ਮਿਰਜ਼ੇ ਦਾ

پنجابی لئی تھلے رول کرو

ਮਿਰਜ਼ੇ ਦਾ ਇਕ ਹੋਰ ਵਾਰਿਸ਼

ਹਰਨੇਕ ਸਿੰਘ ਗੜੂੰਉਂਆਂ

ਪਾਕਿਸਤਾਨ ਦੇ ਯੂਸਫ਼ ਸ਼ਾਹ ਡਾਕੂ ਦਾ ਮਾਰਿਆ ਜਾਣਾ ਇਕ ਅਹਿਮ ਘਟਨਾ ਸੀ। ਪੂਰਾ ਇਕ ਦਹਾਕਾ ਉਸ ਨੇ ਆਪਣੇ ਦੁਸ਼ਮਣਾਂ, ਸਰਮਾਏਦਾਰਾਂ ਅਤੇ ਜਗੀਰਦਾਰਾਂ ਨੂੰ ਜੰਗਲੀ ਸ਼ੇਰ ਵਾਂਗੂੰ ਕੰਬਾਈ ਰੱਖਿਆ। ਮੈਂ ਯੂਸਫ਼ ਸ਼ਾਹੀ ਬਾਰੇ ਪੂਰੀ ਜਾਣਕਾਰੀ ਲੈਣਾ ਚਾਹੁੰਦਾ ਸਾਂ। ਪਿੰਡ ਜਾਣਾ ਬੜਾ ਮੁਸ਼ਕਲ ਸੀ। ਸਮਝ ਨਹੀਂ ਸੀ ਆ ਰਹੀ ਕਿ ਕੀ ਕੀਤਾ ਜਾਏ? ਕਿਸੇ ਨੇ ਦੱਸਿਆ ਕਿ ਜੋ ਬੰਦਾ ਰਾਤੀਂ ਨਾਲ ਦੇ ਕਮਰੇ ਵਿਚ ਸੁੱਤਾ ਸੀ, ਉਹ ਸ਼ਾਹੀਆਂ ਦਾ ਵਕੀਲ ਏ। ਵਕੀਲ ਨੂੰ ਲੱਭਣਾ ਵੀ ਸੌਖਾ ਕੰਮ ਨਹੀਂ ਸੀ। ਕੁਝ ਵਰ੍ਹੇ ਪਹਿਲਾਂ ਵਕੀਲ ਸਾਹਿਬ ਦਾ ਪਿਤਾ ਕਤਲ ਹੋ ਗਿਆ। ਵਕੀਲ ਭਰਾਵਾਂ ਨੇ ਆਪਣੇ ਬਾਪ ਦੇ ਕਾਤਲ ਨੂੰ ਖ਼ਤਮ ਕਰ ਕੇ ਬਦਲਾ ਲਿਆ ਸੀ। ਵਕੀਲ ਸਾਹਿਬ ਉਤੇ ਕਤਲ ਦਾ ਪਰਚਾ ਸੀ। ਉਹ ਲੁਕ ਛਿਪ ਕੇ ਵਕਤ ਕੱਢ ਰਿਹਾ ਸੀ। ਭਾਰਤ ਵਾਪਸ ਆਉਣ ਤੋਂ ਇਕ ਦਿਨ ਪਹਿਲਾਂ ਵਕੀਲ ਸਾਹਿਬ ਹੋਟਲ ਦੀ ਗੈਲਰੀ ਵਿਚ ਕਾਹਲੀ ਕਾਹਲੀ ਜਾਂਦੇ ਨਜ਼ਰ ਪਏ। ਮੈਂ ਫੁਰਤੀ ਨਾਲ ਭੇਜ ਕੇ ਪਿੱਛੋਂ ਬਾਂਹ ਫੜ ਲਈ। ਉਹ ਪਹਿਲਾਂ ਤਾਂ ਇਕਦਮ ਘਬਰਾ ਗਏ। ਜਦੋਂ ਪਰਤ ਕੇ ਵੇਖਿਆ, ਇਕਦਮ ਮੁਸਕਰਾ ਕੇ ਕਿਹਾ, Ḕਓਹ! ਸਰਦਾਰ ਸਾਹਿਬ, ਤੁਸੀਂ ਤੇ ਡਰਾ ਹੀ ਦਿੱਤਾ ਸੀ।’ ਮੈਂ ਵਕੀਲ ਸਾਹਿਬ ਨੂੰ ਆਪਣੇ ਕਮਰੇ ਵਿਚ ਲੈ ਗਿਆ।

ਪਿਛਲੇ ਵਰ੍ਹੇ ਜਦੋਂ ਮਿਰਜ਼ੇ ਦੀ ਕਬਰ ਉਤੇ ਜਾਣ ਦਾ ਮਨ ਬਣਾਇਆ, ਹਰ ਕਿਸੇ ਨੇ ਯੂਸਫ਼ ਸ਼ਾਹੀ ਦਾ ਡਰ ਦੱਸ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਅਸੀਂ ਘਰ ਦਿਆਂ ਤੋਂ ਵੀ ਚੋਰੀ ਉਥੇ ਜਾ ਕੇ ਆਏ। ਬਾਅਦ ਵਿਚ ਯੂਸਫ਼ ਸ਼ਾਹੀ ਕਿਸੇ ਸ਼ਾਦੀ ਸਮੇਂ ਸਾਡੇ ਦੋਸਤਾਂ ਨੂੰ ਮਿਲਿਆ। ਉਸ ਨੇ ਕਿਹਾ, Ḕਮੇਰੇ ਮੁਖ਼ਬਰਾਂ ਨੇ ਤੁਹਾਡੇ ਆਉਣ ਦੀ ਖ਼ਬਰ ਮੇਰੇ ਕੋਲ ਪਹੁੰਚਾ ਦਿੱਤੀ ਸੀ। ਮੇਰਾ ਆਪਣਾ ਦਿਲ ਤੁਹਾਨੂੰ ਮਿਲਣ ਲਈ ਕਰਦਾ ਸੀ। ਪਰ ਕੋਈ ਗ਼ਲਤ ਫਹਿਮੀ ਪੈਦਾ ਹੋਣ ਦੇ ਡਰੋਂ ਇਧਰ ਨਹੀਂ ਆਇਆ।’

ਯੂਸਫ਼ ਸ਼ਾਹੀ ਦਾ ਸਬੰਧ ਮਿਰਜ਼ੇ ਦੇ ਖ਼ਾਨਦਾਨ ਨਾਲ ਸੀ। ਆਮ ਕਰਕੇ ਮਿਰਜ਼ੇ ਨੂੰ ਖਰਲ ਮੰਨਿਆ ਜਾਂਦਾ ਹੈ। ਖਰਲਾਂ ਦੇ ਅੱਗੇ 21 ਮੁਹੀਆਂ ਹਨ। ਉਨ੍ਹਾਂ ਇੱਕੀਆਂ ਵਿਚੋਂ ਮਿਰਜ਼ੇ ਦਾ ਸਬੰਧ Ḕਸ਼ਾਹੀ’ ਮੁਹੀ ਨਾਲ ਹੈ। ਮਿਰਜ਼ੇ ਦੇ ਖ਼ਾਨਦਾਨ ਨੇ ਲੰਮਾ ਅਰਸਾ ਪਹਿਲਾਂ ਦਾਨਾਬਾਦ ਛੱਡ ਕੇ ਇਕ ਨਿੱਕਾ ਜਿਹਾ ਪਿੰਡ ਰਾਵੀ ਦੇ ਕੰਢੇ ਵਸਾ ਲਿਆ ਸੀ, ਜਿਸ ਦਾ ਨਾਂ ਏ Ḕਛੀਮੇ ਦੀ ਸ਼ਾਹੀਆਂ’ ਹੈ। ਪਿੰਡ ਦੀ ਜੂਹ ਦੀਆਂ ਚਾਰੇ ਕੰਨਿਆਂ ਚਾਰ ਜ਼ਿਲਿਆਂ ਨਾਲ ਛੂੰਹਦੀਆਂ ਹਨ। ਸ਼ੇਖੂਪੁਰਾ, ਲਾਇਲਪੁਰ, ਓਕਾੜਾ ਅਤੇ ਕਸੂਰ। ਪਿੰਡ ਸੰਘਣੇ ਬੇਲਿਆਂ ਨਾਲ ਘਿਰਿਆਂ ਹੈ। ਵੀਹਵੀਂ ਸਦੀ ਦੇ ਅਖ਼ੀਰ ਉਤੇ ਵੀ ਇਸ ਪਿੰਡ ਦੀਆਂ ਰਿਵਾਇਤਾਂ ਅਤੇ ਰਿਵਾਜ਼ ਆਪਣੇ ਹਨ। ਪਿੰਡ ਦਾ ਰਹਿਣ ਸਹਿਣ ਵੇਖ ਕੇ ਭੁਲੇਖਾ ਪੈਂਦਾ ਹੈ ਕਿ ਮਿਰਜ਼ਾ ਸੈਂਕੜੇ ਵਰ੍ਹੇ ਪਹਿਲਾਂ ਨਹੀਂ, ਕੁਝ ਸਾਲ ਪਹਿਲਾਂ ਹੀ ਹੋਇਆ ਹੈ। ਔਰਤਾਂ ਦੇ ਲਿਬਾਸ ਆਪਣੀ ਕਿਸਮ ਦੇ ਹਨ। ਲੰਮੀਆਂ ਅਤੇ ਖੁੱਲ੍ਹੇ ਚਾਕਾਂ ਵਾਲੀਆਂ ਕਮੀਜ਼ਾਂ ਲੱਤਾਂ ਦੀਆਂ ਪਿੰਨੀਆਂ ਨੂੰ ਛੂੰਹਦੀਆਂ ਹਨ। ਔਰਤਾਂ ਮਰਦਾਂ ਵਾਂਗ ਚਾਦਰ ਬੰਨ੍ਹਦੀਆਂ ਹਨ ਅਤੇ ਸਵੈਚਾਲਕ ਹਥਿਆਰ ਚਲਾਉਣ ਤੇ ਘੋੜ ਸਵਾਰੀ ਵਿਚ ਨਿਪੁੰਨ ਹਨ। ਖੂਬਸੂਰਤੀ ਪੱਖੋਂ ਸਾਰੇ ਪਾਕਿਸਤਾਨ ਵਿਚ ਕਿਸੇ ਇਲਾਕੇ ਦੀਆਂ ਔਰਤਾਂ ਇਨ੍ਹਾਂ ਦਾ ਮੁਕਾਬਲਾ ਨਹੀਂ ਕਰਦੀਆਂ। ਗੋਰੇ ਚਿੱਟੇ ਰੰਗ, ਦਿਲ ਖਿੱਚਵੇਂ ਨਕਸ਼, ਛੀਂਟਵੇਂ ਸਰੀਰ, ਕਮਾਏ ਹੋਏ ਜੁੱਸੇ ਅਤੇ ਛੇ ਛੇ ਫੁੱਟ ਦੇ ਨੇੜੇ ਤੇੜੇ ਕੱਦ। ਇਸ ਪਿੰਡ ਦੇ ਮਰਦ ਵੀ ਖ਼ੂਬਸੂਰਤੀ ਦੀ ਆਪਣੀ ਹੀ ਮਿਸਾਲ ਹਨ। ਅੱਜ ਵੀ ਇਨ੍ਹਾਂ ਚਿਹਰਿਆਂ ਵਿਚੋਂ ਮਿਰਜ਼ਾ ਦੀ ਰੂਹ ਝਲਕਦੀ ਹੈ। ਇਥੇ ਹੀ ਬੱਸ ਨਹੀਂ, ਇਨ੍ਹਾਂ ਦੀਆਂ ਘੋੜੀਆਂ ਸਾਰੇ ਪਾਕਿਸਤਾਨ ਵਿਚ ਨਾਮਵਰ ਹਨ ਅਤੇ ਮਿਰਜ਼ੇ ਦੀ ਘੋੜੀ ਬੱਕੀ ਵਾਂਗੂੰ ਉਡੂੰ-ਉਡੂੰ ਕਰਦੀਆਂ ਹਨ। ਇਨ੍ਹਾਂ ਦੀਆਂ ਕੁੰਢੇ ਸਿੰਗਾਂ ਵਾਲੀਆਂ ਨੀਲੀ ਰਾਵੀ ਦੀਆਂ ਮੱਝਾਂ ਦੇ ਪਿੰਡੇ ਤੋਂ ਵੀ ਮੱਖੀ ਤਿਲ੍ਹਕਦੀ ਹੈ। ਇਨ੍ਹਾਂ ਲੋਕਾਂ ਦਾ ਮੁੱਖ ਧੰਦਾ ਦੁਸ਼ਮਣੀਆਂ ਪਾਲਣਾ, ਖੇਤੀਬਾੜੀ ਕਰਨਾ ਅਤੇ ਸਾਰੇ ਇਲਾਕੇ ਨੂੰ ਘਿਓ ਸਪਾਲਈ ਕਰਨਾ ਹੈ।

ਇਸ ਪਿੰਡ ਵਿਚ ਦੋ ਟੱਬਰਾਂ ਦੀ ਦੁਸ਼ਮਣੀ ਦਾ ਮੁੱਢ ਯੂਸਫ਼ ਸ਼ਾਹੀ ਦਾ ਅੱਬੂ ਕਤਲ ਹੋਣ ਨਾਲ ਬੱਝਿਆ। ਇਸ ਪਿੰਡ ਦੇ ਸਭ ਤੋਂ ਵੱਡੇ ਚੌਧਰੀ ਜਾਫ਼ਰ ਸ਼ਾਹੀ ਨੂੰ ਯੂਸਫ਼ ਸ਼ਾਹੀ ਦੇ ਪਿਤਾ ਉਤੇ ਮੱਝਾਂ ਚੋਰੀ ਕਰਨ ਦਾ ਸ਼ੱਕ ਹੋ ਗਿਆ। ਜਾਫ਼ਰ ਸ਼ਾਹੀ ਨੇ ਉਸ ਨੂੰ ਕਤਲ ਕਰਵਾ ਦਿੱਤਾ। ਯੂਸਫ਼ ਸ਼ਾਹੀ ਉਨ੍ਹਾਂ ਦਿਨਾਂ ਵਿਚ ਬੀæਏæ ਦਾ ਇਮਤਿਹਾਨ ਦੇ ਰਿਹਾ ਸੀ ਅਤੇ ਘਰੋਂ ਬਹੁਤ ਗ਼ਰੀਬ ਸੀ। ਇਮਤਿਹਾਨ ਤੋਂ ਫਾਰਗ ਹੁੰਦਿਆਂ ਹੀ ਉਸ ਨੇ ਕਰਜ਼ਾ ਚੁੱਕ ਕੇ ਕਾਰਬਾਈਨ ਬੰਦੂਕ ਖ਼ਰੀਦ ਲਈ ਅਤੇ ਬਾਪ ਦਾ ਬਦਲਾ ਲੈਣ ਦਾ ਪ੍ਰਣ ਕਰ ਲਿਆ। ਯੂਸਫ਼ ਦੇ ਸੀਨੇ ਠੰਡ ਉਦੋਂ ਪਈ ਜਦੋਂ ਉਸ ਨੇ ਜਾਫ਼ਰ ਨੂੰ ਮਾਰ ਲਿਆ ਅਤੇ ਹਮੇਸ਼ਾਂ ਲਈ ਭਗੌੜਾ ਹੋ ਗਿਆ।

ਇਸ ਤੋਂ ਬਾਅਦ ਜਾਫ਼ਰ ਦੇ ਬੇਟੇ ਨੇ ਯੂਸਫ਼ ਸ਼ਾਹੀ ਦਾ ਭਰਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ। ਹੁਣ ਇਕ ਪਾਸੇ ਯੂਸਫ਼ ਸ਼ਾਹੀ ਦਾ ਗਰੁੱਪ ਅਤੇ ਦੂਜੇ ਪਾਸੇ ਜਾਫ਼ਰ ਸ਼ਾਹੀ ਦੇ ਬੇਟੇ ਦਾ ਗਰੁੱਪ ਬਣ ਗਏ। ਦੋਨਾਂ ਕੋਲ ਦਸ-ਦਸ ਘੋੜੀਆਂ ਅਤੇ ਬੇਸ਼ੁਮਾਰ ਅਸਲਾ ਸੀ। ਕਈ ਵੇਰ ਇਨ੍ਹਾਂ ਗਰੁੱਪਾਂ ਦੇ ਮੁਕਾਬਲੇ ਹੋਏ ਅਤੇ ਦੋਵੇਂ ਪਾਸੇ ਬੰਦੇ ਮਰਦੇ ਰਹੇ। ਜਾਫ਼ਰ ਸ਼ਾਹੀ ਦੇ ਦੋ ਭਗੌੜੇ ਪੁੱਤਰਾਂ ਵਿਚੋਂ ਇਕ ਯੂਸਫ਼ ਸ਼ਾਹੀ ਨੇ ਅਤੇ ਦੂਜਾ ਪੁਲੀਸ ਨੇ ਮਾਰ ਮੁਕਾਇਆ। ਜਾਫ਼ਰ ਦੇ ਪੁੱਤਰ ਦੇ ਗਰੁੱਪ ਨੇ ਯੂਸਫ਼ ਸ਼ਾਹੀ ਦੇ ਤਿੰਨ ਚਾਰ ਬੰਦੇ ਮਾਰ ਦਿੱਤੇ। ਇਸ ਤੋਂ ਬਾਅਦ ਜਾਫ਼ਰ ਦਾ ਤੀਸਰਾ ਪੁੱਤਰ ਕਾਲਜ ਪੜ੍ਹ ਕੇ ਆਉਂਦਾ ਕਤਲ ਹੋ ਗਿਆ। ਰਲਾ ਮਿਲਾ ਦੇ ਦੋਵੇਂ ਗਰੁੱਪਾਂ ਦੇ ਮੁਕਾਬਲੇ ਹੁੰਦੇ ਸਨ, ਤਦ ਔਰਤ ਅਤੇ ਮਰਦ ਇਕੱਠੇ ਮੁਕਾਬਲਾ ਕਰਦੇ। ਜੇ ਕਿਧਰੇ ਇਕ ਗਰੁੱਪ ਪੁਲੀਸ ਦੇ ਘੇਰੇ ਵਿਚ ਆ ਜਾਂਦਾ ਤਾਂ ਦੂਸਰਾ ਕੁਝ ਚਿਰ ਲਈ ਆਪਣੀ ਦੁਸ਼ਮਣੀ ਭੁਲਾ ਕੇ ਘੇਰੇ ਵਿਚ ਆਏ ਗਰੁੱਪ ਦੀ ਮਦਦ ਉਤੇ ਚਲਾ ਜਾਂਦਾ। ਦੋਵੇਂ ਰਲ ਕੇ ਪੁਲੀਸ ਦਾ ਮੁਕਾਬਲਾ ਕਰਦੇ। ਜਾਂ ਤੇ ਪੁਲੀਸ ਨੂੰ ਭਜਾ ਲੈਂਦੇ ਜਾਂ ਘਿਰੇ ਹੋਏ ਗਰੁੱਪ ਨੂੰ ਦੂਸਰਾ ਘੇਰੇ ਵਿਚੋਂ ਬਾਹਰ ਕਢਵਾ ਕੇ ਸਾਹ ਲੈਂਦਾ। ਸ਼ਾਇਦ ਬਦਲਿਆਂ ਦੀ ਖੇਡ ਵਿਚ ਦੋਵੇਂ ਧੜਿਆਂ ਨੂੰ ਤੀਸਰੀ ਧਿਰ ਦੀ ਦਖ਼ਲਅੰਦਾਜ਼ੀ ਮਨਜ਼ੂਰ ਨਹੀਂ ਸੀ।

ਹੁਣ ਜਾਫ਼ਰ ਸ਼ਾਹੀ ਦੇ ਘਰ ਲਗਪਗ ਸਾਰੇ ਮੈਂਬਰ ਮਾਰੇ ਗਏ ਸਨ। ਦੂਜੇ ਪਾਸੇ ਯੂਸਫ਼ ਦਾ ਬਚਦਾ ਭਰਾ ਅਤੇ ਚਾਚਾ ਜੇਲ੍ਹ ਵਿਚ ਸਨ। ਯੂਸਫ਼ ਬੇਲਿਆਂ ਵਿਚ ਸੀ। ਪਿੰਡ ਵਿਚ ਦੋਵੇਂ ਧੜਿਆਂ ਦੀ ਕਮਾਨ ਸੰਭਾਲਣ ਦਾ ਮਸਲਾ ਆ ਗਿਆ। ਯੂਸਫ਼ ਸ਼ਾਹੀ ਦੇ ਗਰੁੱਪ ਦੀ ਕਮਾਨ ਉਸ ਦੀ ਕੁਆਰੀ ਭੂਆ ਸਾਂਬਾ ਨੇ ਸੰਭਾਲ ਲਈ। ਸਾਂਬਾ ਦੀਆਂ ਫ਼ਲੀਆਂ ਜਿਹੀਆਂ ਕਸੀਦਾ ਉਂਗਲੀਆਂ ਸੂਈ ਧਾਗਾ ਛੱਡ ਕੇ ਏ47 ਦੇ ਘੋੜੇ ਉਤੇ ਆ ਗਈਆਂ। ਜਾਫ਼ਰ ਸ਼ਾਹੀ ਦੇ ਗਰੁੱਪ ਦੀ ਕਮਾਨ ਵੀ ਕਿਸੇ ਔਰਤ ਨੇ ਸੰਭਾਲ ਲਈ। ਇਸ ਤੋਂ ਬਾਅਦ ਪਿੰਡ ਵਿਚ ਔਰਤਾਂ ਦੇ ਧੜਿਆਂ ਦੇ ਮੁਕਾਬਲੇ ਚੱਲ ਪਏ। ਇਨ੍ਹਾਂ ਦੇ ਮੁਕਾਬਲੇ ਕਈ ਵੇਰ ਕਈ ਕਈ ਦਿਨ ਚੱਲਦੇ ਰਹਿੰਦੇ।

ਉਧਰ ਪੂਰੇ ਇਲਾਕੇ ਵਿਚ ਯੂਸਫ਼ ਸ਼ਾਹੀ ਦਾ ਸਿੱਕਾ ਚਲ ਰਿਹਾ ਸੀ। ਉਸ ਕੋਲ ਤੀਹ ਘੋੜੀਆਂ ਅਤੇ ਗਿਰੋਹ ਵਿਚ ਤੀਹ ਡਾਕੂ ਸ਼ਾਮਲ ਸਨ। ਉਸ ਦੀਆਂ ਘੋੜੀਆਂ ਦੀਆਂ ਗੂੰਣਾਂ ਹਮੇਸ਼ਾਂ ਕਾਰਤੂਸਾਂ ਨਾਲ ਭਰੀਆਂ ਰਹਿੰਦੀਆਂ ਸਨ। ਯੂਸਫ਼ ਸ਼ਾਹੀ ਕੋਲ ਅਮਰੀਕਨ ਗੰਨ, ਜੀ-3 ਤੋਂ ਲੈ ਕੇ ਰਾਕਟ ਲਾਂਚਰ ਤੀਕ ਹਥਿਆਰ ਮੌਜੂਦ ਸਨ। ਸੁਖ ਸੁਨੇਹੇ ਲਈ ਮੋਬਾਇਲ ਫ਼ੋਨ ਤੋਂ ਲੈ ਕੇ ਵਾਇਰਲੈਸ ਸੈੱਟ ਤੀਕ ਸਨ। ਸਰਕਾਰ ਨੇ ਉਸ ਦੇ ਸਿਰ ਦਾ ਇਨਾਮ 20 ਲੱਖ ਰੁਪਏ ਰੱਖਿਆ ਹੋਇਆ। ਸੀ। ਪਿੰਡ ਵਿਚ ਸਪੈਸ਼ਲ ਥਾਣਾ ਬਣਿਆ ਹੋਇਆ ਸੀ। ਪਰ ਬਹੁਤੇ ਪੁਲੀਸ ਵਾਲੇ ਉਸ ਨੂੰ ਕਾਬੂ ਕਰਨ ਦੀ ਬਜਾਏ ਉਸ ਵਾਸਤੇ ਮੁਖ਼ਬਰੀ ਕਰਨ ਵਿਚ ਜ਼ਿਆਦਾ ਦਿਲਚਸਪੀ ਲੈਂਦੇ ਸਨ। ਯੂਸਫ਼ ਇਲਾਕੇ ਦੇ ਵੱਡੇ ਜ਼ਿਮੀਂਦਾਰਾਂ ਅਤੇ ਸ਼ਾਹੂਕਾਰਾਂ ਕੋਲੋਂ Ḕਜੱਗੇ’ ਦੇ ਰੂਪ ਵਿਚ ਮੋਟੀ ਰਕਮ ਵਸੂਲਦਾ ਸੀ ਅਤੇ ਗਰੀਬਾਂ ਵਿਚ ਵੰਡ ਦਿੰਦਾ ਸੀ। ਕਈ ਵੇਰ ਗਰੀਬ ਮਾਪਿਆਂ ਦੀਆਂ ਬੇਟੀਆਂ ਦੀ ਸ਼ਾਦੀ ਵਿਚ ਮਦਦ ਕਰ ਦਿੰਦਾ।

ਜਦੋਂ ਅਸੀਂ ਮਿਰਜ਼ੇ ਦੀ ਕਬਰ ਉਤੇ ਪਹੁੰਚੇ, ਕੁਝ ਲੋਕ ਸਾਨੂੰ ਮਿਲਣ ਲਈ ਇਕੱਠੇ ਹੋ ਗਏ। ਅਸੀਂ ਉਨ੍ਹਾਂ ਨੂੰ ਪੁੱਛਿਆਂ, ਤੁਹਾਨੂੰ ਯੂਸਫ਼ ਸ਼ਾਹੀ ਕੋਲੋਂ ਡਰ ਨਹੀਂ ਆਉਂਦਾ?” ਉਨ੍ਹਾਂ ਨੇ ਜਵਾਬ ਦਿੱਤਾ, ḔḔਡਰ ਕੀਹੀਂ ਗੱਲ ਦਾ, ਊਹੂੰ ਤੇ ਸਾਡੇ ਦੁੱਖੀਂ ਸੁੱਖੀਂ ਸਹਾਈ ਹੋਮਦੈ।” ਅਸੀਂ ਖ਼ੁਦ ਉਥੇ ਪਹੁੰਚਣ ਲਈ ਰਾਏ ਮੁਰਾਤਬ ਅਲੀ ਨਾਂ ਦੇ ਬੰਦੇ ਨੂੰ ਨਾਲ ਲਿਆ ਸੀ। ਜਿਸ ਦਾ ਆਪਣਾ ਬੜਾ ਦਬਦਬਾ ਸੀ ਅਤੇ ਯੂਸਫ਼ ਸ਼ਾਹੀ ਉਸ ਦੇ ਅਹਿਸਾਨਾਂ ਹੇਠ ਦੱਬਿਆ ਹੋਣ ਕਾਰਨ ਉਸ ਦੀ ਬੜੀ ਇੱਜ਼ਤ ਕਰਦਾ ਸੀ।

ਇਨ੍ਹਾਂ ਟੱਬਰਾਂ ਵਿਚ ਦਸ ਬਾਰਾਂ ਸਾਲ ਲੰਮੀ ਕਤਲੋ-ਗਾਰਤ ਤੋਂ ਬਾਅਦ ਰਾਏ ਮਨਸਬ ਅਲੀ ਐੱਮਨੇ ਚਾਰ ਜ਼ਿਲਿਆਂ ਸ਼ੇਖੂਪੁਰਾ, ਲਾਇਲਪੁਰ, ਕਸੂਰ ਅਤੇ ਓਕਾੜਾ ਨਾਲ ਸਬੰਧਤ ਐਮæਪੀæ ਅਤੇ ਐਮæਐਲ਼ਏæ ਇਕੱਠੇ ਕਰ ਕੇ ਇਸ ਮਹਾਂਭਾਰਤ ਨੂੰ ਰੋਕਣ ਲਈ ਉਪਰਾਲਾ ਸ਼ੁਰੂ ਕੀਤਾ। ਇਸ ਵਿਚ ਉਸ ਨੂੰ ਕਾਮਯਾਬੀ ਹਾਸਲ ਹੋਈ। ਪਿੰਡ ਵਿਚ ਸੱਥਰ ਵਿਛਣੇ ਬੰਦ ਹੋ ਗਏ। ਯੂਸਫ਼ ਸ਼ਾਹੀ ਨੇ ਰਾਤ-ਬਰਾਤੇ ਘਰ ਵਿਚ ਠਹਿਰਨਾ ਸ਼ੁਰੂ ਕਰ ਦਿੱਤਾ।

ਦੁਸ਼ਮਣੀ ਦਾ ਮੈਦਾਨ ਠੰਡਾ ਪੈਂਦਿਆਂ ਹੀ ਯੁਸਫ਼ ਦੇ ਸੀਨੇ ਵਿਚੋਂ ਮੁਹੱਬਤ ਦੀ ਪੁਰਾਣੀ ਯਾਦ ਅੰਗੜਾਈਆਂ ਲੈਣ ਲੱਗ ਪਈ। ਉਹ ਨਾਲ ਦੇ ਪਿੰਡ ਦੀ ਕਿਸੇ ਮੁਟਿਆਰ ਨਾਲ ਮੁਹੱਬਤ ਕਰਦਾ ਸੀ। ਮਿਰਜ਼ੇ ਵਾਂਗੂ ਯੂਸਫ਼ ਸ਼ਾਹੀ ਵੀ ਆਪਣੀ ਹਾਨਣ ਨੂੰ ਘੋੜੀ ਦੀ ਪਿੱਠ ਉਤੇ ਬਿਠਾ ਕੇ ਘਰ ਲਿਆਇਆ।

ਕੁੜੀ ਦੇ ਭਾਈ ਭਾਵੇਂ ਗਰੀਬ ਸਨ ਪਰ ਆਪ ਦੀ ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕੇ। ਉਹ ਯੂਸਫ਼ ਸ਼ਾਹੀ ਨਾਲ ਸਿੱਧੀ ਟੱਕਰ ਲੈਣ ਦੇ ਸਮਰੱਥ ਨਹੀਂ ਸਨ। ਉਨ੍ਹਾਂ ਨੇ ਕਿਸੇ ਪੁਲੀਸ ਅਫ਼ਸਰ ਨਾਲ ਸਬੰਧ ਪੈਦਾ ਕਰਕੇ ਹਥਿਆਰਾਂ ਦੀ ਮੰਗ ਕੀਤੀ। ਉਨ੍ਹਾਂ ਨੇ ਪੁਲੀਸ ਅਫ਼ਸਰ ਨੂੰ ਕਿਹਾ, ਅਸੀਂ ਯੂਸਫ਼ ਸ਼ਾਹੀ ਨੂੰ ਮਾਰ ਦਿਆਂਗੇ, ਤੁਸੀਂ ਆਪਣੇ ਖਾਤੇ ਪਾ ਕੇ ਉਸ ਦੇ ਸਿਰ ਉਤੇ ਰੱਖਿਆ 20 ਲੱਖ ਰੁਪਏ ਦਾ ਇਨਾਮ ਲੈ ਲੈਣਾ।”

ਕੁੜੀ ਦੇ ਭਰਾ ਲੁਕ-ਛਿਪ ਕੇ ਯੂਸਫ਼ ਸ਼ਾਹੀ ਦਾ ਪਿੱਛਾ ਕਰਦੇ ਰਹੇ। ਉਨ੍ਹਾਂ ਦਾ ਕਿਧਰੇ ਦਾਅ ਨਹੀਂ ਲੱਗ ਰਿਹਾ ਸੀ। ਉਨ੍ਹਾਂ ਨੂੰ ਆਪਣੀਆਂ ਜਾਨਾਂ ਤੋਂ ਵੀ ਵੱਧ ਆਪਣੇ ਟੱਬਰ ਦਾ ਡਰ ਸੀ। ਜੇ ਕਿਧਰੇ ਯੂਸਫ਼ ਸ਼ਾਹੀ ਦੇ ਬੰਦਿਆਂ ਨੂੰ ਪਤਾ ਲੱਗ ਗਿਆ ਤਾਂ ਸਾਰੇ ਟੱਬਰ ਦਾ ਸਫ਼ਾਇਆ ਹੋ ਜਾਵੇਗਾ। ਇਕ ਰਾਤ ਯੂਸਫ਼ ਸ਼ਾਹੀ ਕੋਠੇ ਉਤੇ ਸੁੱਤਾ ਪਿਆ ਸੀ। ਸਵੇਰੇ ਉੱਠਿਆ ਤਾਂ ਆਪਣੇ ਪਹਿਰੇਦਾਰਾਂ ਨੂੰ ਨਹਾਉਣ-ਧੋਣ ਲਈ ਭੇਜ ਦਿੱਤਾ। ਯੂਸਫ਼ ਸ਼ਾਹੀ ਗਲੀ ਵਿਚ ਅੱਖਾਂ ਮਲਦਾ ਜਾ ਰਿਹਾ ਸੀ ਕਿ ਕੁੜੀ ਦੇ ਭਾਈਆਂ ਨੇ ਲੱਕ ਵਿਚ ਗੋਲੀਆਂ ਮਾਰ ਕੇ ਢੇਰੀ ਕਰ ਦਿੱਤਾ, ਜਦੋਂ ਯੂਸਫ਼ ਸ਼ਾਹੀ ਦੀ ਭੈਣ ਨੂੰ ਕਾਰੇ ਦਾ ਪਤਾ ਲੱਗਿਆ, ਉਸ ਨੇ ਲਾਸ਼ ਉੁਪਰ ਆਪਣੀ ਜਾਨ ਦੇ ਦਿੱਤੀ। ਅਜਿਹੇ ਵੇਲੇ ਦੋਵਾਂ ਟੱਬਰਾਂ ਵਿਚ ਜਾਫ਼ਰ ਸ਼ਾਹੀ ਦਾ ਇਕ ਬੇਟਾ, ਜੋ ਨੀਮ ਪਾਗ਼ਲ ਹੈ, ਬਾਕੀ ਰਹਿ ਗਿਆ ਹੈ। ਯੂਸਫ਼ ਸ਼ਾਹੀ ਦੇ ਟੱਬਰ ਵਿਚੋਂ ਉਸ ਦਾ ਇਕ ਚਾਚਾ ਅਤੇ ਇਕ ਭਰਾ ਜੇਲ੍ਹ ਵਿਚ ਰਹਿ ਗਏ ਹਨ। ਦੋਨੇਂ ਟੱਬਰਾਂ ਵਿਚੋਂ ਬਾਕੀ ਸਾਰੇ ਮਰਦ ਮਾਰੇ ਜਾ ਚੁੱਕੇ ਸਨ।

ਕਦੇ ਮਿਰਜ਼ਾ ਪਿੰਡ ਦੇ ਨੇੜੇ ਆ ਕੇ ਲਾਪ੍ਰਵਾਹੀ ਨਾਲ Ḕਸੋਨੇ ਦੀ ਵਾਂਅ’ ਵਿਖੇ ਸਾਹਿਬਾਂ ਦੇ ਭਰਾਵਾਂ ਹੱਥੋਂ ਕਤਲ ਹੋ ਗਿਆ ਸੀ। ਫਿਰ ਉਸ ਖ਼ਾਨਦਾਨ ਦਾ ਯੂਸਫ਼ ਸ਼ਾਹੀ ਪਿੰਡ ਵਿਚ ਬੇਪ੍ਰਵਾਹ ਹੋਇਆ ਆਪਣੀ ਮਹਿਬੂਬਾਂ ਦੇ ਭਰਾਵਾਂ ਹੱਥੋਂ ਕਤਲ ਹੋ ਗਿਆ। ਬੱਤੀਆਂ ਸਾਲਾਂ ਦੀ ਭਰ ਜਵਾਨੀ ਉਮਰੇ ਮਿਰਜ਼ੇ ਦਾ ਇਕ ਹੋਰ ਵਾਰਿਸ ਆਪਣੇ ਵਡੇਰੇ ਵਾਲੇ ਰਾਹੀਂ ਟੁਰ ਗਿਆ।

 

مرزے دا اک ہور وارث

ہر نیک سنگھ گڑوآں

پاکستان دے یوسف شاہ ڈاکو دا ماریا جانا اک اہم گھٹنا سی۔ پورا اک دہاکا اس نے اپنے دشمناں، سرمائیداراں اتے جگیرداراں نوں جنگلی شیر وانگوں کمبائی رکھیا۔ میں یوسف شاہی بارے پوری جانکاری لینا چاہندا ساں۔ پنڈ جانا بڑا مشکل سی۔ سمجھ نہیں سی آ رہی کہ کی کیتا جائے؟ کسے نے دسیا کہ جو بندہ راتیں نال دے کمرے وچ ستا سی، اوہ شاہیاں دا وکیل اے۔ وکیل نوں لبھنا وی سوکھا کم نہیں سی۔ کجھ ورھے پہلاں وکیل صاحب داپیو  قتل ہو گیا۔ وکیل دے بھراواں نے اپنے باپ دے قاتل نوں ختم کر کے بدلہ لیا سی۔ وکیل صاحب اتے قتل دا پرچہ سی۔ اوہ لک چھپ کے وقت کڈھ رہا سی۔ بھارت واپس آؤن توں اک دن پہلاں وکیل صاحب ہوٹل دی گیلری وچ کاہلی کاہلی جاندے نظر پئے۔ میں پھرتی نال بھیج کے پچھوں بانہہ پھڑ لئی۔ اوہ پہلاں تاں اک دم گھبرا گئے۔ جدوں پرت کے ویکھیا، اک دم مسکرا کے کیہا، اوہ! سردار صاحب، تسیں تے ڈرا ہی دتا سی۔’ میں وکیل صاحب نوں اپنے کمرے وچ لے گیا۔

پچھلے ورھے جدوں مرزے دی قبر اتے جان دا من بنایا، ہر کسے نے یوسف شاہی دا ڈر دسّ کے روکن دی کوشش کیتی۔ اسیں گھر دیاں توں وی چوری اتھے جا کے آئے۔ بعد وچ یوسف شاہی کسے شادی  دے موقعے  ساڈے دوستاں نوں ملیا۔ اس نے کیہا، میرے مخبراں نے تہاڈے آؤن دی خبر میرے کول پہنچا دتی سی۔ میرا اپنا دل تہانوں ملن لئی کردا سی۔ پر کوئی غلط فہمی پیدا ہون دے ڈروں ادھر نہیں آیا۔’

یوسف شاہی دا سبندھ مرزے دے خاندان نال سی۔ عامَ کرکے مرزے نوں کھرل منیا جاندا ہے۔ کھرلاں دے اگے 21 مہیاں ہن۔ اوہناں اکیاں وچوں مرزے دا سبندھ شاہی’ مہی نال ہے۔ مرزے دے خاندان نے لما عرصہ پہلاں دان آباد چھڈّ کے اک نکا جیہا پنڈ راوی دے کنڈھے وسا لیا سی، جس دا ناں اے چھیمے دی شاہیاں’ ہے۔ پنڈ دی جوہ دیاں چارے کنیاں چار ضلعیاں نال چھونہدیاں ہن۔ شیخوپورا، لائلپور، اوکاڑا اتے قصور۔ پنڈ سنگھنے بیلیاں نال گھریاں ہے۔ ویہویں صدی دے اخیر اتے وی اس پنڈ دیاں روائتاں اتے رواج اپنے ہن۔ پنڈ دا رہن سہن ویکھ کے بھلیکھا پیندا ہے کہ مرزا سینکڑے ورھے پہلاں نہیں، کجھ سال پہلاں ہی ہویا ہے۔ عورتاں دے لباس اپنی قسم دے ہن۔ لمیاں اتے کھلھے چاکاں والیاں قمیضاں لتاں دیاں پنیاں نوں چھونہدیاں ہن۔ عورتاں مرداں وانگ چادر بنھدیاں ہن اتے سویچالک ہتھیار چلاؤن تے گھوڑ سواری وچ ماہر  ہن۔ خوبصورتی پکھوں سارے پاکستان وچ کسے علاقے دیاں عورتاں ایہناں دا مقابلہ نہیں کردیاں۔ گورے چٹے رنگ، دل کھچویں نقش، چھینٹویں سریر، کمائے ہوئے جثے اتے چھ چھ فٹّ دے نیڑے تیڑے قد۔ اس پنڈ دے مرد وی خوبصورتی دی اپنی ہی مثال ہن۔ اج وی ایہناں چہریاں وچوں مرزا دی روح جھلکدی ہے۔ اتھے ہی بسّ نہیں، ایہناں دیاں گھوڑیاں سارے پاکستان وچ نامور ہن اتے مرزے دی گھوڑی بکی وانگوں اڈوں-اڈوں کردیاں ہن۔ ایہناں دیاں کنڈھے سنگاں والیاں نیلی راوی دیاں مجھاں دے پنڈے توں وی مکھی تلھکدی ہے۔ ایہناں لوکاں دا مکھ دھندا دشمنیاں پالنا، کھیتی باڑی کرنا اتے سارے علاقے نوں گھیؤ سپالئی کرنا ہے۔

اس پنڈ وچ دو ٹبراں دی دشمنی دا مڈھ یوسف شاہی دا ابو قتل ہون نال بجھیا۔ اس پنڈ دے سبھ توں وڈے چودھری جعفر شاہی نوں یوسف شاہی دے پیو  اتے مجھاں چوری کرن دا شکّ ہو گیا۔ جعفر شاہی نے اس نوں قتل کروا دتا۔ یوسف شاہی اوہناں دناں وچ بی اے دا امتحان دے رہا سی اتے گھروں بہت غریب سی۔ امتحان توں فارغ ہندیاں ہی اس نے قرضہ چکّ کے کاربائین بندوق خرید لئی اتے باپ دا بدلہ لین دا ارادہ  کر لیا۔ یوسف دے سینے ٹھنڈ ادوں پئی جدوں اس نے جعفر نوں مار لیا اتے ہمیشاں لئی بھگوڑا ہو گیا۔

اس توں بعد جعفر دے بیٹے نے یوسف شاہی دا بھرا قتل کر دتا اتے فرار ہو گیا۔ ہن اک پاسے یوسف شاہی دا گروپ اتے دوجے پاسے جعفر شاہی دے بیٹے دا گروپ بن گئے۔ دوناں کول دس-دس گھوڑیاں اتے بے شمار اسلحہ  سی۔ کئی ویر ایہناں گروپاں دے مقابلے ہوئے اتے دوویں پاسے بندے مردے رہے۔ جعفر شاہی دے دو بھگوڑے پتراں وچوں اک یوسف شاہی نے اتے دوجا پولیس نے مار مکایا۔ جعفر دے پتر دے گروپ نے یوسف شاہی دے تنّ چار بندے مار دتے۔ اس توں بعد جعفر دا تیسرا پتر کالج پڑھ کے آؤندا قتل ہو گیا۔ رلا ملا دے دوویں گروپاں دے مقابلے ہندے سن، تد عورت اتے مرد اکٹھے مقابلہ کردے۔ جے کدھرے اک گروپ پولیس دے گھیرے وچ آ جاندا تاں دوسرا کجھ چر لئی اپنی دشمنی بھلا کے گھیرے وچ آئے گروپ دی مدد اتے چلا جاندا۔ دوویں رل کے پولیس دا مقابلہ کردے۔ جاں تے پولیس نوں بھجا لیندے جاں گھرے ہوئے گروپ نوں دوسرا گھیرے وچوں باہر کڈھوا کے ساہ لیندا۔ شاید بدلیاں دی کھیڈ وچ دوویں دھڑیاں نوں تیسری دھر دی دخل اندازی منظور نہیں سی۔

ہن جعفر شاہی دے گھر لگ پگ سارے میمبر مارے گئے سن۔ دوجے پاسے یوسف دا بچدا بھرا اتے چاچا جیل وچ سن۔ یوسف بیلیاں وچ سی۔ پنڈ وچ دوویں دھڑیاں دی کمان سنبھالن دا  مسئلہ آ گیا۔ یوسف شاہی دے گروپ دی کمان اس دی کواری بھوآ سامبا نے سنبھال لئی۔ سامبا دیاں پھلیاں جہیاں قصیدہ  کڈھدیاں انگلیاں سوئی دھاگہ چھڈّ کے کلاشنکوف  دے گھوڑے اتے آ گئیاں۔ جعفر شاہی دے گروپ دی کمان وی کسے عورت نے سنبھال لئی۔ اس توں بعد پنڈ وچ عورتاں دے دھڑیاں دے مقابلے چل پئے۔ ایہناں دے مقابلے کئی وار کئی کئی دن چلدے رہندے۔

ادھر پورے علاقے وچ یوسف شاہی دا سکہ چل رہا سی۔ اس کول تیہہ گھوڑیاں اتے گروہ وچ تیہہ ڈاکو شامل سن۔ اس دیاں گھوڑیاں دیاں گونناں ہمیشاں کارتوساں نال بھریاں رہندیاں سن۔ یوسف شاہی کول امریکن گنّ، جی-3 توں لے کے راکٹ لانچر تیک ہتھیار موجود سن۔ سکھ سنیہے لئی موبائل فون توں لے کے وائرلیس سیٹ تیک سن۔ سرکار نے اس دے سر دا انعام 20 لکھ روپئے رکھیا ہویا۔ سی۔ پنڈ وچ سپیشل تھانا بنیا ہویا سی۔ پر بہتے پولیس والے اس نوں قابو کرن دی بجائے اس واسطے مخبری کرن وچ زیادہ دلچسپی ۔

یوسف علاقے دے وڈے ذمینداراں اتے شاہوکاراں کولوں جگے’ دے روپ وچ موٹی رقم وصولدا سی اتے غریباں وچ ونڈ دیندا سی۔ کئی ویر غریب ماپیاں دیاں بیٹیاں دی شادی وچ مدد کر دیندا۔

جدوں اسیں مرزے دی قبر اتے پہنچے، کجھ لوک سانوں ملن لئی اکٹھے ہو گئے۔ اسیں اوہناں نوں پچھیاں، تہانوں یوسف شاہی کولوں ڈر نہیں آؤندا؟” اوہناں نے جواب دتا، ڈر کیہیں گلّ دا، اوہوں تے ساڈے دکھیں سکھیں سہائی ہومدے۔” اسیں خود اتھے پہنچن لئی رائے مراتب علی ناں دے بندے نوں نال لیا سی۔ جس دا اپنا بڑا دبدبا سی اتے یوسف شاہی اس دے احساناں ہیٹھ دبیا ہون کارن اس دی بڑی عزت کردا سی۔

ایہناں ٹبراں وچ دس باراں سال لمی کتلو-گارت توں بعد رائے منصب علی ایم این اے  چار ضلعیاں شیخوپورا، لائلپور، قصور اتے اوکاڑا نال تعلق  رکھن والے ایم پی اے  اتے ایم این اے  اکٹھے کر کے اس مہاں بھارت نوں روکن لئی  حیلہ  شروع کیتا۔ اس وچ اس نوں کامیابی حاصل ہوئی۔ پنڈ وچ ستھر وچھنے بند ہو گئے۔ یوسف شاہی نے رات-براتے گھر وچ ٹھہرنا شروع کر دتا۔

دشمنی دا میدان ٹھنڈا پیندیاں ہی یوسف دے سینے وچوں محبت دی پرانی یاد انگڑائیاں لین لگّ پئی۔ اوہ نال دے پنڈ دی کسے مٹیار نال محبت کردا سی۔ مرزے وانگوں یوسف شاہی وی اپنی ہانن نوں گھوڑی دی پٹھّ اتے بٹھا کے گھر لیایا۔

کڑی دے بھائی بھاویں غریب سن پر آپ دی بے عزتی برداشت نہ کر سکے۔ اوہ یوسف شاہی نال سدھی ٹکر لین دے قابل  نہیں سن۔ اوہناں نے کسے پولیس افسر نال سبندھ پیدا کرکے ہتھیاراں دی منگ کیتی۔ اوہناں نے پولیس افسر نوں کیہا، اسیں یوسف شاہی نوں مار دیانگے، تسیں اپنے کھاتے پا کے اس دے سر اتے رکھیا 20 لکھ روپئے دا انعام لے لینا۔”

کڑی دے بھرا لک-چھپ کے یوسف شاہی دا پچھا کردے رہے۔ اوہناں دا کدھرے داء نہیں لگّ رہا سی۔ اوہناں نوں اپنیاں جاناں توں وی ودھ اپنے ٹبر دا ڈر سی۔ جے کدھرے یوسف شاہی دے بندیاں نوں پتہ لگّ گیا تاں سارے ٹبر دا صفایا ہو جاویگا۔ اک رات یوسف شاہی کوٹھے اتے ستا پیا سی۔ سویرے اٹھیا تاں اپنے پہریداراں نوں نہاؤن-دھوؤن لئی بھیج دتا۔ یوسف شاہی گلی وچ اکھاں ملدا جا رہیا  سی کہ کڑی دے بھائیاں نے لکّ وچ گولیاں مار کے ڈھیری کر دتا، جدوں یوسف شاہی دی بھین نوں کارے دا پتہ لگیا، اس نے لاش اپر اپنی جان دے دتی۔ اجیہے ویلے دوواں ٹبراں وچ جعفر شاہی دا اک بیٹا، جو نیم پاگل ہے، باقی رہِ گیا ہے۔ یوسف شاہی دے ٹبر وچوں اس دا اک چاچا اتے اک بھرا جیل وچ رہِ گئے ہن۔ دونیں ٹبراں وچوں باقی سارے مرد مارے جا چکے سن۔

کدے مرزا پنڈ دے نیڑے آ کے لاپرواہی نال سونے دی واں  وچ مرزا صاحباں دے بھراواں ہتھوں قتل ہو گیا سی۔ پھر اس خاندان دا یوسف شاہی پنڈ وچ بے پرواہ ہویا اپنی محبوباں دے بھراواں ہتھوں قتل ہو گیا۔ بتیاں سالاں دی بھر جوانی عمرے مرزے دا اک ہور وارث اپنے وڈیرے والے راہیں ٹر گیا۔

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net