3 nazmaaN

ਤਿਨ ਨਜ਼ਮਾਂ

ਗੁਲਸ਼ਨ  ਸ਼ਾਹਕਾਰ

تن نظماں

گلشن شاہکار

 

ਸ਼ਾਇਦ ਰੱਬ ਨੂੰ ਆਪਣੇ ਨਾਲ ਇਸ਼ਕ ਹੋ ਗਿਆ ਹੈ …..

ਸਰਦੀ ਦੀ ਰੁੱਤ ਹੈ 

ਪਰ ਮੇਰੇ ਸੀਨੇ ਵਿਚ ਇਹ ਬਹਾਰ ਕਿਓਂ ਹੈ ?

ਕਿਓਂ ਲੱਗਦਾ ਹੈ

ਜਿਵੇਂ ਚੋਹੀਂ ਪਾਸੀਂ ਫੁੱਲ ਖਿਲ ਰਹੇ ਨੇ ?

ਇਹ ਹਰ ਪਾਸੇ ਹਵਾ ਮਹਿਕਾਂ ਨਾਲ 

ਲੱਦੀ ਹੋਈ ਕਿਓਂ ਹੈ ?

ਇਹ ਮੇਰੇ  ਜੁੱਸੇ ਵਿੱਚ 

ਮੱਠੀ ਮੱਠੀ ਪੀੜ ਕਿਓਂ ਹੈ  ?

ਰਾਤ ਹੁੰਦੀ ਹੈ

ਤੇ ਮੈਂ ਅੱਖਾਂ ਮੀਚਦੀ ਹਾਂ

ਪਰ ਤੇਰਾ ਹੀ ਮੁਸਕਰਾਉਂਦਾ ਚਿਹਰਾ

 ਕਿਓਂ ਨਜਰ ਆਓਂਦਾ ਹੈ ?

ਤੇ ਫਿਰ ਅੱਧੀ ਰਾਤੀਂ ਇਹ

ਗੁਲਾਬੀ , ਸੰਤਰੀ , ਤੇ ਲਾਲ ਰੰਗ ਲਈ

ਸੂਰਜ ਕਿਓਂ ਚੜ੍ਹ ਜਾਂਦਾ ਹੈ ?

ਤੂੰ ਸਾਹ ਲੈਂਦਾ ਹੈ

ਤੇ ਫੁੱਲਾਂ ਦੇ ਪਿੰਡਿਆਂ ਨੂੰ ਮਹਿਕ ਕਿਓਂ ਛੂਹ ਜਾਂਦੀ ਹੈ ?

ਤੇ ਫਿਰ ਜਦ ਸਵੇਰ ਦੀ ਵਾ ਛੋਹਂਦੀ  ਹੈ ਤੇਨੂੰ

ਇਹ ਇੰਨੀ ਤਰੋ ਤਾਜ਼ਾ ਤੇ ਨਹਾਈ ਕਿਓਂ ਲੱਗਦੀ ਹੈ /

ਦਿਨ ਦੇ ਚਾਨਣ ਵਿੱਚ ਮੇਰੀਆਂ ਅੱਖਾਂ ਤੇ

ਤੇਰੇ ਬੁੱਲ੍ਹਾਂ ਦਾ ਪਰਛਾਵਾਂ ਜਦ ਪੈਂਦਾ ਹੈ

ਤਾਂ ਦਿਨ ਵੇਲੇ ਵੀ

ਇਹ ਅਸਮਾਨ ਦੇ ਤਾਰੇ

ਕਿਓਂ ਟਿਮਟਿਮਾ ਉੱਠਦੇ ਨੇ ?

ਇੰਝ ਕਿਓਂ ਲੱਗਦਾ ਹੈ

ਜਿਵੇਂ ਰੱਬ ਨੇ ਇਹ ਤਾਰੇ , ਇਹ ਨਜ਼ਾਰੇ

ਇਹ ਸਾਗਰ , ਇਹ ਪਹਾੜ

ਤੇਰੇ ਤੇ ਮੇਰੇ ਨਾਂ ਕਰ ਦਿੱਤੇ ਨੇ ?

ਹੈ ਤਾਂ ਤੂੰ ਹੀ ਹੈਂ ਹਰ ਪਾਸੇ

ਪਰ ਇਸ ਤੇਰੀ ‘ ਤੂੰ ‘ ਦੇ ਅੰਦਰ

ਇਹ ‘ ਮੈਂ ‘ ਇੰਨੀ ਸੁਹਣੀ ਤੇ ਹੱਸਦੀ ਕਿਓਂ ਨਜਰ ਆਓਂਦੀ ਹਾਂ ?

ਕਿਓਂ ? ਕਿਓਂ ??

…ਸ਼ਾਇਦ ਰੱਬ ਨੂੰ ਆਪਣੇ ਨਾਲ ਇਸ਼ਕ ਹੋ ਗਿਆ ਹੈ …..

ਤੇਰਾ ਆਓਣਾ

ਥੱਕ  ਜਾਂਦੀ ਹਾਂ 

 ਉਦਾਸ ਵੀ ਹੋ ਜਾਂਦੀ  ਹਾਂ

ਤੇ ਗਮਗੀਨ ਵੀ

ਕਦੀ ਕਦੀ ਮੇਨੂੰ ਵੀ

ਜਿੰਦਗੀ ਬੋਝ ਲੱਗਦੀ ਹੈ

ਹਾਲਾਂਕਿ ਜਿੰਦਗੀ ਤੋਂ ਕਦੀ  ਨਾ ਹਾਰਨ

ਦਾ ਮੇਰਾ  ਵਾਦਾ ਹੈ ਆਪਣੇ ਆਪ ਨਾਲ

ਤੇ ਫਿਰ ਤੂੰ ਇਸ ਤਰ੍ਹਾਂ  ਝਾਤ ਮਾਰਦਾ ਹੈਂ

ਅਚਾਨਕ ਆਓਂਦਾ ਹੈ ਨੇਅਮਤਾਂ

ਦੀ ਬਰਸਾਤ ਲੈ ਕੇ

ਤੇ ਅੱਖ ਝਪਕਦਿਆਂ

 ਸਾਰਾ ਪਾਸਾ ਹੀ  ਪਲਟ ਜਾਂਦਾ  ਹੈ

ਕੁਝ ਇਸ ਤਰ੍ਹਾਂ ਆਉਣਾ ਹੁੰਦਾ ਹੈ ਤੇਰਾ

ਜਿਵੇਂ ਕਾਲੀ ਹਨੇਰੀ ਗੁਫ਼ਾ ਦੇ ਬਾਅਦ

ਰੋਸ਼ਨੀ ਦਾ ਤੂਫਾਨ ਬਰਸਦਾ ਹੈ

ਸੱਚਮੁੱਚ ਆਸ਼ੀਰਵਾਦ ਹੁੰਦਾ ਹੈ

ਤੇਰਾ ਆਓਣਾ , ਇੱਕ ਦੁਆ ਵਾਂਗ ,

ਤੇ ਤੂੰ ਮੇਰੇ ਰੋਮ ਰੋਮ ਵਿਚ ਪਿਆਰ ਦਾ ਹੜ੍ਹ

ਲਿਆਉਂਦਾ  ਹੈ

ਪਿਆਰ, ਜਾਂ ਕੋਈ ਦੁਆ , ਜਾਂ ਕੋਈ ਇਬਾਦਤ

ਦਰਅਸਲ  ਤੂੰ ਖੁਦ ਹੀ ਰੱਬ ਹੈਂ , ਖੁਦ ਹੀ ਦੁਆ ਹੈਂ

ਤੇ ਖੁਦ ਹੀ ਇਬਾਦਤ ਹੈਂ

ਇੱਕ ਹੀ ਤੇਰੀ ਮੁਸਕਾਨ

ਇੱਕ ਹੀ ਤੇਰਾ ਚੁੰਮਣ

ਤੇ ਫਿਰ ਦਿਲ ਦੀ ਸਾਰੀ ਥਕਾਨ

ਸਾਰੀ ਪੀੜ

ਪਤਾ ਨਹੀਂ ਕਿਥੇ ਤੁਰ ਜਾਂਦੀ ਹੈ

ਤੇ ਫਿਰ ਮੇਨੂੰ ਲੱਗਦਾ ਹੈ

ਕਿ ਉਦਾਸ ਹੋ ਕੇ  ਸ਼ਾਇਦ

ਮੈਂ ਕੋਈ ਗੁਨਾਹ ਕੀਤਾ ਸੀ  

ਪਰ ਕੀ ਕਰਾਂ ?

ਕਦੀ ਕਦੀ ਤੂੰ ਐਨ ਉਸ ਵੇਲੇ ਗੁੰਮਦਾ ਹੈ

ਜਦ ਮੈਂ ਤੇਰੀ ਗੋਦੀ ਵਿਚ ਸਿਰ ਸੁੱਟ ਕੇ ਸੋਣਾ ਚਾਹੁੰਦੀ ਹਾਂ 

ਤੇ ਸੱਜਣਾ ਅੱਜ ਉਹ ਦਿਨ ਹੈ …..

ਪਿਆਰ ਖੇਡ

ਤੂੰ ਆਖਦਾ ਹੈਂ  , ” ਚੰਗਾ ਫਿਰ , ਲੁਕਣਾ ਹੈਂ ਤਾਂ ਲੁਕਾ ਜਾ ,

ਪਰ ਇਸ ਦਿਲ ਤੋਂ ਬਿਨਾ ਕੀਤੇ ਨਾ ਲੁਕੀਂ

ਰੁਸਣਾ ਹੈਂ ਤਾਂ ਰੁੱਸ ਜਾ ,

ਪਰ ਮੇਰੇ ਪਹਿਲੇ ਚੁੰਮਣ ਨਾਲ ਮੰਨ  ਜਾਵੀਂ “

ਤੇ ਮੈਂ ਸੁਣ ਮੁਸਕਰਾਉਂਦੀ ਹਾਂ

ਮੇਨੂੰ ਪਤਾ ਹੈ ਤੂੰ ਵੀ ਮੁਸਕਰਾਉਂਦਾ ਹੈਂ

ਝੱਲੀ ਹਾਂ ਮੈਂ ਵੀ

ਕੋਈ ਆਪਣੇ ਪਿਆਰ ਕੋਲੋਂ ਕਿਵੇਂ ਲੁਕ ਸਕਦਾ ਹੈ ?

ਕਮਲੀ ਹਾਂ ਮੈਂ

ਜੋ ਸੱਚ ਉਸ ਨਾਲ ਮੈਂ ਕਿਵੇਂ ਰੁੱਸ ਸਕਦੀ ਹਾਂ ?

ਪਰ ਫਿਰ ਵੀ ਇਹ ਖੇਡ ਬਚਪਨ ਦੀ

ਖੇਡਣ ਨੂੰ ਬਹੁਤ ਦਿਲ ਕਰਦਾ ਹੈ

ਤੇ ਮੈਂ ਮਚਲ ਕੇ ਆਖਦੀ ਹਾਂ

” ਚੰਗਾ ਫਿਰ “, ਕੋਈ ਸੁਹਣੀ ਜਿਹੀ ਗੱਲ ਕਰ

ਭਲਾ ਕਿਦਾਂ ਲੱਗਦੀ ਹਾਂ ਮੈਂ ?

ਇਹ ਪੁੱਛਦੀ ਹੀ ਮੈਂ ਮੁਸਕਰਾ ਉੱਠਦੀ ਹਾਂ

ਕਿਓਂਕਿ ਪਤਾ ਹੈ:  ਤੂੰ ਆਖੇਂਗਾ

” ਬਹੁਤ ਸੁਹਣੀ “

ਤੇ ਉਸ ਪਲ ਜੋ  ਇਹਸਾਸ ਹੁੰਦਾ ਹੈ

ਉਹ ਆਪਣੇ ਸੁਹਣੇਪਣ  ਦਾ ਨਹੀਂ , ਬਲਕਿ

ਇਸ ਗੱਲ ਦਾ ਕਿ “ਮੇਰਾ ਹੋਣਾ ” ਤੇਰੇ ਅੰਦਰ

ਕਿਵੇਂ ਕਿਵੇਂ ਰੂਪ ਲੈ ਜਿਓੰਦਾ ਹੈ

ਸੱਚਾ ਹੈ ਆਪਣਾ ਪਿਆਰ

ਤੇ ਬਾਕੀ ਸਭ ਕੁਝ ਝੂੱਠ ਹੈ

” ਤੂੰ ” ਤੇ ” ਮੈਂ ” ਸਿਰਫ ਆਪਾਂ ਹੀ  ਹਾਂ

ਇਸ ਕਾਇਨਾਤ ਵਿੱਚ

ਬਾਕੀ ਸਭ ਇਸ ਕਰ ਕੇ ਹੈ

ਕਿਓਂਕਿ ‘ਤੂੰ ‘ ਤੇ ‘ ਮੈਂ ‘ ਹਾਂ

ਜੀਵਨ ਹਾਂ ਆਪਾਂ

ਇਸ ਕੁਦਰਤ ਦਾ ਧੜਕਦਾ ਦਿਲ ਹਾਂ ” ਤੂੰ ” ਤੇ ” ਮੈਂ “

ਆਪਾਂ ਕਦੇ ਨਹੀਂ ਮੁੱਕ ਸਕਦੇ

ਸਦੀਆਂ ਆਉਣਗੀਆਂ ਤੇ ਚਲੀਆਂ ਜਾਣਗੀਆਂ

ਲੱਖਾਂ ਤਾਰੇ ਜਨਮ ਲੈਣਗੇ ਤੇ ਬਿਖਰ ਜਾਣਗੇ

ਆਪਣੇ ਕਦਮਾਂ ਵਿੱਚ

ਸੂਰਜ ਚੰਨ ਲਖਾਂ ਲਖਾਂ ਵੇਰ ਰੂਪ ਵਟਾਉਣਗੇ

ਪਰ ‘ ਤੂੰ ‘ ਤੇ ‘ ਮੈਂ ‘ ਇਸ ਤਰ੍ਹਾਂ ਹੀ ਪਿਆਰ ਵਿੱਚ

ਮਸਤ ਰਹਾਂਗੇ !

ਆ ਦੇਖ ! ਮੇਰੀ ਛਾਤੀ ਤੇ ਸਿਰ ਰੱਖ

ਮੇਰੇ ਧੜਕਦੇ ਦਿਲ ਨੂੰ ਸੁਣ

ਇਹ ਸੰਗੀਤ ਵੀ ਹੈ ਤੇ ਗੀਤ ਵੀ

ਸਾਰੀ ਦੁਨੀਆ ਦੇ ਗੀਤ ਇਥੋਂ ਹੀ ਜਨਮ ਲੈਂਦੇ ਨੇ

ਤੇ ਇਥੇ ਹੀ ਲੈਂਦੇ ਰਹਿਣਗੇ

ਤੇ ਮੇਨੂੰ ਪਤਾ ਹੈ ਹਰ ਗੀਤ ਵਿੱਚ

 ਤੂੰ ਇੱਕ ਹੀ ਗੱਲ ਆਖੇਂਗਾ

” ਗੁੱਲੂ ! ਤੂੰ ਮੇਰੀ ਰੂਹ ਹੈਂ !

 ਤੂੰ ਮੇਰਾ ਜਿਸਮ ਹੈਂ ! !

” ਤੂੰ ਮੇਰੀ ਹੋਂਦ ਦਾ ਹਿੱਸਾ ਹੈਂ !!!”

ਆਖਣ ਨੂੰ ਤੂੰ ਇਸ ਤਰ੍ਹਾਂ ਆਖ ਦਿੰਦਾ ਹੈਂ

ਪਰ ਸੁਹਣਿਆ , ਹੁਣ ਤਾਂ ਭਾਵੇਂ ਤੂੰ ਪ੍ਰੇਮ ਗ੍ਰੰਥ ਲਿਖ ਮਾਰ

ਗੱਲ ਤਾਂ ਸਿਰਫ ਢਾਈ ਅੱਖਰਾਂ ਦੀ ਹੈ

ਕਿ ਤੇਨੂੰ ਮੇਰੇ ਨਾਲ ਪਿਆਰ ਹੈ

ਤੇ ਮੇਨੂੰ ਤੇਰੇ ਨਾਲ ਪਿਆਰ ਹੈ

ਤੇ ਆਪਣੇ ਬਾਰੇ ਇਹ ਗੱਲ

ਕਬੀਰ ਸਦੀਆਂ ਪਹਿਲੋਂ ਆਖ ਗਿਆ ਸੀ

ਵੇਖ ਉਹ ਵੀ ਆਪਣੇ ਨਾਲ ਨਾਲ ਰਹਿੰਦਾ ਸੀ !

ਅਮੀਨ !

 

شاید ربّ نوں اپنے نال عشقَ ہو گیا ہے …..

سردی دی رتّ ہے

پر میرے سینے وچ ایہہ بہار کیوں ہے ؟

کیوں لگدا ہے

جویں چوہیں پاسیں پھلّ کھل رہے نے ؟

ایہہ ہر پاسے ہوا مہکاں نال

لدی ہوئی کیوں ہے ؟

ایہہ میرے  جثے وچّ

مٹھی مٹھی پیڑ کیوں ہے  ؟

رات ہوندی ہے

تے میں اکھاں میچدی ہاں

پر تیرا ہی مسکراؤندا چہرہ

 کیوں نظر آؤندا ہے ؟

تے پھر ادھی راتیں ایہہ

گلابی ، سنتری ، تے لال رنگ لئی

سورج کیوں چڑھ جاندا ہے ؟

توں ساہ لیندا ہے

تے پھلاں دے پنڈیاں نوں مہک کیوں چھوہ جاندی ہے ؟

تے پھر جد سویر دی وا چھوہندی  ہے تینوں

ایہہ اینی ترو تازہ تے نہائی کیوں لگدی ہے /

دن دے چانن وچّ میریاں اکھاں تے

تیرے بلھاں دا پرچھاواں جد پیندا ہے

تاں دن ویلے وی

ایہہ اسمان دے تارے

کیوں ٹمٹما اٹھدے نے ؟

انجھ کیوں لگدا ہے

جویں ربّ نے ایہہ تارے ، ایہہ نظارے

ایہہ ساگر ، ایہہ پہاڑ

تیرے تے میرے ناں کر دتے نے ؟

ہے تاں توں ہی ہیں ہر پاسے

پر اس تیری ‘ توں ‘ دے اندر

ایہہ ‘ میں ‘ اینی سوہنی تے ہسدی کیوں نظر آؤندی ہاں ؟

کیوں ؟ کیوں ؟؟

…شاید ربّ نوں اپنے نال عشقَ ہو گیا ہے …..

 

تیرا آؤنا

تھکّ  جاندی ہاں

 اداس وی ہو جاندی  ہاں

تے غمگین وی

کدی کدی مینوں وی

زندگی بوجھ لگدی ہے

حالانکہ زندگی توں کدی  نہ ہارن

دا میرا  وعدہ ہے اپنے آپ نال

تے پھر توں اس طرحاں  جھات ماردا ہیں

اچانک آؤندا ہے نیعمتاں

دی برسات لے کے

تے اکھ جھپکدیاں

 سارا پاسہ ہی  پلٹ جاندا  ہے

کجھ اس طرحاں آؤنا ہوندا ہے تیرا

جویں کالی ہنیری گفا دے بعد

روشنی دا طوفان برسدا ہے

سچ مچّ آشیرواد ہندا ہے

تیرا آؤنا ، اک دعا وانگ ،

تے توں میرے روم روم وچ پیار دا ہڑ

لیاؤندا  ہے

پیار، جاں کوئی دعا ، جاں کوئی عبادت

دراصل  توں خود ہی ربّ ہیں ، خود ہی دعا ہیں

تے خود ہی عبادت ہیں

اک ہی تیری مسکان

اک ہی تیرا چمن

تے پھر دل دی ساری تھکان

ساری پیڑ

پتہ نہیں کتھے تر جاندی ہے

تے پھر مینوں لگدا ہے

کہ اداس ہو کے  شاید

میں کوئی گناہ کیتا سی 

پر کی کراں ؟

کدی کدی توں این اس ویلے گمدا ہے

جد میں تیری گودی وچ سر سٹّ کے سونا چاہندی ہاں

تے سجنا اج اوہ دن ہے …..

پیار کھیڈ

توں آکھدا ہیں  ، ” چنگا پھر ، لکنا ہیں تاں لکا جا ،

پر اس دل توں بنا کیتے نہ لکیں

رسنا ہیں تاں رسّ جا ،

پر میرے پہلے چمن نال منّ  جاویں “

تے میں سن مسکراؤندی ہاں

مینوں پتہ ہے توں وی مسکراؤندا ہیں

جھلی ہاں میں وی

کوئی اپنے پیار کولوں کویں لک سکدا ہے ؟

کملی ہاں میں

جو سچ اس نال میں کویں رسّ سکدی ہاں ؟

پر پھر وی ایہہ کھیڈ بچپن دی

کھیڈن نوں بہت دل کردا ہے

تے میں مچل کے آکھدی ہاں

” چنگا پھر “، کوئی سوہنی جہی گلّ کر

بھلا کداں لگدی ہاں میں ؟

ایہہ پچھدی ہی میں مسکرا اٹھدی ہاں

کیونکِ پتہ ہے:  توں آکھیں گا

” بہت سوہنی “

تے اس پل جو  احساس ہوندا ہے

اوہ اپنے سہنیپن  دا نہیں ، بلکہ

اس گلّ دا کہ “میرا ہونا ” تیرے اندر

کویں کویں روپ لے جیوندا ہے

سچا ہے اپنا پیار

تے باقی سبھ کجھ جھوٹھّ ہے

” توں ” تے ” میں ” صرف آپاں ہی  ہاں

اس کائنات وچّ

باقی سبھ اس کر کے ہے

کیونکِہ ‘توں ‘ تے ‘ میں ‘ ہاں

جیون ہاں آپاں

اس قدرت دا دھڑکدا دل ہاں ” توں ” تے ” میں “

آپاں کدے نہیں مکّ سکدے

صدیاں آؤنگیاں تے چلیاں جانگیاں

لکھاں تارے جنم لینگے تے بکھر جانگے

اپنے قدماں وچّ

سورج چن لکھاں لکھاں ویر روپ وٹاؤنگے

پر ‘ توں ‘ تے ‘ میں ‘ اس طرحاں ہی پیار وچّ

مست رہانگے !

آ دیکھ ! میری چھاتی تے سر رکھ

میرے دھڑکدے دل نوں سن

ایہہ سنگیت وی ہے تے گیت وی

ساری دنیا دے گیت اتھوں ہی جنم لیندے نے

تے ایتھے ہی لیندے رہنگے

تے مینوں پتہ ہے ہر گیت وچّ

 توں اک ہی گلّ آکھینگا

” گلو ! توں میری روح ہیں !

 توں میرا جسم ہیں ! !

” توں میری ہوند دا حصہ ہیں !!!”

آکھن نوں توں اس طرحاں آکھ دیندا ہیں

پر سوہنیا ، ہن تاں بھاویں توں پریم گرنتھ لکھ مار

گلّ تاں صرف ڈھائی اکھراں دی ہے

کہ تینوں میرے نال پیار ہے

تے مینوں تیرے نال پیار ہے

تے اپنے بارے ایہہ گلّ

کبیر صدیاں پہلوں آکھ گیا سی

ویکھ اوہ وی اپنے نال نال رہندا سی !

امین !

 

 

 

 

 

 

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net