Forced to be clown

اوہ  ہسا ہسا کے  مرگیا

سبھاش رابڑہ

ਰਾਹ ਰੰਗ

-ਸੁਬਾਸ਼ ਰਾਬਰਾ———

 

 

 

ਅੱਜ ਵਿਜੇ ਆਇਆ ਹੋਇਆ ਸੀ।  ਤੇ ਜਿਵੇਂ ਅਮੂਮਨ ਮਿਲ ਬੈਠਣ ਵੇਲੇ ਹੁੰਦੈ , ਅਸੀਂ ਸਾਹਿਤਿਕ ਗਲੀਆਂ ਕੱਛਣ ਨਿੱਕਲ ਪਏ I ਪਹਿਲਾਂ ਮੀਆਂ ਗਾਲਿਬ ਨਾਲ ਦੁਆ ਸਲਾਮ ਹੋਈ , ਫਿਰ  ਹਜ਼ਰਤ ਮੀਰ ਦਾ ਹਾਲ ਚਾਲ ਪੁੱਛਿਆ ਤੇ ਆਖਿਰ ਚ ਇਨਸ਼ਾ ਅਲਾਹ ਖਾਂ ( ਇਬਨ ਏ ਇਨਸ਼ਾ ਨਹੀਂ ) ਦੇ ਬਾਰ ਮੂਹਰੇ ਜਾ ਖੜੇ ਹੋਏ  

ਇਨਸ਼ਾ ਅਲਾਹ ਖਾਂ ( ਪੈਦਾਇਸ਼ 1757  ) ….ਸੱਚੀਂ ਮੁੱਚੀਂ ਦਾ ਹਰ ਫਨ ਮੌਲਾ I ਸ਼ਾਇਰ ਵੀ ( ਸ਼ਾਇਰੀ ਦੀ ਹਰ ਸਿਨਫ਼ ਦਾ ਮਾਹਿਰ … ਗ਼ਜ਼ਲ , ਰੁਬਾਈਆਂ , ਕਤਏ )   ਤਨਜ਼ ਨਿਗਾਰ ਵੀ , ਹਿਕਮਤ ਚ ਵੀ ਅਵੱਲ , ਉਰਦੂ ਦੀ ਕਵਾਇਦ ਏ ਜ਼ਬਾਨ ( ਗ੍ਰਾਮਰ ) ਦਾ ਸਿਰਜਕ ਵੀ … ਹੋਰ ਵੀ ਪਤਾ ਨਹੀਂ ਕੀ ਕੀ Iਸਹੀ ਮਾਇਨੇ ਚ ਗਿਆਨੀ ਤੇ ਇਲਮੀ I
ਪਰ ਇੱਕ ਵਕਤ ਇਹੋ ਜਿਹਾ ਵੀ ਆ ਗਿਆ ਕਿ ਗਿਆਨ ਜਾਂ ਇਲਮ ਉਸ ਦੇ ਸਿਰ ਚੜ ਕੇ ਬੋਲਿਆ ਤੇ ਉਹ ਵੀ ਬੁਲੰਦ ਆਵਾਜ਼ ਚ ਜਾਂ ਇਓਂ ਕਹੀਏ ਕਿ ਗਿਆਨ ਜਾਂ ਇਲਮ ਉਸ ਨੂੰ ਚੜ ਗਿਆ ਅਤੇ ਇਸੇ ਨਸ਼ੇ ਚ  ਉਹ ਆਪਣੇ ਮਾਲਿਕ ਬਾਦਸ਼ਾਹ ਦੀ ਸ਼ਾਨ ਚ ਕੁਝ ਕਹਿ ਬੈਠਾ I ਬਾਦਸ਼ਾਹ ਨੇਂ ਉਸ ਉੱਤੇ ਮੁੱਕਦਮਾ ਚਲਾਉਣ ਦਾ ਹੁਕਮ ਦੇ ਦਿੱਤਾ।  ਮੁੱਕਦਮੇ ਦਾ ਫੈਸਲਾ ਕੀ ਹੋਣਾ ਸੀ ਕਿਆਸ ਲਾਇਆ ਜਾ ਸਕਦੈ I ਮੁਅੱਜਜ਼ ਲੋਕਾਂ ਅਰਜ਼ੋਈ ਕੀਤੀ ਕਿ ਇਨਸ਼ਾ ਨੂੰ ਕੋਈ ਹੋਰ ਸਜ਼ਾ ਭਾਵੇਂ ਦੇ ਦਿੱਤੀ ਜਾਵੇ ਪਰ ਜਾਨ ਸਲਾਮਤ ਰੱਖੀ ਜਾਵੇ  

ਅਰਜ਼ੋਈ ਮੰਨੀਂ ਗਈ ਅਤੇ ਸਜ਼ਾ ਵੀ ਤੈਅ ਹੋ ਗਈ … ਇਨਸ਼ਾ ਬਾਦਸ਼ਾਹ ਨੂੰ ਹਰ ਰੋਜ਼ ਇੱਕ ਲਤੀਫ਼ਾ ਸੁਣਾਇਆ ਕਰੇਗਾ , ਨਵਾਂ ਲਤੀਫ਼ਾ  ….  ਜਿਸ ਦਿਨ ਨਾ ਸੁਣਾ ਸਕਿਆ , ਓਸੇ ਦਿਨ ਸਿਰ ਕਲਮ  

ਤੇ ਹੁਣ ਲਤੀਫ਼ਿਆਂ ਦੀ ਤਲਵਾਰ ਇਨਸ਼ਾ ਦੇ ਸਿਰ ਤੇ ਲਟਕਣ ਲੱਗੀ I ਪਰ ਹਰ ਰੋਜ਼ ਇੱਕ ਲਤੀਫ਼ਾ ? … ਇਨਸ਼ਾ ਜੀ ਭਾਵੇਂ ਕਿਸੇ ਵੀ ਜ਼ਹਿਨੀ ਹਾਲਤ ਚ ਹੋਣ , ਦਿਲ ਕਰੇ ਯਾ ਨਾਂ , ਤੇ ਉਹ ਵੀ ਨਵਾਂ ਲਤੀਫ਼ਾ … ਹੱਦ ਹੋ ਗਈ I ਖਜ਼ਾਨਾ ਮੁੱਕਣ ਲੱਗਾ ਤੇ ਹੁਣ ਇਨਸ਼ਾ ਜੀ ਲੋਕਾਂ ਕੋਲੋਂ ਲਤੀਫ਼ਿਆਂ  ਦੀ ਭਾਲ ਚ ਮਾਰੇ ਮਾਰੇ ਫਿਰਨ ਲੱਗਦੇ ..ਕਦੀ ਕਿਸੇ ਕੋਲ ਕਦੀ ਕਿਸੇ ਕੋਲ …ਨਾਈ ਭਿਸ਼ਤੀ ਤੋਂ ਲੈ ਕੇ ਖਾਨਸਾਮਿਆਂ ਤੱਕ , ਸ਼ਹਿਰ ਕੋਤਵਾਲ ਤੋਂ ਲੈ ਕੇ ਮੁਨਸਿਫ਼ਾ ਤੱਕ।   ਲੋਕ ਹੌਲੀ ਹੌਲੀ ਕਿਨਾਰਾ ਕਸ਼ੀ ਕਰਨ ਲੱਗੇ I ਵੇਖਦਿਆਂ ਹੀ ਕਹਿਣ ਲੱਗਦੇ …ਔਹ ਵੇਖੋ ਇਨਸ਼ਾ ਆ ਰਿਹੈ , ਹੁਣ ਲਤੀਫ਼ੇ ਮੰਗੇਗਾ …ਬਸ ਖਿਸਕੋ   

ਇਨਸ਼ਾ ਤੰਗ ਆ ਗਿਆ ਇਸ ਸਭ ਕੁਝ ਤੋਂ , ਤੇ ਆਖਿਰ ਇੱਕ ਦਿਨ ਤੰਗ ਆ ਕੇ  ਲਤੀਫ਼ਿਆਂ ਦੇ ਨਾਂ ਆਪਣੀ ਜ਼ਿੰਦਗੀ ਨੂੰ ਸਮਰਪਿਤ ਕਰਦਿਆਂ , ਖੁਦ ਹੀ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਗਿਆ

اوہ  ہسا ہسا کے  مرگیا

سبھاش رابڑہ  

 

اج وجے آیا ہویا سی۔ تے جویں عموماً مل بیٹھن ویلے ہندے ، اسیں  ادبی  گلیاں کچھن نکل پئے ۔

پہلاں میاں غالب نال دعا سلام ہوئی ، پھر حضرت میر دا حالَ چال پچھیا تے آخر و چ انشا اﷲ خاں انشا  دے باہر موہرے جا کھڑے ہوئے ۔

انشا اﷲ خاں ( پیدائش 1757 )  سچیں مچیں دا ہر فن مولٰی۔ شاعر وی ( شاعری دی ہر صنف دا ماہر … غزل ، رباعیاں ، قطعے  ) طنز نگار وی ، حکمت چ وی اولّ ، اردو دی گرامر دا ماہر وی … ہور وی پتہ نہیں کی کی۔I

صحیح مئنے  تاں  گیانی      تے علمی ۔ پر اک وقت ایہو جیہا وی آ گیا کہ گیان جاں علم اس دے سر چڑھ کے بولیا تے اوہ وی بلند آواز چ جاں انج   کہیئے کہ گیان جاں علم اس نوں ‘ چڑھ ‘ گیا اتے ایسے ‘ نشے ‘ چ اوہ اپنے ملک دے  بادشاہ دی شان و چ کجھ چنگا  مندا کہہ بیٹھا

 بادشاہ نے   ایس اتے مقدمہ چلاؤن دا حکم دے دتا۔

مقدمے دا فیصلہ کی ہونا سی قیاس لایا جا سکدے۔

معزز لوکاں  بادشاہ نوں عرضوئی کیتی کہ انشا نوں کوئی ہور سزا بھاویں دے دتی جاوے پر جان سلامت رکھی جاوے۔I

عرضوئی منی  گئی اتے سزا وی طے ہو گئی   انشا بادشاہ نوں ہر روز اک لطیفہ سنایا کرےگا ، تے  ہر وار  ایہہ  لظیفہ  نواں ہووے گا ۔

جس دن نہ سنا سکیا ، اوسے دن سر قلم۔   تے ہن لطیفیاں دی تلوار انشا دے سر تے لٹکن لگی  پر ہر روز اک لطیفہ ؟ .

.. انشا جی بھاویں کسے وی ذہنی حالت چ ہون ، دل کرے یا نا  ، تے اوہ وی نواں لطیفہ  حد ہو گئی ۔

خزانہ مکن لگا تے ہن انشا جی لوکاں کولوں لطیفیاں دی بھال چ مارے مارے پھرن لگدے  کدی کسے کول کدی کسے کول ..نائی بہشتی توں لے کے خانسامیاں تکّ ، شہر کوتوال توں لے کے قاضیاں  تکّ

۔ لوک ہولی ہولی کنارہ کشی کرن لگے۔

ویکھدیاں ہی کہن لگدے …’ اوہ ویکھو انشا آ ر ہیا  اے  ، ہن لطیفے منگے گابس کھسکو I

انشا تنگ آ گیا ایس سبھ کجھ توں ، تے آخر اک دن تنگ آ کے لطیفیاں دے نا ں اپنی زندگی نوں وقف  کردیاں ، خود ہی اپنی زندگی نوں الوداع کہہ گیا۔

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net