Hari pur

 

ہری پور تے ہری سنگھ نلوا

گلشن دیال

ਹਰੀ ਸਿੰਘ ਨਲੂਏ

ਗੁਲਸ਼ਨ ਦਿਆਲ

میں بیل فاسٹ جانا سی – میری بھانجی نے ٹرین دیاں ٹکٹاں خریدیاں سن تے سٹیشن تے جان لئی سانوں ٹیکسی دی لوڑ سی۔ سٹیشن اس دے گھر توں کجھ دور سی -اسیں گھر توں باہر آکے کھڑے ہوئے تاں اک ایسٹ انڈین بھائی اگے آیا تے سانوں اپنی ٹیکسی وچّ بٹھا لیا – رپسی نے پہلاں دی بکنگ کیتی ہوئی سی۔ اس نے کار دا دروازہ کھولھیا تے سانوں بیٹھن لئی آکھیا۔ اس دی گڈی وچّ اس دا نام ٹیگ سی ‘محمد اسمٰعیل ‘ ایہہ دیکھ میں اس نوں پچھ ہی لیا کہ اوہ کتھوں دا ہے۔ ‘پاکستان’ اس دسیا۔ “کس شہر توں ؟” اوہ بولیا پشاور کول اس دا پنڈ ہے تے اس دا نام ہے ‘ہری پور’ – پھر اس نے خود ہی دسیا کہ اس دے پنڈ دا نام “ہری پور” ہری سنگھ نلوئے کر کے ہے۔ گلّ بات اسیں انگلش وچّ شروع کیتی سی پر پھر چھیتی ہی اسیں پنجابی وچّ بولن لگے۔ ” کی ہری سنگھ نلوئے دے نام تے کوئی عمارت جاں  نشانی ہے ؟” پچھن تے اس دسیا کہ اس دے پنڈ وچّ اک قلعہ ہے۔ پر بدقسمتی نال پاکستان سرکار نے اس نوں سرکاری عمارت سانمبھن دے بجائے پولیس سٹیشن وانگ ورتنا شروع کر دتا سی تے اس عمارت دی حالت ہن کوئی خاص ودھیا نہیں ۔ اس دسیا کہ جد اوہ پچھلی وار وطن گیا سی تاں اپنے کسے متر نال اس قلعے کولوں لنگھیا تے اپنے دوست نال اس بارے گلاں کرن لگا کہ اس قلعے دی ہری سنگھ نلوئے دے دناں وچّ کنی  شان شوکت ہندی ہوویگی – اوہ تصور کرن لگے کہ ایتھے درباری ہندے ہونگے- ایہہ تھاں گھوڑیاں لئی ہندی ہوویگی وغرہ وغر ہ۔ – تے اس نے بہت دکھی ہو کے کیہا کہ کنی بدقسمتی دی گلّ ہے کہ پاکستان نے اس نوں قومی عمارت جان کے سانمبھن دی بالکل کوشش نہیں کیتی۔ اس نوں میں ڈھارس دتی کہ کوئی نہ ایہہ اپنے پنجابیاں دی سانجھی بدقسمتی ہے کہ آپاں اپنیاں جڑھاں اس کر کے رول دتیاں کیونکہ کجھ مسلمان سن تے کجھ سکھ۔ “اس علاقے دے لوکاں نے اتہاس وچّ کدی وی کسے دی این نہیں منی – سوائے  ہری سنگھ نلوئے توں کوئی وی ایہہ علاقہ جت نہیں سکیا” اس پورے مان نال دسیا -شاید ایسے کر کے ہن ایہہ منّ لیا گیا ہے کہ ہری سنگھ نلوآ اتہاس وچّ دنیا دا اک سبھّ توں وڈا جرنیل سی۔ اسمٰعیل نوں ہری سنگھ دے نام تے مان سی تے اس دی اس گلّ تے میرے ذہن وچّ ہزاراں سوال گھمن لگے۔ اس توں پتہ لگیا کہ کجھ سال پہلاں اس دے پنڈ دے لوکاں نے مل کے ہری پور وچّ ہری سنگھ نلوئے دی اک یادگار بنائی ہے – جو سیانپ پاکستان سرکار نے نہیں سی کیتی اوہ سیانپ پنڈ دے لوکاں نے دکھائی۔ پاکستان اس پنڈ دے قلعے نوں اس کرکے نہیں سانمبھی گی کیونکہ ہری سنگھ نلوآ اک سکھ سی تے بھارت سرکار اوہناں نوں ایہو جہیاں عمارتاں سانمبھن لئی وی نہیں آکھے گی اسے کارن کر کے ہی ۔ مہاراجہ رنجیت سنگھ تے ہری سنگھ نلوئے دیاں یاداں نوں صرف پنجابی لوک ہی سانبھ سکدے ہن جے اوہ اپنے آپ نوں صرف پنجابی جان کے سوچ سکن ‘دھرم دے نام توں اپر اٹھ کے۔ کاش اس طرحاں دیاں تھاواں یونیسکو دے ادھین آ سکن کیونکہ ظاہر ہے نہ ہی بھارت دی ہندو سرکار تے نہ ہی پاکستان دی مسلمان سرکار اس بارے کجھ کریگی کیونکہ دوہیں دھراں ڈردیاں ہن کہ سانجھی یاد مڑ کسے ویلے پھر توں سانوں سانجھاں نہ کر دیوے۔ جے یونیسکو کجھ نہیں کردی تاں شرومنی پربندھک کمیٹی نوں اجیہے قدم اٹھانے چاہیدے نے۔ پتہ نہیں ہن دا پر شاید مستقبل وچّ اوہناں نے کجھ عمارتاں بارے کوئی گلّ کیتی ہووے – اس بارے مینوں اینا علم  نہیں۔ اسمٰعیل نے ہور وی بہت گلاں کیتیاں ونڈ بارے وی۔ پر اسیں چھیتی ہی اپنے مقام تے پجّ گئے تے ساڈیاں سوچاں جو سینکڑے سال پہلاں دے ویلیاں وچّ گھم رہی سی اوہ اک دمّ ہی ڈبلن دے ریلوے سٹیشن تے آ کے رک گئی ۔ یقین نہیں سی آؤندا کہ ہری سنگھ نلوئے دی گلّ نے کویں سانوں اک بند و تے لیا کھڑا کیتا سی تے کویں اک پل اس بندو تے ساڈے دل اک ہو دھڑھکے سن۔ میں اس نال فوٹو کھچواؤن لئی پچھیا تے میری بھانجی نے وی خوش ہو ساڈی تصویر لئی۔ میرے لئی ایہہ اک قیمتی یادگار ہے تے امید کیتی ہور وی لوک اسمٰعیل وانگ سوچدے ہونگے – پچھلے دناں وچّ جو مہاراجہ رنجیت سنگھ دے سیریل نوں لے کے چرچہ ہو رہی ہے – اوہ وی مندبھاگی ہے – اسیں تاں گروآں دیاں تھاواں نوں اصل روپ وچّ سانبھ نہیں سکے -اتہاسک تھاواں نوں کی سامبھنا ہے؟ مہاراجہ رنجیت سنگھ اکو اک پنجابی راجا سی شاید پورس توں بعد جس نے اک وڈے پنجاب تے راج کیتا سی تے اس بارے سانوں پنجابی جان کے ہی یاد رکھنا چاہیدا سی – دنیا دے ہر راجے وانگ ہی اتہاس وچّ اس دی تھاں نوں پرکھنا چاہیدا ہے – پورا یقین ہے کہ اوہ اک سفل راجا سی تے اوہ پنجابی سی کسے دھرم دی پوچھ لا کے اس بارے نہیں سوچنا چاہیدا ۔ پنجابیو تہاڈا اج بہت خراب ہے۔  مستقبل  تہاڈے کولوں سنمبھل نہیں رہا تے تسیں آؤن والے کلّ کولوں کی بھال رہے ہو ؟

ਹਰੀ ਸਿੰਘ ਨਲੂਏ

ਮੈਂ ਬੈਲਫਾਸਟ ਜਾਣਾ ਸੀ – ਮੇਰੀ ਭਾਣਜੀ ਨੇ ਟਰੇਨ ਦੀਆਂ ਟਿਕਟਾਂ ਖਰੀਦੀਆਂ ਸਨ ਤੇ ਸਟੇਸ਼ਨ ਤੇ ਜਾਣ ਲਈ ਸਾਨੂੰ ਟੈਕਸੀ ਦੀ ਲੋੜ ਸੀ ਸਟੇਸ਼ਨ ਉਸ ਦੇ ਘਰ ਤੋਂ ਕੁਝ ਦੂਰ ਸੀ – ਇੱਕ ਈਸਟ ਇੰਡੀਅਨ ਭਾਈ ਅੱਗੇ ਆਇਆ ਤੇ ਸਾਨੂੰ ਆਪਣੀ ਟੈਕਸੀ ਵਿੱਚ ਬਿਠਾ ਲਿਆ – ਰਿਪਸੀ ਨੇ ਪਹਿਲਾਂ ਦੀ ਬੁਕਿੰਗ ਕੀਤੀ ਹੋਈ ਸੀ। ਉਸ ਦੇ ਗੱਡੀ ਵਿੱਚ ਉਸ ਦਾ ਨਾਮ ਟੈਗ ਸੀ ਮੁਹੱਮਦ ਇਸਮਾਈਲ ਤੇ ਮੈਂ ਉਸ ਨੂੰ ਪੁੱਛ ਹੀ ਲਿਆ ਕਿ ਉਹ ਕਿਥੋਂ ਦਾ ਹੈ। ਪਾਕਿਸਤਾਨਉਸ ਦੱਸਿਆ। “ਕਿਸ ਸ਼ਹਿਰ ਤੋਂ ?” ਉਹ ਬੋਲਿਆ ਪੇਸ਼ਾਵਰ ਕੋਲ ਉਸ ਦਾ ਪਿੰਡ ਹੈ ਤੇ ਇਸ ਦਾ ਨਾਮ ਹੈ ਹਰੀਪੁਰ‘ – ਫਿਰ ਉਸ ਨੇ ਖੁਦ ਹੀ ਦੱਸਿਆ ਕਿ ਉਸ ਦੇ ਪਿੰਡ ਦਾ ਨਾਮ “ਹਰੀਪੁਰ” ਹਰੀ ਸਿੰਘ ਨਲੂਏ ਕਰ ਕੇ ਹੈ। ਗੱਲ ਬਾਤ ਅਸੀਂ ਇੰਗਲਿਸ਼ ਵਿੱਚ ਸ਼ੁਰੂ ਕੀਤੀ ਸੀ ਪਰ ਫਿਰ ਛੇਤੀ ਹੀ ਅਸੀਂ ਪੰਜਾਬੀ ਵਿੱਚ ਬੋਲਣ ਲੱਗੇ। 

ਕੀ ਹਰੀ ਸਿੰਘ ਨਲੂਏ ਦੇ ਨਾਮ ਤੇ ਕੋਈ ਇਮਾਰਤ ਜਾ ਨਿਸ਼ਾਨੀ ਹੈ ?” ਪੁੱਛਣ ਤੇ ਉਸ ਦੱਸਿਆ ਕਿ ਉਸ ਦੇ ਪਿੰਡ ਵਿੱਚ ਇੱਕ ਕਿਲ੍ਹਾ ਹੈ। ਪਰ ਬਦਕਿਸਮਤੀ ਨਾਲ ਪਾਕਿਸਤਾਨ ਸਰਕਾਰ ਨੇ ਉਸ ਨੂੰ ਸਰਕਾਰੀ ਇਮਾਰਤ ਸਾਂਭਣ ਦੇ ਬਜਾਏ ਪੁਲਿਸ ਸਟੇਸ਼ਨ ਵਾਂਗ ਵਰਤਣਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਇਮਾਰਤ ਦੀ ਹਾਲਤ ਹੁਣ ਕੋਈ ਖਾਸ ਵਧੀਆ ਨਹੀਂ । ਉਸ ਦੱਸਿਆ ਕਿ ਜਦ ਉਹ  ਪਿਛਲੀ ਵਾਰ ਵਤਨ ਗਿਆ ਸੀ ਤਾਂ ਆਪਣੇ ਕਿਸੇ ਮਿੱਤਰ ਨਾਲ ਉਸ ਕਿਲ੍ਹੇ ਕੋਲ ਲੰਘਿਆ ਤੇ ਆਪਣੇ ਦੋਸਤ ਨਾਲ ਇਸ ਬਾਰੇ ਗੱਲਾਂ ਕਰਨ ਲੱਗਾ ਕਿ ਇਸ ਕਿਲ੍ਹੇ ਦੀ ਕਿੰਨੀਂ ਸ਼ਾਨ ਸ਼ੌਕਤ ਹੁੰਦੀ ਹੋਵੇਗੀ – ਉਹ ਤੱਸਵੁਰ ਕਰਨ ਲੱਗੇ ਕਿ ਇਥੇ ਦਰਬਾਰੀ ਹੁੰਦੇ ਹੋਣਗੇ- ਇਹ ਥਾਂ ਘੋੜਿਆਂ ਲਈ ਹੁੰਦੀ ਹੋਵੇਗੀ ਵਗਰੈਹ ਵਗਰੈਹ।  – ਤੇ ਉਸ ਨੇ ਬਹੁਤ ਦੁਖੀ ਹੋ ਕੇ ਕਿਹਾ ਕਿ ਕਿੰਨੀ ਬਦਕਿਸਮਤੀ ਦੀ ਗੱਲ ਹੈ ਕਿ ਪਾਕਿਸਤਾਨ ਨੇ ਇਸ ਨੂੰ ਕੌਮੀ ਇਮਾਰਤ ਜਾਣ ਕੇ ਸਾਂਭਣ ਦੀ ਬਿਲਕੁਲ ਕੋਸ਼ਿਸ਼ ਨਹੀਂ ਕੀਤੀ। ਉਸ ਨੂੰ ਮੈਂ ਢਾਰਸ ਦਿੱਤੀ ਕਿ ਕੋਈ ਨਾ ਇਹ ਆਪਣੇ ਪੰਜਾਬੀਆਂ ਦੀ ਸਾਂਝੀ ਬਦਕਿਸਮਤੀ ਹੈ ਕਿ ਆਪਾਂ ਆਪਣੀਆਂ ਜੜ੍ਹਾਂ ਇਸ ਕਰ ਕੇ ਰੋਲ ਦਿੱਤੀਆਂ ਕਿਉਂਕਿ ਕੁਝ ਮੁਸਲਮਾਨ ਸਨ ਤੇ ਕੁਝ ਸਿੱਖ।

 “ਇਸ ਇਲਾਕੇ ਦੇ ਲੋਕਾਂ ਨੇ ਇਤਿਹਾਸ ਵਿੱਚ ਕਦੀ ਵੀ ਕਿਸੇ ਦੀ ਈਨ ਨਹੀਂ ਮੰਨੀ – ਸਿਵਾਇ ਹਰੀ ਸਿੰਘ ਨਲੂਏ ਤੋਂ ਕੋਈ ਵੀ ਇਹ ਇਲਾਕਾ ਜਿੱਤ ਨਹੀਂ ਸਕਿਆ” ਉਸ ਪੂਰੇ ਮਾਣ ਨਾਲ ਦੱਸਿਆ  -ਸ਼ਾਇਦ ਇਸੇ ਕਰ ਕੇ ਹੁਣ ਇਹ ਮੰਨ ਲਿਆ ਗਿਆ ਹੈ ਕਿ ਹਰੀ ਸਿੰਘ ਨਲੂਆ  ਇਤਿਹਾਸ ਵਿੱਚ ਦੁਨੀਆ ਦਾ ਇੱਕ ਸੱਭ ਤੋਂ ਵੱਡਾ ਜਰਨੈਲ ਸੀ। ਇਸਮਾਈਲ ਨੂੰ ਹਰੀ ਸਿੰਘ ਦੇ ਨਾਮ ਤੇ ਮਾਣ ਸੀ ਤੇ ਉਸ ਦੀ ਇਸ ਗੱਲ ਤੇ ਮੇਰੇ ਜ਼ਿਹਨ ਵਿੱਚ ਹਜ਼ਾਰਾਂ ਸੁਆਲ ਘੁੰਮਣ ਲੱਗੇ। ਉਸ ਤੋਂ ਪਤਾ ਲੱਗਿਆ  ਕਿ ਕੁਝ ਸਾਲ ਪਹਿਲਾਂ ਉਸ ਦੇ ਪਿੰਡ ਦੇ ਲੋਕਾਂ ਨੇ ਮਿਲ ਕੇ ਹਰੀਪੁਰ ਵਿੱਚ ਹਰੀ ਸਿੰਘ ਨਲੂਏ ਦੀ ਇੱਕ ਯਾਦਗਾਰ ਬਣਾਈ ਹੈ – ਜੋ ਸਿਆਣਪ ਪਾਕਿਸਤਾਨ ਸਰਕਾਰ ਨੇ ਨਹੀਂ ਸੀ ਕੀਤੀ ਉਹ ਸਿਆਣਪ ਪਿੰਡ ਦੇ ਲੋਕਾਂ ਨੇ ਦਿਖਾਈ। ਪਾਕਿਸਤਾਨ ਇਸ ਪਿੰਡ ਦੇ ਕਿਲ੍ਹੇ ਨੂੰ ਇਸ ਕਰਕੇ ਨਹੀਂ ਸਾਂਭੇਗੀ ਕਿਉਂਕਿ ਹਰੀ ਸਿੰਘ ਨਲੂਆ ਇੱਕ ਸਿੱਖ ਸੀ ਤੇ ਭਾਰਤ ਸਰਕਾਰ ਉਨ੍ਹਾਂ ਨੂੰ ਇਹੋ ਜਿਹੀਆਂ ਇਮਾਰਤਾਂ ਸਾਂਭਣ ਲਈ ਵੀ ਨਹੀਂ ਆਖੇਗੀ ਇਸੇ ਕਾਰਨ ਕਰ ਕੇ ਹੀ । ਮਹਾਰਾਜਾ ਰਣਜੀਤ ਸਿੰਘ ਤੇ ਹਰੀ ਸਿੰਘ ਨਲੂਏ ਦੀਆਂ ਯਾਦਾਂ ਨੂੰ ਸਿਰਫ ਪੰਜਾਬੀ ਲੋਕ ਹੀ ਸਾਂਭ ਸਕਦੇ ਹਨ ਜੇ ਉਹ ਆਪਣੇ ਆਪ ਨੂੰ ਸਿਰਫ ਪੰਜਾਬੀ ਜਾਣ ਕੇ ਸੋਚ ਸਕਣ ਧਰਮ ਦੇ ਨਾਮ ਤੋਂ ਉੱਪਰ ਉੱਠ ਕੇ।  ਕਾਸ਼ ਇਸ ਤਰ੍ਹਾਂ ਦੀਆਂ ਥਾਵਾਂ ਯੂਨੈਸਕੋ ਦੇ ਅਧੀਨ ਆ ਸਕਣ ਕਿਉਂਕਿ ਜ਼ਾਹਿਰ ਹੈ ਨਾ ਹੀ ਭਾਰਤ ਦੀ ਹਿੰਦੂ ਸਰਕਾਰ ਤੇ ਨਾ ਹੀ ਪਾਕਿਸਤਾਨ ਦੀ ਮੁਸਲਮਾਨ ਸਰਕਾਰ ਇਸ ਬਾਰੇ ਕੁਝ ਕਰੇਗੀ ਕਿਉਂਕਿ ਦੋਹੇਂ ਧਿਰਾਂ ਡਰਦੀਆਂ ਹਨ ਕਿ ਸਾਂਝੀ ਯਾਦ ਮੁੜ ਕਿਸੇ ਵੇਲੇ ਫਿਰ ਤੋਂ ਸਾਨੂੰ ਸਾਂਝਾਂ ਨਾ ਕਰ ਦੇਵੇ। ਜੇ ਯੂਨੈਸਕੋ ਕੁਝ ਨਹੀਂ ਕਰਦੀ ਤਾਂ ਸ਼ਰੋਮਣੀ ਪ੍ਰਬੰਧਕ ਕਮੇਟੀ ਨੂੰ ਅਜਿਹੇ ਕਦਮ ਉਠਾਣੇ ਚਾਹੀਦੇ ਨੇ। ਪਤਾ ਨਹੀਂ ਹੁਣ ਦਾ ਪਰ ਸ਼ਾਇਦ ਅਤੀਤ ਵਿੱਚ ਉਨ੍ਹਾਂ ਨੇ ਕੁਝ ਇਮਾਰਤਾਂ ਬਾਰੇ ਕੋਈ ਗੱਲ ਕੀਤੀ ਹੋਵੇ – ਇਸ ਬਾਰੇ ਮੈਨੂੰ ਇੰਨਾ ਗਿਆਨ ਨਹੀਂ। 

ਇਸਮਾਈਲ ਨੇ ਹੋਰ ਵੀ ਬਹੁਤ ਗੱਲਾਂ ਕੀਤੀਆਂ ਵੰਡ ਬਾਰੇ ਵੀ। ਪਰ ਅਸੀਂ ਛੇਤੀ ਹੀ ਆਪਣੇ ਮੁਕਾਮ ਤੇ ਪੁੱਜ ਗਏ ਤੇ ਸਾਡੀਆਂ ਸੋਚਾਂ ਜੋ ਸੈਂਕੜੇ ਸਾਲ ਪਹਿਲਾਂ ਦੇ ਵੇਲਿਆਂ ਵਿੱਚ ਘੁੰਮ ਰਹੀ ਸੀ ਉਹ ਇੱਕ ਦੰਮ ਹੀ ਡਬਲਿਨ ਦੇ ਰੇਲਵੇ ਸਟੇਸ਼ਨ ਤੇ ਆ ਕੇ ਰੁਕ ਗਈ । ਯਕੀਨ ਨਹੀਂ ਸੀ ਆਉਂਦਾ ਕਿ ਹਰੀ ਸਿੰਘ ਨਲੂਏ ਦੀ ਗੱਲ ਨੇ ਕਿਵੇਂ ਸਾਨੂੰ ਇੱਕ ਬਿੰਦੂ ਤੇ ਲਿਆ ਖੜ੍ਹਾ ਕੀਤਾ ਸੀ ਤੇ  ਜਿਵੇਂ ਇੱਕ ਪਲ ਉਸ  ਬਿੰਦੂ ਤੇ ਸਾਡੇ ਦਿਲ ਇੱਕ ਹੋ ਧੜ੍ਹਕੇ ਸਨ। ਮੈਂ ਉਸ ਨਾਲ ਫੋਟੋ ਖਿਚਵਾਉਣ ਲਈ ਪੁੱਛਿਆ ਤੇ ਮੇਰੀ ਭਾਣਜੀ ਨੇ ਵੀ ਖੁਸ਼ ਹੋ ਸਾਡੀ ਤਸਵੀਰ ਲਈ। ਮੇਰੇ ਲਈ ਇਹ ਇੱਕ ਕੀਮਤੀ ਯਾਦਗਾਰ ਹੈ ਤੇ ਉਮੀਦ ਕੀਤੀ ਹੋਰ ਵੀ ਲੋਕ ਇਸਮਾਈਲ ਵਾਂਗ ਸੋਚਦੇ ਹੋਣਗੇ – ਪਿਛਲੇ ਦਿਨਾਂ ਵਿੱਚ ਜੋ ਮਹਾਰਾਜਾ ਰਣਜੀਤ ਸਿੰਘ ਦੇ ਸੀਰੀਅਲ ਨੂੰ ਲੈ ਕੇ ਚਰਚਾ ਹੋ ਰਹੀ ਹੈ – ਉਹ ਵੀ ਮੰਦਭਾਗੀ ਹੈ – ਅਸੀਂ ਤਾਂ ਗੁਰੂਆਂ ਦੀਆਂ ਥਾਵਾਂ ਨੂੰ ਅਸਲ ਰੂਪ ਵਿੱਚ ਸਾਂਭ ਨਹੀਂ ਸਕੇ -ਇਤਿਹਾਸਿਕ ਥਾਵਾਂ ਨੂੰ ਕੀ ਸਾਂਭਣਾ ਹੈ? ਮਹਾਰਾਜਾ ਰਣਜੀਤ ਸਿੰਘ ਇੱਕੋ ਇੱਕ ਪੰਜਾਬੀ ਰਾਜਾ ਸੀ ਸ਼ਾਇਦ ਪੋਰਸ ਤੋਂ ਬਾਅਦ ਜਿਸ ਨੇ ਇੱਕ ਵੱਡੇ ਪੰਜਾਬ ਤੇ ਰਾਜ ਕੀਤਾ ਸੀ ਤੇ ਉਸ ਬਾਰੇ ਸਾਨੂੰ ਪੰਜਾਬੀ ਜਾਣ ਕੇ ਹੀ ਯਾਦ ਰੱਖਣਾ ਚਾਹੀਦਾ ਸੀ – ਦੁਨੀਆ ਦੇ ਹਰ ਰਾਜੇ ਵਾਂਗ ਹੀ ਇਤਿਹਾਸ ਵਿੱਚ ਉਸ ਦੀ ਥਾਂ ਨੂੰ ਪਰਖਣਾ ਚਾਹੀਦਾ ਹੈ – ਪੂਰਾ ਯਕੀਨ ਹੈ ਕਿ ਉਹ ਇੱਕ ਸਫਲ ਰਾਜਾ ਸੀ ਤੇ ਉਹ ਪੰਜਾਬੀ ਸੀ ਕਿਸੇ ਧਰਮ ਦੀ ਪੂਛ ਲਾ ਕੇ ਉਸ ਬਾਰੇ ਨਹੀਂ ਸੋਚਣਾ ਚਾਹੀਦਾ । ਪੰਜਾਬੀਓ ਤੁਹਾਡਾ ਅੱਜ ਬਹੁਤ ਖਰਾਬ ਹੈ।  ਅਤੀਤ ਤੁਹਾਡੇ ਕੋਲੋਂ ਸੰਭਲ ਨਹੀਂ ਰਿਹਾ ਤੇ ਤੁਸੀਂ ਆਉਣ ਵਾਲੇ ਕੱਲ ਕੋਲੋਂ ਕੀ ਭਾਲ ਰਹੇ ਹੋ

 

 

 

 

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net