harman jeet

 

ਇੱਕ ਗੀਤ ਮੇਰੀ ਸਵੇਰ ਦੇ ਨਾਂ…

ਹਰਮਨ

 

اک گیت میری سویر دے ناں

ہرمن

 

ਇੱਕ ਗੀਤ ਮੇਰੀ ਸਵੇਰ ਦੇ ਨਾਂ…

ਹਰਮਨ

ਆਜਾ ਮੇਰੇ ਗੀਤ ਚੱਲ
ਕੋਸੇ ਕੋਸੇ ਨੀਰ ਵਿੱਚ
ਇੱਕ ਅੱਧ ਡੁਬਕੀ ਲਗਾ…
ਏਹੋ ਤਾਂ ਏ ਵੇਲਾ ਪੂਰੇ
ਦਿਨ ਵਿੱਚ ਯਾਰਾ ਜਦੋਂ
ਚੁੱਕਿਆ ਨਾ ਜਾਵੇ ਸਾਥੋਂ ਚਾਅ..

ਕਣਕਾਂ ‘ਤੇ ਚੜ੍ਹ ਗਈ
ਜਵਾਨੀ ਮੇਰੇ ਮਹਿਰਮਾ ਵੇ
ਰੱਜ ਰੱਜ ਖੁਸ਼ੀਆਂ ਮਨਾ…
ਜਾਮਣਾਂ ਦੇ ਪੱਤਿਆਂ ਨੂੰ
ਖੌਰੇ ਗਿਆ ਕੌਣ ਅੱਜ
ਰੱਤੇ ਰੱਤੇ ਰੰਗਾਂ ‘ਚ ਰੰਗਾ..

ਵੇਖ ਤਾਂ ਟਟ੍ਹੀਰੀ ਕਿੰਝ
ਸੋਹਲ ਸੋਹਲ ਪੰਜਿਆਂ ਨੂੰ
ਬੋਚ ਬੋਚ ਰਹੀ ਵੇ ਟਿਕਾ ..
ਇਤਰ ਫੁਲੇਲਾਂ ਦੱਸ
ਕਰਨੀ ਕੀ ਰੀਸ ਸਾਡੇ
ਪਿੰਡ ਦੀ ਵੇ ਠੰਡੜੀ ਹਵਾ….
ਦੂਰ ਵੇ ਸਫੈਦਿਆਂ ‘ਚ
ਚਿੱਟਾ ਚਿੱਟਾ ਚੰਨ ਚੰਨਾ
ਹੱਸੂੰ ਹੱਸੂੰ ਕਰਦੈ ਕਿ ਨਾ..
ਚਾਨਣੀ ‘ਚ ਭਿੱਜੇ ਭਿੱਜੇ
ਸਰ੍ਹੋਂ ਦਿਆਂ ਫੁੱਲਾਂ ਨੂੰ ਵੇ
ਛੇੜ ਛੇੜ ਲੰਘਦੀ ਹਵਾ..

ਘੁੱਗੀਆਂ ਗੁਟਾਰਾਂ ਅੱਜ
ਚਿੜੀਆਂ ਨਿਮਾਣੀਆਂ ਵੇ
ਮਿੱਠੇ ਮਿੱਠੇ ਗੀਤ ਰਈਆਂ ਗਾ..
ਆ ਗਿਆ ਏ ਕਿਰਨਾਂ ਦਾ
ਕਾਫਲਾ ਵੇ ਸੂਰਜੇ ਤੋਂ
ਤਾਰਿਆਂ ਨੂੰ ਕਰਕੇ ਵਿਦਾ…

ਆਜਾ ਮੇਰੇ ਗੀਤ ਚੱਲ
ਕੋਸੇ ਕੋਸੇ ਨੀਰ ਵਿੱਚ
ਇੱਕ ਅੱਧ ਡੁਬਕੀ ਲਗਾ…
ਏਹੋ ਤਾਂ ਏ ਵੇਲਾ ਪੂਰੇ
ਦਿਨ ਵਿੱਚ ਯਾਰਾ ਜਦੋਂ
ਚੁੱਕਿਆ ਨਾ ਜਾਵੇ ਸਾਥੋਂ ਚਾਅ..

اک گیت میری سویر دے ناں

ہرمن

آجا میرے گیت چل
کوسے کوسے نیر وچّ
اک ادھ ڈبکی لگا…
ایہو تاں اے ویلا پورے
دن وچّ یارا جدوں
چکیا نہ جاوے ساتھوں چاء..

کنکاں ‘تے چڑھ گئی
جوانی میرے محرما وے
رجّ رجّ خوشیاں منا…
جامناں دے پتیاں نوں
خورے گیا کون اج
رتے رتے رنگاں ‘چ رنگا..

ویکھ تاں ٹٹھیری کنجھ
سوہل سوہل پنجیاں نوں
بوچ بوچ رہی وے ٹکا ..
عطر پھلیلاں دسّ
کرنی کی ریس ساڈے
پنڈ دی وے ٹھنڈڑی ہوا….
دور وے سفیدیاں ‘چ
چٹا چٹا چن چنا
ہسوں ہسوں کردے کہ نہ..
چاننی ‘چ بھجے بھجے
سرہوں دیاں پھلاں نوں وے
چھیڑ چھیڑ لنگھدی ہوا..

گھگیاں گٹاراں اج
چڑیاں نمانیاں وے
مٹھے مٹھے گیت رئیاں گا..
آ گیا اے کرناں دا
قافلہ وے سورجے توں
تاریاں نوں کرکے وداع…

آجا میرے گیت چل
کوسے کوسے نیر وچّ
اک ادھ ڈبکی لگا…
ایہو تاں اے ویلا پورے
دن وچّ یارا جدوں
چکیا نہ جاوے ساتھوں چاء..

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net