Gullu says

ਫੜ੍ਹਾਂ

ਗੁਲਸ਼ਨ ਦਿਆਲ

پھڑاں

گلشن دیال

ਜਦ ਮੈਂ ਅਮਰੀਕਾ ਆਈ ਸੀ ਤਾਂ ਕੋਈ ਚਾਰ ਕੁ ਮਹੀਨਿਆਂ ਲਈ ਇੱਕ ਕੰਪਨੀ ਵਿੱਚ ਕੰਮ ਕੀਤਾ ਸੀ ਕੰਪਿਊਟਰ ਕੰਪਨੀ -ਅਸੈਂਬਲੀ ਦਾ ਕੰਮ ਸੀ – ਹੱਥਾਂ ਦਾ ਕੰਮ ਜਾਂ ਇੰਝ ਕਹਿ ਲਉ ਮਜ਼ਦੂਰੀ। ਨਾਲ ਦੇ ਹੋਰ ਕੰਮ ਕਰਨ ਵਾਲੇ ਆਦਮੀ ,ਔਰਤਾਂ, ਮੁੰਡੇ ਤੇ ਕੁੜੀਆਂ ਸਾਰੇ ਦੇ ਸਾਰੇ ਇੱਕ ਤੂਫ਼ਾਨ ਵਾਂਗ ਕੰਮ ਕਰਦੇ ਮੇਰੇ ਨਾਲੋਂ ਕਿਤੇ ਕਾਹਲੀ – ਉਹੋ ਜਿਹੀ ਕਾਹਲ ਮੈਂਨੂੰ ਆਉਂਦੀ ਨਹੀਂ ਸੀ – ਕਦੀ ਇਸ ਤਰ੍ਹਾਂ ਦਾ ਕੰਮ ਜਾਂ ਘਰ ਦਾ ਕੰਮ ਵੀ ਮੈਂ ਕੀਤਾ ਨਹੀਂ ਸੀ। ਅਕਸਰ ਮੈਂ ਉਦਾਸ ਹੋ ਜਾਂਦੀ। ਕੰਮ ਤਾਂ ਜੋ ਸੀ ਉਹ ਸੀ ਉਸ ਤੋਂ ਉਪਰ ਮੈਂ ਰੱਜ ਕੇ ਇੱਕਲਤਾ ਮਹਿਸੂਸ ਕਰਦੀ। ਇੰਡੀਆ ਯਾਦ ਆਉਂਦਾ ਤੇ ਅਜੇ ਇਥੋਂ ਦੇ ਲੋਕਾਂ ਤੇ ਇਥੋਂ ਦੇ ਘਰਾਂ ਨਾਲ ਮੇਰੀ ਸਾਂਝ ਬਣੀ ਨਹੀਂ ਸੀ। ਲੰਚ ਵੇਲੇ ਨਾਲ ਦੀਆਂ ਕੁੜੀਆਂ ਜਿਹੜੀਆਂ ਭਾਰਤ ਜਾਂ ਪਾਕਿਸਤਾਨ ਤੋਂ ਸੀ ਉਹ ਵੀ ਮੇਰੇ ਵਾਂਗ ਉਦਾਸੀਆਂ ਤੇ ਸਮਸਿਆਵਾਂ ਦੀ ਪੰਡ ਚੁੱਕੀ ਫਿਰਦੀਆਂ ਪਰ ਉਨ੍ਹਾਂ ਦੀਆਂ ਗੱਲਾਂ ਨਾਲ ਵੀ ਮੇਰੀ ਕੋਈ ਗੱਲ ਮੇਲ ਨਹੀਂ ਸੀ ਖਾਂਦੀ। ਉਨ੍ਹਾਂ ਨੇ ਜਾਂ ਸਹੁਰਿਆਂ ਤੇ ਪਤੀਆਂ ਦੀਆਂ ਚੁਗਲੀਆਂ ਕਰਨੀਆਂ ਹੁੰਦੀਆਂ ਤੇ ਮੇਰੇ ਕੋਲ ਕੋਈ ਇਹੋ ਜਿਹੀ ਗੱਲ ਵੀ ਨਹੀਂ ਸੀ – ਮੇਰੇ ਕੋਲ ਤਾਂ ਕਦੀ ਇੰਡੀਆ ਵਿੱਚ ਇਹੋ ਜਿਹੀ ਗੱਲ ਨਹੀਂ ਹੁੰਦੀ ਸੀ ਆਪਣੀਆਂ ਨਾਲ ਦੀਆਂ ਟੀਚਰਸ ਨਾਲ ਗੱਲ ਕਰਨ ਲਈ। ਸੋ ਇਥੇ ਵੀ ਜੋ ਉਹ ਗੱਲਾਂ ਕਰਦੀਆਂ ਮੇਰੇ ਸੁਆਦ ਤੇ ਦਿਲਚਸਪੀ ਤੋਂ ਬਾਹਰ ਹੁੰਦੀਆਂ – ਮੇਰੇ ਉਪਰ ਦੀ ਲੰਘ ਜਾਂਦੀਆਂ -ਜੇ ਕੋਈ ਗੱਲ ਮੈਂ ਕਰਨਾ ਵੀ ਚਾਹੁੰਦੀ ਤਾਂ ਵੀ ਮੇਰੇ ਲਈ ਮੁਸ਼ਕਿਲ ਸੀ ਆਪਣੀ ਗੱਲ ਆਖਣੀ ਕਿਉਂਕਿ ਉਨ੍ਹਾਂ ਸਾਰੀਆਂ ਨੂੰ ਸਮੇਂ ਦੀ ਘਾਟ ਕਰ ਕੇ ਆਪਣੀ ਗੱਲ ਆਖਣ ਦੀ ਕਾਹਲ ਹੁੰਦੀ ਤੇ ਮੈਂ ਕਦੀ ਬੋਲ ਹੀ ਨਾ ਸਕਦੀ। ਪਰ ਉਂਝ ਵੀ ਮੈਂ ਕੁਝ ਆਖਣਾ ਨਹੀਂ ਸੀ ਹੁੰਦਾ। ਮੇਰੇ ਸ਼ਕਲ ਵੀ ਇੰਝ ਦੀ ਸੀ ਕਿ ਮੇਰਾ ਚਿਹਰਾ ਸਦਾ ਹੀ ਗੁਆਚਿਆ ਤੇ ਉਦਾਸਿਆ ਰਹਿੰਦਾ। ਕਈ ਵਾਰ ਮੈਂਨੂੰ ਰੋਣ ਆ ਜਾਂਦਾ। ਸੋ ਮੈਂ ਚੁੱਪ ਕਰ ਕੇ ਚਾਹ ਪੀਂਦੀ , ਕਾਫੀ ਪੀਂਦੀ ਤੇ ਇੱਕਲੀ ਹੀ ਬੈਠ ਕੁਝ ਨਾ ਕੁਝ ਪੜ੍ਹਦੀ ਰਹਿੰਦੀ ਪਰ ਪੜ੍ਹਨ ਲਈ ਕੋਈ ਇੰਨੀ ਲੰਮੀ ਬਰੇਕ ਤਾਂ ਨਹੀਂ ਸੀ ਹੁੰਦੀ। ਇੱਕ ਦਿਨ ਮੈਂ ਸਟਾਫ ਰੂਮ ਦੇ ਕੋਲ ਜੋ ਸਕਿਉਰਿਟੀ ਅਫਸਰ ਬੈਠਦਾ ਹੁੰਦਾ ਸੀ ਉਸ ਥਾਂ ਦੇ ਨੇੜੇ ਆ ਕੇ ਬੈਠ ਗਈ -ਉਸ ਦਿਨ ਜੋ ਮੁੰਡਾ ਆਇਆ ਸੀ ਉਹ ਛੋਟੀ ਉਮਰ ਦਾ ਸੀ ਤੇ ਮੈਂ ਦੇਖਿਆ ਕਿ ਉਹ ਕੋਈ ਕਿਤਾਬ ਪੜ੍ਹ ਰਿਹਾ ਸੀ – ਮੈਂਨੂੰ ਦਿਲਚਿਸਪੀ ਹੋਈ ਕਿਉਂਕਿ ਉਥੇ ਮੈਂ ਕਿਸੇ ਨੂੰ ਘੱਟ ਹੀ ਕੁਝ ਪੜ੍ਹਦਿਆਂ ਦੇਖਦੀ ਸੀ – ਉਸ ਨਾਲ ਮੈਂ ਗੱਲ ਕਰਨ ਲੱਗ ਪਈ – ਉਹ ਇੱਕ ਯੂਨੀਵਰਸਟੀ ਦਾ ਵਿਦਿਆਰਥੀ ਸੀ ਤੇ ਰਾਤ ਦੇ ਵੇਲੇ ਸਕਿਉਰਿਟੀ ਦਾ ਕੰਮ ਕਰਦਾ ਸੀ – ਪੁੱਛਣ ਤੇ ਉਸ ਨੇ ਦੱਸਿਆ ਕਿ ਉਹ ਯਹੂਦੀ ਹੈ – ਬਹੁਤ ਗੱਲਾਂ ਤਾਂ ਮੈਂ ਉਸ ਨਾਲ ਕਰ ਨਹੀਂ ਸੀ ਸਕਦੀ ਪਰ ਉਸ ਤੋਂ ਮੈਂ ਉਸ ਕਿਤਾਬ ਬਾਰੇ ਜਰੂਰ ਪੁੱਛਿਆ ਜੋ ਉਹ ਪੜ੍ਹ ਰਿਹਾ ਸੀ – ਉਸ ਕਿਤਾਬ ਦਾ ਨਾਮ ਤਾਂ ਹੁਣ ਯਾਦ ਨਹੀਂ ਪਰ ਉਸ ਦਾ ਵਿਸ਼ਾ ਕੁਝ ਇਸ ਤਰ੍ਹਾਂ ਦਾ ਸੀ ਕਿ ਸਮਾਜ ਵਿੱਚ ਜਿਉਂ ਜਿਉਂ ਲੋਕ ਜ਼ਿਆਦਾ ਪੜ੍ਹਦੇ ਜਾਂਦੇ ਹਨ ਤਿਉਂ ਤਿਉਂ ਸਮਾਜ ਵਿੱਚ ਇੱਕ ਕਿਸਮ ਦੀ ਮਾਯੂਸੀ ਤੇ ਨਿਰਾਸ਼ਾ ਵੱਧਦੀ ਜਾਂਦੀ ਹੈ – ਇਨਸਾਨ ਦੀਆਂ ਲੋੜਾਂ , ਲਾਲਸਾਵਾਂ ਵਧਦੀਆਂ ਜਾਂਦੀਆਂ ਹਨ ਤੇ ਸ਼ਾਇਦ ਲਿਖਾਰੀ ਦਾ ਇੰਝ ਆਖਣਾ ਸੀ ਕਿ ਇਨਸਾਨ ਬਿਨਾ ਡਿਗਰੀਆਂ ਤੋਂ ਬਿਨਾ ਪੜ੍ਹਾਈ ਦੇ ਜਦ ਕੁਦਰਤ ਦੇ ਜ਼ਿਆਦਾ ਨੇੜੇ ਸੀ ਤਾਂ ਉਹ ਵਧੇਰੇ ਖੁਸ਼ ਸੀ।ਜਿਵੇਂ ਉਸ ਨੇ ਮੈਂਨੂੰ ਸਮਝਾਇਆ ਸੀ ਪੂਰੀ ਤਰ੍ਹਾਂ ਯਾਦ ਤਾਂ ਨਹੀਂ ਹੈ ਪਰ ਉਸ ਵੇਲੇ ਮੈਂਨੂੰ ਉਸ ਦੀ ਗੱਲ ਠੀਕ ਲੱਗੀ ਸੀ। ਫਿਰ ਅਗਲੇ ਕੁਝ ਦਿਨ ਮੈਂ ਬਰੇਕ ਵੇਲੇ ਉਸ ਕੋਲ ਜਾ ਕੇ ਗੱਲਾਂ ਕਰਦੀ ਤੇ ਉਹ ਵੀ ਮੈਂਨੂੰ ਉਡੀਕਦਾ ਰਹਿੰਦਾ – ਸ਼ਾਇਦ ਉਸ ਦੀ ਵੀ ਇਹੀ ਸਮੱਸਿਆ ਸੀ – ਕੋਈ ਹੋਰ ਉਸ ਨਾਲ ਗੱਲ ਕਰਨ ਵਾਲਾ ਨਹੀਂ ਸੀ । ਫਿਰ ਉਹ ਇੱਕ ਦਿਨ ਆਇਆ ਨਾ ਤਾਂ ਮੇਰੇ ਦਿਲ ਨੂੰ ਇੱਕ ਦੰਮ ਧੱਕਾ ਜਿਹਾ ਲੱਗਾ – ਯਾਦ ਆਇਆ ਉਹ ਤੇ ਲੋੜ ਪੈਣ ਤੇ ਕੰਮ ਕਰਦਾ ਸੀ – ਕੋਈ ਪੱਕਾ ਮੁਲਾਜ਼ਮ ਤੇ ਨਹੀਂ ਸੀ – ਕੁਝ ਦਿਨਾਂ ਬਾਅਦ ਮੈਂ ਉਸ ਨੂੰ ਫੇਰ ਦੇਖਿਆ ਪਰ ਫੇਰ ਮੈਂ ਜਾਣ ਬੁਝ ਕੇ ਮਿਲਣ ਹੀ ਨਾ ਗਈ – ਬਰੇਕ ਵੇਲੇ ਉਹ ਇਧਰ ਉਧਰ ਦੇਖਦਾ ਰਿਹਾ ਪਰ ਮੈਂ ਆਪਣੇ ਆਪ ਨੂੰ ਰੋਕੀ ਰੱਖਿਆ। ਉਦੋਂ ਜਜ਼ਬਾਤੀ ਤੌਰ ਤੇ ਮੇਰਾ ਦਿਵਾਲੀਆ ਨਿਕਲਿਆ ਹੋਇਆ ਸੀ ਤੇ ਮੈਂ ਛੋਟੀਆਂ ਛੋਟੀਆਂ ਦੋਸਤੀਆਂ ਤੋਂ ਵੀ ਡਰਿਆ ਕਰਦੀ ਸੀ। ਹੁਣ ਜਦ ਮੈਂਨੂੰ ਇਹ ਗੱਲ ਯਾਦ ਆਉਂਦੀ ਹੈ ਤਾਂ ਇਹ ਡਰ ਤੇ ਇਹ ਗੱਲ ਮੈਂਨੂੰ ਬਹੁਤ ਬਚਕਾਨਾ ਲੱਗਦੀ ਹੈ। ਪਰ ਉਸ ਦੀ ਕਿਤਾਬ ਦੀ ਗੱਲ ਮੈਂਨੂੰ ਬਹੁਤ ਦੇਰ ਤੱਕ haunt ਕਰਦੀ ਰਹੀ – ਅਕਸਰ ਮੈਂ ਸੋਚਦੀ ਹਾਂ ਕਿ ਸੱਚ ਮੁੱਚ ਪੜ੍ਹੇ ਲਿਖੇ ਲੋਕ ਕੌਣ ਹਨ -ਤੇ ਅਨਪੜ੍ਹ ਤੋਂ ਕੀ ਮਤਲਬ ਹੋ ਸਕਦਾ ਹੈ। ਜਰਾ ਸੋਚ ਕੇ ਦੇਖੋ। ਬਹੁਤ ਸਾਰੇ ਲੋਕਾਂ ਕੋਲ ਕਿੰਨੀਆਂ ਕਿੰਨੀਆਂ ਡਿਗਰੀਆਂ ਹੁੰਦੀਆਂ ਹਨ ਪਰ ਉਨ੍ਹਾਂ ਨਾਲ ਗੱਲ ਕਰੋ ਤਾਂ ਉਨ੍ਹਾਂ ਨੂੰ ਕੋਈ ਸਲੀਕਾ ਨਹੀਂ ਹੁੰਦਾ- ਚੰਗੇ ਵਿਉਹਾਰ ਦਾ ਕੋਈ ਤੌਰ ਤਰੀਕਾ ਪਤਾ ਹੀ ਨਹੀਂ । ਪਰ ਇਸ ਦੇ ਉਲਟ ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਨੇ ਕਾਲਜ ਦਾ ਮੂੰਹ ਨਹੀਂ ਦੇਖਿਆ ਹੁੰਦਾ ਪਰ ਉਨ੍ਹਾਂ ਦਾ ਗੱਲ ਬਾਤ ਕਰਨ ਦਾ ਤਰੀਕਾ ਬਹੁਤ ਹੀ ਸੁਭਾਵਿਕ ਤੇ ਵਧੀਆ ਹੁੰਦਾ ਹੈ। ਜਦ ਮੈਂ ਪੰਜਾਬੀ ਬਾਰੇ ਸੋਚਦੀ ਹਾਂ ਤਾਂ ਸੋਚਦੀ ਹਾਂ ਕਿ ਉਸ ਲਈ ਕੀ ਕੀਮਤੀ ਹੈ ? ਕੀ ਉਹ ਇੱਕ ਸੁਚੱਜੇ ਆਚਰਣ ਨੂੰ ਤਰਜੀਹ ਦੇਵੇਗਾ ? ਸ਼ਾਇਦ ਨਹੀਂ- ਜੋ ਕੁਝ ਅੱਜ ਕਲ ਪੰਜਾਬ ਵਿੱਚ ਹੋ ਰਿਹਾ ਹੈ ਉਹ ਚੰਗੇ ਵਿਉਹਾਰ ਤੋਂ ਕਿਤੇ ਦੂਰ ਹੈ। ਹੁਣੇ ਹੀ ਜੋਧਾਂ ਪਿੰਡ ਵਿੱਚ ਇੱਕ ਕੁੜੀ ਨੇ ਆਤਮ ਹੱਤਿਆ ਕੀਤੀ ਹੈ ਇਹ ਘਟਨਾ ਕੀ ਦੱਸਦੀ ਹੈ ਸਾਡੇ ਆਚਰਣ ਬਾਰੇ – ਜੋ ਲੋਕ ਉਸ ਨੂੰ ਤੰਗ ਕਰ ਰਹੇ ਸਨ ਜਾਹਿਰ ਹੈ ਉਹ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਮਝਦੇ ਹੋਣਗੇ। ਸਾਡੇ ਪੰਜਾਬੀਆਂ ਵਿੱਚ ਜਿਵੇਂ ਸੰਵੇਦਨਸ਼ੀਲਤਾ ਦਾ ਨਾਮ ਹੀ ਨਹੀਂ ਮਿਲਦਾ। ਇੱਕ ਚੰਗੇ ਵਿਉਹਾਰ ਤੇ ਇੱਕ ਚੰਗੇ ਆਚਰਣ ਦੀ ਕਿਸ ਨੂੰ ਫਿਕਰ ਹੈ? ਸਾਡੇ ਫਿਕਰ ਵੀ ਬਹੁਤ ਅਜੀਬ ਨੇ – ਕਾਰ ਹੋਵੇ , ਕੋਠੀ ਹੋਵੇ ਤੇ ਹੋਰ ਬੱਸ ਇਹੋ ਜਿਹੀਆਂ ਲੋੜਾਂ ਦੀ ਸਾਨੂੰ ਬਹੁਤ ਚਿੰਤਾ ਹੈ। ਸਾਡੇ ਮਨਿਸਟਰਾਂ ਦੇ ਚਿਹਰਿਆਂ ਤੋਂ ਕੁਝ ਇਨਸਾਨਾਂ ਵਰਗਾ ਕੁਝ ਨਜ਼ਰ ਆਉਂਦਾ ਹੈ ? ਸਾਡੇ ਮੌਲਵੀਆਂ, ਪੰਡਿਤਾਂ ਤੇ ਗ੍ਰੰਥੀਆਂ ਤੋਂ ਕੁਝ ਧਾਰਮਿਕਤਾ ਵਰਗਾ ਕੁਝ ਦਿਖਦਾ ਹੈ ? ਦਿਨ -ਬ – ਦਿਨ ਅਸੀਂ ਇਨਸਾਨੀਅਤ ਗੁਆਚਦੇ ਜਾਂਦੇ ਹਾਂ। ਧਰਮ ਆਖਦਾ ਹੈ ਕਾਮ ਤੋਂ ਦੂਰ ਰਹੋ ਫਿਰ ਸਾਡੇ ਪੰਜਾਬ ਵਿੱਚ ਬਲਾਤਕਾਰਾਂ ਦੀਆਂ ਖਬਰਾਂ ਲਗਾਤਾਰ ਵੱਧ ਰਹੀਆਂ ਨੇ – ਲੋਭ ਤੋਂ ਦੂਰ ਰਹੋ – ਸਾਡੇ ਰੋਜ਼ ਨਵੇਂ ਲੋਭ ਨੇ -ਇੱਕ ਜੱਟ ਨੂੰ ਆਪਣਾ ਜੱਟਪੁਣਾ ਨਹੀਂ ਜਚਦਾ ਜੇ ਉਸ ਕੋਲ ਆਪਣੇ ਗੁਆਂਢੀ ਵਰਗੀ ਗੱਡੀ ਨਹੀਂ। ਕਰੋਧ – ਸਾਡੀਆਂ ਗਲੀਆਂ ਤੇ ਕੂਚਿਆਂ ਵਿੱਚ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਹੋ ਰਹੀ ਮਾਰ ਧਾੜ ਕੋਈ ਸਹਿਣਸ਼ੀਲਤਾ ਤਾਂ ਨਹੀਂ। ਫਿਰ ਅਸੀਂ ਹਰ ਬੁਰੀ ਗੱਲ ਲਈ ਸਿਸਟਮ ਨੂੰ ਜੁੰਮੇਵਾਰ ਠਹਿਰਾਂਦੇ ਹਾਂ – ਇਹ ਸੋਚ ਕਮਿਊਨਿਸਟਾਂ ਦੀ ਦੇਣ ਹੈ -ਕਿ ਸਿਸਟਮ ਬਦਲਣਾ ਹੈ ਅਸੀਂ ਖੁਦ ਨੂੰ ਕਿਉਂ ਨਹੀਂ ਬਦਲਦੇ ਜਾਂ ਬਦਲਣ ਬਾਰੇ ਸੋਚਦੇ ? ਉਂਝ ਵੀ ਸਾਡੇ ਕਾਲਜ ਸਾਡੀਆਂ ਯੂਨੀਵਰਸਟੀਆਂ ਇੱਕੋ ਜਿਹੀ ਚੀਜ਼ ਦੀਆਂ ਅਨੇਕ ਕਾਪੀਆਂ ਕਰੀ ਜਾ ਰਹੇ ਹਨ। ਇੱਕੋ ਜਿਹੀਆਂ ਡਿਗਰੀਆਂ ਤੇ ਇੱਕੋ ਜਿਹੇ ਹੱਲ। ਕੋਈ ਯੂਨੀਵਰਸਿਟੀ ਇਸ ਗੱਲ ਲਈ ਕੁਝ ਨਹੀਂ ਸਿਖਾਂਦੀ ਕਿ ਭਾਰਤ ਦੀ ਵੱਧ ਰਹੀ ਅਬਾਦੀ ਕਿੰਨੀ ਆਤਮਘਾਤੀ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਸਾਨੂੰ ਕਿੰਨੇ ਘਰਾਂ ਦੀ ਲੋੜ ਹੈ ਤੇ ਕਿਥੇ ਹੈ ਸਾਡੇ ਕੋਲ ਜ਼ਮੀਨ ? ਕਿਥੇ ਅਸੀਂ ਇੰਨੇ ਲੋਕਾਂ ਲਈ ਫਸਲ ਉਗਾਵਾਂਗੇ। ਠੀਕ ਹੈ ਅਸੀਂ ਹਰੀ ਕਰਾਂਤੀ ਲਿਆਂਦੀ ਹੈ ਪਰ ਹੁਣ ਸਾਨੂੰ ਲੋੜ ਹੈ ਖੇਤੀ ਦੇ ਢੰਗ ਬਦਲਣ ਦੇ -ਛੱਤਾਂ ਤੇ ਉਗਾਇਆ ਜਾ ਸਕੇ , ਹਵਾ ਵਿੱਚ ਉਗਾਇਆ ਜਾ ਸਕੇ – ਕੰਧਾਂ ਵਿੱਚ ਉਗਾਇਆ ਆ ਸਕੇ – ਪੱਛਮ ਵਿੱਚ ਤਾਂ ਕੁਝ ਸਾਇੰਸਦਾਨਾਂ ਨੇ ਅਜਿਹੇ ਕੰਮ ਕੀਤੇ ਹਨ ਪਰ ਭਾਰਤ ਵਿੱਚ ਹੁਣ ਤੱਕ ਹੋ ਜਾਣਾ ਚਾਹੀਦਾ ਸੀ। ਜਿਹੜੇ ਰਾਜ ਸਮੁੰਦਰ ਦੇ ਨੇੜੇ ਹਨ ਉਥੇ ਸਮੁੰਦਰ ਵਿੱਚ ਘਰ ਬਣਾਉਣ ਦੀ ਕਲਾ ਸਾਨੂੰ ਆਉਣੀ ਚਾਹੀਦੀ ਹੈ – ਇਸ ਬਾਰੇ ਵੀ ਬਹੁਤ ਸਾਲ ਪਹਿਲਾਂ ਪੱਛਮ ਵਿੱਚ ਖੋਜ ਹੋਈ ਹੈ – ਸਾਨੂੰ ਹੁਣ ਵੱਡੀਆਂ ਵੱਡੀਆਂ ਕੋਠੀਆਂ ਨਹੀਂ ਚਾਹੀਦੀਆਂ ਸਾਨੂੰ ਆਕਾਸ਼ ਛੂਹੰਦੀਆਂ ਬਿਲਡਿੰਗਾਂ ਚਾਹੀਦੀਆਂ ਨੇ – ਭਾਰਤ ਦੀ ਵਧਦੀ ਅਬਾਦੀ ਨੂੰ ਦੇਖ ਕੇ ਭਾਰਤ ਵਿੱਚ ਸਭ ਤੋਂ ਉੱਚੀਆਂ ਇਮਾਰਤਾਂ ਦੀ ਲੋੜ ਹੈ ਪਰ ਸਾਡੇ ਕੋਲ ਦਿਖਾਵੇ ਲਈ ਵੀ ਕੋਈ ਇਮਾਰਤ ਨਹੀਂ। ਨਾ ਸਾਡੇ ਕੋਲ ਕਲਾ ਹੈ ਨਾ ਸਾਡੇ ਕੋਲ ਆਚਰਣ ਹੈ ਤੇ ਪਤਾ ਨਹੀਂ ਅਸੀਂ ਕਿਸ ਗੱਲ ਤੇ ਦਿਨ ਰਾਤ ਭਾਰਤੀ ਸੰਸਕ੍ਰਿਤੀ ਦੀਆਂ ਫੜ੍ਹਾਂ ਮਾਰਦੇ ਰਹਿੰਦੇ ਹਾਂ।

پھڑاں

گلشن دیال

جد میں امریکہ آئی سی تاں کوئی چار کو مہینیاں لئی اک کمپنی وچّ کم کیتا سی کمپیوٹر کمپنی – پْرزے جوڑ کے  کمپیوٹر نبائون دا کم سی – ہتھاں دا کم جاں انج  کہہ لئو  مزدوری۔ نال دے ہور کم کرن والے آدمی ،عورتاں، منڈے تے کڑیاں سارے دے سارے اک طوفان وانگ کم کردے میرے نالوں کتے کاہلی – اوہو جہی کاہل مینوں آؤندی نہیں سی – کدی اس طرحاں دا کم جاں گھر دا کم وی میں کیتا نہیں سی۔ اکثر میں اداس ہو جاندی۔ کم تاں جو سی اوہ سی اس توں اوپر میں رجّ کے اکلا محسوس کردی۔ انڈیا یاد آؤندا تے اجے ایتھوں دے لوکاں تے ایتھوں دے گھراں نال میری سانجھ بنی نہیں سی۔ لنچ ویلے نال دیاں کڑیاں جہڑیاں بھارت جاں پاکستان توں سی اوہ وی میرے وانگ اداسیاں تے مسئلیاں دی پنڈ چکی پھردیاں پر اوہناں دیاں گلاں نال وی میری کوئی گلّ میل نہیں سی کھاندی۔ اوہناں نے جاں سوہریاں تے پتیاں دیاں چغلیاں کرنیاں ہندیاں تے میرے کول کوئی ایہو جہی گلّ وی نہیں سی – میرے کول تاں کدی انڈیا وچّ ایہو جہی گلّ نہیں ہندی سی اپنیاں نال دیاں ٹیچرز نال گلّ کرن لئی۔ سو ایتھے وی جو اوہ گلاں کردیاں میرے سواد تے دلچسپی توں باہر ہندیاں – میرے اوپر دی لنگھ جاندیاں -جے کوئی گلّ میں کرنا وی چاہندی تاں وی میرے لئی مشکل سی اپنی گلّ آکھنی کیونکہ اوہناں ساریاں نوں وقت  دی گھاٹ کر کے اپنی گلّ آکھن دی کاہل ہندی تے میں کدی بول ہی نہ سکدی۔ پر انج  وی میں کجھ آکھنا نہیں سی ہندا۔ میرے شکل وی انج دی سی کہ میرا چہرہ سدا ہی گواچیا تے اداسیا رہندا۔ کئی وار مننوں رون آ جاندا۔ سو میں چپّ کر کے چاہ پیندی ، کافی پیندی تے اکلی ہی بیٹھ کجھ نہ کجھ پڑھدی رہندی پر پڑھن لئی کوئی اینی لمی بریک تاں نہیں سی ہندی۔
اک دن میں سٹاف روم دے کول جو  سیکورٹی  افسر بیٹھدا ہندا سی اس تھاں دے نیڑے آ کے بیٹھ گئی -اس دن جو منڈا آیا سی اوہ چھوٹی عمر دا سی تے میں دیکھیا کہ اوہ کوئی کتاب پڑھ رہا سی – میننوں دلچسپی ہوئی کیونکہ ایتھے میں کسے نوں گھٹّ ہی کجھ پڑھدیاں دیکھدی سی – اس نال میں گلّ کرن لگّ پئی – اوہ اک یونیورسٹی دا  سٹوڈنٹ سی تے رات دے ویلے سیکورٹی دا کم کردا سی – پچھن تے اس نے دسیا کہ اوہ یہودی ہے – بہت گلاں تاں میں اس نال کر نہیں سی سکدی پر اس توں میں اس کتاب بارے ضرور پچھیا جو اوہ پڑھ رہا سی – اس کتاب دا نام تاں ہن یاد نہیں پر اس دا  موضوع  کجھ اس طرحاں دا سی کہ سماج وچّ جیوں جیوں لوک زیادہ پڑھدے جاندے ہن  تیوں تیوں سماج وچّ اک قسم دی مایوسی تے  نا امیدی ودھدی جاندی ہے – انسان دیاں لوڑاں ، لا لچ  ودھدیاں جاندیاں ہن تے شاید لکھاری دا انج آکھنا سی کہ انسان بنا ڈگریاں توں بناں  پڑھائی دے جد قدرت دے زیادہ نیڑے سی تاں اوہ ودھیرے خوش سی۔جویں اس نے مننوں سمجھایا سی پوری طرحاں یاد تاں نہیں ہے پر اس ویلے مننوں اس دی گلّ ٹھیک لگی سی۔ پھر اگلے کجھ دن میں وقفے  ویلے اس کول جا کے گلاں کردی تے اوہ وی میننوں اڈیکدا رہندا – شاید اس دا وی ایہی  مسئلہ  سی – کوئی ہور اس نال گلّ کرن والا نہیں سی ۔ پھر اوہ اک دن آیا نہ تاں میرے دل نوں اک دمّ دھکہ جیہا لگا – یاد آیا اوہ تے لوڑ پین تے کم کردا سی – کوئی پکا ملازم تے نہیں سی – کجھ دناں بعد میں اس نوں پھیر دیکھیا پر پھیر میں جان بجھ کے ملن ہی نہ گئی – وقفے  ویلے اوہ ادھر ادھر دیکھدا رہا پر میں اپنے آپ نوں روکی رکھیا۔ اودوں جذباتی طور تے میرا دوالیہ نکلیا ہویا سی تے میں چھوٹیاں چھوٹیاں دوستیاں توں وی ڈریا کردی سی۔ ہن جد مننوں ایہہ گلّ یاد آؤندی ہے تاں ایہہ ڈر تے ایہہ گلّ مننوں بہت بچگانہ  لگدی ہے۔
پر اس دی کتاب دی گلّ  بہت دیر تکّ میرا پچھا کردی رہی – اکثر میں سوچدی ہاں کہ سچ مچّ پڑھے لکھے لوک کون ہن -تے ان پڑھ توں کی مطلب ہو سکدا ہے۔ ذرا سوچ کے دیکھو۔ بہت سارے لوکاں کول کنیاں کنیاں ڈگریاں ہندیاں ہن پر اوہناں نال گلّ کرو تاں اوہناں نوں کوئی سلیقہ نہیں ہندا- چنگے
ویوہار دا کوئی طور طریقہ پتہ ہی نہیں ۔ پر اس دے الٹ بہت سارے لوک ہندے نے جنہاں نے کالج دا منہ نہیں دیکھیا ہندا پر اوہناں دا گلّ بات کرن دا طریقہ بہت ہی قدرتی  تے ودھیا ہندا ہے۔ جد میں پنجابی بارے سوچدی ہاں تاں سوچدی ہاں کہ اس لئی کی قیمتی ہے ؟ کی اوہ اک سچجے  ورتارے  نوں ترجیح دیوے گا ؟ شاید نہیں- جو کجھ اج کل پنجاب وچّ ہو رہا ہے اوہ چنگے ویوہار توں کتے دور ہے۔ ہنے ہی جودھاں پنڈ وچّ اک کڑی نے خود کْشی کیتی ہے ایہہ واقعہ  کی دسدا ہے ساڈے  ورتارے بارے – جو لوک اس نوں تنگ کر رہے سن ظاہر ہے اوہ اپنے آپ نوں پڑھیا لکھیا سمجھدے ہونگے۔ ساڈے پنجابیاں وچّ جویں احساس دا ناں ہی نہیں ملدا۔ اک چنگے ویوہار تے اک چنگے ورتارے دی کس نوں فکر ہے؟ ساڈے فکر وی بہت عجیب نے   کار ہووے ، کوٹھی ہووے تے ہور بسّ ایہو جہیاں لوڑاں دی سانوں بہت چنتا ہے۔ ساڈے منسٹراں دے چہریاں توں کجھ انساناں ورگا کجھ نظر آؤندا ہے ؟ ساڈے مولویاں، پنڈتاں تے گرنتھیاں توں کجھ مذہب  ورگا کجھ دکھدا ہے ؟ دن بدن اسیں انسانیت گواچدے جاندے ہاں۔ دھرم آکھدا ہے کام توں دور رہو پھر ساڈے پنجاب وچّ زبر زنا  دیاں خبراں لگاتار ودھ رہیاں نے  لالچ  توں دور رہو – ساڈے روز نویں  لالچ نے – اک جٹّ نوں اپنا جٹ پنا نہیں جچدا جے اس کول اپنے گوانڈھی ورگی گڈی نہیں۔ کرودھ – ساڈیاں گلیاں تے کوچیاں وچّ وکھ وکھ مدعیاں نوں لے کے ہو رہی مار دھاڑ کوئی احساس  تاں نہیں۔ پھر اسیں ہر بری گلّ لئی سسٹم نوں ذمے  وار ٹھہراندے ہاں – ایہہ سوچ کمیونسٹاں دی دین ہے  کہ سسٹم بدلنا ہے اسیں خود نوں کیوں نہیں بدلدے جاں بدلن بارے سوچدے ؟
انج وی ساڈے کالج ساڈیاں یونیورسٹیاں اکو جہی چیز دیاں اوپریاں   کاپیاں کری جا رہے ہن۔ اکو جہیاں ڈگریاں تے اکو جہے حلّ۔ کوئی یونیورسٹی اس گلّ لئی کجھ نہیں سکھاندی کہ بھارت دی ودھ رہی آبادی کنی خود کْش  ہے۔ آؤن والے ورھیاں وچّ سانوں کنے گھراں دی لوڑ ہے تے کتھے ہے ساڈے کول زمین ؟ کتھے اسیں ا
ینے لوکاں لئی فصل اگاواں گے۔ ٹھیک ہے اسیں ہرا  انقلاب  لیاندا  ہے پر ہن سانوں لوڑ ہے کھیتی دے ڈھنگ بدلن دے -چھتاں تے اگایا جا سکے ، ہوا وچّ اگایا جا سکے – کندھاں وچّ اگایا آ سکے – پچھم وچّ تاں کجھ سائنسداناں نے اجیہے کم کیتے ہن پر بھارت وچّ ہن تکّ ہو جانا چاہیدا سی۔ جہڑے راج سمندر دے نیڑے ہن اتھے سمندر وچّ گھر بناؤن دی کلا سانوں آؤنی چاہیدی ہے – اس بارے وی بہت سال پہلاں پچھم وچّ کھوج ہوئی ہے – سانوں ہن وڈیاں وڈیاں کوٹھیاں نہیں چاہیدیاں سانوں آکاش چھوہندیاں بلڈنگاں چاہیدیاں نے – بھارت دی ودھدی آبادی نوں دیکھ کے بھارت وچّ سبھ توں اچیاں عمارتاں دی لوڑ ہے پر ساڈے کول دکھاوے لئی وی کوئی عمارت نہیں۔ نہ ساڈے کول کلا ہے نہ ساڈے کول ورتارا ہے تے پتہ نہیں اسیں کس گلّ تے دن رات بھارتی   کلچر دیاں پھڑھاں ماردے رہندے ہاں۔

 

 

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net