂ ਵੀ ਚੰਗੀ ਐਕਟਿੰਗ ਕੀਤੀ ਏ। ਉਹ ਦਿਨ ਗਿਆ ਤੇ ਅੱਜ ਦਿਨ ਆਇਆ ਇਹਦੇ ਦਿਮਾਗ਼ ਵਿੱਚ ਇਹ ਗੱਲ ਬਹਿ ਗਈ ਕਿ ਇਹਨੇ ਐਕਟਰ ਬਣਨਾ ਏ। ਇਹਨੇ ਦਿਨੇ ਗਲੀ ਵਿੱਚ ਫਿਰਨ ਦੀ ਥਾਂਂ ਫ਼ਿਲਮਾਂਂ ਦੇ ਸਟੂਡਿਓ ਜਾਣਾ ਸ਼ੁਰੂ ਕਰ ਦਿੱਤਾ। ਬਹੁਤੀ ਵਾਰੀ ਸਟੂਡਿਓ ਦੇ ਚੌਕੀਦਾਰ ਹਰ ਐਰੇ-ਗ਼ੈਰੇ ਨੂੰ ਸਟੂਡਿਓ ਅੰਦਰ ਵੜਨ ਨਹੀਂ ਦਿੰਦੇ। ਇਹੋ ਹਾਲ ਇਹਦਾ ਹੋਇਆ। ਇਹਨੇ ਸਾਰਾ ਦਿਨ ਸਟੂਡਿਓ ਦੇ ਬਾਹਰ ਢਾਬਿਆਂਂ ‘ਤੇ ਬਹਿ ਕੇ ਘਰ ਆ ਜਾਣਾ। ਇਨ੍ਹਾਂ ਢਾਬਿਆਂ ‘ਤੇ ਇਹਨੂੰ ਆਪਣੇ ਵਰਗੇ ਹੋਰ ਬੰਦੇ ਵੀ ਮਿਲਦੇ ਸਨ ਜੋ ਐਕਟਰ ਬਣਨ ਦੇ ਸ਼ੌਕ ਵਿੱਚ ਖੌਰੇ ਕਿਥੋਂ-ਕਿਥੋਂ ਆਏ ਹੋਏ ਸਨ। ਇਨ੍ਹਾਂ ਬੰਦਿਆਂ ਵਿੱਚ ਕੁੱਝ ਅਜਿਹੇ ਸਨ ਜੋ ਰੋਜ਼ ਆ ਕੇ ਬਹਿੰਦੇ ਸਨ ਤੇ ਕੁੱਝ ਫ਼ਸਲੀ ਬਟੇਰੇ ਸਨ ਜੋ ਕੁੱਝ ਦਿਨ ਇਨ੍ਹਾਂ ਢਾਬਿਆਂ ‘ਤੇ ਆ ਕੇ ਬਹਿੰਦੇ ਸਨ ਤੇ ਜਦ ਉਨ੍ਹਾਂ ਕੋਲ਼ ਚਾਹ ਪੀਣ ਜੋਗੇ ਵੀ ਪੈਸੇ ਨਹੀਂ ਸਨ ਰਹਿੰਦੇ ਤੇ ਇਹ ਕੁੱਝ ਦਿਨਾਂ ਲਈ ਗ਼ੈਬ ਹੋ ਜਾਂਦੇ ਸਨ। ਇਹ ਵਿਚਾਰੇ ਜਦ ਖੌਰੇ ਕੀ-ਕੀ ਪਾਪੜ ਵੇਲ ਕੇ ਕੁੱਝ ਪੈਸੇ ਇਕੱਠੇ ਕਰ ਲੈਂਦੇ ਸਨ ਤੇ ਫ਼ੇਰ ਆ ਕੇ ਇਨ੍ਹਾਂ ਢਾਬਿਆਂ ‘ਤੇ ਬਹਿ ਜਾਂਂਦੇ ਸਨ। ਇਨ੍ਹਾਂ ਵਿੱਚ ਕੁੱਝ ਅਜਿਹੇ ਵੀ ਸਨ ਜਿਹਨਾਂ ਨੂੰ ਐਕਟਰ ਬਣਨ ਤੋਂ ਵੱਧ ਐਕਟਰਾਂ ਤੇ ਐਕਟਰਸਾਂ ਨੂੰ ਦੇਖਣ ਦਾ ਸ਼ੌਕ ਸੀ। ਇਹ ਸਟੂਡਿਓ ਵਿੱਚ ਕਾਰਾਂ ‘ਤੇ ਆਉਂਦੇ ਜਾਂਦੇ ਐਕਟਰਾਂ ਤੇ ਐਕਟਰਸਾਂਂ ਨੂੰ ਦੇਖ ਕੇ ਈ ਖ਼ੁਸ਼ ਹੋ ਜਾਂਦੇ ਸਨ। ਤੇਰੇ ਭਾਈ ਦੇ ਮਾਂ ਪਿਓ ਕੁੱਝ ਚਿਰ ਤੇ ਬਰਦਾਸ਼ਤ ਕੀਤਾ ਪਰ ਫ਼ਰ ਬੁੜ-ਬੁੜ ਕਰਨ ਲੱਗ ਪਏ। ਉਨ੍ਹਾਂਂ ਜਦ ਇਹਨੂੰ ਕਿਸੇ ਕੰਮ ਕਾਰ ਦਾ ਕਹਿਣਾ ਤੇ ਇਹਨੇ ਅੱਗੋਂ ਜਵਾਬ ਦੇਣਾ, “ਮੈਂ ਕੰਮਕਾਰ ਈ ਤੇ ਲੱਭ ਰਿਹਾ ਆਂ। ਜਦ ਮੈਂ ਫ਼ਿਲਮਾਂ ਦਾ ਮਸ਼ਹੂਰ ਹੀਰੋ ਬਣ ਗਿਆ ਤੇ ਮੇਰੇ ਕੋਲ਼ ਕਾਰ, ਕੋਠੀ ਤੇ ਦੌਲਤ ਆਪੇ ਭੱਜ ਕੇ ਆ ਜਾਵੇਗੀ।”
ਜਦ ਉਨ੍ਹਾਂ ਇਹਨੂੰ ਵਿਆਹ ਦਾ ਕਹਿਣਾ ਤੇ ਇਹਨੇ ਅੱਗੋਂ ਜਵਾਬ ਦੇਣਾ, “ਜਦ ਮੈਂ ਫ਼ਿਲਮਾਂ ਦਾ ਮਸ਼ਹੂਰ ਹੀਰੋ ਬਣ ਜਾਵਾਂਗਾ ਤੇ ਫ਼ਰ ਸ਼ੀਮਾ ਨਾਲ਼ ਵਿਆਹ ਕਰਾਂਂਗਾ।”
ਭੈਣ ਜੀ ਤੁਸੀਂ ਤੇ ਜਾਣਦੇ ਈ ਓ ਸ਼ੀਮਾ ਫ਼ਿਲਮਾਂ ਦੀ ਮਸ਼ਹੂਰ ਐਕਟਰੈੱਸ ਸੀ। ਏਸ ਮਗਰੋਂ ਇਨ੍ਹਾਂ ਦੇ ਮਾਂ ਪਿਓ ਇਨ੍ਹਾਂ ਨਾਲ਼ ਜੋ ਵੀ ਗੱਲ ਕਰਨੀ ਇਨ੍ਹਾਂ ਹਰ ਗੱਲ ਦਾ ਜਵਾਬ ਇਹ ਦੇਣਾ ਕਿ ਜਦ ਮੈਂ ਫ਼ਿਲਮਾਂ ਦਾ ਮਸ਼ਹੂਰ ਹੀਰੋ ਬਣ ਜਾਵਾਂਗਾ ਤੇ ਇਹ ਹੋ ਜਾਵੇਗਾ, ਉਹ ਹੋ ਜਾਵੇਗਾ। ਇਹ ਬੜੇ ਸਾਲ ਇਸੇ ਚੱਕਰ ਵਿੱਚ ਪਿਆ ਰਿਹਾ ਪਰ ਗੱਲ ਨਾ ਬਣੀ। ਇੱਕ ਦਿਨ ਨਿੰਮੋ ਝੂਣਾ ਹੋ ਕੇ ਬੈਠਾ ਸੀ ਕਿ ਇੱਕ ਬੰਦਾ ਉਸੇ ਢਾਬੇ ‘ਤੇ ਚਾਹ ਪੀਣ ਆਇਆ। ਗੱਲਾਂ ਗੱਲਾਂ ਵਿੱਚ ਏਹਨੂੰ ਪਤਾ ਲੱਗਾ ਕਿ ਉਹ ਬੰਦਾ ਫ਼ਿਲਮਾਂ ਵਿੱਚ ਐਕਸਟਰਾ ਦਾ ਕੰਮ ਕਰਦਾ ਸੀ। ਉਹਨੇ ਇਹਨੂੰ ਦੱਸਿਆ ਕਿ ਕੋਈ ਬੰਦਾ ਭੱਜ ਕੇ ਹੀਰੋ ਨਹੀਂ ਬਣ ਜਾਂਦਾ। ਸਭ ਨੂੰ ਮੁੱਢ ਐਕਸਟਰਾ ਤੋਂ ਬੰਨ੍ਹਣਾ ਪੈਂਦਾ ਏ। ਫ਼ੇਰ ਉਹਨੇ ਵੱਡੇ-ਵੱਡੇ ਐਕਟਰਾਂਂ ਦੇ ਨਾਂ ਗਿਣਾਏ ਜੋ ਐਕਸਟਰਾ ਤੋਂ ਵੱਡੇ ਐਕਟਰ ਬਣੇ ਸਨ। ਇਹ ਇਸ ਬੰਦੇ ਦੇ ਪੈਰੀਂ ਪੈ ਗਿਆ ਤੇ ਕਹਿਣ ਲੱਗਾ, “ਮੈਨੂੰ ਸਟੂਡਿਓ ਦੇ ਆਸੇ-ਪਾਸੇ ਗੇੜੇ ਕਢਦਿਆਂ ਖ਼ੌਰੇ ਕਿੰਨੇ ਸਾਲ ਹੋ ਗਏ ਨੇ ਪਰ ਅੱਜ ਤੀਕ ਕੋਈ ਮੌਕਾ ਨਹੀਂ ਮਿਲਿਆ ਤੇ ਨਾ ਈ ਕੋਈ ਅਜਿਹਾ ਬੰਦਾ ਮਿਲਿਆ ਏ ਜੋ ਮੇਰੀ ਬਾਂਹ ਫੜੇ। ਤੁਸੀਂ  ਜਿਵੇਂ  ਵੀ ਜਾਣੋਂ ਮੇਰੀ ਬਾਂਹ ਫੜੋ। ਮੈਂ ਅੱਜ ਤੁਹਾਡੇ ਪੈਰ ਨਹੀਂ ਛੱਡਣੇ।”
ਏਸ ਬੰਦੇ ਨੂੰ ਖ਼ੌਰੇ ਇਹਦੇ ‘ਤੇ ਤਰਸ ਆਇਆ ਜ” ਉਹਦਾ ਕਾਰੋਬਾਰ ਸੀ। ਉਹਨੇ ਇਹਨੂੰ ਕਿਹਾ, “ਮੈਂ ਤੈਨੂੰ ਕੰਮ ਦਵਾ ਦਿਆਂਗਾ ਪਰ ਕੰਮ ਦੇ ਅੱਧੇ ਪੈਸੇ ਮੇਰੇ ਹੋਣਗੇ।” ਇਹ ਝੱਟ ਉਹਦੀ ਸ਼ਰਤ ਮੰਨ ਗਿਆ। ਕਈ ਮਹੀਨੇ ਲੰਘ ਗਏ ਇਹਨੇ ਜਦ ਵੀ ਉਸ ਬੰਦੇ ਨੂੰ ਮਿਲਣਾ ਉਹਦੀਆਂ ਮਿੰਨਤਾਂ ਤਰਲੇ ਕਰਨੇ। ਆਖ਼ਿਰ ਇੱਕ ਦਿਨ ਉਹ ਬੰਦਾ ਇਹਨੂੰ ਨਾਲ਼ ਲੈ ਕੇ ਸਟੂਡਿਓ ਅੰਦਰ ਤੁਰ ਗਿਆ। ਓਥੇ ਇਹਦੀ ਮੁਲਾਕਾਤ ਇੱਕ ਬੰਦੇ ਨਾਲ਼ ਕਰਾਈ ਜੋ ਫ਼ਿਲਮਾਂ ਵਾਲਿਆਂ ਨੂੰ ਐਕਸਟਰਾ ਲੱਭ ਕੇ ਦਿੰਦਾ ਸੀ। ਏਸ ਬੰਦੇ ਇਹਨੂੰ ਕੰਮ ਲੱਭ ਦਿੱਤਾ ਇਹ ਫ਼ਿਲਮ ਵਿੱਚ ਕੁੱਟ ਖਾਣ ਦਾ ਕੰਮ ਸੀ। ਕਿਸੇ ਫ਼ਿਲਮ ਵਿੱਚ ਫ਼ਿਲਮ ਦਾ ਹੀਰੋ ਫ਼ਿਲਮ ਦੇ ਬਦਮਾਸ਼ ਤੇ ਉਹਦੇ ਸਾਥੀਆਂ ਨੂੰ ਕੁੱਟਦਾ ਏ। ਬਦਮਾਸ਼ ਦੇ ਕੁੱਟ ਖਾਣ ਵਾਲੇ ਸਾਥੀਆਂ ਵਿਚੋਂ ਇੱਕ ਇਹ ਵੀ ਸੀ। ਇਹ ਮੇਕ-ਅੱਪ ਸ਼ੇਕ-ਅੱਪ ਕਰ ਕੇ ਕੈਮਰੇ ਸਾਮ੍ਹਣੇ ਆਇਆ ਤੇ ਬਹੁਤ ਖ਼ੁਸ਼ ਸੀ। ਪਰ ਸਟੂਡਿਓ ਦੇ ਦੂਜੇ ਬੰਦੇ ਏਹਨੂੰ ਦੇਖ ਕੇ ਹੱਸਣ ਲੱਗ ਪਏ ਤੇ ਨਾਲ਼ ਉਨ੍ਹਾਂ ਰੰਗ ਰੰਗ ਦੀਆਂ ਟਿਚਕਰਾਂ ਕੀਤੀਆਂ। ਕਿਸੇ ਇਹਦੇ ਰੰਗ ‘ਤੇ ਟਿਚਕਰ ਕੀਤੀ। ਕਿਸੇ ਮਾਤਾ ਦੇ ਦਾਗ਼ਾਂ ਵਾਲੇ ਚਿਹਰੇ ‘ਤੇ, ਕਿਸੇ ਕੱਦ ਬੁੱਤ ‘ਤੇ। ਇਹਨੇ ਕੰਮ ਦੇ ਮਿਲੇ ਅੱਧੇ ਪੈਸੇ ਵਾਅਦੇ ਮੁਤਾਬਿਕ ਕੰਮ ਦਿਵਾਣ ਵਾਲੇ ਦੇ ਹੱਥ ਵਿੱਚ ਫੜਾਏ ਤੇ ਏਸ ਫ਼ਿਲਮ ਵਿੱਚ ਕੰਮ ਕਰਨ ਦਾ ਕਿਸੇ ਅੱਗੇ ਧੂੰ ਨਾ ਕੱਢਿਆ। ਕਿਹਨੂੰ ਦਿਸਦਾ? ਜਿਹਨੇ ਵੀ ਇਹਨੂੰ ਫ਼ਿਲਮ ਵਿੱਚ ਕੁੱਟ ਖਾਂਦੇ ਦੇਖਣਾ ਸੀ ਉਹਨੇ ਈ ਹੱਸਣਾ ਸੀ ਇਹ ਬੜਾ ਢੀਠ ਹੋ ਕੇ ਫ਼ਿਲਮਾਂ ਵਿੱਚ ਇਹੋ ਜਿਹੇ ਕੰਮ ਕਰਦਾ ਰਿਹਾ। ਕਦੇ ਫ਼ਕੀਰ ਬਣਿਆ ਹੋਇਆ ਏ, ਕਦੇ ਜੁੱਤੀਆਂ ਪਾਲਿਸ਼ ਕਰ ਰਿਹਾ ਏ, ਕਦੇ ਭਾਂਡੇ ਮਾਂਜ ਰਿਹਾ ਏ। ਫ਼ਿਲਮਾਂ ਵਿੱਚ ਇਹਨੂੰ ਕੰਮ ਕਰਦਿਆਂ ਦੋ ਵੱਡੇ ਮਸਲੇ ਸਨ: ਪਹਿਲਾ ਇਹ ਸੀ ਕਿ ਜਦ ਵੀ ਇਹ ਆਪਣੀ ਮਰਜ਼ੀ ਨਾਲ਼ ਐਕਟਿੰਗ ਕਰਨ ਦੀ ਕੋਸ਼ਿਸ਼ ਕਰਦਾ ਸੀ ਤੇ ਇਹਨੂੰ ਝਿੜਕਾਂ ਪੈਂਦੀਆਂ ਸਨ, ਦੂਜਾ ਹਰ ਥਾਂ ਇਹਦੇ ਨਾਲ਼ ਮਖ਼ੌਲ ਕੀਤਾ ਜਾਂਦਾ ਸੀ। ਹਰ ਬੰਦੇ ਇਹਦਾ ਵੱਖਰਾ ਨਾਂ ਰੱਖਿਆ ਹੁੰਦਾ ਸੀ। ਮਖ਼ੌਲ ਦੀ ਵੱਡੀ ਵਜ੍ਹਾ ਇਹਦੀ ਸ਼ਕਲ ਸੀ। ਏਸ ਦਾ ਇਹਦੇ ‘ਤੇ ਇਹ ਅਸਰ ਹੋਇਆ ਕਿ ਇਹ ਹਰ ਗੱਲ ‘ਤੇ ਆਪਣੀ ਸ਼ਕਲ ਨੂੰ ਕੋਸਣ ਲੱਗ ਪਿਆ। ਜਦ ਵੀ ਇਹਨੂੰ ਕਿਸੇ ਕੰਮ ਵਿੱਚ ਨਾਕਾਮੀ ਹੋਣੀ ਤੇ ਇਹਨੇ ਇਹਦਾ ਕਸੂਰਵਾਰ ਆਪਣੀ ਸ਼ਕਲ ਨੂੰ ਬਣਾਉਣਾ। ਉਹ ਦਿਨ ਗਿਆ ਤੇ ਅੱਜ ਦਾ ਦਿਨ ਆਇਆ ਇਹ ਹਰ ਦੂਜੀ ਗੱਲ ਮਗਰੋਂ ਕਹਿੰਦਾ ਏ ਅਸੀਂ ਤੇ ਸ਼ਕਲ ਤੋਂ ਮਾਰੇ ਗਏ ਨਹੀਂ ਤੇ ਇਹ ਹੋ ਜਾਂਦਾ, ਉਹ ਹੋ ਜਾਂਦਾ। ਖ਼ੈਰ, ਰੋਜ਼-ਰੋਜ਼ ਫ਼ਿਲਮਾਂ ਵਿੱਚ ਐਕਸਟਰਾ ਦਾ ਕੰਮ ਕਰ-ਕਰ ਕੇ ਤੇ ਲੋਕਾਂ ਕੋਲੋਂ ਮਖ਼ੌਲ ਕਰਵਾ ਕੇ ਇਹ ਤੰਗ ਆ ਗਿਆ ਤੇ ਘਰ ਆ ਕੇ ਬਹਿ ਗਿਆ। ਜਦ ਇਹਦੇ ਮਾਪਿਆਂ ਨੂੰ ਪਤਾ ਲੱਗ ਗਿਆ ਕਿ ਇਹਦੇ ਸਿਰ ‘ਤੇ ਸਵਾਰ ਹੋਇਆ ਹੀਰੋ ਬਣਨ ਦਾ ਭੂਤ ਲਹਿ ਗਿਆ ਏ ਤੇ ਉਨ੍ਹਾਂ ਇਹਨੂੰ ਕੋਈ ਕੰਮਕਾਰ ਕਰਨ ਦਾ ਕਿਹਾ। ਇਹਨੇ ਗਲੀ ਵਿੱਚ ਇੱਕ ਨਿੱਕੀ ਜਿਹੀ ਦੁਕਾਨ ਖੋਲ੍ਹ ਲਈ। ਐਕਟਿੰਗ ਦਾ ਸ਼ੌਕ ਪੂਰਾ ਕਰਨ ਲਈ ਇਹਨੇ ਗਾਹਕਾਂ ਅੱਗੇ ਮਸਖ਼ਰੇ ਦੀ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ। ਗਾਹਕ ਇਹਦੀ ਐਕਟਿੰਗ ਦੇਖ ਕੇ ਹੱਸਦੇ ਤੇ ਖ਼ੁਸ਼ ਹੁੰਦੇ ਸਨ। ਜੋ ਇੱਕ ਵਾਰ ਇਹਦੀ ਦੁਕਾਨ ‘ਤੇ ਆ ਜਾਂਦਾ ਸੀ ਉਹ ਦੂਜੀ ਵਾਰੀ ਜ਼ਰੂਰ ਆਉਂਦਾ ਸੀ। ਏਸ ਐਕਟਿੰਗ ਸਦਕੇ ਇਹਦੀ ਦੁਕਾਨ ਚੱਲ ਪਈ ਤੇ ਦਿਨ ਬ ਦਿਨ ਵਧਣ ਲੱਗ ਪਈ। ਇਹਨੇ ਕੁੱਝ ਚਿਰ ਮਗਰੋਂ ਵੱਡੀ ਥਾਂ ਲੱਭ ਕੇ ਦੁਕਾਨ ਪਾ ਲਈ। ਜਦ ਦੁਕਾਨ ਚੱਲ ਪਈ ਤੇ ਇਹਦੇ ਮਾਂ ਪਿਓ ਵਿਆਹ ਦੀ ਗੱਲ ਕਰਨ ਲੱਗ ਪਏ। ਪਹਿਲੇ ਤੇ ਇਹ ਨਾ ਮੰਨਿਆ ਪਰ ਜਦ ਉਨ੍ਹਾਂ ਇਹਨੂੰ ਮੁੜ-ਮੁੜ ਕੇ ਇਹ ਯਾਦ ਦਿਵਾਇਆ ਕਿ ਉਹ ਚਾਲੀਆਂ ਸਾਲਾਂ ਦਾ ਹੋ ਗਿਆ ਸੀ ਤੇ ਇਹ ਮੰਨ ਗਿਆ ਪਰ ਇਹਨੇ ਨਾਲ਼ ਸ਼ਰਤ ਰੱਖ ਦਿੱਤੀ ਕਿ ਕੁੜੀ ਸ਼ੀਮਾ ਵਰਗੀ ਹੋਣੀ ਚਾਹੀਦੀ ਏ। ਹੁਣ ਜਿਵੇਂ ਦੀ ਇਹਦੀ ਸ਼ਕਲ ਸੀ ਉੱਤੋਂ ਵੱਡੀ ਉਮਰ, ਕਿਸੇ ਵੀ ਸੋਹਣੀ ਕੁੜੀ ਦਾ ਰਿਸ਼ਤਾ ਨਾ ਦਿੱਤਾ। ਕਿਸੇ ਇੱਕ ਅੱਧੇ ਬੰਦੇ ਹਾਂ ਵੀ ਕਰ ਦਿੱਤੀ ਪਰ ਉਨ੍ਹਾਂ ਦੀ ਕੁੜੀ ਜ਼ਹਿਰ ਖਾ ਲੈਣ ਦੀ ਧਮਕੀ ਦਿੱਤੀ ਤੇ ਉਨ੍ਹਾਂ ਵੀ ਨਾਂਹ ਕਰ ਦਿੱਤੀ। ਇਹਦੇ ਮਾਂ ਪਿਓ ਸਾਡੇ ਘਰ ਰਿਸ਼ਤਾ ਮੰਗਣ ਆ ਗਏ। ਇਨ੍ਹਾਂ ਦੇ ਆਉਣ ਤੋਂ ਪਹਿਲਾਂ ਸਾਡੇ ਕਈ ਰਿਸ਼ਤੇਦਾਰ ਮੇਰਾ ਰਿਸ਼ਤਾ ਨੰਦ ਗਏ ਸਨ। ਇੱਕ ਤੇ ਮੇਰੀ ਸ਼ਕਲ ਕੋਈ ਸੋਹਣੀ ਨਹੀਂ ਸੀ ਦੂਜਾ ਮੇਰੇ ਮਾਂ ਪਿਓ ਦਾ ਹੱਥ ਤੰਗ ਸੀ। ਨੇੜੇ-ਤੇੜੇ ਦੇ ਦੂਜੇ ਰਿਸ਼ਤੇਦਾਰਾਂ ਦੀ ਵੀ ਮਸਾਂ ਰੋਟੀ ਪੂਰੀ ਹੁੰਦੀ ਸੀ। ਜਦ ਉਨ੍ਹਾਂ ਨੂੰ ਏਸ ਰਿਸ਼ਤੇ ਦਾ ਪਤਾ ਲੱਗਾ ਤੇ ਪੂਰੀ ਮੰਡੀ ਲੱਗ ਗਈ। ਸਭ ਨੇ ਆਪਣੀਆਂ ਕੁੜੀਆਂ ਏਸ ਮੰਡੀ ਵਿੱਚ ਲਿਆ ਕੇ ਖੜ੍ਹੀਆਂ ਕਰ ਦਿੱਤੀਆਂ। ਭਾਵੇਂ ਸਾਡਾ ਉਮਰ ਦਾ ਅੱਧੋ ਵੱਧ ਦਾ ਫ਼ਰਕ ਸੀ ਪਰ ਮੇਰੇ ਮਾਂ ਪਿਓ ਇਹਦੀ ਹੱਟੀ ਚੱਲਦੀ ਦੇਖ ਕੇ ਫਟ ਹਾਂ ਕਰ ਦਿੱਤੀ।” ਚਮਕੂ ਇਹ ਗੱਲ ਕਰ ਕੇ ਠੰਡਾ ਸਾਹ ਭਰਿਆ ਤੇ ਫ਼ੇਰ ਕਹਿਣ ਲੱਗੀ, “ਮੇਰੇ ਮਾਂ ਪਿਓ ਮੇਰਾ ਵਿਆਹ ਇਹਦੇ ਨਾਲ਼ ਨਹੀਂ ਇਹਦੀ ਹੱਟੀ ਨਾਲ਼ ਕੀਤਾ। ਵਿਆਹ ਮਗਰੋਂ ਪੂਰਾ ਮਹੀਨਾ ਮੈਂ ਰੋਜ਼ ਵੌਹਟੀ ਬਣ ਕੇ ਸਾਰੀ ਰਾਤ ਇਹਦੀ ਉਡੀਕ ਕਰਦੀ ਸਾਂ ਪਰ ਇਹ ਮੇਰੇ ਨੇੜੇ ਨਹੀਂ ਸੀ ਲੱਗਦਾ। ਜੋ ਮੇਰੇ ਵੱਸ ਵਿੱਚ ਸੀ ਮੈਂ ਆਪਣੇ ਵੱਲੋਂ ਸਭ ਕੁੱਝ ਕੀਤਾ। ਇਹਦੀ ਸੌ-ਸੌ ਖ਼ੁਸ਼ਾਮਦ ਕੀਤੀ ਪਰ ਇਹ ਟੱਸ ਤੋਂ ਮੱਸ ਨਹੀਂ ਸੀ ਹੁੰਦਾ। ਮੈਂ ਪ੍ਰੇਸ਼ਾਨ ਹੋ ਕੇ ਪੀਰਾਂ ਫ਼ਕੀਰਾਂ ਦੇ ਦਰਬਾਰਾਂ ‘ਤੇ ਜਾ ਕੇ ਮਿੰਨਤਾਂ ਮੰਨੀਆਂ, ਲੁਕ-ਲੁਕ ਕੇ ਰੋਈ। ਕਿਸੇ ਨੂੰ ਕੁੱਝ ਦੱਸਣ ਜੋਗੀ ਵੀ ਨਹੀਂ ਸਾਂ। ਇੱਕ ਦਿਨ ਰੱਬ ਮੇਰੀ ਸੁਣ ਲਈ। ਮੈਂ ਰੋਜ਼ ਦੀ ਤਰਾਂ ਰਾਤ ਨੂੰ ਸੁਰਖ਼ੀ ਪੌਡਰ ਲਾ ਕੇ ਤੇ ਗੋਟੇ ਕਿਨਾਰੀ ਵਾਲ਼ਾ ਲਾਲ਼ ਜੋੜਾ ਪਾ ਕੇ ਬੈਠੀ ਸਾਂ ਤੇ ਆ ਗਏ ਤੇ ਮੈਨੂੰ ਕਹਿਣ ਲੱਗੇ, “ਚਮਕੀਲੀ ਜਾਨ ਇਹ ਮੁਕੱਦਰਾਂ ਦੀ ਖੇਡ ਏ, ਇਹਦੇ ਵਿੱਚ ਤੇਰਾ ਕਿਹੜਾ ਕਸੂਰ ਏ। ਮੈਂ ਤੈਨੂੰ ਕਾਹਦੀ ਸਜ਼ਾ ਦੇਵਾਂ। ਬੱਸ ਉਸ ਦਿਨ ਤੋਂ ਪਹਿਲੇ ਮੇਰਾ ਨਾਂ ਚਮਕੀਲੀ ਜਾਨ ਪਿਆ ਤੇ ਤੇ ਫ਼ੇਰ ਇਹ ਚਮਕੂ ਬਣ ਗਿਆ। ਵੈਸੇ ਮੇਰਾ ਨਾਂ ਬਿਲਕੀਸ ਏ, ਇਹ ਭਾਂਵੇਂ ਹੁਣ ਮੈਨੂੰ ਜੋ ਵੀ ਕਹਿਣ ਮੈਂ ਉਹੋ ਈ ਮੰਨ ਲੈਣਾ ਏ। ਜੇ ਨਾ ਮੰਨਾਂ ਤਾਂ ਮੇਰੇ ਮਾਪਿਆਂ ਤੇ ਦੂਜੇ ਗ਼ਰੀਬ ਰਿਸ਼ਤੇਦਾਰ ਮੈਨੂੰ ਮੰਨਣ ‘ਤੇ ਮਜਬੂਰ ਕਰ ਦੇਣਾ ਏ। ਮੇਰੀ ਵਜ੍ਹਾ ਤੋਂ ਤੇ ਕਈਆਂ ਦੇ ਚੁੱਲ੍ਹਿਆਂ ਵਿੱਚ ਅੱਗ ਬਲਦੀ ਏ,” ਚਮਕੂ ਇਹ ਕਹਿ ਕੇ ਪਹਿਲੇ ਠੰਡਾ ਸਾਹ ਭਰਿਆ ਤੇ ਫ਼ੇਰ ਜ਼ੋਰ ਦੀ ਹੱਸ ਪਈ। ਫ਼ਾਤਿਮਾ ਨੂੰ ਚਮਕੂ ਕੋਲ਼ ਬੈਠਿਆਂ ਬੜਾ ਚਿਰ ਹੋ ਗਿਆ ਸੀ। ਉਹਨੂੰ ਅਚਨਚੇਤ ਕੋਈ ਗੱਲ ਯਾਦ ਆਈ ਤੇ ਅੰਦਰੋਂ ਜਾ ਕੇ ਸੁੱਤੇ ਹੋਏ ਸਲੀਮ ਨੂੰ ਚੁੱਕ ਕੇ ਮੋਢੇ ਨਾਲ਼ ਲਾਇਆ ਤੇ ਪੈਸਿਆਂ ਵਾਲ਼ੀ ਗੁਥਲੀ ‘ਚੋਂ ਕੁੱਝ ਪੈਸੇ ਕੱਢ ਕੇ ਬੋਝੇ ਵਿੱਚ ਪਾਏ ਤੇ ਫ਼ੇਰ ਗੁਥਲੀ ਨੂੰ ਘੁੱਟ ਕੇ ਲੱਕ ਨਾਲ਼ ਬੰਨ੍ਹ ਲਿਆ ਤੇ ਬਾਹਰ ਆ ਕੇ ਚਮਕੂ ਨੂੰ ਕਹਿਣ ਲੱਗੀ, “ਬਿਲਕੀਸ ਭੈਣ ਮੈਂ ਭਾਈ ਜੀ ਕੋਲ਼ ਚੱਲੀ ਆਂ। ਮੈਂ ਉਨ੍ਹਾਂ ਨਾਲ਼ ਇੱਕ ਜ਼ਰੂਰੀ ਗੱਲ ਕਰਨੀ ਏ,” ਇਹ ਕਹਿ ਕੇ ਉਹਨੇ ਬਾਹਰ ਦਾ ਬੂਹਾ ਖੋਲ੍ਹਿਆ ਤੇ ਬਾਹਰ ਚਲੀ ਗਈ।

ਚੱਲਦਾ

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net