gullu says


گْلو  کہندی  اے

گلشن دیال

ਗੁੱਲੂ ਕਹਿੰਦੀ

ਗੁਲਸ਼ਨ ਦਿਆਲ

بہت سالاں توں میرے اکو ہی ڈینٹسٹ رہے ہن -تے اوہناں نال پیار بھریا اک رشتہ وی بن گیا ہے – بہت چنگے انسان ہن – ہر ویلے ہر کسے دی مدد کرن والے -کجھ چر لئی اوہناں دی اسسٹینٹ اک کالی کڑی رہی سی جو کہ سوڈان توں سی – انجھ تے اس نے دنداں دی ڈاکٹری کیتی ہوئی سی پر اجے اس نے امتحان پاس کر کے کجھ کلاساں تے لائیسینس وغیرہ  لینا سی تے ادوں تکّ اوہ ڈاکٹر صاحب کول کم وی کر لیندی تے اوہناں توں کم سکھن دے نال نال اوہناں کول بیٹھ کے پڑھ وی لیندی سی۔ اوہ اک فوجی  دی بیٹی سی تے بھاویں اوہ سوڈان توں سی پر اس دا پیو ابو دھہابی دی فوج وچّ اک افسر رہا سی۔ مڈل ایسٹ دے کجھ دیش جو بہت چھوٹے ہن – اوہناں دیاں سرکاراں نے اپنیاں فوجاں وچّ باہرلے لوک وی رکھے ہوئے ہن – اس بارے مینوں پتہ لگیا کہ جدوں اس دا پیو اجے  فوج  وچّ ہی سی تاں اوہ تے اس دا پریوار جو کہ کافی وڈا سی – سارے جانے ہر سال امریکہ چھٹیاں کٹن آؤندے سن ؛ ایہہ  سن کے مینوں کافی حیرانی ہوئی۔ اک فوجی  افسر دی کنی کو تنخواہ ہو سکدی ہے کہ اوہ یورپ جاں امریکہ چھٹیاں کٹن جاوے ۔ انجھ وی اوہ برینڈ دیاں مہنگیاں مہنگیاں چیزاں خریددی سی تے جے دل کر آؤنا تاں اس نے لاس اینجلس توں لاس ویگس شاپنگ کرن جانا۔ انجھ اوہ سر تے مسلم کڑیاں وانگ سکارف بنھ کے رکھدی سی۔
امریکہ نے مڈل ایسٹ دیشاں وچّ پیسہ پانی وانگ بہایا ہے۔ اوہ پیسہ جس کم لئی دتا جاندا سی – ایتھے تے اوہ خرچ نہیں سی ہندا پر ایہناں سارے ملکاں دے فوجی  جو وڈے وڈے عہدیاں تے ہن – رجّ کے امیر ہن۔
ساڈے گوانڈھی دیش پاکستان نوں ہی لے لؤ -اوہناں دے فوجی افسراں دے وڈے وڈے کاروبار ہن تے ایہہ وی اک کارن ہے کہ اوہ بھارت نال شانتی دا رشتہ قایم کرن توں ہچکچان گے۔ سچ تاں ایہہ ہے کہ اوہناں نوں امریکہ توں خوب پیسے ملدے ہن – اتواد دے ورودھ کاروائی کرن دے بہانے لکھاں ڈالر اوہناں توں لیندے وی رہے تے اسامہ بن لادین نوں اپنے دیش وچّ لکائی وی رکھیا۔ پاکستان وچّ ان پڑھتا، بے روزگاری ،کتے زیادہ ہے پر پھر وی دنیا وچّ پاکستان اکو اک دیش ہے جس دے قومی بجٹ دا سبھ توں وڈا حصہ فوج تے ہی خرچ ہندا ہے پاکستان وانگ دنیا دا کوئی وی دیش اپنے بجٹ دا انا وڈا حصہ فوج تے خرچ نہیں کردا ؛ تے جو کجھ اوہناں نوں امریکہ کولوں ملدا ہے اوہ وکھرا ہے – دراصل میں گلّ تے کتوں ہور شروع کرنی سی پر شروع کجھ ہور طرحاں ہو گئی۔
پچھلے دناں وچّ میں ملالا دی زندگی بارے اک کتاب پڑھی سی – پڑھن دا کوئی ارادہ تاں نہیں سی پر میں ایہہ کتاب اپنی کلاس نوں سناؤنا چاہندی سی۔ اوہناں نوں احساس کراؤنا چاہندی سی دنیا دے کروڑاں بچیاں نوں نہ سکول جانا ملدا ہے تے نہ ہی کدی اوہناں دے ہتھ کوئی کتاب آؤندی ہے -تے اتھے بچیاں نوں جنیاں سہولتاں ہن انھی ہی پڑھائی توں ایہہ بچے کتاہی کردے ہن خاص کر کے لاتینو تے کالے بچے وی۔ میننوں ملالا بارے ادوں پتہ لگیا سی جد اوہ بی بی سی  لئی سوات گھاٹی لئی اک نقلی ناں ہیٹھ لکھیا کردی سی۔ میں اکثر اس نوں پڑھدی سی تے پڑھ کے بہت من دکھی ہندا سی کہ کویں کجھ کٹڑ دھرم تے لوک اپنی ادھی آبادی نوں ان پڑھ رکھنا چاہندے ہن۔ پتہ نہیں کنیاں صدیاں لگن گیاں جد عورت نوں برابر دی نظر نال دیکھن لگن گے۔ پر شاید اوہ دن جاں اجیہے دن کدی نہیں آؤندے – کارن ایہہ ہے کہ چنگیائی لئی ساڈی لڑائی کدی مکدی نہیں – شاید کوئی وی لڑائی تے کوئی وی جدو جہد ختم نہیں ہندی – میننوں لگدا ہے کہ ایہہ اک لگاتار چل رہی کریا ہے۔ تے جے اسیں اس تتھّ نوں من وچّ رکھ کے اپنی لڑائی جاری رکھیئے تاں شاید ایہہ سارا کجھ سوکھا لگے پر آپاں کد کرشن دی اس سکھیا تے عمل کردے ہاں کہ اپنا کرم کردا جا تے پھل دی آس نہ رکھ۔
جد ملالا دے گولی لگی تاں ایہہ خبر دنیا ‘چ اگّ وانگ پھیل گئی۔ اس توں بعد اس دا نام تقریباً ہر اک نوں یاد ہو گیا۔ گولی لگن توں بعد اس نوں اک   فوجی  ہسپتال وچّ لجاندا گیا۔ اوہناں اس نوں بچاؤن دا پورا یتن کیتا تے جد اوہناں نوں لگیا کہ اس نوں باہر پچھم وچّ بھیج دینا چاہیدا ہے تاں اوہ علاج لئی انگلینڈ آ گئی۔ پر میں ایہہ منن نوں تیار نہیں ک فوج  اوہناں اتوادیاں نوں کنٹرول نہیں کر سکدی سی ۔ اوہناں کنٹرول کرنا ہی نہیں چاہیا۔ پاکستان لئی اتواد مکن دا مطلب ہے امریکی ڈالر بند۔ پاکستان دی فوج  نہ ہی پاکستان وچّ اتواد مکاؤنا چاہندی ہے نہ ہی اوہ چاہندے ہن کہ افغانستان وچّ ا فغانیاں دی موجودہ سرکار سفل ہووے ۔
ملالا جد پاکستان وچّ سی تاں امریکی راجدوت رچرڈ ہولبروک نوں ملدی ہے تے اس نوں آکھدی ہے ، ” مہربانی کر کے کڑیاں دی پڑھائی لئی کجھ کرو !” تاں اوہ آکھدا ہے کہ امریکہ نے پاکستان نوں بلیئن ڈالراں وچّ مالی مدد دتی ہے۔ میں اکثر سوچدی ہاں کہ کوئی نہیں پچھدا سرکار نوں کہ اوہناں ڈالراں دا کی ہویا – جے اوہ اک سادہ سکول کھولن لئی وی مندے تاں پاکستان سکولاں نال بھر گیا ہندا۔
جد ملالا دا پریوار انگلینڈ آ گیا تاں پاکستان سرکار نے ملالا دے پیو نوں انگلینڈ وچّ ہی پاکستانی سرکار ولوں نوکری دے دتی ۔ جس ویلے اوہ آئے دن اسلام آباد توں سہائتا منگن لئی جاندا سی تاں کسے نے اس نوں ہتھ نہیں پھڑایا۔ میرا پکا مننا ہے کہ جے اوہ سچ مچّ چاہندے تاں سوات گھاٹی نوں اتّ وادیاں توں بچا سکدے سن۔ اج ملالا اک وڈا نام ہے – ہن اس نوں پیسے دی وی کوئی گھاٹ نہیں۔ سیریا تے کئی ہور مسلم دیشاں وچّ اوہ کڑیاں دی پڑھائی لئی گلّ کردی ہے۔ اتھے آ کے میں سوچدی ہاں کہ کس دی سوچ بدلنی چاہیدی ہے۔ جے ساڈے سیاسی لوک اپنیاں چالاں نہیں چھڈنگے تاں کوئی غریب آدمی بس مردے دمّ تکّ لڑ ہی سکدا ہے۔ پاٹھکاں نال میں اوہناں شبداں نوں سانجھا کرنا چاہندی ہاں جنہاں لفظاں کر کے میں ملالا دی کتاب اپنے بچیاں نال اجکل سانجھی کر رہی ہاں – 15 منٹ روز میں ایہہ کتاب اوہناں نوں پڑھ کے سناؤندی ہاں۔ “اک بچہ، اک استاد  ، اک کتاب تے اک قلم دنیا نوں بدل سکدی ہے۔- آؤ اسیں اپنیاں کتاباں تے پینسلاں چکّ لئیے – ایہی سبھ توں شکتی شالی ہتھیار نے۔ اپنی جیونی بارے ملالا نے آکھیا ہے کہ میں اپنی کہانی اس لئی نہیں دسّ رہی ہاں کہ ایہہ کوئی خاص کہانی ہے تے ایہہ کوئی خاص کہانی وی نہیں – پر اس لئی دسّ رہی ہاں کیونکِ ایہہ کہانی بہت ساریاں کڑیاں دی ہے۔ تے اس سوڈان دی کڑی نوں میں اس لئی یاد کر رہی ہاں کہ کی اس نوں کدی ایہہ احساس ہووےگا کہ جو پیسہ اوہ تے اس دا پریوار اس طرحاں لٹا رہے نے – اوہ اوہناں کول کس طرحاں آیا ہے ؟
sohanigullu@gmail.com

 ਗੁੱਲੂ ਕਹਿੰਦੀ ਏ
ਗੁਲਸ਼ਨ ਦਿਆਲ

 

ਬਹੁਤ ਸਾਲਾਂ ਤੋਂ ਮੇਰੇ ਇੱਕੋ ਹੀ ਡੈਂਟਿਸਟ ਰਹੇ ਹਨ -ਤੇ ਉਨ੍ਹਾਂ ਨਾਲ ਪਿਆਰ ਭਰਿਆ ਇੱਕ ਰਿਸ਼ਤਾ ਵੀ ਬਣ ਗਿਆ ਹੈ – ਬਹੁਤ ਚੰਗੇ ਇਨਸਾਨ ਹਨ – ਹਰ ਵੇਲੇ ਹਰ ਕਿਸੇ ਦੀ ਮੱਦਦ ਕਰਨ ਵਾਲੇ -ਕੁਝ ਚਿਰ ਲਈ ਉਨ੍ਹਾਂ ਦੀ  ਅਸਿਸਟੈਂਟ ਇੱਕ ਕਾਲੀ ਕੁੜੀ ਰਹੀ ਸੀ ਜੋ ਕਿ ਸੁਡਾਨ ਤੋਂ ਸੀ – ਉਂਝ ਤੇ ਉਸ ਨੇ ਦੰਦਾਂ ਦੀ ਡਾਕਟਰੀ ਕੀਤੀ ਹੋਈ ਸੀ ਪਰ ਅਜੇ ਉਸ ਨੇ ਇਮਤਿਹਾਨ ਪਾਸ ਕਰ ਕੇ ਕੁਝ ਕਲਾਸਾਂ ਤੇ ਲਾਈਸੈਂਸ ਵਗੈਰਹਾ ਲੈਣਾ ਸੀ ਤੇ ਉਦੋਂ ਤੱਕ ਉਹ ਡਾਕਟਰ ਸਾਹਿਬ ਕੋਲ ਕੰਮ ਵੀ ਕਰ ਲੈਂਦੀ ਤੇ ਉਨ੍ਹਾਂ ਤੋਂ ਕੰਮ ਸਿੱਖਣ ਦੇ ਨਾਲ ਨਾਲ ਉਨ੍ਹਾਂ ਕੋਲ ਬੈਠ ਕੇ ਪੜ੍ਹ ਵੀ ਲੈਂਦੀ ਸੀ। ਉਹ ਇੱਕ ਫੌਜ਼ੀ ਦੀ ਬੇਟੀ ਸੀ ਤੇ ਭਾਵੇਂ ਉਹ ਸੁਡਾਨ ਤੋਂ ਸੀ ਪਰ ਉਸ ਦਾ ਪਿਉ ਅਬੂ ਧਾਬੀ ਦੀ ਫੌਜ਼ ਵਿੱਚ ਇੱਕ ਅਫਸਰ ਰਿਹਾ ਸੀ।  ਮਿਡਲ ਈਸਟ ਦੇ ਕੁਝ ਦੇਸ਼ ਜੋ ਬਹੁਤ ਛੋਟੇ ਹਨ – ਉਨ੍ਹਾਂ ਦੀਆਂ ਸਰਕਾਰਾਂ ਨੇ ਆਪਣੀਆਂ ਫੌਜਾਂ ਵਿੱਚ ਬਾਹਰਲੇ ਲੋਕ ਵੀ ਰੱਖੇ ਹੋਏ ਹਨ  – ਉਸ ਬਾਰੇ ਮੈਂਨੂੰ ਪਤਾ ਲੱਗਿਆ ਕਿ ਜਦੋਂ ਉਸ ਦਾ ਪਿਉ ਅਜੇ ਫੌਜ਼ ਵਿੱਚ ਹੀ ਸੀ ਤਾਂ ਉਹ ਤੇ ਉਸ ਦਾ ਪਰਿਵਾਰ ਜੋ ਕਿ ਕਾਫੀ ਵੱਡਾ ਸੀ – ਸਾਰੇ ਜਾਣੇ ਹਰ ਸਾਲ ਅਮਰੀਕਾ ਛੁੱਟੀਆਂ ਕੱਟਣ ਆਉਂਦੇ ਸਨ ; ਸੁਣ ਕੇ ਮੈਨੂੰ ਕਾਫੀ ਹੈਰਾਨੀ ਹੋਈ। ਇੱਕ ਫੌਜ਼ੀ ਅਫਸਰ ਦੀ ਕਿੰਨੀ ਕੁ ਤਨਖਾਹ ਹੋ ਸਕਦੀ ਹੈ ਕਿ ਉਹ ਯੂਰਪ ਜਾਂ ਅਮਰੀਕਾ ਛੁੱਟੀਆਂ ਕੱਟਣ ਜਾਵੇ । ਉਂਝ ਵੀ ਉਹ ਬਰੈਂਡ ਦੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਖਰੀਦਦੀ ਸੀ ਤੇ ਜੇ ਦਿਲ ਕਰ ਆਉਣਾ ਤਾਂ ਉਸ ਨੇ ਲਾਸ ਐਂਜਲਸ ਤੋਂ ਲਾਸ ਵੇਗਸ ਸ਼ਾਪਿੰਗ ਕਰਨ ਜਾਣਾ। ਉਂਝ ਉਹ ਸਿਰ ਤੇ ਮੁਸਲਿਮ ਕੁੜੀਆਂ ਵਾਂਗ ਸਕਾਰਫ ਬੰਨ੍ਹ ਕੇ ਰੱਖਦੀ ਸੀ। 

ਅਮਰੀਕਾ ਨੇ ਮਿਡਲ ਈਸਟ ਦੇਸ਼ਾਂ ਵਿੱਚ ਪੈਸਾ ਪਾਣੀ ਵਾਂਗ ਬਹਾਇਆ ਹੈ। ਉਹ ਪੈਸਾ ਜਿਸ ਕੰਮ ਲਈ ਦਿੱਤਾ ਜਾਂਦਾ ਸੀ – ਉਥੇ ਤੇ ਉਹ ਖਰਚ ਨਹੀਂ ਸੀ ਹੁੰਦਾ ਪਰ ਇਨ੍ਹਾਂ ਸਾਰੇ ਮੁਲਕਾਂ ਦੇ ਫੌਜ਼ੀ ਜੋ ਵੱਡੇ ਵੱਡੇ ਅਹੁਦਿਆਂ ਤੇ ਹਨ – ਰੱਜ ਕੇ ਅਮੀਰ ਹਨ। 

ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਹੀ ਲੈ ਲਉ -ਉਨ੍ਹਾਂ ਦੇ ਫੌਜ਼ੀ ਅਫਸਰਾਂ ਦੇ ਵੱਡੇ ਵੱਡੇ ਬਿਜ਼ਨੈਸ ਹਨ ਤੇ ਇਹ ਵੀ ਇੱਕ ਕਾਰਨ ਹੈ ਕਿ ਉਹ ਭਾਰਤ ਨਾਲ ਸ਼ਾਂਤੀ ਦਾ ਰਿਸ਼ਤਾ ਕਾਇਮ ਕਰਨ ਤੋਂ ਹਿਚਕਿਚਾਣਗੇ। ਸੱਚ ਤਾਂ ਇਹ ਹੈ ਕਿ ਉਨ੍ਹਾਂ ਨੂੰ ਅਮਰੀਕਾ ਤੋਂ ਖੂਬ ਪੈਸੇ ਮਿਲਦੇ ਹਨ  – ਅੱਤਵਾਦ ਦੇ ਵਿਰੁੱਧ ਕਾਰਵਾਈ ਕਰਣ ਦੇ ਬਹਾਨੇ ਲੱਖਾਂ ਡਾਲਰ ਉਨ੍ਹਾਂ ਤੋਂ ਲੈਂਦੇ ਵੀ ਰਹੇ ਤੇ ਉਸਾਮਾ ਬਿਨ ਲਾਦੇਨ ਨੂੰ ਆਪਣੇ ਦੇਸ਼ ਵਿੱਚ ਲੁਕਾਈ ਵੀ ਰੱਖਿਆ। ਪਾਕਿਸਤਾਨ ਵਿੱਚ ਅਨਪੜ੍ਹਤਾ, ਬੇਰੁਜ਼ਗਾਰੀ ,ਕਿਤੇ ਜ਼ਿਆਦਾ ਹੈ ਪਰ ਫਿਰ ਵੀ ਦੁਨੀਆ ਵਿੱਚ ਪਾਕਿਸਤਾਨ ਇੱਕੋ ਇੱਕ ਦੇਸ਼ ਹੈ ਜਿਸ ਦੇ ਕੌਮੀ ਬਜਟ ਦਾ ਸਭ ਤੋਂ ਵੱਡਾ ਹਿਸਾ ਫੌਜ਼ ਤੇ ਹੀ ਖਰਚ ਹੁੰਦਾ ਹੈ ਪਾਕਿਸਤਾਨ ਵਾਂਗ ਦੁਨੀਆ ਦਾ ਕੋਈ ਵੀ ਦੇਸ਼ ਆਪਣੇ ਬੱਜਟ ਦਾ ਇੰਨਾ ਵੱਡਾ ਹਿਸਾ ਫੌਜ਼ ਤੇ ਖਰਚ ਨਹੀਂ ਕਰਦਾ ; ਤੇ ਜੋ ਕੁਝ ਉਨ੍ਹਾਂ ਨੂੰ ਅਮਰੀਕਾ ਕੋਲੋਂ ਮਿਲਦਾ ਹੈ ਉਹ ਵੱਖਰਾ ਹੈ – ਦਰਅਸਲ ਮੈਂ ਗੱਲ ਤੇ ਕਿਤੋਂ ਹੋਰ ਸ਼ੁਰੂ ਕਰਨੀ ਸੀ ਪਰ ਸ਼ੁਰੂ ਕੁਝ ਹੋਰ ਤਰ੍ਹਾਂ ਹੋ ਗਈ। 

ਪਿਛਲੇ ਦਿਨਾਂ ਵਿੱਚ ਮੈਂ ਮਲਾਲਾ ਦੀ ਜ਼ਿੰਦਗੀ ਬਾਰੇ ਇੱਕ ਕਿਤਾਬ ਪੜ੍ਹੀ ਸੀ – ਪੜ੍ਹਨ ਦਾ ਕੋਈ ਇਰਾਦਾ ਤਾਂ ਨਹੀਂ ਸੀ ਪਰ  ਮੈਂ ਇਹ ਕਿਤਾਬ ਆਪਣੀ ਕਲਾਸ ਨੂੰ ਸੁਣਾਉਣਾ ਚਾਹੁੰਦੀ ਸੀ।  ਉਨ੍ਹਾਂ ਨੂੰ ਅਹਿਸਾਸ ਕਰਾਉਣਾ ਚਾਹੁੰਦੀ ਸੀ ਦੁਨੀਆ ਦੇ ਕਰੋੜਾਂ ਬੱਚਿਆਂ ਨੂੰ ਨਾ ਸਕੂਲ ਜਾਣਾ ਮਿਲਦਾ ਹੈ ਤੇ ਨਾ ਹੀ ਕਦੀ ਉਨ੍ਹਾਂ ਦੇ ਹੱਥ ਕੋਈ ਕਿਤਾਬ ਆਉਂਦੀ ਹੈ -ਤੇ ਇੱਥੇ ਬੱਚਿਆਂ ਨੂੰ ਜਿੰਨੀਆਂ ਸਹੂਲਤਾਂ ਹਨ ਉਨ੍ਹੀ ਹੀ ਪੜ੍ਹਾਈ ਤੋਂ ਇਹ ਬਚੇ ਕੁਤਾਹੀ ਕਰਦੇ ਹਨ ਖਾਸ ਕਰ ਕੇ ਲਾਤੀਨੋ ਤੇ ਕਾਲੇ ਬੱਚੇ ਵੀ।  ਮੈਂਨੂੰ ਮਲਾਲਾ  ਬਾਰੇ ਉਦੋਂ ਪਤਾ ਲੱਗਿਆ ਸੀ ਜਦ ਉਹ ਬੀਬੀਸੀ ਲਈ ਸਵਾਤ ਘਾਟੀ ਲਈ ਇੱਕ ਨਕਲੀ ਨਾਂ ਹੇਠ ਲਿਖਿਆ ਕਰਦੀ ਸੀ। ਮੈਂ ਅਕਸਰ ਉਸ ਨੂੰ ਪੜ੍ਹਦੀ ਸੀ ਤੇ ਪੜ੍ਹ ਕੇ ਬਹੁਤ ਮਨ ਦੁਖੀ ਹੁੰਦਾ ਸੀ ਕਿ ਕਿਵੇਂ ਕੁਝ ਕੱਟੜ ਧਰਮ ਤੇ ਲੋਕ ਆਪਣੀ ਅੱਧੀ ਆਬਾਦੀ ਨੂੰ ਅਨਪੜ੍ਹ ਰੱਖਣਾ ਚਾਹੁੰਦੇ ਹਨ। ਪਤਾ ਨਹੀਂ ਕਿੰਨੀਆਂ ਸਦੀਆਂ ਲੱਗਣਗੀਆਂ ਜਦ ਔਰਤ ਨੂੰ ਬਰਾਬਰ ਦੀ ਨਜ਼ਰ ਨਾਲ ਦੇਖਣ ਲੱਗਣਗੇ।  ਪਰ ਸ਼ਾਇਦ ਉਹ ਦਿਨ ਜਾਂ ਅਜਿਹੇ ਦਿਨ ਕਦੀ ਨਹੀਂ ਆਉਂਦੇ – ਕਾਰਣ ਇਹ ਹੈ ਕਿ ਚੰਗਿਆਈ ਲਈ ਸਾਡੀ ਲੜਾਈ ਕਦੀ ਮੁੱਕਦੀ ਨਹੀਂ – ਸ਼ਾਇਦ ਕੋਈ ਵੀ ਲੜਾਈ ਤੇ ਕੋਈ ਵੀ ਜੱਦੋ ਜਹਿਦ ਖਤਮ ਨਹੀਂ ਹੁੰਦੀ – ਮੈਂਨੂੰ ਲੱਗਦਾ ਹੈ ਕਿ ਇਹ ਇੱਕ ਲਗਾਤਾਰ ਚੱਲ ਰਹੀ ਕਿਰਿਆ ਹੈ।  ਤੇ ਜੇ ਅਸੀਂ ਇਸ ਤੱਥ ਨੂੰ ਮਨ ਵਿੱਚ ਰੱਖ ਕੇ ਆਪਣੀ ਲੜਾਈ ਜਾਰੀ ਰੱਖੀਏ ਤਾਂ ਸ਼ਾਇਦ ਇਹ ਸਾਰਾ ਕੁਝ ਸੌਖਾ ਲੱਗੇ ਪਰ ਆਪਾਂ ਕਦ ਕ੍ਰਿਸ਼ਨ ਦੀ ਇਸ ਸਿਖਿਆ ਤੇ ਅਮਲ ਕਰਦੇ ਹਾਂ ਕਿ ਆਪਣਾ ਕਰਮ ਕਰਦਾ ਜਾ ਤੇ ਫਲ ਦੀ ਆਸ ਨਾ ਰੱਖ। 

ਜਦ ਮਲਾਲਾ ਦੇ ਗੋਲੀ ਲੱਗੀ ਤਾਂ ਇਹ ਖ਼ਬਰ ਦੁਨੀਆ ਚ ਅੱਗ ਵਾਂਗ ਫੈਲ ਗਈ। ਉਸ ਤੋਂ ਬਾਅਦ ਉਸ ਦਾ ਨਾਮ ਤਕਰੀਬਨ ਹਰ ਇੱਕ ਨੂੰ ਯਾਦ ਹੋ ਗਿਆ। ਗੋਲੀ ਲੱਗਣ ਤੋਂ ਬਾਅਦ ਉਸ ਨੂੰ ਇੱਕ ਫੌਜ਼ੀ ਹਸਪਤਾਲ ਵਿੱਚ ਲਿਜਾਂਦਾ ਗਿਆ। ਉਨ੍ਹਾਂ ਉਸ ਨੂੰ ਬਚਾਉਣ ਦਾ ਪੂਰਾ ਯਤਨ ਕੀਤਾ ਤੇ ਜਦ ਉਨ੍ਹਾਂ ਨੂੰ ਲੱਗਿਆ ਕਿ ਉਸ ਨੂੰ ਬਾਹਰ ਪੱਛਮ ਵਿੱਚ ਭੇਜ ਦੇਣਾ ਚਾਹੀਦਾ ਹੈ ਤਾਂ ਉਹ ਇਲਾਜ ਲਈ ਇੰਗਲੈਂਡ ਆ ਗਈ। ਪਰ ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਫੌਜ਼ ਉਨ੍ਹਾਂ ਅੱਤਵਾਦੀਆਂ ਨੂੰ  ਕੰਟਰੋਲ ਨਹੀਂ ਕਰ ਸਕਦੀ ਸੀ । ਉਨ੍ਹਾਂ ਕੰਟਰੋਲ ਕਰਨਾ ਹੀ ਨਹੀਂ ਚਾਹਿਆ। ਪਾਕਿਸਤਾਨ ਲਈ ਅੱਤਵਾਦ ਮੁੱਕਣ ਦਾ ਮਤਲਬ ਹੈ ਅਮਰੀਕੀ ਡਾਲਰ ਬੰਦ।  ਪਾਕਿਸਤਾਨ ਦੀ ਫੌਜ਼ ਨਾ ਹੀ ਪਾਕਿਸਤਾਨ ਵਿੱਚ ਅੱਤਵਾਦ ਮੁਕਾਉਣਾ ਚਾਹੁੰਦੀ ਹੈ ਨਾ ਹੀ ਉਹ ਚਾਹੁੰਦੇ ਹਨ ਕਿ ਅਫਗਾਨਿਸਤਾਨ ਵਿੱਚ ਅਫਗਾਨੀਆਂ  ਦੀ ਮੌਜੂਦਾ ਸਰਕਾਰ ਸਫਲ ਹੋਵੇ । 

ਮਲਾਲਾ ਜਦ ਪਾਕਿਸਤਾਨ ਵਿੱਚ ਸੀ ਤਾਂ ਅਮਰੀਕੀ ਰਾਜਦੂਤ ਰਿਚਰਡ ਹੋਲਬਰੂਕ ਨੂੰ ਮਿਲਦੀ ਹੈ ਤੇ ਉਸ ਨੂੰ ਆਖਦੀ ਹੈ , ” ਮਿਹਰਬਾਨੀ ਕਰ ਕੇ ਕੁੜੀਆਂ ਦੀ ਪੜ੍ਹਾਈ ਲਈ ਕੁਝ ਕਰੋ !” ਤਾਂ ਉਹ ਆਖਦਾ ਹੈ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਬਿਲੀਅਨ ਡਾਲਰਾਂ ਵਿੱਚ ਆਰਥਿੱਕ ਮੱਦਦ ਦਿੱਤੀ ਹੈ।  ਮੈਂ ਅਕਸਰ ਸੋਚਦੀ ਹਾਂ ਕਿ ਕੋਈ ਨਹੀਂ ਪੁੱਛਦਾ ਸਰਕਾਰ ਨੂੰ ਕਿ ਉਨ੍ਹਾਂ ਡਾਲਰਾਂ ਦਾ ਕੀ  ਹੋਇਆ – ਜੇ ਉਹ ਇੱਕ ਸਾਦਾ ਸਕੂਲ ਖੋਲ੍ਹਣ ਲਈ ਵੀ ਮੰਨਦੇ ਤਾਂ ਪਾਕਿਸਤਾਨ ਸਕੂਲਾਂ ਨਾਲ ਭਰ ਗਿਆ ਹੁੰਦਾ। 

ਜਦ ਮਲਾਲਾ ਦਾ ਪਰਿਵਾਰ ਇੰਗਲੈਂਡ ਆ ਗਿਆ ਤਾਂ ਪਾਕਸਿਤਾਨ ਸਰਕਾਰ ਨੇ ਮਲਾਲਾ ਦੇ ਪਿਉ ਨੂੰ ਇੰਗਲੈਂਡ ਵਿੱਚ ਹੀ ਪਾਕਿਸਤਾਨੀ ਸਰਕਾਰ ਵੱਲੋਂ ਨੌਕਰੀ ਦੇ ਦਿੱਤੀ । ਜਿਸ ਵੇਲੇ ਉਹ ਆਏ ਦਿਨ ਇਸਲਾਮਾਬਾਦ ਤੋਂ ਸਹਾਇਤਾ ਮੰਗਣ ਲਈ ਜਾਂਦਾ ਸੀ ਤਾਂ ਕਿਸੇ ਨੇ ਉਸ ਨੂੰ ਹੱਥ ਨਹੀਂ ਫੜਾਇਆ। ਮੇਰਾ ਪੱਕਾ ਮੰਨਣਾ ਹੈ ਕਿ ਜੇ ਉਹ ਸੱਚ ਮੁੱਚ ਚਾਹੁੰਦੇ ਤਾਂ ਸਵਾਤ ਘਾਟੀ ਨੂੰ ਅੱਤ ਵਾਦੀਆਂ ਤੋਂ ਬਚਾ ਸਕਦੇ ਸਨ। ਅੱਜ ਮਲਾਲਾ ਇੱਕ ਵੱਡਾ ਨਾਮ ਹੈ – ਹੁਣ ਉਸ ਨੂੰ ਪੈਸੇ ਦੀ ਵੀ ਕੋਈ ਘਾਟ ਨਹੀਂ। ਸੀਰੀਆ ਤੇ ਕਈ ਹੋਰ ਮੁਸਲਿਮ ਦੇਸ਼ਾਂ ਵਿੱਚ ਉਹ ਕੁੜੀਆਂ ਦੀ ਪੜ੍ਹਾਈ ਲਈ ਗੱਲ ਕਰਦੀ ਹੈ। ਇਥੇ ਆ ਕੇ ਮੈਂ ਸੋਚਦੀ ਹਾਂ ਕਿ ਕਿਸ ਦੀ ਸੋਚ ਬਦਲਣੀ ਚਾਹੀਦੀ ਹੈ।  ਜੇ ਸਾਡੇ ਸਿਆਸੀ ਲੋਕ ਆਪਣੀਆਂ ਚਾਲਾਂ ਨਹੀਂ ਛੱਡਣਗੇ ਤਾਂ ਕੋਈ ਗਰੀਬ ਆਦਮੀ ਬਸ ਮਰਦੇ ਦੰਮ ਤੱਕ ਲੜ ਹੀ ਸਕਦਾ ਹੈ। ਪਾਠਕਾਂ ਨਾਲ ਮੈਂ ਉਨ੍ਹਾਂ ਸ਼ਬਦਾਂ ਨੂੰ ਸਾਂਝਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਲਫ਼ਜ਼ਾਂ ਕਰ ਕੇ ਮੈਂ ਮਲਾਲਾ ਦੀ ਕਿਤਾਬ ਆਪਣੇ ਬੱਚਿਆਂ ਨਾਲ ਅੱਜਕਲ ਸਾਂਝੀ ਕਰ ਰਹੀ ਹਾਂ – 15 ਮਿੰਟ ਰੋਜ਼ ਮੈਂ ਇਹ ਕਿਤਾਬ ਉਨ੍ਹਾਂ ਨੂੰ ਪੜ੍ਹ ਕੇ ਸੁਣਾਉਂਦੀ ਹਾਂ। “ਇੱਕ ਬੱਚਾ, ਇੱਕ ਅਧਿਆਪਕ , ਇੱਕ ਕਿਤਾਬ ਤੇ ਇੱਕ ਕਲਮ ਦੁਨੀਆ ਨੂੰ ਬਦਲ ਸਕਦੀ ਹੈ।- ਆਉ ਅਸੀਂ ਆਪਣੀਆਂ ਕਿਤਾਬਾਂ ਤੇ ਪੈਨਸਿਲਾਂ ਚੁੱਕ ਲਈਏ – ਇਹੀ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਨੇ। ਆਪਣੀ ਜੀਵਨੀ ਬਾਰੇ ਮਲਾਲਾ ਨੇ ਆਖਿਆ ਹੈ ਕਿ ਮੈਂ ਆਪਣੀ ਕਹਾਣੀ ਇਸ ਲਈ ਨਹੀਂ ਦੱਸ ਰਹੀ ਹਾਂ ਕਿ ਇਹ ਕੋਈ ਖਾਸ ਕਹਾਣੀ ਹੈ ਤੇ ਇਹ ਕੋਈ ਖਾਸ ਕਹਾਣੀ ਵੀ ਨਹੀਂ – ਪਰ ਇਸ ਲਈ ਦੱਸ ਰਹੀ ਹਾਂ ਕਿਓਂਕਿ ਇਹ ਕਹਾਣੀ ਬਹੁਤ ਸਾਰੀਆਂ ਕੁੜੀਆਂ ਦੀ ਹੈ।  ਤੇ ਉਸ ਸੁਡਾਨ ਦੀ ਕੁੜੀ ਨੂੰ ਮੈਂ ਇਸ ਲਈ ਯਾਦ ਕਰ ਰਹੀ ਹਾਂ ਕਿ ਕੀ ਉਸ ਨੂੰ ਕਦੀ ਇਹ ਅਹਿਸਾਸ ਹੋਵੇਗਾ ਕਿ ਜੋ ਪੈਸਾ  ਉਹ ਤੇ ਉਸ ਦਾ ਪਰਿਵਾਰ  ਇਸ ਤਰ੍ਹਾਂ ਲੁਟਾ ਰਹੇ ਨੇ – ਉਹ ਉਨ੍ਹਾਂ ਕੋਲ ਕਿਸ ਤਰ੍ਹਾਂ ਆਇਆ ਹੈ ?

sohanigullu@gmail.com

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net