execution

اوہ کڑی کسے نوں پیار کردی سی

انجوجیت شرما جرمنی

(ਉਹ ਕੁੜੀ ਕਿਸੇ ਨੂੰ ਪਿਆਰ ਕਰਦੀ ਸੀ)

ਅੰਜੂਜੀਤ ਸ਼ਰਮਾ ਜਰਮਨੀ

 

مینوں اج وی اس دی شکل یاد اتے پہناوا  یاد ہے۔ جد کے نہ اس نے نہ میں اس نوں کدے بلایا سی۔نہ کدے کوئی پہچان کڈھی سی پر پھر وی اوہ اج وی اسے طرحاں میریاں اکھاں موہرے گھمدی ہے۔میں جدوں سکول جاندی ہندی ساں  تے اوہ سویر ویلے اپنے در مورلی بی ہی نوں دھوندی ہندی سی جاں کدے سویرے سویرے تیار ہو کہ کھڑی ہندی سی اتے ایتوار نوں اوہ اپنے دراں اندر بنے نلکے کول بیٹھی کپڑے دھوندی ہندی سی۔میں ہر روز اس نوں کجھ نہ کجھ کردیاں دیکھدی ہندی سی۔میرے دیکھن دی اتسکتا دا کارن ایہہ وی سی کہ اس دی شکل صورتَ بہت ہی سوہنی سی۔اچی لمبی پتلے جہے شریر والی اتے دو گتاں کرکے سر اْپر فیشن دے طور تے پرانیاں ایکٹرساں وانگ چوڑی جہی سلکی پٹی جہی جاں ربن ورگی کوئی شے جیہی بنی ہندی سی۔مینوں اس وقت اس دی عمر دا تاں پتے نہیں کی ہوویگی پر ہاں،سی اوہ میتھوں 8-9 سال وڈی ۔سنیا سی کہ اوہ بابے سنگ ڈھیسیاں دے کالج پڑھن جاندی ہندی سی۔بی اے ۔ اوہ لگدی ہی سی پڑھی لکھی ودھیرے جانکارو۔ میری بھاویں اس نال بول چال نہیں وی سی بس جد اوہ مینوں دیکھدی سی جاں میں اسنوں اسیں دونوں حلقہ جیہا اک دوجے ولّ ویکھ کے مسکرا پیندیاں سی۔اوہ اپنے دور وچّ مینوں بہت سوہنی لگدی ہندی سی خاص کرکے اسدے نکّ وچلی نتھّ۔ساڈے گھر اْدوں نواں نواں ٹیلیوژن آیا ہی سی۔ اسیں چاء نال فلماں اتے دوردرشن دے سبھ ناٹک دیکھدے ہندے سی۔کیونکہ ٹی وی وچلیاں مورتاں ،درش اتے پروگرام نوں پیش کرن والیاں عورتاں ،بندے مینوں کسے اچمبھے بھرے ملک دے نواسی لگدے سن۔جہڑے بہت سلیقے نال بولدے ہندے سن کپڑے پہندے اتے خوبصورت ہندے سن۔فلماں دی تاں گلّ ہی وکھری سی۔فلمی دنیا  میرے لئی اوہ دنیا  سی جس وچّ سبھ دے سبھ ہی خوبصورت،امیر لوک سن۔ میں سوچدی ہندی سی فلماں والے ایکٹر ایکٹرنیاں دی اک وکھری ہی دنیا  ہے اس دنیا  تکّ ساڈی پہنچ نہیں ہے اتے ساڈی ایہہ ہی خوش قسمتی ہے کہ ایناں نوں اسیں ٹی وی راہیں ویکھدے ہاں۔اسے طرحاں میں اس خوبصورت کڑی جس دا ناں بندو” سی نوں کسے ہور دنیا  دی سمجھدی سی کہ اینی سوہنی کڑی عامَ گلیاں اتے مکاناں وچّ کویں رہِ سکدی ہے۔میں اسدی شکل  ٹی وی تے آؤن والیاں خوبصورت کڑیاں نال ملاؤندی رہندی سی۔
بس میرا تے ایہدا اینا کو ہی رشتہ سی کہ میں روز اس نوں دیکھدی سی ۔اوہ مینوں دیکھ کے ہلکی نہیں مسکراہٹ بھیجدی سی اتے میں اس مسکراہٹ ذریعے اپنے آپ نوں اودے نزدیک سمجھدی سی۔ گرمیاں دے دن سن اسنے کچے پیلے رنگ دا سوٹ پہنیا ہویا سی۔سر اتے سفید رنگ دا سلکی ربن جیہا بنّ کے دو گتاں دے تھلے دی کرکے گردن پچھے گنڈھ بنی ہوئی سی۔میں اس ولّ دیکھیا اس نے میرے ولّ ویکھیا پر اج اوہ پہلاں دی طرحاں مسکاری نہیں سی۔اج اس دی ماں اس دے نال سی۔دونوں مانواں  دھیاں کجھ پریشانی جہی وچّ لگّ رہیاں سن۔اس دی ماں نے اپنے دراں نوں باہر ولّ نوں بند کیتا جندرا ماریا اتے سانوں گلی وچّ کھیڈدیاں کڑیاں نوں اک ہلکی جہی جھڑک دتی تے کیہا ،” نی کڑیو تہانوں سکھر دوپیہرے ٹکا نی  ہے  گا،ساری گلی سر تے چکی ہوئی آ۔جاؤ اوہ پراں جا کے کھیلو” کہہ کے اپنی دھی بندو نال ساڈے کول دی لنگھ گئی۔
بسّ اڈا پنڈ توں کوئی دو ڈھائی کلومیٹر پنڈ توں باہر سی۔ دیکھن والے راہی دسّ رہے سن اوہناں دوناں ماواں دھیاں نوں بسّ اڈّ ولّ جاندیاں نوں دیکھیا سی۔اتھوں بسّ پھڑ کے پھگواڑے نوں گئیاں سن اتے ترکالاں پین توں پہلاں گھر مڑیاں سن۔پنڈ پرت رہیاں نوں پنڈ دے کئی سوار اناں مسافراں نے ماں دھی نوں دیکھیا سی جہڑے واپسی ویلے اسے ٹیمپو وچّ سوار سن۔کوئی آکھ رہیا سی بندو چپّ چاپ ٹیمپو وچّ بیٹھی سی اتے اوہدی ماں نے اوہنوں پھڑیا ہویا سی کوئی کجھ کہندا تے کوئی کجھ کہہ رہِ سی۔ میں اس نوں پنڈ دے دروازے اندر آؤندی نوں اس ویلے ویکھیا جد میں دروازے ساہمنے بنے گروگھر رہراس ویلے متھا ٹیکن اتے پاٹھ سنن جا رہی سی۔اسنے میرے ولّ بہت اداسی جہی نظر نال دیکھیا،جس نظر وچّ جس تکنی وچّ نہ کوئی سنیہا سی نہ مسکراہٹ،نہ پیار۔میرے تیکر میرے دل تکّ اسدا کوئی نہ چنگا نہ برا سنیہا پہنچیا بلکہ ساڈے اس آپس دے چھن بھر لانگھے وچّ اک اداسی جہی سی جس نوں میں اپنی چھوٹی عمر دے تجربے وچّ محسوس کیتا سی۔
جد میں گروگھروں واپس آ رہی سی۔اناں دا در بند سی نہ کوئی بول سن رہا سی نہ کوئی آواز کنی پے رہی سی۔اینی دیر نوں اسدی ماں نے بی ہی وچّ کھڑ کے اک چیک ماری تے کیہا ہائے اوئے لوکو میری دھی مر گئی اسدی دہشت بھری آواز نے گلی دے ہر گھر وچّ کمبنی چھیڑ دتی سبھ آپو اپنا کم چھڈّ کے اودے گھر ولّ نوں نسے تاں دیکھیا بندو اوہی کچا پیلا سوٹ پائی سر تے سلک جہی دا پٹیدار ربن بنی ویہڑے وچکار مورچھت پئی سی ایسی مورچھت جہڑی مڑ کے پھر نہ اٹھی ۔پٹّ سیاپا شروع ہو گیا لوک حیرانی وچّ سن کہ ہنے شہروں آئی بندو نوں اچانک کی ہو گیا؟ پر اس وقت سبھ دکھ اتے وراگ وچّ رو رہا سی۔بندو دی ماں نوں عورتاں چپّ کرا رہیاں سن۔ساری رات گلی اتے گلی دے گھراں وچّ مرگ دی دہشت،ڈر،خوف اتے درد چھایا رہا پر سبھ اپنے اپنے گھر بیٹھے جتھے جوان بندو دے مرن دا سوگ منا رہے سن اتھے ہر کوئی اس دی موت تے قیاس لا رہے سن۔دن چڑھیا بندو دی ارتھی شمشان گھر گئی۔آخری رسماں نال جوان دھی نوں اگن دتی گئی۔
بندو دی ماں خموش سی رو رہی سی پر ہوش وچّ سی۔کئی گھوکھی عورتاں کہہ رہیاں سن ماں دے چہرے تے کوئی دکھ والے بھاوَ نہیں ہن کوئی اپنی جاسوسی سوچ دی گلّ کر رہی سی کہ لگدا ہے ماں نے دھی نوں مار دتا ہے۔کیوں مار دتا ہے اس گلّ دا کسے نوں پتہ نہیں سی۔کجھ دن گھر مگروں سوگ ٹھنڈا ہویا، ہن گھر دا ماحول اتے گلی دا ماحول پہلاں ورگا ہی ہونا شروع ہو رہا سی پر، گلی دیاں عورتاں اس موت دے بھیت نوں جاننا چاہ رہیاں سن ہر کوئی آپو اپنی بندی پہنچ کر رہیاں سن ،قیاس لا رہیاں سن آخر اصل گلّ دا کجھ دناں وچّ بھیت ساہمنے آ ہی گیا۔کہ بندو پنڈ دے کسے منڈے نوں پیار کردی سی تے اس توں ماں بنن والی ہو گئی سی۔اسدی ماں نے دھی دی خوشی نوں جاں پیار وچّ کیتی غلطی نوں معاف کرن دی بجائے موت دی نیند  سْلا  دتا۔اس گلّ دا ذکر اسنے ادوں کیتا جد لوکاں نے شکّ پین تے بندو دی ماں اتے رپوٹ کیتی اتے بندو دی ماں نے اپنے بھائیچارے وچّ اپنے خاندان دی عزت رکھن لئی اپنی دھی نوں سدا سدا دی نیند  سْلا  دتا۔

ਮੈਨੂੰ ਅੱਜ ਵੀ ਉਸ ਦੀ ਸ਼ਕਲ ਯਾਦ ਅਤੇ ਪਹਿਰਾਵਾ ਯਾਦ ਹੈ। ਜਦ ਕੇ ਨਾ ਉਸ ਨੇ ਨਾ ਮੈਂ ਉਸ ਨੂੰ ਕਦੇ ਬੁਲਾਇਆ ਸੀ।ਨਾ ਕਦੇ ਕੋਈ ਪਹਿਚਾਣ ਕੱਢੀ ਸੀ ਪਰ ਫਿਰ ਵੀ ਉਹ ਅੱਜ ਵੀ ਉਸੇ ਤਰਾਂ ਮੇਰੀਆਂ ਅੱਖਾਂ ਮੂਹਰੇ ਘੁੰਮਦੀ ਹੈ।ਮੈਂ ਜਦੋਂ ਸਕੂਲ ਜਾਂਦੀ ਹੁੰਦੀ ਸੀ ਉਹ ਸਵੇਰ ਵੇਲੇ ਆਪਣੇ ਦਰ ਮੂਰਲੀ ਬੀਹੀ ਨੂੰ ਧੋਂਦੀ ਹੁੰਦੀ ਸੀ ਜਾਂ ਕਦੇ ਸਵੇਰੇ ਸਵੇਰੇ ਤਿਆਰ ਹੋ ਕਿ ਖੜ੍ਹੀ ਹੁੰਦੀ ਸੀ ਅਤੇ ਐਤਵਾਰ ਨੂੰ ਉਹ ਆਪਣੇ ਦਰਾਂ ਅੰਦਰ ਬਣੇ ਨਲਕੇ ਕੋਲ ਬੈਠੀ ਕੱਪੜੇ ਧੋਂਦੀ ਹੁੰਦੀ ਸੀ।ਮੈਂ ਹਰ ਰੋਜ ਉਸ ਨੂੰ ਕੁਝ ਨਾ ਕੁਝ ਕਰਦਿਆਂ ਦੇਖਦੀ ਹੁੰਦੀ ਸੀ।ਮੇਰੇ ਦੇਖਣ ਦੀ ਉਤਸੁਕਤਾ ਦਾ ਕਾਰਨ ਇਹ ਵੀ ਸੀ ਕਿ ਉਸ ਦੀ ਸ਼ਕਲ ਸੂਰਤ ਬਹੁਤ ਹੀ ਸੋਹਣੀ ਸੀ।ਉੱਚੀ ਲੰਬੀ ਪਤਲੇ ਜਿਹੇ ਸ਼ਰੀਰ ਵਾਲੀ ਅਤੇ ਦੋ ਗੁੱਤਾਂ ਕਰਕੇ ਸਿਰ ਉੱਪਰ ਫੈਸ਼ਨ ਦੇ ਤੌਰ ਤੇ ਪੁਰਾਣੀਆਂ ਐਕਟਰਨੀਆਂ ਵਾਂਗ ਚੌੜੀ ਜਿਹੀ ਸਿਲਕੀ ਪੱਟੀ ਜਿਹੀ ਜਾਂ ਰਿਬਨ ਵਰਗੀ ਕੋਈ ਸ਼ੈ ਜੇਹੀ ਬੰਨੀ ਹੁੰਦੀ ਸੀ।ਮੈਨੂੰ ਉਸ ਵਕਤ ਉਸ ਦੀ ਉਮਰ ਦਾ ਤਾਂ ਪਤੈ ਨਹੀਂ ਕੀ ਹੋਵੇਗੀ ਪਰ ਹਾਂ,ਸੀ ਉਹ ਮੈਥੋਂ 8-9 ਸਾਲ ਵੱਡੀ ।ਸੁਣਿਆ ਸੀ ਕਿ ਉਹ ਬਾਬੇ ਸੰਗ ਢੇਸੀਆਂ ਦੇ ਕਾਲਜ ਪੜ੍ਹਨ ਜਾਂਦੀ ਹੁੰਦੀ ਸੀ।ਬੈਸੇ ਉਹ ਲੱਗਦੀ ਹੀ ਸੀ ਪੜੀ ਲਿਖੀ ਵਧੇਰੇ ਜਾਣਕਾਰੂ। ਮੇਰੀ ਭਾਵੇਂ ਉਸ ਨਾਲ ਬੋਲ ਚਾਲ ਨਹੀਂ ਵੀ ਸੀ ਬਸ ਜਦ ਉਹ ਮੈਨੂੰ ਦੇਖਦੀ ਸੀ ਜਾਂ ਮੈਂ ਉਸਨੂੰ ਅਸੀਂ ਦੋਨੋਂ ਹਲਕਾ ਜਿਹਾ ਇੱਕ ਦੂਜੇ ਵੱਲ ਵੇਖ ਕੇ ਮੁਸਕਰਾ ਪੈਂਦੀਆਂ ਸੀ।ਉਹ ਆਪਣੇ ਦੌਰ ਵਿੱਚ ਮੈਨੂੰ ਬਹੁਤ ਸੋਹਣੀ ਲੱਗਦੀ ਹੁੰਦੀ ਸੀ ਖਾਸ ਕਰਕੇ ਉਸਦੇ ਨੱਕ ਵਿਚਲੀ ਨੱਥ।ਸਾਡੇ ਘਰ ਉਦੋਂ ਨਵਾਂ ਨਵਾਂ ਟੈਲੀਵਿਜਨ ਆਇਆ ਹੀ ਸੀ। ਅਸੀਂ ਚਾਅ ਨਾਲ ਫਿਲਮਾਂ ਅਤੇ ਦੂਰਦਰਸ਼ਨ ਦੇ ਸਭ ਨਾਟਕ ਦੇਖਦੇ ਹੁੰਦੇ ਸੀ।ਕਿਉਂਕਿ ਟੀਵੀ ਵਿਚਲੀਆਂ ਮੂਰਤਾਂ ,ਦ੍ਰਿਸ਼ ਅਤੇ ਪ੍ਰੋਗਰਾਮ ਨੂੰ ਪੇਸ਼ ਕਰਨ ਵਾਲੀਆਂ ਔਰਤਾਂ ,ਬੰਦੇ ਮੈਨੂੰ ਕਿਸੇ ਅਚੰਭੇ ਭਰੇ ਮੁਲਕ ਦੇ ਨਿਵਾਸੀ ਲੱਗਦੇ ਸਨ।ਜਿਹੜੇ ਬਹੁਤ ਸਲੀਕੇ ਨਾਲ ਬੋਲਦੇ ਹੁੰਦੇ ਸਨ ਕੱਪੜੇ ਪਹਿਨਦੇ ਅਤੇ ਖੂਬਸੂਰਤ ਹੁੰਦੇ ਸਨ।ਫਿਲਮਾਂ ਦੀ ਤਾਂ ਗੱਲ ਹੀ ਵੱਖਰੀ ਸੀ।ਫਿਲਮੀ ਦੁਨੀਆਂ ਮੇਰੇ ਲਈ ਉਹ ਦੁਨੀਆਂ ਸੀ ਜਿਸ ਵਿੱਚ ਸਭ ਦੇ ਸਭ ਹੀ ਖੂਬਸੂਰਤ,ਅਮੀਰ ਲੋਕ ਸਨ। ਮੈਂ ਸੋਚਦੀ ਹੁੰਦੀ ਸੀ ਫਿਲਮਾ ਵਾਲੇ ਐਕਟਰ ਐਕਟਰਨੀਆਂ ਦੀ ਇੱਕ ਵੱਖਰੀ ਹੀ ਦੁਨੀਆਂ ਹੈ ਉਸ ਦੁਨੀਆਂ ਤੱਕ ਸਾਡੀ ਪੁਹੰਚ ਨਹੀਂ ਹੈ ਅਤੇ ਸਾਡੀ ਇਹ ਹੀ ਖੁਸ਼ ਕਿਸਮਤੀ ਹੈ ਕਿ ਉਨਾਂ ਨੂੰ ਅਸੀੰ ਟੀ ਵੀ ਰਾਹੀਂ ਵੇਖਦੇ ਹਾਂ।ਇਸੇ ਤਰਾਂ ਮੈਂ ਇਸ ਖੂਬਸੂਰਤ ਕੁੜੀ ਜਿਸ ਦਾ ਨਾਂ ਬਿੰਦੂਸੀ ਨੂੰ ਕਿਸੇ ਹੋਰ ਦੁਨੀਆਂ ਦੀ ਸਮਝਦੀ ਸੀ ਕਿ ਇੰਨੀ ਸੋਹਣੀ ਕੁੜੀ ਆਮ ਗਲੀਆਂ ਅਤੇ ਮਕਾਨਾਂ ਵਿੱਚ ਕਿਵੇਂ ਰਹਿ ਸਕਦੀ ਹੈ।ਮੈਂ ਉਸਦੀ ਸ਼ਕਲ ਟੀਵੀ ਤੇ ਆਉਣ ਵਾਲੀਆਂ ਖੂਬਸੂਰਤ ਕੁੜੀਆਂ ਨਾਲ ਮਿਲਾਉਂਦੀ ਰਹਿੰਦੀ ਸੀ।
ਬਸ ਮੇਰਾ ਤੇ ਉਦਾ ਇੰਨਾ ਕੁ ਹੀ ਰਿਸ਼ਤਾ ਸੀ ਕਿ ਮੈਂ ਰੋਜ ਉਸ ਨੂੰ ਦੇਖਦੀ ਸੀ ।ਉਹ ਮੈਨੂੰ ਦੇਖ ਕੇ ਹਲਕੀ ਨਹੀਂ ਮੁਸਕਰਾਹਟ ਭੇਜਦੀ ਸੀ ਅਤੇ ਮੈਂ ਉਸ ਮੁਸਕਰਾਹਟ ਜਰੀਏ ਆਪਣੇ ਆਪ ਨੂੰ ਉਦੇ ਨਜਦੀਕ ਸਮਝਦੀ ਸੀ। ਗਰਮੀਆਂ ਦੇ ਦਿਨ ਸਨ ਉਸਨੇ ਕੱਚੇ ਪੀਲੇ ਰੰਗ ਦਾ ਸੂਟ ਪਹਿਨਿਆ ਹੋਇਆ ਸੀ।ਸਿਰ ਉੱਤੇ ਸਫੈਦ ਰੰਗ ਦਾ ਸਿਲਕੀ ਰਿਬਨ ਜਿਹਾ ਬੰਨ ਕੇ ਦੋ ਗੁੱਤਾਂ ਦੇ ਥੱਲੇ ਦੀ ਕਰਕੇ ਗਰਦਨ ਪਿੱਛੇ ਗੰਢ ਬੰਨੀ ਹੋਈ ਸੀ।ਮੈਂ ਉਸ ਵੱਲ ਦੇਖਿਆ ਉਸ ਨੇ ਮੇਰੇ ਵੱਲ ਵੇਖਿਆ ਪਰ ਅੱਜ ਉਹ ਪਹਿਲਾਂ ਦੀ ਤਰਾਂ ਮੁਸਕਾਰੀ ਨਹੀਂ ਸੀ।ਅੱਜ ਉਸ ਦੀ ਮਾਂ ਉਸ ਦੇ ਨਾਲ ਸੀ।ਦੋਨੋ ਮਾਂਵਾ ਧੀਆਂ ਕੁਝ ਪ੍ਰੇਸ਼ਾਨੀ ਜਿਹੀ ਵਿੱਚ ਲੱਗ ਰਹੀਆਂ ਸਨ।ਉਸ ਦੀ ਮਾਂ ਨੇ ਆਪਣੇ ਦਰਾਂ ਨੂੰ ਬਾਹਰ ਵੱਲ ਨੂੰ ਬੰਦ ਕੀਤਾ ਜਿੰਦਰਾ ਮਾਰਿਆ ਅਤੇ ਸਾਨੂੰ ਗਲੀ ਵਿੱਚ ਖੇਡਦੀਆਂ ਕੁੜੀਆਂ ਨੂੰ ਇੱਕ ਹਲਕੀ ਜਿਹੀ ਝਿੜਕ ਦਿੱਤੀ ਤੇ ਕਿਹਾ ,” ਨੀ ਕੁੜੀਓ ਤੁਹਾਨੂੰ ਸਿਖਰ ਦੁਪਹਿਰੇ ਟਿਕਾਅ ਨੀ ਹੈਗਾ,ਸਾਰੀ ਗਲੀ ਸਿਰ ਤੇ ਚੱਕੀ ਹੋਈ ਆ।ਜਾਓ ਉਹ ਪਰਾਂ ਜਾ ਕੇ ਖੇਲੋਕਹਿ ਕੇ ਆਪਣੀ ਧੀ ਬਿੰਦੂ ਨਾਲ ਸਾਡੇ ਕੋਲ ਦੀ ਲੰਘ ਗਈ।
ਬੱਸ ਅੱਡਾ ਪਿੰਡ ਤੋਂ ਕੋਈ ਦੋ ਢਾਈ ਕਿਲੋਮੀਟਰ ਪਿੰਡ ਤੋਂ ਬਾਹਰ ਸੀ। ਦੇਖਣ ਵਾਲੇ ਰਾਹੀ ਦੱਸ ਰਹੇ ਸਨ ਉਹਨਾਂ ਦੋਨਾ ਮਾਵਾਂ ਧੀਆਂ ਨੂੰ ਬੱਸ ਅੱਡ ਵੱਲ ਜਾਂਦੀਆਂ ਨੂੰ ਦੇਖਿਆ ਸੀ।ਉਥੋਂ ਬੱਸ ਫੜ ਕੇ ਫਗਵਾੜੇ ਨੂੰ ਗਈਆਂ ਸਨ ਅਤੇ ਤਿਰਕਾਲਾਂ ਪੈਣ ਤੋਂ ਪਹਿਲਾਂ ਘਰ ਮੁੜੀਆਂ ਸਨ।ਪਿੰਡ ਪਰਤ ਰਹੀਆਂ ਨੂੰ ਪਿੰਡ ਦੇ ਕਈ ਸਵਾਰ ਉਨਾਂ ਮੁਸਾਫਰਾਂ ਨੇ ਮਾਂ ਧੀ ਨੂੰ ਦੇਖਿਆ ਸੀ ਜਿਹੜੇ ਵਾਪਸੀ ਵੇਲੇ ਉਸੇ ਟੈਂਪੂ ਵਿੱਚ ਸਵਾਰ ਸਨ।ਕੋਈ ਆਖ ਰਿਹਾ ਸੀ ਬਿੰਦੂ ਚੁੱਪ ਚਾਪ ਟੈਂਪੂ ਵਿੱਚ ਬੈਠੀ ਸੀ ਅਤੇ ਉਹਦੀ ਮਾਂ ਨੇ ਉਹਨੂੰ ਫੜਿਆ ਹੋਇਆ ਸੀ ਕੋਈ ਕੁਝ ਕਹਿੰਦਾ ਤੇ ਕੋਈ ਕੁਝ ਕਹਿ ਰਹਿ ਸੀ। ਮੈਂ ਉਸ ਨੂੰ ਪਿੰਡ ਦੇ ਦਰਵਾਜੇ ਅੰਦਰ ਆਉਂਦੀ ਨੂੰ ਉਸ ਵੇਲੇ ਵੇਖਿਆ ਜਦ ਮੈਂ ਦਰਵਾਜੇ ਸਾਹਮਣੇ ਬਣੇ ਗੁਰੂਘਰ ਰਹਿਰਾਸ ਵੇਲੇ ਮੱਥਾ ਟੇਕਣ ਅਤੇ ਪਾਠ ਸੁਣਨ ਜਾ ਰਹੀ ਸੀ।ਉਸਨੇ ਮੇਰੇ ਵੱਲ ਬਹੁਤ ਉਦਾਸੀ ਜਿਹੀ ਨਜਰ ਨਾਲ ਦੇਖਿਆ,ਜਿਸ ਨਜਰ ਵਿੱਚ ਜਿਸ ਤੱਕਣੀ ਵਿੱਚ ਨਾ ਕੋਈ ਸੁਨੇਹਾ ਸੀ ਨਾ ਮੁਸਕਰਾਹਟ,ਨਾ ਪਿਆਰ।ਮੇਰੇ ਤੀਕਰ ਮੇਰੇ ਦਿਲ ਤੱਕ ਉਸਦਾ ਕੋਈ ਨਾ ਚੰਗਾ ਨਾ ਬੁਰਾ ਸੁਨੇਹਾ ਪੁਹੰਚਿਆ ਬਲਕਿ ਸਾਡੇ ਉਸ ਆਪਸ ਦੇ ਛਿਣ ਭਰ ਲਾਂਘੇ ਵਿੱਚ ਇਕ ਉਦਾਸੀ ਜਿਹੀ ਸੀ ਜਿਸ ਨੂੰ ਮੈਂ ਆਪਣੀ ਛੋਟੀ ਉਮਰ ਦੇ ਤਜਾਰਬੇ ਵਿੱਚ ਮਹਿਸੂਸ ਕੀਤਾ ਸੀ।
ਜਦ ਮੈਂ ਗੁਰੂਘਰੋਂ ਵਾਪਸ ਆ ਰਹੀ ਸੀ।ਉਨਾਂ ਦਾ ਦਰ ਬੰਦ ਸੀ ਨਾ ਕੋਈ ਬੋਲ ਸੁਣ ਰਿਹਾ ਸੀ ਨਾ ਕੋਈ ਅਵਾਜ ਕੰਨੀ ਪੈ ਰਹੀ ਸੀ।ਇੰਨੀ ਦੇਰ ਨੂੰ ਉਸਦੀ ਮਾਂ ਨੇ ਬੀਹੀ ਵਿੱਚ ਖੜ੍ਹ ਕੇ ਇੱਕ ਚੀਕ ਮਾਰੀ ਤੇ ਕਿਹਾ,,,,ਹਾਏ ਓਏ ਲੋਕੋ ,,,,,,ਮੇਰੀ ਧੀ ਮਰ ਗਈ,,,,,,ਉਸਦੀ ਦਹਿਸ਼ਤ ਭਰੀ ਅਵਾਜ ਨੇ ਗਲੀ ਦੇ ਹਰ ਘਰ ਵਿੱਚ ਕੰਬਣੀ ਛੇੜ ਦਿੱਤੀ,,,ਸਭ ਆਪੋ ਆਪਣਾ ਕੰਮ ਛੱਡ ਕੇ ਉਦੇ ਘਰ ਵੱਲ ਨੂੰ ਨੱਸੇ ਤਾਂ ਦੇਖਿਆ,,,ਬਿੰਦੂ ਉਹੀ ਕੱਚਾ ਪੀਲਾ ਸੂਟ ਪਾਈ ਸਿਰ ਤੇ ਸਿਲਕ ਜਿਹੀ ਦਾ ਪੱਟੀਦਾਰ ਰਿਬਨ ਬੰਨੀ ਵਿਹੜੇ ਵਿਚਕਾਰ ਮੂਰਛਿਤ ਪਈ ਸੀ ਐਸੀ ਮੂਰਛਿਤ ਜਿਹੜੀ ਮੁੜ ਕੇ ਫਿਰ ਨਾ ਉੱਠੀ ।ਪਿੱਟ ਸਿਆਪਾ ਸ਼ੁਰੂ ਹੋ ਗਿਆ ਲੋਕ ਹੈਰਾਨੀ ਵਿੱਚ ਸਨ ਕਿ ਹੁਣੇ ਸ਼ਹਿਰੋਂ ਆਈ ਬਿੰਦੂ ਨੂੰ ਅਚਾਨਕ ਕੀ ਹੋ ਗਿਆ?,,,,ਪਰ ਇਸ ਵਕਤ ਸਭ ਦੁਖ ਅਤੇ ਵਿਰਾਗ ਵਿੱਚ ਰੋ ਰਿਹਾ ਸੀ।ਬਿੰਦੂ ਦੀ ਮਾਂ ਨੂੰ ਔਰਤਾਂ ਚੁੱਪ ਕਰਾ ਰਹੀਆਂ ਸਨ।ਸਾਰੀ ਰਾਤ ਗਲੀ ਅਤੇ ਗਲੀ ਦੇ ਘਰਾਂ ਵਿੱਚ ਮਰਗ ਦੀ ਦਹਿਸ਼ਤ,ਡਰ,ਖੌਫ ਅਤੇ ਦਰਦ ਛਾਇਆ ਰਿਹਾ ਪਰ ਸਭ ਆਪਣੇ ਆਪਣੇ ਘਰ ਬੈਠੇ ਜਿੱਥੇ ਜਵਾਨ ਬਿੰਦੂ ਦੇ ਮਰਨ ਦਾ ਸੋਗ ਮਨਾ ਰਹੇ ਸਨ ਉੱਥੇ ਹਰ ਕੋਈ ਉਸ ਦੀ ਮੌਤ ਤੇ ਕਿਆਸ ਲਾ ਰਹੇ ਸਨ।ਦਿਨ ਚੜ੍ਹਿਆ ਬਿੰਦੂ ਦੀ ਅਰਥੀ ਸ਼ਮਸ਼ਾਨ ਘਰ ਗਈ।ਆਖਰੀ ਰਸਮਾਂ ਨਾਲ ਜਵਾਨ ਧੀ ਨੂੰ ਅਗਨ ਦਿੱਤੀ ਗਈ।
ਬਿੰਦੂ ਦੀ ਮਾਂ ਖਮੋਸ਼ ਸੀ ਰੋ ਰਹੀ ਸੀ ਪਰ ਹੋਸ਼ ਵਿੱਚ ਸੀ।ਕਈ ਘੋਖੀ ਔਰਤਾਂ ਕਹਿ ਰਹੀਆਂ ਸਨ ਮਾਂ ਦੇ ਚਿਹਰੇ ਤੇ ਕੋਈ ਦੁੱਖ ਵਾਲੇ ਭਾਵ ਨਹੀਂ ਹਨ,,,ਕੋਈ ਆਪਣੀ ਜਸੂਸੀ ਸੋਚ ਦੀ ਗੱਲ ਕਰ ਰਹੀ ਸੀ ਕਿ ਲੱਗਦਾ ਹੈ ਮਾਂ ਨੇ ਧੀ ਨੂੰ ਮਾਰ ਦਿੱਤਾ ਹੈ।ਕਿਉਂ ਮਾਰ ਦਿੱਤਾ ਹੈ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ।ਕੁਝ ਦਿਨ ਘਰ ਮਗਰੋਂ ਸੋਗ ਠੰਢਾ ਹੋਇਆ, ਹੁਣ ਘਰ ਦਾ ਮਹੌਲ ਅਤੇ ਗਲੀ ਦਾ ਮਹੌਲ ਪਹਿਲਾਂ ਵਰਗਾ ਹੀ ਹੋਣਾ ਸ਼ੁਰੂ ਹੋ ਰਿਹਾ ਸੀ ਪਰ, ਗਲੀ ਦੀਆਂ ਔਰਤਾਂ ਇਸ ਮੌਤ ਦੇ ਭੇਤ ਨੂੰ ਜਾਨਣਾ ਚਾਹ ਰਹੀਆਂ ਸਨ ਹਰ ਕੋਈ ਆਪੋ ਆਪਣੀ ਬਣਦੀ ਪੁਹੰਚ ਕਰ ਰਹੀਆਂ ਸਨ ,ਕਿਆਸ ਲਾ ਰਹੀਆਂ ਸਨ,,,,,ਆਖਰ ਅਸਲ ਗੱਲ ਦਾ ਕੁਝ ਦਿਨਾਂ ਵਿੱਚ ਭੇਤ ਸਾਹਮਣੇ ਆ ਹੀ ਗਿਆ।ਕਿ ਬਿੰਦੂ ਪਿੰਡ ਦੇ ਕਿਸੇ ਮੁੰਡੇ ਨੂੰ ਪਿਆਰ ਕਰਦੀ ਸੀ ਤੇ ਉਸ ਤੋਂ ਗਰਭਵਤੀ ਹੋ ਗਈ ਸੀ।ਉਸਦੀ ਮਾਂ ਨੇ ਧੀ ਦੀ ਖੁਸ਼ੀ ਨੂੰ ਜਾਂ ਪਿਆਰ ਵਿੱਚ ਕੀਤੀ ਗਲਤੀ ਨੂੰ ਮੁਆਫ ਕਰਨ ਦੀ ਵਜਾਏ ਮੌਤ ਦੀ ਨੀਂਦ ਸੁਲ੍ਹਾ ਦਿੱਤਾ।ਇਸ ਗੱਲ ਦਾ ਜਿਕਰ ਉਸਨੇ ਉਦੋਂ ਕੀਤਾ ਜਦ ਲੋਕਾਂ ਨੇ ਸ਼ੱਕ ਪੈਣ ਤੇ ਬਿੰਦੂ ਦੀ ਮਾਂ ਉੱਤੇ ਰਿਪੋਟ ਕੀਤੀ ਅਤੇ ਬਿੰਦੂ ਦੀ ਮਾਂ ਨੇ,,,,,ਆਪਣੇ ਭਾਈਚਾਰੇ ਵਿੱਚ ਆਪਣੇ ਖਾਨਦਾਨ ਦੀ ਇੱਜਤ ਰੱਖਣ ਲਈ ਆਪਣੀ ਧੀ ਨੂੰ ਸਦਾ ਸਦਾ ਦੀ ਨੀਂਦ ਸੁਲ੍ਹਾ ਦਿੱਤਾ।

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net