Ghazal

ਗ਼ਜ਼ਲ /ਪ੍ਰੀਤਮ ਸਿੰਘ ਧੰਜਲ

غزل /پریتم سنگھ دھنجل

ਜੰਗਲ ਦੇ ਵਿਚ ਬੁਲਬੁਲ ਕੋਈ, ਬੇ-ਦਿਲ ਹੋਈ ਫਿਰਦੀ ਸੀ, 

 ਰਾਤ ਕਿਸੇ ਦੀ ਚੰਨ ਚਾਨਣੀ, ਪਾਗਲ ਹੋਈ ਫਿਰਦੀ ਸੀ।
ਇਕ ਤਾਂ ਸੀ ਤੂਫ਼ਾਨੀ ਬਾਰਿਸ਼, ਦੂਜੇ ਰਾਤ ਹਨੇਰੀ ਸੀ,
ਵਾਤਾਵਰਨ ਦੀ ਹਰ ਇਕ ਨੁੱਕਰ ਦੰਗਲ ਹੋਈ ਫਿਰਦੀ ਸੀ।
ਜੀਵਨ-ਲੋੜਾਂ ਕੀ ਹੁੰਦੀਆਂ ਨੇ! ਉਹ ਧਨਵੰਤ ਨਾ ਜਾਣ ਸਕੇ,
ਉਹਨਾਂ ਦੀ ਤੇ ਹਰ ਇਕ ਇੱਛਾ, ਮੰਜ਼ਿਲ ਹੋਈ ਫਿਰਦੀ ਸੀ।

ਅੱਤ ਦੀ ਗਰਮੀ ਦੇ ਵਿਚ ਆ ਕੇ ਬੂੰਦ ਵਿਚਾਰੀ ਝੁਲਸ ਗਈ,
ਪਿਆਸ ਬੁਝਾਵਣ ਵਾਲੀ, ਮੁੜ ਕੇ ਬੱਦਲ ਹੋਈ ਫਿਰਦੀ ਸੀ।

ਲੋਕਾਂ ਦੇ, ਹਜੂਮ ‘ਚ ਆ ਕੇ, ਜਿਗਰੇ ਵੱਡੇ ਹੋ ਜਾਂਦੇ,
ਟਟੀਹਰੀ, ਆਕਾਸ਼ ਨੂੰ ਥੰਮ੍ਹਣ ਕਾਬਿਲ ਹੋਈ ਫਿਰਦੀ ਸੀ।

ਉਸ ਗੁੱਡੀ ਨੂੰ ਫ਼ਿਕਰ ਨਾ ਕੋਈ ਕੀ ਬਣਿਆਂ ਤੇ ਕੀ ਬਣਨਾ?
ਅੱਧ ਅਸਮਾਨੇ ਪੈਲਾਂ ਪਾਉਂਦੀ, ਚੰਚਲ ਹੋਈ ਫਿਰਦੀ ਸੀ।

ਕੋਠੀ ਵਿਚ ਜੇ ਹੋਣ ਨਾ ਦਾਣੇ, ਕਦੋਂ ਸਿਆਣਪ ਰਹਿੰਦੀ ਹੈ!
ਤਾਂ ਹੀ ਤਾਂ ਉਹ ਸਾਊ-ਪਰਜਾ, ਬੇ-ਕਲ ਹੋਈ ਫਿਰਦੀ ਸੀ।

ਬੇ-ਈਮਾਨੀ, ਬੇ-ਰੁਜ਼ਗਾਰੀ, ਬੇ-ਇਨਸਾਫ਼ੀ ਸੀ ਜਿੱਥੇ,
ਸੱਭਿਅਕ ਲੋਕਾਂ ਦੀ ਟੋਲੀ ਵੀ, ਜਾਹਲ ਹੋਈ ਫਿਰਦੀ ਸੀ।

ਇਸ ਧਰਤੀ ਦੇ ਪਿਛਲੇ ਪਾਸੇ ਸੂਰਜ-ਕਿਰਣਾ ਤੁਰ ਗਈਆਂ,
ਏਸੇ ਕਰਕੇ ਇਸ ਦੀ ਹਰ ਸ਼ੈਅ, ਓਝਲ ਹੋਈ ਫਿਰਦੀ ਸੀ।

ਤੇ ਕਾਸ਼! ਇਹ ਕਹਿ ਸਕਾਂ,
ਖ਼ੁਸ਼ੀਆਂ ਦੀ ਸ਼ਹਿਨਾਈ ਗੂੰਜੇ, ਲਹਿਰ ਬਹਿਰ ਅਰਮਾਨਾਂ ਦੀ,

ਲਗਰ ਲਗਰ ਬੂਟੇ ਦੀ ਪ੍ਰੀਤਮ! ਸੰਦਲ ਹੋਈ ਫਿਰਦੀ ਸੀ।
*ਫ਼ਰਵਰੀ 2011 ਵਿਚ ਮਿਡਲ-ਈਸਟ ਅਤੇ
ਉੱਤਰੀ-ਅਫ਼੍ਰੀਕਾ ਨੂੰ ਦੇਖ ਕੇ ਲਿਖੀ ਇਕ ਰਚਨਾ!

 جنگل دے وچ بلبل کوئی، بے-دل ہوئی پھردی سی،
رات کسے دی چن چاننی، پاگل ہوئی پھردی سی۔
اک تاں سی طوفانی بارش، دوجے رات ہنیری سی،
واتاورن دی ہر اک نقر دنگل ہوئی پھردی سی۔
جیونا-لوڑاں کی ہندیاں نے! اوہ دھن ونت نہ جان سکے،
اوہناں دی تے ہر اک اچھا، منزل ہوئی پھردی سی۔
اتّ دی گرمی دے وچ آ کے بوند وچاری جھلس گئی،
پیاس بجھاون والی، مڑ کے بدل ہوئی پھردی سی۔
لوکاں دے، ہجوم ‘چ آ کے، جگرے وڈے ہو جاندے،
ٹٹیہری، آکاش نوں تھمھن قابیل ہوئی پھردی سی۔
اس گڈی نوں فکر نہ کوئی کی بنیاں تے کی بننا؟
ادھ اسمانے پیلاں پاؤندی، چنچل ہوئی پھردی سی۔
کوٹھی وچ جے ہون نہ دانے، کدوں سیانپ رہندی ہے!
تاں ہی تاں اوہ ساؤُ-پرجا، بے-کل ہوئی پھردی سی۔
بے-ایمانی، بے-رزگاری، بے-انصافی سی جتھے،
سبھئک لوکاں دی ٹولی وی، جاہل ہوئی پھردی سی۔
اس دھرتی دے پچھلے پاسے سورج-کرنا تر گئیاں،
ایسے کرکے اس دی ہر شے، اوجھل ہوئی پھردی سی۔
تے کاش! ایہہ کہہ سکاں،خوشیاں دی شہنائی گونجے،

لہر بحر ارماناں دی

لگر لگر بوٹے دی پریتم! صندل ہوئی پھردی سی۔
٭فروری 2011 وچ مڈل-ایسٹل اتے
اتری-افریکا نوں دیکھ کے لکھی اک رچنا!

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net