balraj sahni-2


ਮੇਰਾ ਪਾਕਿਸਤਾਨੀ ਸਫਰਨਾਮਾ-2
ਬਲਰਾਜ ਸਾਹਨੀ
میرا پاکستانی سفرنامہ        
بلراج ساہنی
 

ਅਗਲਾ ਹਿੱਸਾ اگلا حصہ

ਪਿਛਲਾ ਹਿੱਸਾ پچھلا حصہ


 

ਗੱਡੀ ਰੁਕੀ। ਮੈਂ ਬਾਰੀ ਵਿਚੋਂ ਝਾਤ ਮਾਰ ਕੇ ਲਾਹੌਰ ਸਟੇਸ਼ਨ ਦੀਆਂ ਬੁਰਜੀਆਂ ਵਲ ਵੇਖਿਆ।
ਮੈਨੂੰ ਲਾਹੌਰ ਕਦੇ ਵੀ ਬਹੁਤਾ ਯਾਦ ਨਹੀਂ ਸੀ ਆਉਂਦਾ। ਬਹੁਤਾ ਕਰ ਕੇ ਪਿੰਡੀ ਲਈ ਜੀਅ ਤੜਫਦਾ ਸੀ। ਇਸ ਦੇ ਕਈ ਕਾਰਨ ਸਨ। ਇਕ ਤਾਂ ਮੈਂ ਬਚਪਨ ਤੋਂ ਦਿਸ-ਹੱਦੇ ਤੇ ਪਹਾੜ ਵੇਖਣ ਦਾ ਆਦੀ ਸਾਂ। ਜਦੋਂ ਪਿੰਡੀ ਛਡ ਕੇ ਗੌਰਮਿੰਟ ਕਾਲਜ, ਲਾਹੌਰ ਦੇ ਨਿਊ ਹੋਸਟਲ ਵਿਚ ਆ ਡਟਿਆ ਤਾਂ ਉਹਦੇ ਕੋਠੇ ਤੋਂ ਕਿਸੇ ਪਾਸੇ ਕੋਈ ਪਹਾੜ ਨਾ ਵੇਖ ਕੇ ਮੈਨੂੰ ਇੰਜ ਜਾਪਿਆ ਜਿਵੇਂ ਕੁਦਰਤ ਦੇ ਕਿਸੇ ਬਹੁਤ ਵੱਡੇ ਨੇਮ ਦਾ ਉਲੰਘਣ ਹੋ ਗਿਆ ਹੋਵੇ। ਉਹ ਘਬਰਾਹਟ ਮੈਨੂੰ ਅਜੇ ਤਕ ਨਹੀਂ ਭੁੱਲੀ।

ਦੂਜੇ, ਗਰਮੀਆਂ ਵਿਚ ਲਾਹੌਰ ਦੀ ਹਨੇਰੀ ਤੇ ਸਰਦੀਆਂ ਵਿਚ ਧੂੰਆਂ ਮੇਰੇ ਲਈ ਨਰਕ ਦਾ ਰੂਪ ਸਨ। ਸਾਡੇ ਪਿੰਡੀ ਝਟ ਦਾ ਝਟ ਹਨੇਰੀ-ਝੱਖੜ ਝੁੱਲਦਾ ਤੇ ਫੇਰ ਪਾਣੀ ਵਰ੍ਹਣ ਲਗ ਪੈਂਦਾ। ਮਤਲਾ ਸਾਫ ਸਫਾਫ ਹੋ ਜਾਂਦਾ ਤੇ ਬਾਰੀਆਂ ਬੂਹੇ ਭੱਜਣ ਦੀ ਔਝੜ ਵੀ ਚੰਗੀ ਲਗਣ ਲਗ ਪੈਂਦੀ। ਰਾਤਾਂ ਠੰਢੀਆਂ ਹੋ ਜਾਂਦੀਆਂ।
ਇਹਦੇ ਉਲਟ, ਲਾਹੌਰ ਵਿਚ ਇਕ ਵਾਰੀ ਗੁਬਾਰ ਉਠ ਪਏ ਤਾਂ ਕਿਤਨੇ ਕਿਤਨੇ ਦਿਨ ਸਾਹ ਲੈਣਾ ਵੀ ਔਖਾ ਹੋ ਜਾਂਦਾ ਸੀ। ਇਕ ਸਵੇਰ ਨਿਊ ਹੋਸਟਲ ਦੀ ਛਤ ਤੋਂ ਬਿਸਤਰਾ ਗੋਲ ਕਰ ਕੇ ਜਦੋਂ ਹੇਠਾਂ ਆਪਣੇ ਕਿਊਬੀਕਲ ਵਿਚ ਆਇਆ ਤਾਂ ਸ਼ੀਸ਼ੇ ਵਿਚ ਆਪਣਾ ਮੂੰਹ ਵੇਖ ਕੇ ਡਰ ਗਿਆ, ਕਾਲਾ ਚੁਆਤੀ ਹੋਇਆ ਪਿਆ ਸੀ। ਤੇ ਇੰਝ ਸਰਦੀਆਂ ਵਿਚ ਧੂੰਏਂ ਨਾਲ ਕੇਵਲ ਅੱਖੀਆਂ ਹੀ ਨਹੀਂ, ਸਰੀਰ ਦੀਆਂ ਹੱਡੀਆਂ ਵੀ ਸੜੂ ਸੜੂ ਕਰਨ ਲਗ ਪੈਂਦੀਆ ਸਨ।
ਫੇਰ, ਪਿੰਡੀ ਇਕ ਛੋਟਾ ਸ਼ਹਿਰ ਸੀ। ਅੰਗਰੇਜ਼ੀ ਰਾਜ ਦੀਆਂ ਕੁਟਲ-ਨੀਤੀਆਂ, ਲੋਕ-ਜੀਵਨ ਉਪਰ ਪੂਰੀ ਤਰ੍ਹਾਂ ਹਾਵੀ ਨਹੀਂ ਸਨ ਹੋਈਆਂ। ਮਹੱਲਦਾਰੀਆਂ ਤੇ ਬਿਰਾਦਰੀਆਂ ਦੇ ਮੇਲ-ਮਿਲਾਪ ਕਾਇਮ ਸਨ। ਦੋਸਤੀਆਂ ਵਿਚ ਖਲੂਸ ਤੇ ਮਿਠਾਸ ਸੀ। ਸ਼ਰਾਫਤ ਤੇ ਨਿਰਮਾਣਤਾ ਦੀ ਕਦਰ ਸੀ। ਫਿਰਕੂਪਣੇ ਦਾ ਜ਼ਹਿਰੀਲਾ ਬੂਟਾ ਵਧ ਜ਼ਰੂਰ ਰਿਹਾ ਸੀ, ਪਰ ਮਜ਼ਬੂਤ ਹਾਲੀ ਨਹੀਂ ਸੀ ਹੋਇਆ। ਪਰ ਲਾਹੌਰ ਵਡਾ ਕੇਂਦਰੀ ਸ਼ਹਿਰ ਹੋਣ ਕਰਕੇ ਨਵੇਂ ਫੈਸ਼ਨ ਦੀ “ਸਭਿਅਤਾ” ਦੇ ਰੰਗ ਵਿਚ ਰੰਗਿਆ ਜਾ ਚੁੱਕਿਆ ਸੀ। ਏਥੇ ਪੈਸੇ ਤੇ ਰਸੂਖ ਦੇ ਆਦਰਸ਼ਾਂ ਨੇ ਪੁਰਾਣੇ ਢੰਗ ਦੀਆਂ ਵਜ਼ੇਦਾਰੀਆਂ ਸਭ ਖਤਮ ਕਰ ਦਿੱਤੀਆਂ ਸਨ। ਹੂਰਾ ਮਾਰ ਕੇ ਅੱਗੇ ਵਧਣ ਲਈ ਸਭ ਤਰ੍ਹਾਂ ਦੇ ਹੀਲੇ, ਮੰਦੇ ਤੇ ਚੰਗੇ, ਜਾਇਜ਼ ਪ੍ਰਵਾਨ ਕੀਤੇ ਜਾ ਚੁੱਕੇ ਸਨ। ਮਾਹੌਰ ਵਿਚ ਹੱਦ  ਦਰਜੇ ਦਾ ਕੋਰਾਪਨ ਆ ਚੁੱਕਿਆ ਸੀ, ਤੇ ਵਿਦਿਆਰਥੀ-ਜੀਵਨ ਉਪਰ ਵੀ ਇਸ ਦਾ ਕੁਦਰਤੀ ਤੌਰ ‘ਤੇ ਪ੍ਰਭਾਵ ਸੀ। ਖੇਡਾਂ ਵਿਚ ਤੇ ਪੜ੍ਹਾਈ ਵਿਚ ਕੀ,  ਸਭ ਪਾਸੇ ਗੁੱਝੀਆਂ ਚਾਲਾਂ ਚਲੀਆਂ ਜਾਂਦੀਆਂ ਸਨ, ਜੋ ਮੁਫਸਿਲ ਤੋਂ ਆਏ ਮੁੰਡਿਆਂ ਲਈ ਅਨੋਖੀਆਂ ਤੇ ਭੁੰਦਲਾਊ ਸਨ। ਫਿਰਕੂ ਖਿੱਚੋਤਾਣ ਇਤਨੀ ਤੇਜ਼ੀ ਨਾਲ ਵਧ ਰਹੀ ਸੀ ਕਿ ਭਵਿੱਖ ਦੀਆਂ ਭਿਆਨਕ ਹੋਣੀਆਂ ਦਾ ਆਕਾਰ ਸਾਫ ਦਿਖਾਈ ਦੇ ਜਾਂਦਾ ਸੀ।
ਮਤਲਬ ਇਹ ਕਿ ਲਾਹੌਰ ਦੀ ਰੰਗੀਨ ਕਾਲਜੀਏਟ ਜ਼ਿੰਦਗੀ ਦੇ ਭਰਪੂਰ ਸੁਆਦ ਮਾਣਦਿਆਂ ਹੋਇਆਂ ਵੀ ਮੈਂ ਉਸ ਦੇ ਬੇਥਵ੍ਹੇ-ਪਣ ਦੇ ਅਹਿਸਾਸ ਤੋਂ ਕਦੇ ਮੁਕਤ ਨਹੀਂ ਸਾਂ ਹੋ ਸਕਿਆ। ਇਕ ਖਲਾਅ ਜਿਹਾ ਮੈਂ ਹਮੇਸ਼ਾ ਮਹਿਸੂਸ ਕਰਦਾ ਰਹਿੰਦਾ ਸਾਂ, ਜਿਹਦਾ   ਕਾਰਨ ਨਾ ਤਾਂ ਮੈਂ ਸਮਝਦਾ ਸਾਂ ਤੇ ਨਾ ਮੈਨੂੰ ਕੋਈ ਸਮਝਣ ਵਾਲਾ ਸੀ। ਮੈਂ ਸੋਚਦਾ ਸਾਂ ਸ਼ਾਇਦ ਲਾਹੌਰ ਦੇ ਪਾਣੀ ਵਿਚ ਹੀ ਕੋਈ ਨੁਕਸ ਹੋਵੇਗਾ। ਮੈਂ ਲਾਹੌਰ ਨੂੰ ਆਪਣਾ ਕਦੇ ਨਹੀਂ ਸਾਂ ਆਖ ਸਕਿਆ। ਪਰ ਅੱਜ ਲਾਹੌਰ ਸਟੇਸ਼ਨ ਦੇ ਗੇਰਵੇ ਬੁਰਜ ਵੇਖ ਕੇ  ਖੌਰੇ ਮੈਨੂੰ ਕੀ ਹੋ ਗਿਆ? ਇੰਝ ਜਾਪਿਆ ਜਿਵੇਂ ਉਹਨਾਂ ਲਈ ਮੇਰੀ ਰੂਹ ਜੁਗਾਂ ਜੁਗਾਂ ਤੋਂ ਤਰਸ ਰਹੀ ਸੀ। ਅੰਦਰ ਦੇ ਕਿਸੇ ਦੱਬੇ ਸੋਮੇਂ ਵਿਚੋਂ ਪਿਆਰ ਤੇ ਆਦਰ ਫੁੱਟ  ਪਿਆ। ਫੁਟ ਬੋਰਡ ਤੋਂ ਪੈਰ ਹੇਠਾਂ ਲਾਹੁਣ ਤੋਂ ਪਹਿਲਾਂ ਮੈਂ ਹੱਥ ਨਾਲ ਧਰਤ ਨੂੰ ਛੂਹ ਕੇ ਪਰਣਾਮ ਕੀਤਾ।
ਡਾਕਟਰ ਨਜ਼ੀਰ ਅਹਿਮਦ (ਗੌਰਮਿੰਟ ਕਾਲਜ ਲਾਹੌਰ ਦੇ ਅਜੋਕੇ ਪ੍ਰਿੰਸੀਪਲ) ਮੈਨੂੰ ਲੈਣ ਲਈ ਯੂਨੀਵਰਸਿਟੀ ਦੀ ਇਕ ਜ਼ਰੂਰੀ ਮੀਟਿੰਗ ਵਿਚੋਂ ਉਠ ਕੇ ਆ ਗਏ ਸਨ। ਉਹਨਾਂ ਦੇ ਰਸੂਖ ਨੇ ਕਸਟਮ, ਪਾਸਪੋਰਟ ਆਦਿ ਦੀਆਂ ਔਖੀਆਂ ਘਾਟੀਆਂ ਮਿੰਟਾਂ ਵਿਚ ਪਾਰ ਕਰਾ ਦਿੱਤੀਆਂ, ਸਗੋਂ ਅਫਸਰਾਂ ਨੇ ਬੜੇ ਆਦਰ ਨਾਲ ਮੈਨੂੰ ਚਾਹ ਵੀ ਪਿਲਾਈ। ਡਾਕਟਰ ਨਜ਼ੀਰ ਅਹਿਮਦ ਬੜੇ ਸੰਤੁਸ਼ਟ ਸਨ ਕਿ ਉਹਨਾਂ ਦੇ ਮਹਿਮਾਨ ਨੂੰ ਸਾਮਾਨ ਸਮੂਨ ਖੋਲ੍ਹਣ ਦੀ ਜ਼ਹਿਮਤ ਨਹੀਂ ਕਰਨੀ ਪਈ, ਪਰ ਮੈਂ ਇਸ ਉਤਾਵਲ ਤੋਂ ਜ਼ਰਾ ਵੀ ਸੰਤੁਸ਼ਟ ਨਹੀਂ ਸਾਂ। ਮੇਰਾ ਦਿਲ ਇਕ ਇਕ ਪਲੇਟਫਾਰਮ ਗਾਹਣ ਦੀਆਂ ਸੱਧਰਾਂ ਲਾਹੁਣ ਲਈ ਕਰ ਰਿਹਾ ਸੀ।
ਸ਼ਾਮ ਦੇ ਚਾਰ ਵਜੇ ਹਨ। ਕਾਫੀ ਚਿਰ ਸੌਂ ਲਿਆ ਹੈ। ਜਿਸਮ ਵਿਚ ਤਾਜ਼ਗੀ ਆ ਗਈ ਹੈ। ਜੀਅ ਕਰਦਾ ਹੈ ਝਟ ਸੜਕਾਂ ‘ਤੇ ਉਠ ਦੌੜਾਂ। ਗੌਰਮਿੰਟ ਕਾਲਜ ਦੇ ਟਾਵਰ ਦੀ ਉਹੋ ਪੁਰਾਣੀ ਘੜੀ ਟਨ-ਟਨ ਕਰਦੀ ਹੈ, ਯਾਰਾਂ ਵਜਾਏ ਸੁ ਸ਼ੈਦ। ਉਹੋ ਪੁਰਾਣੀ ਬੇ-ਪਰਵਾਹੀ ਉਸ ਦੀ, ਜਿਸ ਬਾਰੇ ਤਰ੍ਹਾਂ ਤਰ੍ਹਾਂ ਦੇ ਲਤੀਫੇ ਘੜੇ ਜਾਂਦੇ ਸਨ। ਅਜੀਬ ਝਰਨਾਟਾਂ ਛਿੜਦੀਆਂ ਹਨ ਇਹਦੀ ਟਨ-ਟਨ ਸੁਣ ਕੇ, ਯਾਦਾਂ ਨਹੀਂ ਉਜਾਗਰ ਹੁੰਦੀਆਂ-ਕੇਵਲ ਇਕ ਡੂੰਘਾ ਜਿਹਾ ਟਿਕਾਅ, ਤਸਕੀਨ ਜਿਹੀ, ਜਿਵੇਂ ਕੜਕਦੀ ਧੁੱਪ ਵਿਚ, ਦੂਰ ਦੂਰ ਉਡਾਰੀਆਂ ਮਾਰ ਕੇ ਮੁੜਿਆ ਭੁੱਖਾ ਪਿਆਸਾ ਪੰਛੀ ਆਲ੍ਹਣੇ ਦਾ ਸੁਆਦ ਮਾਣ ਰਿਹਾ ਹੋਵੇ। ਦੂਰੋਂ ਟਾਂਗਿਆਂ ਦੀਆਂ ਟੱਲੀਆਂ, ਕਾਲਜ ਦੇ ਸਾਹਮਣੇ ਫਲ ਵੇਚਣ ਵਾਲਿਆਂ ਦੀਆਂ ਵਾਜਾਂ ।
ਜਿਸ ਬੰਗਲੇ ਵਿਚ ਮੈਂ ਠਹਿਰਿਆ, ਓਸ ਜ਼ਮਾਨੇ ਵਿਚ ਜੀ ਸੋਂਧੀ ਸਾਹਿਬ ਦੀ ਰਿਹਾਇਸ਼-ਗਾਹ ਸੀ। ਉਹੋ ਨਿਮ੍ਹੇ-ਨਿਮ੍ਹੇ ਚਾਨਣ ਵਾਲੇ ਠੰਡੇ ਠੰਡੇ ਕਮਰੇ, ਜਾਲੀਦਾਰ ਦਰਵਾਜ਼ੇ। ਗੁਸਲਖਾਨੇ ਵਿਚ ਤੌਲੀਆਂ ਖਿਲਾਰਨ ਵਾਲਾ ਰੈਕ। ਇਹ ਸਭ  “ਭਵਾਨੀ ਜੰਕਸ਼ਨ” ਫਿਲਮ ਵਿਚ ਬੜੀ ਯਥਾਰਥਕਤਾ ਨਾਲ ਵਿਖਾਇਆ ਗਿਆ ਸੀ। ਭਾਵੇਂ ਫਿਲਮ ਬੜੀ ਘਟੀਆ ਸੀ, ਫੇਰ ਵੀ ਬੰਬਈ ਦੇ ਸਿਨਮਾ-ਹਾਲ ਵਿਚ ਬੈਠਾ, ਅੱਜ ਤੋਂ ਦਸ ਸਾਲ ਪਹਿਲਾਂ, ਮੈਂ ਲਾਹੌਰ ਲਈ ਓਦਰ ਪਿਆ ਸਾਂ।
ਸਾਡੇ ਵੇਲੇ ਇਹਨਾਂ ਬੰਗਲਿਆਂ ਵਿਚ ਵੜਦਿਆਂ ਲੱਤਾਂ ਕੰਬਦੀਆਂ ਹੁੰਦੀਆਂ ਸਨ। ਪ੍ਰੋਫੈਸਰਾਂ ਦਾ ਧਮਾਕੇਦਾਰ ਅੰਗਰੇਜ਼ੀ ਡਰਾਵਾ ਹੁੰਦਾ ਸੀ। ਪਰ ਹੁਣ ਉਹ ਗੱਲ ਬਿਲਕੁਲ ਨਹੀਂ। ਬਾਹਰੋਂ ਘੰਟੀ ਵਜਦਿਆਂ ਸਾਰ ਡਾਕਟਰ ਨਜ਼ੀਰ ਅਹਿਮਦ ਖੁਦ ਦੌੜ ਕੇ ਬਾਹਰ ਜਾਂਦੇ ਹਨ, ਕੋਈ ਦਰਬਾਨ ਨਹੀਂ, ਵਰਦੀ ਵਾਲਾ ਪਹਿਰੇਦਾਰ ਨਹੀਂ। ਨਜ਼ੀਰ ਸਾਹਿਬ ਨੇ ਮੈਨੂੰ ਆਪਣਾ ਸੌਣ ਵਾਲਾ ਕਮਰਾ ਦੇ ਦਿਤਾ ਹੈ। ਉਸ ਵਿਚ ਕਪੜਿਆਂ ਦੀ ਅਲਮਾਰੀ ਨਾ ਹੋਣ ਦਾ ਉਹਨਾਂ ਨੂੰ ਅਫਸੋਸ ਸੀ। ਕਹਿਣ ਲਗੇ,  “ਯਾਰ, ਮੈਂ ਵਾਰਡਰੋਬ ਨਹੀਂ ਰਖੀ ਹੋਈ, ਤੈਨੂੰ ਤਕਲੀਫ ਹੋਵੇਗੀ ਦਰਅਸਲ ਮੇਰੇ ਕੋਲ ਇਤਲੇ ਕਪੜੇ ਹੀ ਹੈ ਨਹੀਂ। ਐਵੇਂ ਖਾਹਮਖਾਹ ਕੌਣ ਵਖਤ ਪਾਏ। ਜੇ ਤੈਨੂੰ ਲੋੜ ਹੋਵੇ ਤਾਂ ਤਕੱਲਫ ਨਾ ਕਰੀਂ, ਤੈਨੂੰ ਮੰਗਾ ਦਿਆਂਗਾ।” ਕਿਤਨਾ  ਚੰਗਾ ਲਗਿਆ ਸੀ ਮੈਨੂੰ ਇਹ ਸੁਣ ਕੇ। ਗੌਰਮਿੰਟ ਕਾਲਜ ਲਾਹੌਰ ਲਈ ਕਦੇ ਅਜਿਹੇ ਪ੍ਰਿੰਸੀਪਲ ਦੀ ਵੀ ਮੈਂ ਕਲਪਨਾ ਕਰ ਸਕਦਾ ਸਾਂ?
ਡਾਕਟਰ ਨਜ਼ੀਰ ਕਮਰੇ ਵਿਚ ਦਾਖਲ ਹੋਏ ਤੇ ਕਿਹਾ-” ਆਓ ਬਾਹਰ ਲਾਅਨ ਵਿਚ ਬਹਿ ਕੇ ਚਾਹ ਪੀਵੀਏ।” ਉਹਨਾਂ ਦੇ ਅੰਦਾਜ਼ ਵਿਚ ਕੋਈ ਉਚੇਚ ਨਹੀਂ, ਜਿਵੇਂ ਮੇਰੀਆਂ ਖਾਹਸ਼ਾਂ ਨੂੰ ਮੇਰੇ ਬਿਨ-ਆਖੇ ਸਮਝਦੇ ਹੋਣ। ਬਾਹਰ ਲਾਅਨ ਵਿਚ ਜਾ ਬੈਠੇ। ਉਹੋ ਮਖਮਲ ਵਰਗਾ ਘਾਹ, ਸੁਡੌਲ ਪਿੰਡੇ ਵਾਂਗ ਰੱਜੀ-ਪੁਜੀ ਮਿੱਟੀ, ਕਿਆਰੀਆਂ  ਵਿਚ ਮਹਿਕਦੇ ਗੁਲਾਬ ਦੇ ਫੁੱਲ, ਦਰਖਤਾਂ ਦੀਆਂ ਸੰਘਣੀਆਂ ਛਾਵਾਂ। ਮੈਂ ਭਲਾ ਕਿਵੇਂ ਭੁੱਲ ਗਿਆ ਕਿ ਪਿੰਡੀਓਂ ਲਾਹੌਰ ਆ ਕੇ ਮੇਰੀ ਆਤਮਾ ਨੇ ਪਹਿਲੀ ਵਾਰ ਮੋਕਲਾਪਨ ਅਨੁਭਵ ਕੀਤਾ ਸੀ। ਜਿਵੇਂ ਬਹਾਨੇ ਪਾ ਪਾ ਕੇ ਮੈਂ ਲਾਹੌਰ ਨਠ ਪੈਂਦਾ ਸਾਂ?”
ਇਕ ਘਟਨਾ ਯਾਦ ਆਈ। ਐਮ. ਏ ਪਾਸ ਕਰਨ ਤੋਂ ਬਾਅਦ ਪਿੰਡੀ ਆਪਣੇ ਪਿਤਾ ਜੀ ਜੀ ਸਰਪ੍ਰਸਤੀ ਵਿਚ ਕਪੜੇ ਦਾ ਵਪਾਰ ਕਰਦਾ ਸਾਂ। ਨਵੀਂ ਨਵੀਂ ਮੇਰੀ ਸ਼ਾਦੀ ਹੋਈ ਸੀ। ਮੇਰਾ ਭਰਾ ਭੀਸ਼ਮ ਅਜੇ ਵੀ ਗੌਰਮਿੰਟ ਕਾਲਜ ਵਿਚ ਸੀ, ਐਮ. ਏ ਕਰ ਰਿਹਾ ਸੀ। ਉਹਦਾ ਖਤ ਆਇਆ, “ਕਾਲਜ ਦਾ ਨਵਾਂ ਡਰਾਮਾ ਅਗਲੇ ਸ਼ਨੀਵਾਰ ਤੇ ਐਤਵਾਰ ਖੇਡਿਆ ਜਾ ਰਿਹਾ ਹੈ, ਮੈਂ ਵੀ ਹਿੱਸਾ ਲੈ ਰਿਹਾਂ। ਜ਼ਰੂਰ ਆਓ ਵੇਖਣ।” ਪਿਤਾ ਜੀ ਮੈਨੂੰ ਅੱਥਰਾ ਢੱਗਾ ਸਮਝ ਕੇ ਜ਼ਰਾ ਕੱਸ ਕੇ ਕਿੱਲੇ ਨਾਲ ਬੰਨ੍ਹਦੇ ਸਨ। ਉਹਨਾਂ ਤੋਂ ਮੰਗਿਆਂ ਇਜਾਜ਼ਤ ਮਿਲਣੀ ਨਾਮੁਮਕਨ ਵੇਖ ਕੇ ਮੈਂ ਸ਼ਨੀਚਰ ਦੀ ਦੁਪਹਿਰ ਇਕ ਖਤ ਲਿਖ ਕੇ ਉਹਨਾਂ ਦੀ ਮੇਜ਼ ਤੇ ਰਖ ਦਿੱਤਾ, ਜਿਸ ਦਾ ਲਬੋਲੁਬਾਬ ਸੀ ਕਿ ਜਿਵੇਂ ਸਰਕਾਰੀ ਦਫਤਰਾਂ ਵਿਚ ਸ਼ਨੀਚਰ ਦਾ ਅੱਧਾ ਦਿਨ ਤੇ ਐਤਵਾਰ ਦਾ ਪੂਰਾ ਦਿਨ ਛੁੱਟੀ ਹੁੰਦੀ ਹੈ, ਏਸੇ ਤਰ੍ਹਾਂ ਵਪਾਰੀ ਦਫਤਰਾਂ ਵਿਚ ਵੀ ਹੋਣੀ ਚਾਹੀਦੀ ਹੈ, ਤੇ ਬੰਦਾ ਛੁੱਟੀ ਕਿਵੇਂ ਗੁਜ਼ਾਰੇ ਇਹ ਵੀ ਉਸ ਦੀ ਮਨ-ਮਰਜ਼ੀ ‘ਤੇ ਨਿਰਭਰ ਹੋਣਾ ਚਾਹੀਦਾ ਹੈ, ਅਤੇ ਹੇਸ ਅਸੂਲ ਦੇ ਮਾਤਹਿਤ ਮੈਂ ਆਪਣੀ ਬੀਵੀ ਨੂੰ ਨਾਲ ਲੈ ਕੇ “ਵੀਕਐਂਡ” ਲਹੀ ਲਾਹੌਰ ਜਾ ਰਿਹਾਂ, ਸੋਮਵਾਰ ਸਵੇਰੇ ਡਿਊਟੀ ‘ਤੇ ਹਾਜ਼ਰ ਹੋ ਜਾਵਾਂਗਾ।
ਮੈਨੂੰ ਪਤਾ ਸੀ ਪਿਛੋਂ ਘਰ ਵਿਚ ਖੂਬ ਰੌਲਾ ਪਵੇਗਾ। ਪੁੱਤਰ ਦਾ ਇਜ਼ਾਜ਼ਤ ਲਏ ਬਿਨ੍ਹਾਂ ਜਾਣਾ ਮਾਫ ਕੀਤਾ ਜਾ ਸਕਦਾ ਹੈ, ਪਰ ਨੂੰਹ ਦਾ ਕਦੇ ਨਹੀਂ। ਪਰ ਦੋਵੇਂ ਅਲੜ੍ਹ ਸਾਂ। ਵਾਪਸ ਆ ਕੇ ਵੇਖਿਆ ਜਾਵੇਗਾ। ਦੋ ਪਈਆਂ ਵਿੱਸਰ ਗਈਆਂ, ਯਾਰਾਂ ਦੀਆਂ ਦੂਰ ਬਲਾਈਂ।
ਲਾਹੌਰ ਪੁਜਾ ਡਰਾਮਾ ਵੇਖਿਆ, ਬੜੀਆਂ ਐਸਾਂ ਕੀਤੀਆਂ। ਦੂਜੀ ਰਾਤ ਬਾਕੀ  ਦੇ ਪੈਸਿਆਂ ਨਾਲ ਦੋ ਥਰਡ ਕਲਾਸ ਦੀਆਂ ਟਿਕਟਾਂ ਖਰੀਦੀਆਂ। ਬਾਰਾਂ ਵਜੇ ਦੀ ਗੱਡੀ ਚੜ੍ਹੇ। ਭੀੜ ਬਹੁਤ ਸੀ। ਦਮੋ ਨੂੰ ਵਖਰੇ ਜ਼ਨਾਨੇ ਡੱਬੇ ਵਿਚ ਬਿਠਾਇਆ। ਰਾਤ ਸਾਰੀ ਮੈਂ ਉਹਦੀ ਸੁਰਤ ਸੋਝੀ ਨਾ ਕਰ ਸਕਿਆ, ਹਾਲਾਂਕਿ ਨਵੇਂ ਪਤੀ ਨੂੰ ਆਪਣੀਆਂ ਜ਼ਿਮੇਵਾਰੀਆਂ ਦਾ ਅਹਿਸਾਸ ਬਹੁਤ ਹੁੰਦੈ! ਸਵੇਰੇ ਜ਼ਰਾ ਚਿਰਾਕੇ ਅੱਖ ਖੁਲ੍ਹੀ ਤੇ ਅਗਲਾ ਸਟੇਸ਼ਨ ਆਉਂਦਿਆਂ ਹੀ ਮੈਂ ਜ਼ਨਾਨੇ ਡੱਬੇ ਵਲ ਤੁਰ ਪਿਆ। ਪਰ ਓਥੇ ਜਾ ਕੇ ਵੇਖਿਆ, ਡੱਬਾ ਖਾਲ-ਮਖਾਲੀ। ਇਕ ਬੁੱਢੀ ਤੀਵੀਂ ਬੈਠੀ ਸੀ। ਉਸ ਅੱਗੇ ਮੈਂ ਦਮੋ ਦਾ ਸਾਰਾ ਹੁਲੀਆ ਬਿਆਨ ਕੀਤਾ, ਪਰ ਉਸ ਨੇ ਤਾਂ ਉਹੋ ਜਿਹੀ ਕਿਸੇ ਕੁੜੀ ਨੂੰ ਵੇਖਿਆ ਨਹੀਂ ਸੀ। ਮੇਰੀਆਂ ਅੱਖਾਂ ਅਗੇ ਸਰ੍ਹੋਂ ਫੁਲ ਪਈ। ਛੋਟਾ ਜਿਹਾ ਸਟੇਸ਼ਨ ਸੀ। ਗੱਡੀ ਝਟ ਤੁਰ ਪਈ, ਤੇ ਮੈਂ ਬੇਹੋਸ਼ੀ ਜਿਹੀ ਦੀ ਹਾਲਤ ਵਿਚ ਫੇਰ ਆਪਣੇ ਡੱਬੇ ਵਿਚ ਸੁਆਰ ਹੋ ਗਿਆ। ਅਗਲੇ ਸਟੇਸ਼ਨ ਤੀਕ ਜੋ ਮੇਰਾ ਹਾਲ ਹੋਇਆ ਰੱਬ ਕਿਸੇ ਨੂੰ ਨਾ ਵਿਖਾਏ। ਮੈਨੂੰ ਕੀ ਮੌਤ ਪਈ ਸੀ ਉਹਨੂੰ ਅਲੱਗ ਡੱਬੇ ਵਿਚ ਬਿਠਾਲਣ ਦੀ? ਖੌਰੇ ਕੀ ਵਾਪਰ ਗਿਆ? ਇਕ ਵਾਰੀ ਗੁਆਚੀ ਹੋਈ ਨੇ ਫੇਰ ਕਿਥੇ ਲਭਣੈ? ਮਜ਼ਲੂਮ ਦੀ ਕਾਨੂੰਨ ਦੇ ਅੱਗੇ ਵੀ ਤਾਂ ਕੋਈ ਸੁਣਵਾਈ ਨਹੀਂ। ਕਿਸੇ ਨੇ ਸਾਥ ਨਹੀਂ ਦੇਣਾ। ਹੁਣ ਮੈਂ ਘਰ ਜਾ ਕੇ ਕੀ ਮੂੰਹ ਵਿਖਾਵਾਂਗਾ? ਸਾਰਾ ਸ਼ਹਿਰ ਉਲਟਾ ਮੈਨੂੰ ਹੀ ਫਿਟਕਾਰੇਗਾ। ਫਲ ਮਿਲ ਗਿਆ ਫੈਸ਼ਨ ਪਿੱਟਿਆਂ ਨੂੰ, ਏਨੀ ਅੱਤ ਜੋ ਚਾਈ ਹੋਈ ਸੀ। ਸੁਰੱਖਿਅਤਾ ਤੇ ਬੇ-ਫਿਕਰੀ ਸਾਡੇ ਦੇਸ਼ ਵਿਚ ਕਿਤਨੀ ਛਿਣ-ਭੰਗਰ ਚੀਜ਼ ਸੀ, ਇਹਦਾ ਮੈਨੂੰ ਪਹਿਲੀ ਵਾਰ ਅਹਿਸਾਸ ਤੇ ਉਹ ਵੀ ਬਦ-ਕਿਸਮਤੀ ਨਾਲ ਜੇ ਕੋਈ ਗਲਤ ਕਦਮ ਚੁਕ ਲੈਣ ਤਾਂ ਕਾਲੀ ਰੰਗਤ ਦੇ ਹੋਣ ਦੀ ਪੂਰੀ ਸਜ਼ਾ ਉਹਨਾਂ ਨੂੰ ਵੀ ਭੁਗਤਣੀ ਪਏਗੀ। ਆਸਰਾ ਨਹੀਂ, ਸਹਾਰਾ ਨਹੀਂ, ਪੁੱਛ ਪਰਤੀਤ ਨਹੀਂ। ਇਨਸਾਨ ਦੀ ਵੁਕਅੱਤ ਇਕ ਕੀੜੇ ਮਕੌੜੇ ਤੁਲ ਵੀ ਨਹੀਂ ਸੀ।
ਨੀਮ-ਮੁਰਦਾ ਜਿਹਾ ਅਗਲੇ ਸਟੇਸ਼ਨ ਤੇ ਫੇਰ ਦੌੜ ਪਿਆ। ਪਤਾ ਲਗਿਆ ਗੱਡੀ ਦੇ ਅੱਗਲੇ ਹਿੱਸੇ ਇਕ ਹੋਰ ਜ਼ਨਾਨਾ ਡੱਬਾ ਵੀ ਹੈ। ਉਸ ਤੀਕ ਪੁਜਿਆ। ਬਾਰੀ ਵਿਚ ਦਮੋ ਪਿੰਡੀ ਨੂੰ ਉਡੀਕਦੀ ਬਣੀ-ਸੰਵਰੀ ਨਿਸਚਿੰਤ ਬੈਠੀ ਸੀ! ਮੈਨੂੰ ਬੇਹਾਲ ਵੇਖ ਕੇ ਬੜੀ ਹੈਰਾਨ ਹੋਈ ਤੇ ਹੱਸੀ। ਰਾਤੀਂ ਡੱਬਾਂ ਖਾਲੀ ਹੁੰਦਾ ਵੇਖ ਕੇ ਉਹ ਇਕ ਦੋ ਹੋਰ ਤੀਵੀਆਂ ਨਾਲ ਇਸ ਦੂਜੇ ਡੱਬੇ ਵਿਚ ਆ ਗਈ ਸੀ। ਜਿਤਨੀ ਛੇਤੀ ਦੁਨੀਆਂ ਗੁਆਚੀਂ ਉਤਨੀ ਛੇਤੀ ਲਭ ਵੀ ਗਈ। ਪਰ ਅਗੋਂ ਲਈ ਮੈਂ ਅਵੱਲੀਆਂ ਅਵਾਰਾ-ਗਰਦੀਆਂ ਤੋਂ ਤੌਬਾ ਕਰ ਲਈ, ਉਸ ਹੌਲ ਨੂੰ ਮੈਂ ਕਦੇ ਨਹੀਂ ਭੁਲਾ ਸਕਿਆ
ਕੀ ਹੁਣ ਵੀ ਪਿੰਡੀ ਤੇ ਲਾਹੌਰ ਦੀ ਜਨਤਾ ਲਈ ਸੁਰੱਖਿਅਤਾ ਕੇਵਲ ਬਾ-ਰਸੂਖ ਤੇ ਪਹੁੰਚਾਂ ਵਾਲੇ ਲੋਕਾਂ ਨੂੰ ਹੀ ਨਸੀਬ ਹੈ? ਮੇਰੇ ਆਪਣੇ ਦੇਸ਼ ਹਿੰਦੁਸਤਾਨ ਵਿਚ ਕੀ ਹਾਲ ਹੈ? ਸਾਧਾਰਨ ਜਨਤਾ ਇਸ ਆਜ਼ਾਦੀ ਦੇ ਦੌਰ ਵਿਚ ਵੀ ਕਿਤੇ ਅਨਾਥ ਹੀ ਤਾਂ ਨਹੀਂ?
ਮੋਟਰ ਵਿਚ ਬਹਿ ਕੇ ਅਸੀਂ ਸੈਰ ਲਈ ਨਿਕਲੇ। ਜ਼ਿਲਾ ਕਚਹਿਰੀ ਵਾਲੇ ਮੋੜ ਤੋਂ ਰਾਵੀ ਰੋਡ ‘ਤੇ ਪੈ ਗਏ। ਗੌਰਮਿੰਟ ਕਾਲਜ ਦੇ ਫਾਟਕ ਕੋਲ ਇਕ ਮੀਲ-ਪੱਥਰ ਹੁੰਦਾ ਸੀ। ਨਿਊ ਹੋਸਟਲ ਤੋਂ ਸੜਕ ਪਾਰ ਕਰ ਕੇ ਕਾਲਜ ਜਾਂਦਿਆਂ ਮੈਂ ਆਪਮੁਹਾਰੇ ਉਸ ਵਲ ਨਜ਼ਰ ਮਾਰ ਕੇ ਲੰਘਦਾ ਹੁੰਦਾ ਸਾਂ:- “ਰਾਵਲਪਿੰਡੀ-178 ਮੀਲ, ਗੁਜਰਾਂਵਾਲਾ-38 ਮੀਲ, ਜਿਹਲਮ-118 ਮੀਲ।” ਹੁਣ ਇਸ ਮੀਲ-ਪੱਥਰ ਦਾ ਸ਼ਰੀਰ ਵੱਧ ਕੇ ਚੌਣਾ ਹੋ ਗਿਆ ਹੈ ਤੇ ਹੋਰ ਵੀ ਕਿਤਨੇ ਫਾਸਲਿਆਂ ਦੀ ਤਫਸੀਲ ਲਿਖੀ ਹੋਈ ਹੈ:- ਕਰਾਚੀ-897 ਮੀਲ, ਮੁਲਤਾਨ-263 ਔਹ ਲੰਘ ਗਈ ਸੈਂਟਰਲ ਟ੍ਰੇਨਿੰਗ ਕਾਲਜ ਵਲ ਜਾਂਦੀ ਸੜਕ। ਇਸੇ ਪਾਸੇ ਰੈਟੀਗਨ ਰੋਡ ਤੇ ਮੇਰੇ ਫੁੱਫੜ ਜੀ ਦਾ ਘਰ ਸੀ ਉਹਨਾਂ ਦੇ ਲਾਗੇ ਪ੍ਰੋਫੈਸਰ ਰੁਚੀਰਾਮ ਸਾਹਨੀ ਰਹਿੰਦੇ ਸਨ। ਇਕ ਸ਼ੈਦ ਪਾਰਸੀਆਂ ਦਾ ਮੰਦਰ ਵੀ ਸੀ, ਜਿਦੇ ਨਾਲ ਦੀ ਗਲੀ ਵਿਚੋਂ ਲੰਘ ਕੇ ਪ੍ਰੋਫੈਸਰ ਗੁਲਬਹਾਰ ਸਿੰਘ ਅਤੇ ਪ੍ਰੋਫੈਸਰ ਮਦਨ ਗੋਪਾਲ ਸਿੰਘ ਦੇ ਘਰ ਜਾਈਦਾ ਸੀ। ਅਹਿ ਭਾਈ ਵਲੋਂ ਆਉਂਦੀ ਸੜਕ ਰਲ ਗਈ। ਔਹ ‘ਗੁਰੂਦੱਤ ਭਵਨ’ ਆ ਗਿਆ, ਵੇਖਾਂ ਤਾਂ ਸਹੀ ਹੁਣ ਇਥੇ ਕੀ ਬੋਰਡ ਲਗਾ ਹੋਇਐ ?ਡਰਾਈਵਰ ਮੋਟਰ ਨੂੰ ਇਤਨਾ ਤੇਜ਼ ਕਿਉਂ ਦੁੜਾਈ ਜਾਂਦਾ ਹੈ?
ਕਾਲਜ ਦੇ ਜ਼ਮਾਨੇ ਵਿਚ ਰਾਵੀ ਰੋਡ ਦੀ ਸੈਰ ਸਾਈਕਲ ਜਾਂ ਟਾਂਗਿਆਂ ਤੇ ਕਰੀਦੀ ਸੀ। ਅਜ ਇਹ ਮੋਟਰ ਬੇ-ਰਹਿਮੀ ਨਾਲ ਜ਼ਿਹਨ ਵਿਚ ਜੁਗਰਾਫੀਆ ਬਦਲਦੀ ਜਾ ਰਹੀ ਹੈ। ਜਿਹੜੀਆਂ ਥਾਵਾਂ ਮੇਰੀ ਕਲਪਨਾ ਵਿਚ ਦੂਰ ਦੂਰ ਸਨ ਉਹ ਚੱਪੇ ਚੱਪੇ ਦੀ ਵਿਥ ਤੇ ਗਈਆਂ ਹਨ। ਅੱਖ ਦੇ ਫੇਰ ਵਿਚ ਜਾਮਾ ਮਸਜਿਦ ਦੇ ਆਲੀਸ਼ਾਨ ਗੁੰਬਦ ਦਿਸ ਪਏ, ਫੇਰ ਮਿੰਟੋ ਪਾਰਕ। ਇਹਨੂੰ ਹੁਣ ਮੁਹੰਮਦ ਇਕਬਾਲ ਪਾਰਕ ਕਹਿੰਦੇ ਨੇ। ਲਾਹੌਰ ਦੀ ਤਸਵੀਰ ਇਕ ਦਮ ਸਰਲ ਤੇ ਸੰਖੇਪ ਹੋ ਗਈ। ਗੋਲ ਬਾਗ ਦੀ ਗੋਲਾਈ ਬੜੇ ਨੁਮਾਇਸ਼ੀ ਢੰਗ ਨਾਲ ਸ਼ਹਿਰ ਦੇ ਦੁਆਲੇ ਘੁੰਮ ਰਹੀ ਸੀ। ਗੁਰੂ ਅਰਜਨ ਦੇਵ ਜੀ ਦੀ ਸਮਾਧ, ਮਹਾਰਾਜ ਰਣਜੀਤ ਸਿੰਘ ਦੀ ਸਮਾਧ, ਪੁਰਾਣਾ ਕਿਲ੍ਹਾ, ਸਾਰੀਆਂ ਥਾਂਵਾਂ ਦਾ ਮਹੱਲੇ-ਵਕੂਹ ਨਵੇਂ ਸਿਰਿਓਂ ਜ਼ਿਹਨ ਵਿਚ ਬਿਠਾਇਆ। ਭਲਾ ਵਿਦਿਆਰਥੀ ਜੀਵਨ ਵਿਚ ਇਹਨਾਂ ਪਾਸੇ ਆਉਂਦਾ ਕਦੋਂ ਸਾਂ? ਉਦੋਂ ਮੈਂ ਸਾਹਿਬ ਬਹਾਦਰ ਸਾਂ। ਗੋਰਿਆਂ ਵਾਂਗ ਸੋਲਾ ਹੈਟ ਪਾਈ ਮਾਲ ਰੋਡ ਤੇ ਮੈਕਲੋਡ ਰੋਡ ਨੂੰ ਹੀ ਚੰਬੜਿਆਂ ਰਹਿੰਦਾ ਸਾਂ। ਬਹੁਤ ਹੋਇਆ ਕਦੀ ਨਿਰਬਤ ਰੋਡ ਦਾ ਵੀ ਫੇਰਾ ਮਾਰ ਲਿਆ। ਪਰ ਐਤਕੀਂ ਪੱਕਾ ਦੇਸੀ ਆਦਮੀ ਬਣ ਕੇ ਲਾਹੌਰ ਦੀਆਂ ਗਲੀਆਂ ਦੇ ਗੇੜੇ ਲਾਵਾਂਗਾ। ਸ਼ਹਿਰ ਦੀ ਫਸੀਲ ਵਿਚ, ਉੱਚੀ ਜਿਹੀ ਢੱਕੀ ਤੇ ਇਕ ਪੁਰਾਣਾ ਦਰਵਾਜ਼ਾ ਦਿਸਿਆ (ਨਾਂ ਭੁੱਲ ਗਿਆ! ਕਾਬਲੀ ਦਰਵਾਜ਼ਾ?) ਮੈਨੂੰ ਸ਼ਹਿਰ ਵਲ ਹਾਬੜੀਆਂ ਨਜ਼ਰਾਂ ਸੁਟਦਾ ਵੇਖ ਕੇ ਡਾਕਟਰ ਨਜ਼ੀਰ ਨੇ ਤਜਵੀਜ਼ ਪੇਸ਼ ਕੀਤੀ ਕਿ ਏਸ ਦਰਵਾਜ਼ੇ ਦੇ ਪਿਛੇ ਕਰਕੇ, ਇਕ ਤੰਗ ਗਲੀ ਵਿਚ, ਉਹਨਾਂ ਦਾ ਆਬਾਈ ਮਕਾਨ ਹੈ, ਉਥੇ ਇਕ ਰਾਤ ਜਾ ਕੇ ਰਿਹਾ ਜਾਏ। ਕਿਤਨਾ ਖੁਸ਼ ਹੋਇਆ ਮੈਂ! ਪਾਕਿਸਤਾਨ ਆਉਣ ਦਾ ਸਭ ਤੋਂ ਵਡਾ ਲਾਲਚ ਹੀ ਤਾਂ ਮੈਨੂੰ ਇਹੋ ਸੀ। ਰੱਜ ਕੇ ਆਪਣੀ ਪੰਜਾਬੀ ਬੋਲੀ ਸੁਣਾਂ-ਮਾਝੀ, ਲਹਿੰਦੀ, ਪੋਠੋਹਾਰੀ, ਮੇਰੀਆਂ ਆਪਣੀਆਂ ਮਾਤ-ਬੋਲੀਆਂ ਜਿਨ੍ਹਾਂ ਤੋਂ ਮੈਂ ਉਮਰ ਦਾ ਇਤਨਾ ਵਡਾ ਹਿੱਸਾ ਵਿਮੁਖ ਰਹਿ ਕੇ ਬਿਤਾ ਛਡਿਆ ਸੀ। ਕਿਤਨਾ ਵੱਡਾ ਗੁਨਾਹ ਕੀਤਾ ਮੈਂ। ਪਰ ਫੇਰ ਵੀ ਉਹਨਾਂ ਮੈਨੂੰ ਨਹੀਂ ਵਿਸਾਰਿਆ। ਮੈਨੂੰ ਪਛਤਾਂਦਾ ਤੇ ਆਪਣੇ ਵਲ ਪਰਤ ਕੇ ਆਉਂਦਾ ਵੇਖ ਉਹਨਾਂ ਬਾਹਾਂ ਖੋਲ੍ਹ ਕੇ ਮੈਨੂੰ ਗਲ ਨਾਲ ਲਾ ਲਿਆ। ਬੁੱਕਾਂ ਭਰ ਭਰ ਅਣਮੋਲ ਰਤਨ-ਮੋਤੀ ਮੇਰੀਆਂ ਜੇਬਾਂ ਵਿਚ ਭਰਨੇ ਸ਼ੁਰੂ ਕਰ ਦਿਤੇ, ਜਿਵੇਂ ਨਿੱਕਿਆਂ ਹੁੰਦਿਆਂ ਮੇਰੀ ਮਾਂ ਰੇਵੜੀਆਂ, ਪਿੰਨੀਆਂ ਤੇ ਚਲਗੋਜ਼ਿਆਂ ਨਾਲ ਮੇਰੀਆਂ ਜੇਬਾਂ ਭਰਦੀ ਹੁੰਦੀ ਸੀ। ਕਿਤਨੀ ਪਿਆਰੀ ਹੈ ਲਾਹੌਰ ਵਾਲਿਆਂ ਦੀ ਬੋਲੀ। ਏਥੇ ਇਹ ਕਿਤਲੀ ਸਜਰੀ ਸਜਰੀ ਲਗਦੀ ਹੈ ਜਿਵੇਂ ਪੈਲੀਆਂ ਵਿਚ ਲਹਿਲਹਾਂਦੀ ਸੁਨਹਿਰੀ ਸਰ੍ਹੋਂ, ਜਿਵੇਂ ਖੂਹਾਂ ਦੇ ਵਗਦੇ ਪਾਣੀ। ਬੰਬਈ ਵਿਚ ਮੇਰੇ ਅਨੇਕਾਂ ਮਿੱਤਰ ਇਹੋ ਬੋਲੀ ਬੋਲਦੇ ਹਨ, ਪਰ ਉਥੇ ਇਹ ਕੰਨਾਂ ਨੂੰ ਬੇਹੀ ਬੇਹੀ ਜਿਹੀ ਲਗਦੀ ਹੈ।
ਰੇੜ੍ਹਿਆਂ ਜਿਹਾਂ ਅਗੇ ਬਾਂਕੇ ਘੋੜੇ ਜੋਤ ਕੇ ਸ਼ਾਮ ਨੂੰ ਸੈਰ ਲਈ ਨਿਕਲ ਪੈਣਾ ਮਾਝਿਆ ਛੈਲਿਆਂ ਦਾ ਖਾਸ ਸ਼ੌਕ ਹੈ। ਗਲ ਮਲਮਲ ਦਾ ਕੁੜਤਾ, ਜਾਂ ਚਿੱਟੀ ਫਤੂਹੀ ਤੇੜ ਚਾਦਰ, ਹੱਥਾਂ ਵਿਚ ਫੁੱਲਾਂ ਦੇ ਗਜਰੇ। ਕਿਤਨੇ ਹੁਸੀਨ ਗੋਰੇ ਗੋਰੇ, ਤੇ ਸ਼ੁਹਦੇ ਸ਼ੁਹਦੇ ਜਿਹੇ ਚਿਹਰੇ ਹਨ ਇਹਨਾਂ ਦੇ। ਇੰਜ ਝਟ ਲੰਘ ਜਾਂਦੇ ਹਨ ਕੋਲੋਂ (ਦੋਸਤ ਦੀ ਮੋਟਰ ਏ ਨਹੀਂ ਤਾਂ ਗਾਲ੍ਹ ਚਾ ਕਢਾ ਸੁ!) ਔਹ ਲੰਘ ਗਿਆ! ਕਿਤਨਾ ਹੁਸਨ ਦੀ ਮੂਰਤ ਗਭਰੂਟ ਸੀ! ਇਤਨਾ ਸੁਹਣਾ ਆਦਮੀ ਤਾਂ ਘਟ ਹੀ ਦੇਖਿਆ ਹੋਵੇਗਾ ਕਿਤੇ ਦੁਨੀਆਂ ਵਿਚ! ਵਾਰਿਸ ਦੀ ਗੱਲ ਯਾਦ ਆਈ-
“ਨਾਜ਼ਾਂ ਪਾਲਿਆ ਦੁੱਧ ਮਲਾਈਆ ਵੇ।”
ਮਨ ਨੇ ਪਲਟਾ ਖਾਧਾ “ਛਡ ਉਏ ਯਾਰ, ਇਹ ਤਾਂ ਮੁਸਲਮਾਨ ਨੇ, ਗੈਰ-ਮੁਲਕੀ ਨੇ। ਕਿਤਨੇ ਹਿੰਦੂ ਮਾਰੇ ਇਹਨਾਂ, ਕਿਤਨੀਆਂ ਅੱਗਾਂ ਲਾਈਆਂ, ਕਿਤਨੀਆਂ ਤੀਵੀਆਂ ਬੇਇੱਜ਼ਤ ਕੀਤੀਆਂ, ਕਿਵੇਂ ਭੁੱਲ ਗਿਉ ਉਹ ਗੱਲਾਂ?”
“ਆਹੋ! ਚੰਗਾ। ਹੁਣ ਮੈਂ ਗੈਰ ਸਮਝ ਕੇ ਹੀ ਵੇਖਾਂਗਾ ਇਹਨਾਂ ਨੂੰ ਪਰ ਹਾਏ, ਕਰਾਂ ਤਾਂ ਕੀ ਕਰਾਂ? ਇਹ ਫੇਰ ਮੁਸਲਮਾਨ ਨਹੀਂ ਦਿਸਦੇ, ਗੈਰ ਨਹੀਂ ਜਾਪਦੇ। ਜੋ ਕੁਕਰਮ ਜਿਸ ਨੇ ਕੀਤੇ ਆਪੇ ਪਿਆ ਹਿਸਾਬ ਦੇਸੀ ਮੈਨੂੰ ਤਾਂ ਨਹੀਂ ਕਿਸੇ ਮੁਨਸਫ ਬਿਠਾਇਆ?’
ਬਾਗਬਾਨਪੁਰੇ ਚੋਖੀ ਨਵੀਂ ਆਬਾਦੀ ਹੈ। ਸੁਹਣੇ ਸੁਹਣੇ ਤੇ ਪੱਕੇ ਪੱਕੇ ਬੰਗਲੇ, ਆਵਾਜਾਈ ਵੀ ਬਹੁਤ। ਪਰ ਪੁਰਾਣੀ ਵਜ੍ਹਾ ਦੇ ਲਾਹੌਰੀ ਟਾਂਗੇ ਨਹੀਂ ਪਏ ਦਿਸਦੇ। ਡਰਾਈਵਰ ਨੇ ਦਸਿਆ ਹੁਣ ਹਰ ਪਾਸੇ ਪਿਸ਼ਾਵਰੀ ਟਾਂਗੇ ਦਾ ਰਿਵਾਜ ਹੋ ਗਿਆ ਹੈ। ਪਿੰਡੀ ਸਿਰਫ ਤਿੰਨ ਸਵਾਰੀਆਂ ਬਹਿੰਦੀਆਂ ਸਨ, ਏਥੇ ਹਾਲਾਂ ਵੀ ਚਾਰ ਦਾ ਹੀ ਦਸਤੂਰ ਹੈ। ਅਸੀਂ ਪਿੰਡੀ ਵਾਲੇ ਲਾਹੌਰੀ ਟਾਂਗੇ ਨੂੰ ਢਿਚਕੂ ਢਿਚਕੂ ਆਖ ਕੇ ਟਿਚਕਰਾਂ ਕਰਦੇ ਹੁੰਦੇ ਸਾਂ। ਅਖੀਰ ਪਿੰਡੀ ਦੀ ਜਿੱਤ ਹੋਈ ਨਾ? ਬੜੀ ਖੁਸ਼ੀ ਹੋਈ ਸੋਚ ਕੇ। ਪਰ ਦੂਜੇ ਦਿਨ ਮਨ ਵਿਚ ਉਹੋ ਪਲਟਾ “ਤੈਨੂੰ ਕੀ ਲਗੇ ਪਿੰਡੀ ਤੇ ਲਾਹੌਰ ਨਾਲ? ਖਾਹਮਖਾਹ ਪੁਰਾਈ ਛਾਹ ਤੇ ਮੁੱਛਾਂ ਮੁਨਵਾ ਰਿਹਾ ਹੈਂ।’
“ਚੰਗਾ। ਮੈਂ ਬਿਗਾਨਾ ਤੇ ਬਿਗਾਨਾ ਸਹੀ। ਪਰ ਪਿੰਡੀ ਤੇ ਲਾਹੌਰ ਨੂੰ, ਇਥੋਂ ਦਿਆਂ ਟਾਂਗਿਆਂ ਨੂੰ, ਰਜ ਕੇ ਵੇਖਣ ਦੀ ਤਾਂ ਖੁਲ੍ਹ ਹੈ ਨਾ ਮੈਨੂੰ? ਸਲਾਮਤ ਰਹਿਣ ਸਦਾ। ਇਹਨਾਂ ਨੂੰ ਤੱਤੀ ਵਾ ਨਾ ਲਗੇ। ਇਹਨਾਂ ਦੀਆਂ ਮੁਰਾਦਾ ਪੂਰੀਆਂ ਹੋਣ। ਇਹਨਾਂ ਦੇ ਬੱਚੇ ਜੀਣ, 
ਐਹ ਸਿੱਖ ਨੈਸ਼ਨਲ ਕਾਲਜ ਦੀ ਇਮਾਰਤ ਸੀ। ਇਸ ਹਿਸਾਬ ਨਾਲ ਔਹ ਹੋਈ ਨਹਿਰ ਵਲੋਂ ਆਂਦੀ ਸੜਕ। ਆਹੋ ਠੀਕਮੁਗਲਪੁਰੇ ਦਾ ਇੰਜਨੀਅਰਿੰਗ ਕਾਲਜ, ਹੁਣ ਇਹ ਨੂੰ ਯੂਨੀਵਰਸਿਟੀ ਦਾ ਦਰਜਾ ਮਿਲ ਗਿਆ ਹੈ। ਏਥੋਂ ਹੀ ਨੇੜੇ ਪੀਰ ਮੀਆਂ ਮੀਰ ਦਾ ਮਜ਼ਾਰ ਹੈ, ਜਿਸ ਨੇ ਅੰਮ੍ਰਿਤਸਰ ਵਿਚ ਸਿੱਖਾਂ ਦੇ ਸੁਨਹਿਰੀ ਹਰਿਮੰਦਰ ਦਾ ਨੀਂਹ-ਪੱਥਰ ਰਖਿਆ ਸੀ। ਦਾਰਾ ਸ਼ਿਕੋਹ ਦਾ ਗੁਰੂ ਸੀ ਉਹ। ਦਾਰਾ ਸ਼ਿਕੋਹ, ਜਿਸ ਨੇ ਉਪਨਿਸ਼ਦਾਂ ਦੇ ਤਰਜ਼ਮੇ ਫਾਰਸੀ ਵਿਚ ਕਰਾਏ ਸਨ। ਪਰ ਹੁਣ ਅਜਿਹੀਆਂ ਇਤਿਹਾਸਕ ਘਟਨਾਵਾਂ ਦਾ ਕੋਈ ਮਤਲਬ ਨਹੀਂ ਨਿਕਲਦਾ।
ਸ਼ਾਲੀਮਾਰ ਬਾਗ ਜਾ ਪੁਜੇ, ਜਿਥੇ ਪੰਝੀ ਸਾਲ ਹੋਏ ਮੈਂ ਪਹਿਲੀ ਵਾਰ ਸਿਗਰਟ ਫੂਕਿਆ ਸੀ, ਤੇ ਖੰਘ ਖੰਘ ਕੇ ਬੁਰੇ ਹਾਲ ਹੋ ਗਿਆ ਸਾਂ। ਮੈਂ ਤੇ ਇਕ ਮੇਰਾ ਪਿਆਰਾ ਦੋਸਤ ਖਾਹਮਖਾਹ ਸਾਈਕਲਾਂ ਫੜ ਕੇ ਸ਼ਾਲੀਮਾਰ ਵਲ ਟੁਰ ਪੈਂਦੇ ਸਾਂ। ਦਿਲ ਵਿਚ ਦੱਬੀਆਂ ਆਸਾਂ-ਅਜ ਜ਼ਰੂਰ ਕੋਈ ਹੁਸੀਨਾ ਦਿਸੇਗੀ, ਮੇਰੇ ਵਲ ਚਾਅ ਨਾਲ ਵੇਖੇਗੀ। ਫਿਰ ਸਾਡੀ ਦੋਸਤੀ ਹੋ ਜਾਵੇਗੀ, ਜ਼ਿੰਦਗੀ ਵਿਚ ਕੋਈ ਉਨਮਾਦ-ਭਰਿਆ ਝੂਟਾ ਆਵੇਗਾ। ਪਰ ਸ਼ਾਮ ਤੀਕ ਆਸਾਂ ਦੇ ਸਾਰੇ ਮਹਿਲ ਟੁੱਟ-ਫੁਟ ਜਾਂਦੇ। ਸਿਵਾਏ ਨਿਕੰਮੇ ਚੱਕਰ ਮਾਰਨ, ਪਾਟੀਆਂ ਪਾਟੀਆਂ ਅੱਖਾਂ ਨਾਲ ਚੁਪਾਸੀਂ ਘੂਰਨ, ਤੇ ਸਿਗਰਟ ਫੂਕ ਫੂਕ ਕੇ ਜੰਟਲਮੈਨੀ ਵਿਖਾਣ ਦੇ, ਕੁਝ ਹਾਸਲ ਨਾ ਹੁੰਦਾ। ਹਾਂ, ਪਰ ਸਾਈਕਲ ‘ਤੇ ਬਾਰਾਂ ਮੀਲ ਗੇੜੇ ਮਾਰਨ ਨਾਲ ਭੁੱਲ ਜ਼ਰੂਰ ਤੇਜ਼ ਹੋ ਜਾਂਦੀ, ਜਿਸ ਦੇ ਹਲ ਕਰਨ ਲਈ ਕਦੇ ‘ਸਟਿਫਲਜ’ ਤੇ ਕਦੇ ‘ਲੋਰੈਂਗ’ ਵਲ ਟੁਰ ਪੈਂਦੇ। ਉਥੇ ਪੁਜਦਿਆ ਪੁਜਦਿਆਂ ਸੁੱਤੀਆਂ ਹਸਰਤਾਂ ਦੇ ਨਾਗ ਫੇਰ ਟੁਰ ਪੈਂਦੇ। ਖੌਰੇ ਰੈਸਤਰਾਂ ਵਿਚ ਹੀ ਕੋਈ ਰੂਪਮਤੀ ਉਡੀਕ ਰਹੀ ਹੋਵੇ?
ਭਵਿੱਖ ਦਾ ਸੂਰਜ ਹੁਣ ਅਤੀਤ ਦੇ ਪਹਾੜਾਂ ਪਿਛੇ ਜਾ ਡੁੱਬਿਆਂ ਸੀ। ਕੇਵਲ ਹੌਲੇ ਹੌਲੇ ਫਿੱਕੀ ਪੈਂਦੀ ਯਾਦਾਂ ਦੀ ਲਾਲੀ ਆਕਾਸ਼ ਵਿਚ ਰਹਿ ਗਈ ਸੀ। ਕਰ ਗਏ ਰੋਮਾਂਸ ਜਿਹੜੇ ਕਰਨੇ ਸਨ, ਖੇੜ ਲਈਆਂ ਸਭ ਖੇਡਾਂ। ਹੁਣ ਤਾਂ ਬਕੌਲ-ਸ਼ਖਸੇ:
“ਬਾਗੀਚਾ-ਏ ਅਤਫਾਲ ਹੈ ਦੁਨੀਆਂ ਮੇਰੇ ਆਗੇ,
ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆਗੇ।’
ਡਾਕਟਰ ਨਜ਼ੀਰ ਅਹਿਮਦ ਨੇ ਮੈਨੂੰ ਆਪਣੇ ਖਿਆਲਾਂ ‘ਤੇ ਛਡ ਦਿੱਤਾ ਹੈ। ਚਾਹ ਮੰਗਾਂਦੇ ਹਨ। ਚੁੱਪ ਚਾਪ ਸਰੂ ਦੇ ਇਕ ਬੂਟੇ ਹੇਠ, ਘਾਹ ‘ਤੇ ਬੈਠ ਕੇ ਚੁਸਕੀ ਲਾਂਦੇ ਹਾਂ। ਸ਼ਾਮ ਦੀ ਖਾਮੋਸ਼ੀ ਦੀਆਂ ਵਾਜ਼ਾਂ ਸੁਣਦੇ ਹਾਂ। ਰਹਿ ਰਹਿ ਕੇ ਆਪ-ਬੀਤੀਆਂ ਫੁੱਲ-ਝੜੀਆਂ ਵਾਂਗ ਛੁਟ-ਛੁਟ ਪੈਂਦੀਆਂ ਹਨ, ਜਿਵੇਂ ਅਜ ਏਥੇ ‘ਚਿਰਾਂਗਾਂ ਦਾ ਮੇਲਾ’ ਹੋ ਰਿਹਾ ਹੋਵੇ!ਅਖੀਰ ਪਿਆਰ ਹੋਇਆ ਵੀ ਤਾਂ ਸੀ ਇਕ ਕੁੜੀ ਨਾਲ, ਸਾਰੀ ਉਮਰ ਉਸ ਇਕੋ ਦੇ ਨਾਉਂ ਦੀ ਹੀ ਤਾਂ ਮਾਲਾ ਜਪੀ ਸੀ : ਉਸ ਮਹਿਰਾਬਦਾਰ ਦਰਵਾਜ਼ੇ ਦੇ ਦੋਹਾਂ ਪਾਸੇ ਬੜੇ ਨਿੱਕੇ ਨਿੱਕੇ ਥੜਿਆਂ ਉਪਰ ਖਲੋ ਕੇ ਅਸਾਂ ਵਾਰੋ ਵਾਰੀ ਇਕ ਦੂਜੇ ਦੇ ਫੋਟੋ ਖਿੱਚੇ ਸਨਕਿਵੇਂ ਉਹਦੇ ਸਾਰੇ ਪਰਵਾਰ ਨੂੰ ਸ਼ਾਲੀਮਾਰ ਪਿਕਨਿਕ ‘ਤੇ ਚਲਣ ਲਈ ਸਿਰ ਧੜ ਦੀ ਬਾਜ਼ੀ ਲਾ ਕੇ ਪ੍ਰੇਰਦਾ ਸਾਂ ਕਿਤਨੇ ਤਰਲੇ, ਕਿਤਨੀ ਸਿਆਸਤ, ਕਿਤਨੀਆਂ ਸਮਾਜਤਾ”
ਏਸੇ ਦਰਵਾਜ਼ੇ ਵਿਚੋਂ ਕਦੇ ਹੁਮ ਹੁਮਾ ਕੇ ਪਿੰਡਾਂ ਦੇ ਲੋਕ ਚਿਰਾਗਾਂ ਦੇ, ਮੇਲੇ ਦੀਆਂ ਰੌਣਕਾਂ ਵੇਖਣ ਆਉਂਦੇ ਹੋਣਗੇ। ਔਹ, ਉਥੇ ਬਾਦਸ਼ਾਹ ਬੈਠਦਾ ਹੋਵੇਗਾ। ਤਲਾਅ ਦੇ ਐਨ ਵਿਚਕਾਰ, ਦੋਹਾਂ ਕਿਨਾਰਿਆਂ ਤੇ ਬਣੀਆਂ ਬਾਰਾਂਦਰੀਆਂ ਵਿਚੋਂ, ਚਿਰਾਗਾਂ, ਤੇ ਫੁਹਾਰਿਆਂ ਦੀ ਝਿਲਮਿਲ ਵਿਚ ਆਪਣੇ ਜ਼ਰੀ ਲਿਬਾਸਾਂ ਨੂੰ ਗਲਤਾਨ ਕਰਦੇ ਹੋਏ, ਗੀਤਕਾਰ ਤੇ ਨਿਰਤਕ-ਨਰਤਕੀਆਂ ਤੁਰ ਕੇ ਹਜ਼ੂਰ ਅਗੇ ਪੇਸ਼ ਹੁੰਦੇ ਤੇ ਆਪਣਾ ਹੁਨਰ ਵਿਖਾਉਂਦੇ ਹੋਣਗੇ
ਫੇਰ ਮਨ ਵਿਚ ਉਹੋ ਕੁਚੱਜੀਆਂ ਵਾਜਾਂ। ਲਾਹੌਰ ਵਾਲਾ ਸ਼ਾਹਜਹਾਨ ਦਰਅਸਲ ਪਾਕਿਸਤਾਨੀ ਸੀ, ਆਗਰੇ ਵਾਲਾ ਸ਼ਾਹਜਹਾਨ ਹਿੰਦੁਸਤਾਲੀ ਸੀ ਪਰ ਨਹੀਂ ਘੜੀ ਮੁੜੀ ਇਹ ਕਸਕਾਂ ਤੇ ਚੀਸਾਂ ਨਹੀਂ ਉਠਣ ਦੇਣੀਆਂ ਚਾਹੀਦੀਆਂ। ਸਿਆਸਤ ਦੀਆਂ ਪੇਚੀਦਗੀਆਂ ਨਾਲ ਮੇਰਾ ਕੀ ਵਾਹ? ਮੈਂ ਇਕ ਮਹਿਮਾਨ ਸਾਂ, ਡਾਕਟਰ ਨਜ਼ੀਰ ਮੇਰੇ ਮੇਜ਼ਬਾਨ ਸਨ। ਇਹੋ ਜਿਹੇ ਸਵਾਲ ਦਿਲ ਵਿਚ ਉਠਾਣੇ ਹੀ ਸ਼ਾਇਸਤਗੀ ਤੋਂ ਬਾਹਰ ਦੀ ਗੱਲ ਹੈ। ਭਾਵੇਂ ਕਿਤਨਾ ਵੀ ਪਿਆਰ ਕਿਉਂ ਨਾ ਹੋਵੇ ਮੈਨੂੰ, ਫੇਰ ਵੀ ਹੁਣ ਇਹ ਪਰਾਇਆ ਸ਼ਾਲੀਮਾਰ ਹੈ। ਏਸੇ ਹਿਸਾਬ ਨਾਲ ਡਾਕਟਰ ਨਜ਼ੀਰ ਵੀ ਪਰਾਏ ਹਨ। ਪਰ ਕਿਉਂ ਬਾਰ ਬਾਰ ਉਹਨਾਂ ਤੋਂ ਪੁੱਛਣ ਨੂੰ ਜੀਅ ਕਰਦੈ, ‘ਨਜ਼ੀਰ ਸਾਹਿਬ, ਤੁਹਾਡੀ ਮੇਰੀ ਮੁਲਾਕਾਤ ਬਹੁਤ ਪੁਰਾਣੀਂ ਨਹੀਂ। ਪਿਛਲੇ ਸਾਲ ਤੁਸੀਂ ਬੰਬਈ ਆਏ ਤੇ ਮੈਂ ਤੁਹਾਨੂੰ ਮਿਲਿਆ, ਬਸ। ਫੇਰ ਤੁਹਾਡੇ ਕੋਲ ਬਹਿ ਕੇ ਮੈਨੂੰ ਇਤਨਾ ਸਕੂਨ, ਇਤਨਾ ਸਬਰ ਕਿਉਂ ਨਸੀਬ ਹੁੰਦੈ, ਜੋ ਬੰਬਈ ਵਿਚ ਮੇਰੇ ਲਈ ਨਾਯਾਬ ਹੈ?’ ਅਜੇ ਨਹੀਂ, ਪਰ ਪੁੱਛਾਂਗਾ ਜ਼ਰੂਰ। ਡਾਕਟਰ ਨਜ਼ੀਰ ਅਹਿਮਦ ਇਕ ਗੈਰ-ਮਾਮੂਲੀ ਇਨਸਾਨ ਹੈ ਬਿਨ੍ਹਾਂ ਸ਼ੱਕ!
ਮੁੜ ਬਾਹਰ ਆ ਕੇ ਮੋਟਰ ਵਿਚ ਬਹਿਣ ਵੇਲੇ ਇਕ ਅਧਖੜ ਜਿਹੀ ਮੰਗਤੀ, ਉਂਗਲ ਨਾਲ ਅੱਠਾਂ ਕੁ ਵਰ੍ਹਿਆਂ ਦੀ ਬਾਲੜੀ, ਅਤਿ-ਮੈਲੇ ਫਟੇ ਪੁਰਾਣੇ ਕਪੜੇ ਹਥ ਅਡ ਕੇ ਲਿਲਕਾਂ ਭੱਨਦੀ ‘ਵੀਰਾ ਜੀਉਂਦਾ ਰਹੇ, ਕਦੇ ਤੱਤੀ ਹਵਾ ਨਾ ਲਗੇ। ਅੱਲਾ ਤੇਰੀਆਂ ਮੁਰਾਦਾਂ ਪੂਰੀਆਂ ਕਰੇ, ਇਕਬਾਲ ਵਡੇ ਕਰੇ, ਤੇਰੇ ਬੱਚੇ ਜੀਣ”
ਕਿਉਂ ਚੋ ਚੋ ਪੈਦੀਆਂ ਹਨ ਚੰਦਰੀਆਂ ਅੱਖੀਆਂ। ਇਹ ਤੀਵੀਂ ਮੇਰੀ ਕੀ ਲਗਦੀ ਏ? ਉਹ ਪਾਕਿਸਤਾਨੀ, ਮੈਂ ਹਿੰਦੁਸਤਾਨੀ ।


2
گڈی رکی۔ میں باری وچوں جھات مار کے لاہور سٹیشن دیاں برجیاں ول ویکھیا۔
مینوں لاہور کدے وی بہتا یاد نہیں سی آؤندا۔ بہتا کر کے پنڈی لئی جی تڑپھدا سی۔ اس دے کئی کارن سن۔ اک تاں میں بچپن توں دس-حدے تے پہاڑ ویکھن دا عادی ساں۔ جدوں پنڈی چھڈ کے گورمنٹ کالج، لاہور دے نیو ہوسٹل وچ آ ڈٹیا تاں اوہدے کوٹھے توں کسے پاسے کوئی پہاڑ نہ ویکھ کے مینوں انج جاپیا جویں قدرت دے کسے بہت وڈے نیم دا النگھن ہو گیا ہووے۔ اوہ گھبراہٹ مینوں ویکھ تک نہیں بھلی۔
دوجے، گرمیاں وچ لاہور دی ہنیری تے سردیاں وچ دھوآں میرے لئی نرک دا روپ سن۔ ساڈے پنڈی جھٹ دا جھٹ ہنیری-جھکھڑ جھلدا تے پھیر پانی ورھن لگ پیندا۔مطلع صاف شفاف ہو جاندا تے باریاں بوہے بھجن دی اوجھڑ وی چنگی لگن لگ پیندی۔ راتاں ٹھنڈھیاں ہو جاندیاں۔
ایہدے الٹ، لاہور وچ اک واری غبار اٹھ پئے تاں کتنے کتنے دن ساہ لینا وی اوکھا ہو جاندا سی۔ اک سویر نیو ہوسٹل دی چھت توں بسترا گول کر کے جدوں ہیٹھاں اپنے کیوبیکل وچ آیا تاں شیشے وچ اپنا منہ ویکھ کے ڈر گیا، کالا چواتی ہویا پیا سی۔ تے انجھ سردیاں وچ دھویں نا ل صرف اکھیاں ہی نہیں سگوں، سریر دیاں ہڈیاں وی سڑو سڑو کرن لگ پیندیا ںسن۔
پھیر، پنڈی اک چھوٹا شہر سی۔ انگریزی راج دیاں کٹل-نیتیاں، لوک-جیون اپر پوری طرحاں حاوی نہیں سن ہوئیاں۔ مہلداریاں تے برادریاں دے میل-ملاپ قایم سن۔ دوستیاں وچ خلوص تے مٹھاس سی۔ شرافت تے نرمانتا دی قدر سی۔ فرقو پنے دا زہریلہ بوٹا ودھ ضرور رہا سی، پر مضبوط حالی نہیں سی ہویا۔ پر لاہور وڈا وچکارلا شہر ہون کرکے نویں فیشن دی تہذیب ” دے رنگ وچ رنگیا جا چکیا سی۔ ایتھے پیسے تے رسوخ دے آدرشاں نے پرانے ڈھنگ دیاں وضع داریاں سبھ ختم کر دتیاں سن۔ ہورا مار کے اگے ودھن لئی سبھ طرحاں دے حیلے، مندے تے چنگے، جائز قبول کیتے جا چکے سن۔لاہور وچ حد درجے دا کوراپن آ چکیا سی، تے سٹوڈنٹ دی زندگی اپر وی اس دا قدرتی طور ‘تے اثر سی۔ کھیڈاں وچ تے پڑھائی وچ، کی سبھ پاسے گجھیاں چالاں چلیاں جاندیاں سن، جو مفل توں آئے منڈیاں لئی انوکھیاں تے بھندلاؤ سن۔ فرقو کھچوتان اتنی تیزی نال ودھ رہی سی کہ آؤن والے ویلے دیاں بھیانک ہونیاں دا آکار صاف دکھائی دے جاندا سی۔
مطلب ایہہ کہ لاہور دی رنگین کالجیئیٹ زندگی دے بھرپور سواد ماندیاں ہویاں وی میں اس دے بیتھوھے-پنتھوھے دے احساس توں کدے مکت نہیں ساں ہو سکیا۔ اک خلاء جیہا میں ہمیشہ محسوس کردا رہندا ساں، جہناں کارن نہ تاں میں سمجھدا ساں تے نہ مینوں کوئی سمجھن والا سی۔ میں سوچدا ساں شاید لاہور دے پانی وچ ہی کوئی نقص ہووےگا۔ میں لاہور نوں اپنا کدے نہیں ساں آکھ سکیا۔ پر اج لاہور سٹیشن دے گیروے برج ویکھ کے خورے مینوں کی ہو گیا؟ انجھ جاپیا جویں اوہناں لئی میری روح جگاں جگاں توں ترس رہی سی۔ اندر دے کسے دبے سومیں وچوں پیار تے آدر فٹ پیا۔ فٹ بورڈ توں پیر ہیٹھاں لاہن توں پہلاں میں ہتھ نال دھرت نوں چھوہ کے پرنام کیتا۔
ڈاکٹر نظیر احمد (گورمنٹ کالج لاہور دے اجوکے پرنسپل) مینوں لین لئی یونیورسٹی دی اک ضروری میٹنگ وچوں اٹھ کے آ گئے سن۔ اوہناں دے رسوخ نے کسٹم، پاسپورٹ آدی دیاں اوکھیاں گھاٹیاں منٹاں وچ پار کرا دتیاں، سگوں افسراں نے بڑے آدر نال مینوں چاہ وی پلائی۔ ڈاکٹر نظیر احمد بڑے خوش سن کہ اوہناں دے مہمان نوں سامان سمون کھولن دی زحمت نہیں کرنی پئی، پر میں اس اتاول توں ذرا وی خوش نہیں ساں۔ میرا دل اک اک پلیٹ فارم گاہن دیاں سدھراں لاہن لئی کر رہا سی۔
شام دے چار وجے ہن۔ کافی چر سوں لیا ہے۔ جسم وچ تازگی آ گئی ہے۔ جی کردا ہے جھٹ سڑکاں ‘تے اٹھ دوڑاں۔ گورمنٹ کالج دے ٹاور دی اوہو پرانی گھڑی ٹن-ٹن کردی ہے، یاراں وجائے سو شید۔ اوہو پرانی بے-پرواہی اس دی، جس بارے طرحاں طرحاں دے لطیفے گھڑے جاندے سن۔ عجیب جھرناٹاں چھڑدیاں ہن ایہدی ٹن-ٹن سن کے، یاداں نہیں اجاگر ہندیاں-کیولیاں اک ڈونگھا جیہا ٹکاء ، تسکین جہی، جویں کڑکدی دھپّ وچ، دور دور اڈاریاں مار کے مڑیا بھکھا پیاسا پنچھی آلھنے دا سواد مان رہا ہووے۔ دوروں ٹانگیاں دیاں ٹلیاں، کالج دے ساہمنے پھل ویچن والیاں دیاں واجاں۔
جس بنگلے وچ میں ٹھہریا، اوس زمانے وچ جی سوندھی صاحب دی رہائش گاہ سی۔ اوہو نمھے-نمھے چانن والے ٹھنڈے ٹھنڈے کمرے، جالیدار دروازے۔ غسل خانے وچ تولیاں کھلارن والا ریک۔ ایہہ سبھ بھوانی جنکشن” فلم وچ بڑی یتھارتھکتا نال وکھایا گیا سی۔ بھاویں فلم بڑی گھٹیا سی، پھیر وی بمبئی دے سنما-ہال وچ بیٹھا، اج توں دس سال پہلاں، میں لاہور لئی اودر پیا ساں۔
ساڈے ویلے ایہناں بنگلیاں وچ وڑدیاں لتاں کمبدیاں ہندیاں سن۔ پروفیسراں دا دھماکیدار انگریزی ڈراوا ہندا سی۔ پر ہن اوہ گلّ بالکل نہیں۔ باہروں گھنٹی وجدیاں سار ڈاکٹر نظیر احمد خود دوڑ کے باہر جاندے ہن، کوئی دربان نہیں، وردی والا پہریدار نہیں۔ نذیر صاحب نے مینوں اپنا سون والا کمرہ دے دتا ہے۔ اس وچ کپڑیاں دی الماری نہ ہون دا اوہناں نوں افسوس سی۔ کہن لگے، یار، میں وارڈروب نہیں رکھی ہوئی، تینوں تکلیف ہوویگی دراصل میرے کول اتنے کپڑے ہی ہے نہیں۔ ایویں خواہ مخواہ کون وخت پائے۔ جے تینوں لوڑ ہووے تاں تکلف نہ کریں، تینوں منگا دیاںگا۔” کتنا چنگا لگیا سی مینوں ایہہ سن کے۔ گورمنٹ کالج لاہور لئی کدے اجیہے پرنسپل دی وی میں کلپنا کر سکدا ساں؟
ڈاکٹر نذیر کمرے وچ داخل ہوئے تے کیہا-آؤ باہر لائن وچ بہہ کے چاہ پیویئے۔” اوہناں دے انداز وچ کوئی اچیچ نہیں، جویں میریاں خواہشاں نوں میرے بن آکھے سمجھدے ہون۔ باہر لائن وچ جا بیٹھے۔ اوہو مخمل ورگا گھاہ، سڈول پنڈے وانگ رجی-پجی مٹی، کیاریاں وچ مہکدے گلاب دے پھلّ، درختاں دیاں سنگھنیاں چھاواں۔ میں بھلا کویں بھلّ گیا کہ پنڈیوں لاہور آ کے میری روح نے پہلی وار موکلاپن محسوس کیتا سی۔ جویں بہانے پا پا کے میں لاہور ٹھن پیندا ساں؟
اک گھٹنا یاد آئی۔ ایم اے پاس کرن توں بعد پنڈی اپنے پتا جی جی سرپرستی وچ کپڑے دا وپار کردا ساں۔ نویں نویں میری شادی ہوئی سی۔ میرا بھرا بھیشم اجے وی گورمنٹ کالج وچ ، ایم اے کر رہا سی۔ اوہدا خط آیا، کالج دا نواں ڈرامہ اگلے شنیوار تے ایتوار کھیڈیا جا رہا ہے، میں وی حصہ لے رہاں۔ ضرور آؤ ویکھن۔” پتا جی مینوں اتھرا ڈھگا سمجھ کے ذرا کسّ کے کلے نال بنھدے سن۔ اوہناں توں منگیاں اجازت ملنی ناممکن ویکھ کے میں شنیچر دی دوپہر اک خط لکھ کے اوہناں دی میز تے رکھ دتا، جس دا لبولباب سی کہ جویں سرکاری دفتراں وچ شنیچر دا ادھا دن تے ایتوار دا پورا دن چھٹی ہندی ہے، ایسے طرحاں وپاری دفتراں وچ وی ہونی چاہیدی ہے، تے بندہ چھٹی کویں گزارے ایہہ وی اس دی من-مرضی ‘تے منحصر ہونا چاہیدا ہے، اتے ایس اصول دے ماتحت میں اپنی بیوی نوں نال لے کے ویک اینڈ لئی لاہور جا رہاں، سوموار سویرے ڈیوٹی ‘تے حاضر ہو جاواںگا۔
مینوں پتہ سی پچھوں گھر وچ خوب رولا پویگا۔ پتر دا اجازت لئے بنھاں جانا معاف کیتا جا سکدا ہے، پر نونہہ دا کدے نہیں۔ پر دوویں الڑھ ساں۔ واپس آ کے ویکھیا جاویگا۔ دو پئیاں وسر گئیاں، یاراں دیاں دور بلائیں۔
لاہور پجا ڈرامہ ویکھیا، بڑیاں عیشاں کیتیاں۔ دوجی رات باقی دے پیسیاں نال دو تھرڈ کلاس دیاں ٹکٹاں خریدیاں۔ باراں وجے دی گڈی چڑھے۔ بھیڑ بہت سی۔ دمو نوں وکھرے زنانے ڈبے وچ بٹھایا۔ رات ساری میں اوہدی سرت سوجھی نہ کر سکیا، حالانکہ نویں پتی نوں اپنیاں ذمے واریاں دا احساس بہت ہندے! سویرے ذرا چرکے اکھ کھلھی تے اگلا سٹیشن آؤندیاں ہی میں زنانے ڈبے ول تر پیا۔ پر اوتھے جا کے ویکھیا، ڈبہ خال مخالی ۔ اک بڈھی تیویں بیٹھی سی۔ اس اگے میں دمو دا سارا حلیہ بیان کیتا، پر اس نے تاں اوہو جہی کسے کڑی نوں ویکھیا نہیں سی۔ میریاں اکھاں اگے سرہوں پھل پئی۔ چھوٹا جیہا سٹیشن سی۔ گڈی جھٹ تر پئی، تے میں بے ہوشی جہی دی حالت وچ پھیر اپنے ڈبے وچ سوار ہو گیا۔ اگلے سٹیشن تیک جو میرا حالَ ہویا ربّ کسے نوں نہ وکھائی۔ مینوں کی موت پئی سی اوہنوں الگّ ڈبے وچ بٹھالن دی؟ خورے کی واپر گیا؟ اک واری گواچی ہوئی نے پھیر کتھے لبھنے؟ مظلوم دی قانون دے اگے وی تاں کوئی سنوائی نہیں۔ کسے نے ساتھ نہیں دینا۔ ہن میں گھر جا کے کی منہ وکھاوانگا؟ سارا شہر الٹا مینوں ہی پھٹکارے گا۔ پھل مل گیا فیشن پٹیاں نوں، اینی اتّ جو چائی ہوئی سی۔ سرکھئتا تے بے-فکرِ ساڈے دیش وچ کتنی چھن-بھنگر چیز سی، ایہدا مینوں پہلی وار احساس تے اوہ وی بد-قسمتی نال جے کوئی غلط قدم چک لین تاں کالی رنگت دے ہون دی پوری سزا اوہناں نوں وی بھگتنی پئیگی۔ آسرا نہیں، سہارا نہیں، پچھ پرتیت نہیں۔ انسان دی وقئتّ اک کیڑے مکوڑے برابر وی نہیں سی۔
نیم-مردہ جیہا اگلے سٹیشن تے پھیر دوڑ پیا۔ پتہ لگیا گڈی دے اگلے حصے اک ہور زنانہ ڈبہ وی ہے۔ اس تیک پجیا۔ باری وچ دمو پنڈی نوں اڈیکدی بنی-سنوری ن بے چنت بیٹھی سی! مینوں بےحال ویکھ کے بڑی حیران ہوئی تے ہسی۔ راتیں ڈباں خالی ہندا ویکھ کے اوہ اک دو ہور تیویاں نال اس دوجے ڈبے وچ آ گئی سی۔ جتنی چھیتی دنیا گواچی اتنی چھیتی لبھ وی گئی۔ پر اگوں لئی میں اولیاںآواراگردیاں توں توبہ کر لئی، اس ہول نوں میں کدے نہیں بھلا سکیا
کی ہن وی پنڈی تے لاہور دی جنتا لئی سرکھئتا صرف با-رسوخ تے پہنچاں والے لوکاں نوں ہی نصیب ہے؟ میرے اپنے دیش ہندوستان وچ کی حالَ ہے؟ عام لوک اس آزادی دے دور وچ وی کتے اناتھ ہی تاں نہیں؟
موٹر وچ بہہ کے اسیں سیر لئی نکلے۔ ضلع کچہری والے موڑ توں راوی روڈ ‘تے پے گئے۔ گورمنٹ کالج دے پھاٹک کول اک میل-پتھر ہندا سی۔ نیو ہوسٹل توں سڑک پار کر کے کالج جاندیاں میں آپ مہارے اس ول نظر مار کے لنگھدا ہندا ساں:- راولپنڈی اک سو اٹھتر – میل، گجراںنوالہ- اٹھتی میل، جہلم- اک سو اٹھاراں میل۔” ہن اس میل-پتھر دا شریر ودھ کے چونا ہو گیا ہے تے ہور وی کتنے فاصلیاں دی تفصیل لکھی ہوئی ہے:- کراچی اٹھ سو ستانوے میل، ملتان دو تریٹھ اوہ لنگھ گئی سینٹرل ٹریننگ کالج ول جاندی سڑک۔ اسے پاسے ریٹٹیگن روڈ تے میرے پھپھڑ جی دا گھر سی اوہناں دے لاگے پروفیسر رچیرام ساہنی رہندے سن۔ اک شید پارسیاں دا مندر وی سی، جدے نال دی گلی وچوں لنگھ کے پروفیسر گل بہار سنگھ اتے پروفیسر مدن گوپال سنگھ دے گھر جائیدا سی۔ ایہہ بھاٹی ولوں آؤندی سڑک رل گئی۔ اوہ گرودتّ بھون’ آ گیا، ویکھاں تاں سہی ہن اتھے کی بورڈ لگا ہوئے ؟ڈرائیور موٹر نوں اتنا تیز کیوں دڑائی جاندا ہے؟

کالج دے زمانے وچ راوی روڈ دی سیر سائیکل جاں ٹانگیاں تے کری دی سی۔ اج ایہہ موٹر بے-رحمی نال ذہن وچ جگرافیہ بدلدی جا رہی ہے۔ جہڑیاں تھاواں میری کلپنا وچ دور دور سن اوہ چپے چپے دی وتھ تے گئیاں ہن۔ اکھ دے پھیر وچ جامعہ مسجد دے عالیشان گمبد دس پئے، پھیر منٹو پارک۔ ایہنوں ہن محمد اقبال پارک کہندے نے۔ لاہور دی تصویر اک دم سرل تے سنکھیپ ہو گئی۔ گول باغ دی گولائی بڑے نمائشی ڈھنگ نال شہر دے دوآلے گھم رہی سی۔ گورو ارجن دیوَ جی دی سمادھ، مہاراج رنجیت سنگھ دی سمادھ، پرانا قلعہ، ساریاں تھانواں دا محلے-وکھو وکھ نویں سرؤں ذہن وچ بٹھایا۔ بھلا صٹوڈنت زندگی وچ ایہناں پاسے آؤندا کدوں ساں؟ ادوں میں صاحب بہادر ساں۔ گوریاں وانگ سولا ہیٹ پائی مال روڈ تے میکلوڈ روڈ نوں ہی چمبڑیا رہندا ساں۔ بہت ہویا کدی نسبت روڈ دا وی پھیرا مار لیا۔ پر ایتکیں پکا دیسی آدمی بن کے لاہور دیاں گلیاں دے گیڑے لاواں گا۔ شہر دی فصیل وچ، اچی جہی ڈھکی تے اک پرانا دروازہ دسیا (ناں بھلّ گیا! کابلی دروازہ؟) مینوں شہر ول ہابڑیاں نظراں سٹدا ویکھ کے ڈاکٹر نذیر نے تجویز پیش کیتی کہ ایس دروازے دے پچھے کرکے، اک تنگ گلی وچ، اوہناں دا آبائی مکان ہے، اتھے اک رات جا کے رہیا جائے۔ کتنا خوش ہویا میں! پاکستان آؤن دا سبھ توں وڈا لالچ ہی تاں مینوں ایہو سی۔ رجّ کے اپنی پنجابی بولی سناں-ماجھیں، لیہندی، پوٹھوہاری، میریاں اپنیاں ماں-بولیاں جنہاں توں میں عمر دا اتنا وڈا حصہ وکھ رہِ کے گزار چھڈیا سی۔ کتنا وڈا گناہ کیتا میں۔ پر پھیر وی اوہناں مینوں نہیں وساریا۔ مینوں پچھتاندا تے اپنے ول پرت کے آؤندا ویکھ اوہناں باہاں کھول کے مینوں گل نال لا لیا۔ بکاں بھر بھر انمول رتن-موتی میریاں جیباں وچ بھرنے شروع کر دتے، جویں نکیاں ہندیاں میری ماں ریوڑیاں، پنیاں تے چلغوزیاں نال میریاں جیباں بھردی ہندی سی۔ کتنی پیاری ہے لاہور والیاں دی بولی۔ ایتھے ایہہ کتنی سجری سجری لگدی ہے جویں پیلیاں وچ لہلہاندی سنہری سرہوں، جویں کھوہاں دے وگدے پانی۔ بمبئی وچ میرے انیکاں متر ایہو بولی بولدے ہن، پر اتھے ایہہ کناں نوں بیہی بیہی جہی لگدی ہے۔
ریڑھیاں جہیاں اگے بانکے گھوڑے جوت کے شام نوں سیر لئی نکل پینا ماجھیا چھیلیاں دا خاص شوق ہے۔ گل ململ دا کڑتا، جاں چٹی فتوحی تیڑ چادر، ہتھاں وچ پھلاں دے گجرے۔ کتنے حسین گورے گورے، تے شہدے شہدے جہے چہرے ہن ایہناں دے۔ انج جھٹ لنگھ جاندے ہن کولوں (دوست دی موٹر اے نہیں تاں گا ہل چا کڈھا سو!) اوہ لنگھ گیا! کتنا حسن دی مورت گبھرو سی! اتنا سوہنا آدمی تاں گھٹ ہی دیکھیا ہووےگا کتے دنیاں وچ! وارث دی گلّ یاد آئی-
نازاں پالیا دودھ ملائیا وے۔”
من نے پلٹا کھادھا چھڈ اوئے یار، ایہہ تاں مسلمان نے، غیر-ملکی نے۔ کتنے ہندو مارے ایہناں، کتنیاں اگاں لائیاں، کتنیاں تیویاں بے عزت کیتیاں، کویں بھلّ گیو اوہ گلاں؟
آہو! چنگا۔ ہن میں غیر سمجھ کے ہی ویکھانگا ایہناں نوں پر ہائے، کراں تاں کی کراں؟ ایہہ پھیر مسلمان نہیں دسدے، غیر نہیں جاپدے۔ جوکرم جس نے کیتے آپے پیا حساب دیسی مینوں تاں نہیں کسے منصف بٹھایا؟’
باغ بان پورے چوکھی نویں آبادی ہے۔ سوہنے سوہنے تے پکے پکے بنگلے، آواجائی وی بہت۔ پر پرانی وجہ دے لاہوری ٹانگے نہیں پئے دسدے۔ ڈرائیور نے دسیا ہن ہر پاسے پشاوری ٹانگے دا رواج ہو گیا ہے۔ پنڈی صرف تنّ سواریاں بہندیاں سن، ایتھے حالاں وی چار دا ہی دستور ہے۔ اسیں پنڈی والے لاہوری ٹانگے نوں ڈھچکو ڈھچکو آکھ کے ٹچکراں کردے ہندے ساں۔ اخیر پنڈی دی جت ہوئی نہ؟ بڑی خوشی ہوئی سوچ کے۔ پر دوجے دن من وچ اوہو پلٹاتینوں کی لگے پنڈی تے لاہور نال؟ خواہ مخواہ پرائی چھاہ تے مچھاں منوا رہیا ہیں۔’
چنگا۔ میں بگانہ تے بگانہ سہی ۔ پر پنڈی تے لاہور نوں، اتھوں دیاں ٹانگیاں نوں، رج کے ویکھن دی تاں کھل ہے نہ مینوں؟ سلامت رہن سدا۔ ایہناں نوں تتی وا نہ لگے۔ ایہناں دیاں مرادا پوریاں ہون۔ ایہناں دے بچے جین
ایہ سکھ نیشنل کالج دی عمارت سی۔ اس حساب نال اوہ ہوئی نہر ولوں آندی سڑک۔ آہو ٹھوکر مغلپورے دا انجنیئرنگ کالج، ہن ایہہ نوں یونیورسٹی دا درجہ مل گیا ہے۔ ایتھوں ہی نیڑے پیر میاں میر دا مزار ہے، جس نے امرتسر وچ سکھاں دے سنہری ہرمندر دا نیہہ-پتھر رکھیا سی۔ دارا شکوہ دا گورو سی اوہ۔ دارا شکوہ، جس نے اپنشداں دے ترجمے فارسی وچ کرائے سن۔ پر ہن اجہیاں اتہاسک گھٹناواں دا کوئی مطلب نہیں نکلدا۔
شالیمار باغ جا پجے، جتھے پنجھی سال ہوئے میں پہلی وار سگرٹ پھوکیا سی، تے کھنگھ کھنگھ کے برے حالَ ہو گیا ساں۔ میں تے اک میرا پیارا دوست خواہ مخواہ سائیکلاں پھڑ کے شالیمار ول ٹر پیندے ساں۔ دل وچ دبیاں آساں-اج ضرور کوئی حسینہ دسیگی، میرے ول چاء نال ویکھی گی۔ پھر ساڈی دوستی ہو جاوے گی، زندگی وچ کوئی انماد-بھریاد جھوٹا آو ے گا۔ پر شام تیک آساں دے سارے محل ٹٹّ-پھٹٹ جاندے۔ سوائے نکمے چکر مارن، پاٹیاں پاٹیاں اکھاں نال چپاسیں گھورن، تے سگرٹ پھوک پھوک کے جنٹل مینی وکھان دے، کجھ حاصل نہ ہندا۔ ہاں، پر سائیکل ‘تے باراں میل گیڑے مارن نال بھلّ ضرور تیز ہو جاندی، جس دے حل کرن لئی کدے سفلج’ تے کدے لورینگ’ ول ٹر پیندے۔ اتھے پجدیاں پجدیاں ستیاں حسرتاں دے ناگ پھیر ٹر پیندے۔خورے ریستراں وچ ہی کوئی روپمتی اڈیک رہی ہووے؟
آؤنوالے ویلے دا سورج ہن اتیت دے پہاڑاں پچھے جا ڈبیاں سی۔ صرف ہولے ہولے پھکی پیندی یاداں دی لالی آکاش وچ رہِ گئی سی۔ کر گئے رومانس جہڑے کرنے سن، کھید لئیاں سبھ کھیڈاں۔ ہن تاں بقول-شخصے:
باغیچہ اطفال ہے دنیا میرے آگے،
ہوتا ہے شب و روز تماشہ میرے آگے۔’
ڈاکٹر نذیر نے مینوں اپنے خیالاں ‘تے چھڈ دتا ہے۔ چاہ منگاندے ہن۔ چپّ چاپ سرو دے اک بوٹے ہیٹھ، گھاہ ‘تے بیٹھ کے چسکی لاندے ہاں۔ شام دی خاموشی دیاں آوازاں سندے ہاں۔ رہِ رہِ کے آپ-بیتیاں پھلّ-جھڑیاں وانگ چھٹ-چھٹ پیندیاں ہن، جویں اج ایتھے چرانگاں دا میلہ’ ہو رہا ہووے!اخیر پیار ہویا وی تاں سی اک کڑی نال، ساری عمر اس اکو دے ناؤں دی ہی تاں مالا جپی سی : اس مہرابدار دروازے دے دوہاں پاسے بڑے نکے نکے تھڑیاں اپر کھلو کے اساں وارو واری اک دوجے دے فوٹو کھچے سنکویں اوہدے سارے پروار نوں شالیمار پکنک ‘تے چلن لئی سر دھڑ دی بازی لا کے پریردا سانکتنے ترلے، کتنی سیاست، کتنیاں سماجتاں
ایسے دروازے وچوں کدے ہم ہما کے پنڈاں دے لوک چراغاں دے، میلے دیاں رونقاں ویکھن آؤندے ہونگے۔ اوہ، اتھے بادشاہ بیٹھدا ہووےگا۔ تلا دے این وچکار، دوہاں کناریاں تے بنیاں بارا ں دریاں وچوں، چراغاں، تے پھہاریاں دی جھلمل وچ اپنے زری لباساں نوں غلطان کردے ہوئے، گیت کار تے نرتک-نرتکیاں تر کے حضور اگے پیش ہندے تے اپنا ہنر وکھاؤندے ہونگے
پھیر من وچ اوہو کچجیاں واجاں۔ لاہور والا شاہ جہان دراصل پاکستانی سی، آگرے والا شاہ جہان ہندستانی سی پر نہیں گھڑی مڑی ایہہ کسکاں تے چیساں نہیں اٹھن دینیاں چاہیدیاں۔ سیاست دیاں پیچیدگیاں نال میرا کی واہ؟ میں اک مہمان ساں، ڈاکٹر نذیر میرے میزبان سن۔ ایہو جہے سوال دل وچ اٹھانے ہی شائستگی توں باہر دی گلّ ہے۔ بھاویں کتنا وی پیار کیوں نہ ہووے مینوں، پھیر وی ہن ایہہ پرایا شالیمار ہے۔ ایسے حساب نال ڈاکٹر نذیر وی پرائے ہن۔ پر کیوں بار بار اوہناں توں پچھن نوں جی کردے، نذیر صاحب، تہاڈی میری ملاقات بہت پرانی نہیں۔ پچھلے سال تسیں بمبئی آئے تے میں تہانوں ملیا، بس۔ پھیر تہاڈے کول بہہ کے مینوں اتنا سکون، اتنا صبر کیوں نصیب ہندے، جو بمبئی وچ میرے لئی نایاب ہے؟’ اجے نہیں، پر پچھانگا ضرور۔ ڈاکٹر نذیر احمد اک غیر-معمولی انسان ہے ب بناں شکّ!
مڑ باہر آ کے موٹر وچ بہن ویلے اک ادھ کھڑ جہی منگتی، انگل نال اٹھاں کو ورھیاں دی بالڑی، اتی-میلے پھٹے پرانے کپڑے ہتھ اڈ کے للکاں بھندی ویرا جیؤندا رہے، کدے تتی ہوا نہ لگے۔ اﷲ تیریاں مراداں پوریاں کرے، اقبال وڈے کرے، تیرے بچے جین”
کیوں چو چو پیندیاں ہن چندریاں اکھیاں۔ ایہہ تیویں میری کی لگدی اے؟ اوہ پاکستانی، میں ہندوستانی

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net