Ik suffer-5

ਚੌਥਾ ਹਿੱਸਾچوتھا حصہ ਤੀਜਾ ਹਿੱਸਾ تیجا حصہ ਦੂਜਾ ਹਿੱਸਾ دوجا حصہ ਪਹਿਲਾ ਹਿੱਸਾ پہلا حصہ

 

 ਪੰਜਵਾਂ  ਹਿੱਸਾ پنجواں حصہ 

ਇਕ  ਸਫ਼ਰ ਵਾਹਗੇ ਦੇ ਉਸ ਪਾਰ ਤੋਂ ਵਾਹਗੇ ਦੇ ਇਸ ਪਾਰ ਤੱਕ

اک سفر واہگے دے اوس پار توں واہگے دے ایس پار تک

ਨਿੱਕੀ ਕਾਲੜਾ نکی کالڑا


 

ਦਿਲ ਵਿਚ ਇੱਕ ਅਜੀਬ ਜੇਹਾ ਡਰ ਵੀ ਸੀ ਕੇ ਜੇ ਕੋਈ ਨਾ ਪਹੁੰਚਿਆ ਸਟੇਸ਼ਨ ਤੇ ਤਾਂ ਕੀ ਕਰਾਂਗੀ !
ਮਾਂ ਆਪਣੇ ਦਿਲ ਵਿਚ ਆਉਂਦੇ ਮਾੜੇ ਖਿਆਲਾਂ ਨੂੰ ਝਟਕਾ ਕੇ ਰੱਬ ਅੱਗੇ ਅਰਦਾਸ ਕਰਨ ਲਗਦੀ ਕੇ ਸਭ ਰਾਜ਼ੀ ਖੁਸ਼ੀ ਹੋਣ ! ਫਿਰ ਆਪਣੇ ਮਨ ਨੂੰ ਸਮਝਾਉਂਦੀ ਕਿ ਹੋਰ ਕਿਥੇ ਜਾਣਾ ਏ ਸਾਰਿਆਂ ਨੇ ! ਗੁਪਾਲ ਸਿੰਘ ਨੂੰ ਪਤਾ ਈ ਏ ਅਸੀਂ ਕੇਹੜੀ ਗੱਡੀ ਤੇ ਚੜੇ ਸਾਂ !
ਇਨ੍ਹਾਂ ਤਾਨਿਆਂ ਬਾਨਿਆਂ ਵਿਚ ਹੀ ਸਟੇਸ਼ਨ ਆ ਗਿਆ !
ਕਿਸੇ ਨੂੰ ਪੁਛਿਆ ,” ਵੀਰ , ਇਹ ਕੇਹੜਾ ਸ਼ੇਹਰ ਏ ? ”
” ਗੂਨਾ ” ਕਹ ਕੇ ਅਗਲਾ ਆਪਣੇ ਰਸਤੇ ਚਲਾ ਗਿਆ !
ਗੂਨੇ ਸਟੇਸ਼ਨ ਤੇ ਮਾਂ ਬਚਿਆਂ ਨੂੰ ਲੈ ਕੇ ਉਤਰ ਗਈ ! ਸਾਰੇ ਡੱਬੇ ਛਾਣ ਮਾਰੇ ਪਰ ਆਪਣਾ ਕੋਈ ਵੀ ਗੱਡੀ ਚੋਂ ਨਾ ਨਿਕਲਿਆ !
ਦਿਲ ਨੂੰ ਡੋਬੂ ਪੈਣ ਲੱਗੇ ਕੇ ਹੁਣ ਕਿ ਬਣੇਗਾ ? ਕਿਥੇ ਜਾਵਾਂਗੀ ਬੱਚਿਆਂ ਨੂੰ ਲੈ ਕੇ ?
ਗਰਮੀ ਦਾ ਮੌਸਮ , ਭੁਖ ਤ੍ਰੇਹ ਨਾਲ ਵੀ ਬੁਰਾ ਹਾਲ ਸੀ ! ਸਰੀਰ ਵੀ ਥੱਕ ਕੇ ਚੂਰ ਹੋਇਆ ਪਿਆ ਸੀ , ਤੇ ਉੱਤੋਂ ਸਾਰਾ ਪਰਵਾਰ ਖੇਰੂੰ ਖੇਰੂੰ ਹੋ ਗਿਆ ਸੀ ! ਹੁਣ ਤੱਕ ਜੇਹੜੀ ਉਮੀਦ ਸੀ ਸਟੇਸ਼ਨ ਤੇ ਸਾਰਿਆਂ ਨੂੰ ਮਿਲ ਪੈਣ ਦੀ , ਓਹ ਵੀ ਟੁੱਟ ਗਈ !
ਮਾਂ ਸਟੇਸ਼ਨ ਤੇ ਹੀ ਬੈਠ ਗਈ !
” ਅਸੀਂ ਦਿੱਲੀ ਤੋਂ ਕਿੰਨਾ ਕੁ ਪਰਾਂਹ ਆ ਗਏ ਆਂ ?” ਤੁਰੇ ਜਾਂਦੇ ਰਾਹੀਆਂ ਨੂੰ ਮਾਂ ਨੇ ਪੁਛਿਆ
“ਬੀਬੀ ਇਹ ਮਧ ਪ੍ਰਦੇਸ਼ ਏ , ਦਿੱਲੀ ਤੋਂ ਢਾਈ ਸੌ ਕਿਲੋਮੀਟਰ ਦੂਰ “

ਇਹ ਸੁਨ ਕੇ ਮਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ! ਅਸੀਂ ਤੇ ਪੰਜਾਬ ਜਾਣਾ ਸੀ , ਇਹ ਮਧ ਪ੍ਰਦੇਸ਼ ਕਿਥੇ ਪਹੁੰਚ ਗਏ !

ਅਖਾਂ ਅੱਗੇ ਹਨੇਰਾ ਛਾ ਗਿਆ !
ਘਬਰਾਈ ਹੋਈ ਮਾਂ ਨੇ ਬੱਚਿਆਂ ਵੱਲ ਤੱਕਿਆ ! ਉਨ੍ਹਾਂ ਦੇ ਮੂੰਹਾਂ ਤੇ ਉਦਾਸੀ ਤੇ ਘਬਰਾਹਟ ਵੇਖ ਕੇ ਮਾਂ ਨੇ ਆਪਣੇ ਆਪ ਨੂੰ ਸੰਭਾਲਿਆ !
ਸ਼ਾਮ ਹੋਣ ਨੂੰ ਆਈ ਸੀ ! ਸਾਰੇ ਰੇਫਉਜੀਕੋਈ ਕੇੰਪਾਂ ਵੱਲ , ਕੋਈ ਗੁਰਦੁਆਰੇ ਵੱਲ ਜਾ ਰਹੇ ਸਨ ! ਘਬਰਾਈ ਹੋਈ ਮਾਂ ਵੀ ਬਚਿਆਂ ਦਾ ਹਥ ਫੜ ਹਜੂਮ ਦੇ ਨਾਲ ਨਾਲ ਤੁਰ ਪਈ !
ਬੱਚੇ ਵੀ ਥੱਕੇ ਪਏ ਸਨ ਪਰ ” ਬਸ ਪਹੁੰਚ ਪਏ ਆਂ ” , ਔਹ ਸਾਹਮਣੇ ਆ ਗਿਆ ਏ ਘਰ ” ਕੇਹਂਦੀ ਹੋਈ ਮਾਂ ਚਾਰਾਂ ਬੱਚਿਆਂ ਨਾਲ ਤੁਰੀ ਜਾ ਰਹੀ ਸੀ !
ਜੀਤਾਂ , ਗੁੱਡੀ ਨੂ ਜੋ ਦੋ ਕੁ ਸਾਲ ਦੀ ਸੀ , ਕਦੀ ਗੋਦੀ ਚੁੱਕ ਲੈਂਦੀ , ਕਦੀ ਪਿਠ ਤੇ ਚੜਾ ਲੈਂਦੀ ਤੇ ਮਾਂ ਦੋਹਵਾਂ ਪੁੱਤਰਾਂ ਦੀਆਂ ਉਂਗਲਾਂ ਫੜੀ ਸਫ਼ਰ ਤੈ ਕਰੀ ਜਾ ਰਹੀਆਂ ਸਨ !
ਮੀਲ ਕੁ ਦਾ ਪੈਂਡਾ ਤਹ ਕੀਤਾ ਹੋਣਾ ਏ ਕਿ ਸਾਹਮਣੇ ਨਿਸ਼ਾਨ ਸਾਹਿਬ ਦਿੱਸਿਆ ਤਾਂ ਮਾਂ ਬਚਿਆਂ ਨੂੰ ਲੈ ਕੇ ਉਧਰ ਤੁਰ ਪਈ. !
ਭੁਖ , ਥਕਾਵਟ , ਪਰੇਸ਼ਾਨੀ ਨਾਲ ਮਾਂ ਨਿਢਾਲ ਹੋ ਕੇ ਬੈਠ ਗਈ ! ਬਚੇ ਵੀ ਘਬਰਾਏ ਹੋਏ ਮਾਂ ਦੇ ਗੋਡੇ ਨਾਲ ਜੁੜ ਕੇ ਬੈਠ ਗਏ ! ਕੁਝ ਸਮਝ ਨਹੀ ਸੀ ਆ ਰਿਹਾ ਕੇ ਕੀ ਹੋ ਰਿਹਾ ਏ !
ਵੇਹੜੇ ਵਿਚ ਖੇਡਦੇ ਬਚਿਆਂ ਨੂੰ ਫਟਾਫਟ ਘਰੋਂ ਕਢ ਲਿਆਂਦਾ ,
ਨਨਕਾਣਾ ਸਾਹਿਬ ਗੁਰਦੁਆਰੇ ਲਿਆ ਬਿਠਾਇਆ ,
ਫਿਰ ਉਥੋਂ ਕਢ ਕੇ ਟਰੱਕ ਤੇ ਚੜਾ ਦਿੱਤਾ ਤੇ ਫਿਰ ਰੇਲ ਗੱਡੀ ਤੇ !
ਹੁਣ ਇੱਕ ਅਜਨਬੀ ਸ਼ੇਹਰ ਵਿਚ ਮਾਂ ਦੇ ਨਾਲ ਗੁਰਦੁਆਰੇ ਚ ਬੈਠੇ .
ਪਾਪਾ ਪਤਾ ਨਹੀ ਕਿਥੇ ਨੇ , ਚਾਚੇ ਭੂਆ ਦਾ ਕੁਝ ਪਤਾ ਨਹੀ , ਦਾਦੇ ਬਾਰੇ ਕੋਈ ਕੁਝ ਨਹੀ ਦਸਦਾ ਕੇ ਓਹ ਕਿਉਂ ਨਹੀਂ ਆਏ ਸਾਡੇ ਨਾਲ !
ਬਚੇ , ਜਿਨ੍ਹਾਂ ਨੇ ਕਦੀ ਕੋਈ ਤੰਗੀ ਨਹੀ ਵੇਖੀ ਸੀ ਅੱਜ ਦਰ ਦਰ ਦੀਆਂ ਠੋਕਰਾਂ ਖਾ ਰਹੇ ਸਨ !
ਕਿਥੇ ਪਹੁੰਚੇ ਨੇ , ਕਿਥੇ ਜਾਣਾ ਏ ਕੁਝ ਵੀ ਤਾਂ ਸਮਝ ਨਹੀਂ ਆ ਰਿਹਾ ਸੀ !
ਜੀਤੀ ਨੇ ਮਾਂ ਦੀ ਹਾਲਤ ਵੇਖੀ ਤੇ ਗੁਰਦੁਆਰੇ ਜਾ ਕੇ ਪਾਣੀ ਦਾ ਗਲਾਸ ਫੜ ਲਿਆਈ !
ਪਾਣੀ ਦਾ ਘੁੱਟ ਪੀ ਕੇ ਮਾਂ ਨੂੰ ਕੁਝ ਹੋਸ਼ ਆਈ , ਉਠ ਕੇ ਬੈਠ ਗਈ ! ਤੁਰਨ ਦੀ ਹਿੰਮਤ ਨਹੀ ਸੀ ਹੁਣ ! ਬਾਲਾਂ ਦੇ ਮੂੰਹ ਭੁਖ , ਤ੍ਰੇਹ ਨਾਲ ਕੁਮਲਾਏ ਪਏ ਸਨ !
“ਜੀਤਾਂ ਪੁੱਤਰ ਜਾ ਸਾਹਮਣੇ ਗੁਰਦੁਆਰੇ ਭੈਣ ਭਰਾਂਵਾਂ ਨੂੰ ਲੈ ਜਾ ਤੇ ਜੇ ਲੰਗਰ ਵਰਤਦਾ ਹੋਵੇ ਤੇ ਛਕ ਆਵੋ ! ਇੱਕ ਫੁਲਕਾ ਮੇਰੇ ਵਾਸਤੇ ਫੜ ਲਿਆਵੀਂ !”
ਜੀਤੀ ਨਾਲ ਬਚਿਆਂ ਨੂੰ ਗੁਰਦੁਆਰੇ ਲੰਗਰ ਛਕਣ ਭੇਜ ਕੇ ਮਾਂ ਆਪ ਉਥੇ ਹੀ ਦੇਲੀਜ ਤੇ ਬੈਠ ਗਈ ! ਫਿਕਰਾਂ ਨੇ ਫਿਰ ਆ ਘੇਰਿਆ ਕੱਲੀ ਬੈਠੀ ਨੂੰ !

” ਕਿਥੇ ਜਾਵਾਂਗੀ ਬੱਚਿਆਂ ਨੂੰ ਲੈ ਕੇ ! ਗੁਰਦੁਆਰੇ ਕਿੰਨੇ ਦਿਨ ਬੈਠਾਂਗੀ ! ਕਿਸੇ ਨੇ ਕੁਝ ਕਹ ਦਿੱਤਾ ਤਾਂ ਕੀ ਕਰਾਂਗੀ !”

ਇੱਕ ਹੋਰ ਪਹਾੜ ਵਰਗੀ ਮੁਸੀਬਤ ਸਿਰ ਤੇ ਆਈ ਖੜੀ ਸੀ ! ਨੌਂਵਾਂ ਮਹੀਨਾ ਹੋ ਗਿਆ ਸੀ ! ਕੀ ਪਤਾ ਕਦੋਂ ਵੇਲਾ ਆ ਜਾਵੇ !
ਗੁਰਦੁਆਰੇ ਤਾਂ ਨਹੀਂ ਬੈਠੀ ਰਹ ਸਕਦੀ ! ਕਿਥੇ ਸਿਰ ਲੁਕਾਵੇ , ਕਿਥੇ ਬੱਚਿਆਂ ਦਾ ਢਿਡ ਭਰਨ ਦਾ ਵਸੀਲਾ ਲਭੇ ! ਸੋਚ ਸੋਚ ਕੇ ਸਿਰ ਚਕਰਾ ਗਿਆ ਸੀ ਮਾਂ ਦਾ !
ਬੁਝੇ ਹੋਏ ਦਿਲ ਨਾਲ ਮਾਂ ਨੇ ਜਿੰਵੇਂ ਕਿੰਵੇਂ ਫੁਲਕਾ ਖਾਦਾ ਤੇ ਗੁਰਦੁਆਰੇ ਦੇ ਇੱਕ ਕੋਨੇ ਵਿਚ ਬੱਚਿਆਂ ਨੂੰ ਲੈ ਕੇ ਬੈਠ ਗਈ ! ਸਾਰੀ ਰਾਤ ਕਿੰਵੇਂ ਨਿਕਲੀ ਹੋਵੇਗੀ ਇਸਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਏ !
ਦਿਲ ਵਿਚ ਇੱਕ ਘਬਰਾਹਟ ਜੇਹੀ ਸੀ ਕਿ ਜੇ ਆਪ ਨੂੰ ਕੁਝ ਹੋ ਗਿਆ ਤਾਂ ਬੱਚੇ ਰੁਲ ਜਾਣਗੇ !
ਕਿਸੇ ਦਾ ਕੁਝ ਪਤਾ ਨਹੀ ਸੀ ! ਕੋਈ ਇਨ੍ਹਾਂ ਨੂੰ ਲਭਣ ਆਏਗਾ ਇਸ ਪਾਸੇ ?
ਕਿਸੇ ਨੂੰ ਕੀ ਪਤਾ ਕੇ ਇਹ ਕੱਲੀ ਕਾਰੀ ਬੱਚਿਆਂ ਨੂੰ ਲੈ ਕੇ ਇਥੇ ਪਹੁੰਚ ਗਈ ਏ !
ਮਾਂ ਨੂੰ ਰੱਬ ਤੇ ਹੀ ਗਿਲਾ ਸੀ ਕੇ ਉਸ ਨੇ ਸਾਰੀ ਉਮਰ ਰੱਬ ਨੂੰ ਭੁਲਾਇਆ ਨਹੀਂ ਸੀ ਤੇ ਅੱਜ ਰੱਬ ਨੇ ਹੀ ਉਸਨੂੰ ਇਕੱਲੀ ਭਟਕਣ ਲਈ ਛਡ ਦਿੱਤਾ ਸੀ ਓਹ ਵੀ ਉਸ ਵੇਲੇ ਜਦ ਉਸਨੂੰ ਘਰ ਪਰਵਾਰ ਦੀ ਸਖਤ ਜਰੂਰਤ ਸੀ !

ਫਿਰ ਆਪੇ ਹੀ ਦਿਲ ਨੂੰ ਧਿੱਕਾਰ ਪਾਈ ,

”ਮਨਾ ਸਾਰਿਆਂ ਤੇ ਔਖਾ ਵੇਲਾ ਆਇਆ ਏ , ਮੇਰੇ ਬੱਚੇ ਤਾਂ ਮੇਰੇ ਕੋਲ ਨੇ ! “
ਮੂੰਹ ਭੁਆ ਕੇ ਬੱਚਿਆਂ ਵੱਲ ਵੇਖਿਆ ! ਭੋਲੇ ਭਾਲੇ ਬਾਲ ਇੱਕ ਕੋਨੇ ਵਿਚ ਇੱਕ ਦੂਜੇ ਨੂ ਗਲਵਕੜੀ ਪਾਈ ਸੁੱਤੇ ਪਏ ਸਨ ! ਆਪ ਮੁਹਾਰੇ ਅਖੀਆਂ ਚੋਂ ਹੰਝੂ ਬੇਵੱਸ ਨਿਕਲ ਤੁਰੇ ! ਬਸ ਐਂਵੇਂ ਰੋਂਦੀ ਰੋਂਦੀ ਨੂੰ ਪਹੁ ਫੁੱਟ ਪਈ ! ਮਤੇ ਬੱਚੇ ਅਖਾਂ ਵਿਚ ਹੰਜੂ ਵੇਖ ਲੈਣ , ਮਾਂ ਮੂੰਹ ਧੋਣ ਗੁਸਲਖਾਨੇ ਵੱਲ ਚਲੀ ਗਈ !
ਸਵੇਰੇ ਮੂੰਹ ਹਨੇਰੇ ਹੀ ਮਾਂ ਇਸ਼ਨਾਨ ਕਰਕੇ ਗੁਰਦੁਆਰੇ ਗਈ ਮਥਾ ਟੇਕਿਆ , ਪਰਵਾਰ ਦੀ ਸੁਖ ਵਾਸਤੇ ਅਰਦਾਸ ਕੀਤੀ , ਪ੍ਰਸ਼ਾਦ ਲਿਆ ਤੇ ਬੱਚਿਆਂ ਕੋਲ ਆ ਗਈ !
ਮਾਂ ਨੇ ਆਉਣ ਵਾਲੇ ਸਮੇ ਦਾ ਫਿਕਰ ਸਭ ਰੱਬ ਤੇ ਛੱਡ ਦਿੱਤਾ ਸੀ ! ਬੱਚਿਆਂ ਨੂੰ ਹਰ ਵੇਲੇ ਸਮਝਾਉਂਦੀ ,
” ਇਕਠੇ ਰਿਹਾ ਕਰੋ , ਇਕ ਦੂਜੇ ਦਾ ਧਿਆਨ ਰਖਿਆ ਕਰੋ , ਕਿਧਰੇ ਇਧਰ ਓਧਰ ਨਹੀ ਜਾਣਾ , ਜਦੋਂ ਤੱਕ ਤੁਹਾਡੇ ਪਾਪਾ ਨਹੀਂ ਆ ਜਾਂਦੇ , ਗੁਰਦੁਆਰੇ ਦੇ ਆਸੇ ਪਾਸੇ ਹੀ ਰਹਨਾ ਏ , ਆਪਾਂ ਜਲਦੀ ਘਰ ਵਾਪਿਸ ਜਾਂਵਾਂਗੇ ! “
ਇੱਕ ਬਜੁਰਗ ਔਰਤ ਹਰ ਰੋਜ਼ ਗੁਰਦੁਆਰੇ ਮਥਾ ਟੇਕਣ ਆਉਂਦੀ ਸੀ ! ਸਾਰੇ ਉਸਨੂੰ ਮਾਤਾ ਕਹ ਕੇ ਹੀ ਬੁਲਾਉਂਦੇ ਸਨ !
ਓਹ ਹਰ ਰੋਜ਼ ਰਫੂਜੀਆਂ ਵਾਸਤੇ ਕੱਪੜੇ , ਖਾਨ ਪੀਣ ਦਾ ਸਮਾਨ ਗੁਰਦੁਆਰੇ ਲਿਆਉਂਦੀ ਸੀ ! ਇੱਕ ਨੁੱਕਰ ਵਿਚ ਉਸਨੇ ਮਾਂ ਨੂੰ ਚਾਰ ਬੱਚਿਆਂ ਨਾਲ ਬੈਠੀ ਵੇਖਿਆ ! ਮਾਂ ਦੀ ਹਾਲਤ ਵੇਖ ਕੇ ਉਸਦਾ ਦਿਲ ਭਰ ਆਇਆ !
“ਕੱਲੀ ਔਰਤ , ਨਾਲ ਛੋਟੇ ਛੋਟੇ ਬੱਚੇ , ਕਿਥੋਂ ਆਈ , ਬਾਕੀ ਪਰਵਾਰ ਕਿਥੇ ਸੂ ? “
ਇਨ੍ਹਾਂ ਸੁਆਲਾਂ ਵਿਚ ਘਿਰੀ ਮਾਤਾ ਮਾਂ ਦੇ ਕੋਲ ਆ ਗਈ ! ਜਦ ਉਸਨੇ ਮਾਂ ਨੂੰ ਵੇਖਿਆ ਤਾਂ ਆਪ ਮੁਹਾਰੇ ਮੂੰਹੋਂ ਨਿਕਲ ਗਿਆ , ” ਭੈੜੀ ਛੋਹਰ , ਨਾਲ ਕੌਣ ਈ ? “
ਮਾਂ ਨੇ ਗੁਰਦੁਆਰੇ ਵੱਲ ਮੂੰਹ ਕਰਕੇ ਕਹ ਦਿੱਤਾ , “ਰੱਬ ”
ਮਾਤਾ ਦੀਆਂ ਅਖਾਂ ਚੋਂ ਆਪ ਮੁਹਾਰੇ ਹੰਝੂ ਵੇਹ ਨਿਕਲੇ ਪਰ ਮਾਂ ਨੇ ਬੜੇ ਜਿਗਰੇ ਨਾਲ ਮਾਤਾ ਨੂੰ ਹੌਸਲਾ ਦਿੱਤਾ !
ਘਰ ਜਾ ਕੇ ਮਾਤਾ ਨੇ ਆਪਣੀ ਨੂੰਹ ਬੇਅੰਤ ਕੌਰ ਨੂੰ ਮਾਂ ਬਾਰੇ ਦੱਸਿਆ !
ਬੇਅੰਤ ਕੌਰ ਗੁਰਦੁਆਰੇ ਮਾਂ ਦਾ ਹਾਲ ਪੁਛਣ ਆ ਗਈ ! ਬੇਅੰਤ ਕੌਰ ਨੇ ਆ ਕੇ ਜਦੋਂ ਮਾਂ ਦਾ ਹਾਲ ਸੁਣਿਆ ਤਾਂ ਉਸਨੇ ਮਾਂ ਨੂੰ ਪੈਸੇ ਦੇ ਕੇ ਉਨ੍ਹਾਂ ਦੀ ਮਦਦ ਕਰਨੀ ਚਾਹੀ !
ਮਾਂ ਦਾ ਦਿਲ ਰੋ ਪਿਆ ਬੇਅੰਤ ਕੌਰ ਦੀ ਗੱਲ ਸੁਨ ਕੇ ਪਰ ਹੰਝੂ ਅਖਾਂ ਵਿਚ ਹੀ ਪੀ ਗਈ ! ਜਰੂਰਤ ਤਾਂ ਸੀ ਪੈਸੇ ਦੀ ਪਰ ਆਤਮ ਸੰਮਾਨ ਉਸਨੂੰ ਪੈਸੇ ਲੈਣ ਤੋਂ ਵਰਜ ਰਿਹਾ ਸੀ ! ਮਾਂ ਨੇ ਉਸ ਨੂੰ ਮਾਲੀ ਮਦਦ ਦੀ ਬਜਾਇ ਆਪਣੇ ਲਈ ਕੋਈ ਕੰਮ ਦਾ ਇੰਤਜ਼ਾਮ ਕਰਨ ਲਈ ਕਿਹਾ !
ਪਾਪਾ ਹੈਰਾਨ ਹੋਏ ਸੁਣ ਰਹੇ ਸਨ ..


دل وچ اک عجیب جیہا ڈر وی سی کے جے کوئی نہ پہنچیا سٹیشن تے تاں کی کرانگی !

ماں اپنے دل وچ آؤندے ماڑے خیالاں نوں جھٹکا کے ربّ اگے ارداس کرن لگدی کہ سبھ راضی خوشی ہون پھر اپنے من نوں سمجھاؤندی کہ ہور کتھے جانا اے ساریاں نے  گوپال سنگھ نوں پتہ ای اے اسیں کیہڑی گڈی تے چڑھے ساں !

ایہناں تانیاں بانیاں وچ ہی سٹیشن آ گیا !

کسے نوں پچھیا ،” ویر ، ایہہ کیہڑا شہر اے ؟ “

” گونا ” کہہ  کے اگلا اپنے رستے چلا گیا !

گونے سٹیشن تے ماں بچیاں نوں لے کے اتر گئی  سارے ڈبے چھان مارے پر اپنا کوئی وی گڈی چوں نہ نکلیا

دل نوں ڈوبو پین لگے کے ہن کہ بنے گا ؟ کتھے جاوانگی بچیاں نوں لے کے ؟

گرمی دا موسم ، بھکھ تریہ نال وی برا حالَ سی  سریر وی تھکّ کے چور ہویا پیا سی ، تے اتوں سارا پروار کھیروں کھیروں ہو گیا سی  ہن تکّ جیہڑی امید سی سٹیشن تے ساریاں نوں مل پین دی ، اوہ وی ٹٹّ گئی

ماں سٹیشن تے ہی بیٹھ گئی ۔

” اسیں دلی توں کنا کو پرانہ آ گئے آں ؟” ترے جاندے راہیاں نوں ماں نے پچھیا۔

“بی بی ایہہ مدھ پردیش اے ، دلی توں ڈھائی سو کلومیٹر دور “

ایہہ سن کے ماں دے پیراں ہیٹھوں زمین کھسک گئی  اسیں تے پنجاب جانا سی ، ایہہ مدھ پردیش کتھے پہنچ گئے

اکھاں اگے ہنیرا چھا گیا ۔

گھبرائی ہوئی ماں نے بچیاں ولّ تکیا  اوہناں دے مونہاں تے اداسی تے گھبراہٹ ویکھ کے ماں نے اپنے آپ نوں سمبھالیا ۔

شام ہون نوں آئی سی ! سارے رییفیوجی   کیمپاں ولّ  تے  کوئی گردوارے ولّ جا رہے سن ! گھبرائی ہوئی ماں وی بچیاں دا ہتھ پھڑ ہجوم دے نال نال تر پئی !

بچے وی تھکے پئے سن پر ” بس پہنچے پئے آں ” ، اوہ ساہمنے آ گیا اے گھر ” کیہندی ہوئی ماں چاراں بچیاں نال تری جا رہی سی ۔

جیتاں ، گڈی نوں جو دو کو سال دی سی ، کدی گودی چکّ لیندی ، کدی پٹھ تے چڑا لیندی تے ماں دوہواں پتراں دیاں انگلاں پھڑی سفر تے کری جا رہیاں سن !

میل کو دا پینڈا تہہ  کیتا ہونا اے کہ ساہمنے نشان صاحب دسیا تاں ماں بچیاں نوں لے کے ادھر تر پئی۔

بھکھ ، تھکاوٹ ، پریشانی نال ماں نڈھال ہو کے بیٹھ گئی  بچے وی گھبرائے ہوئے ماں دے گوڈے نال جڑ کے بہہ گئے ۔ کجھ سمجھ نہیں سی آ رہا کے کی ہو رہا اے۔

ویہڑے وچ کھیڈدے بچیاں نوں فٹا فٹ  گھروں کڈھ لیاندا ،

ننکانہ صاحب گردوارے لیا بٹھایا ،

پھر اوتھوں کڈھ کے ٹرکّ تے چڑھا دتا تے پھر ریل گڈی تے ۔

ہن اک اجنبی شہر وچ ماں دے نال گردوارے چ بیٹھے ۔

پاپا پتہ نہیں کتھے نے ، چاچے بھوآ دا کجھ پتہ نہیں ، دادے بارے کوئی کجھ نہیں دسدا کے اوہ کیوں نہیں آئے ساڈے نال ۔ بچے ، جنہاں نے کدی کوئی تنگی نہیں سی ویکھی اج در در دیاں ٹھوکراں کھا رہے سن ۔

کتھے پہنچے نے ، کتھے جانا اے کجھ وی تاں سمجھ نہیں آ رہا سی !

جیتی نے ماں دی حالت ویکھی تے گردوارے جا کے پانی دا گلاس پھڑ لیائی ۔ پانی دا گھٹّ پی کے ماں نوں کجھ ہوش آئی ، اٹھ کے بیٹھ گئی ۔  ترن دی ہمت نہیں سی ہن ۔  بالاں دے منہ بھکھ ، تریہ نال کملائے پئے سن ۔

“جیتاں پتر جا ساہمنے گردوارے بھین بھرانواں نوں لے جا تے جے لنگر ورتدا ہووے تے چھک آوو ! اک پھلکا میرے واسطے پھڑ لیاویں !”

جیتی نال بچیاں نوں گردوارے لنگر چھکن بھیج کے ماں آپ اتھے ہی دہلیز  تے بیٹھ گئی ! فکراں نے پھر آ گھیریا کلی بیٹھی نوں !

” کتھے جاوانگی بچیاں نوں لے کے ۔ گردوارے کنے دن بیٹھانگی ۔  کسے نے کجھ  کہہ دتا تاں کی کرانگی “

اک ہور پہاڑ ورگی مصیبت سر تے آئی کھڑی سی ! نونواں مہینہ ہو گیا سی  کی پتہ کدوں ویلا آ جاوے ۔

گردوارے تاں نہیں بیٹھی رہ سکدی ۔  کتھے سر لکاوے ، کتھے بچیاں دا ڈھڈ بھرن دا وسیلہ لبھے ۔ سوچ سوچ کے سر چکرا گیا سی ماں دا ۔

بجھے ہوئے دل نال ماں نے جنویں کنویں پھلکا کھادا تے گردوارے دے اک کونے وچ بچیاں نوں لے کے بیٹھ گئی ! ساری رات کنویں نکلی ہوویگی اسدا اندازہ لاؤنا وی مشکل اے ۔  دل وچ اک گھبراہٹ جیہی سی کہ جے آپ نوں کجھ ہو گیا تاں بچے رل جانگے ۔

کسے دا کجھ پتہ نہیں سی  کوئی ایہناں نوں لبھن آئے گا اس پاسے ؟

کسے نوں کی پتہ کے ایہہ کلی کاری بچیاں نوں لے کے ایتھے پہنچ گئی اے ۔

ماں نوں ربّ تے ہی گلہ سی کے اس نے ساری عمر ربّ نوں بھلایا نہیں سی تے اج ربّ نے ہی اسنوں اکلی بھٹکن لئی چھڈ دتا سی اوہ وی اس ویلے جد اسنوں گھر پروار دی سخت لوڑ !

پھر آپے ہی دل نوں دھکار پائی ،

”منا ساریاں تے اوکھا ویلا آیا اے ، میرے بچے تاں میرے کول نے ! “

منہ بھوا کے بچیاں ولّ ویکھیا ! بھولے بھالے بال اک کونے وچ اک دوجے نوں گلوکڑی پائی ستے پئے سن  آپ مہارے اکھیاں چوں ہنجھوں بے وس نکل ترے ! بس اینویں روندی روندی نوں پھوہ  پھٹّ پئی  متے بچے اکھاں وچ ہنجو ویکھ لین ، ماں منہ دھون غسل خانے ولّ چلی گئی ۔

سویرے منہ ہنیرے ہی ماں اشنان کرکے گردوارے گئی متھا ٹیکیا ، پروار دی سکھ واسطے ارداس کیتی ، پرشاد لیا تے بچیاں کول آ گئی

ماں نے آؤن والے سمے دا فکر سبھ ربّ تے چھڈّ دتا سی  بچیاں نوں ہر ویلے سمجھاؤندی ،

” اکٹھے رہیا  کرو ، اک دوجے دا دھیان رکھیا کرو ، کدھرے ادھر اودھر نہیں جانا ، جدوں تکّ تہاڈے پاپا نہیں آ جاندے ، گردوارے دے آسے پاسے ہی رہنا اے ، آپاں جلدی گھر واپس جانواں گے ! “

اک بزرگ عورت ہر روز گردوارے متھا ٹیکن آؤندی سی  سارے اسنوں ماتا  کہہ  کے ہی بلاؤندے سن !

اوہ ہر روز ریفیوجیاں واسطے کپڑے ، کھان  پین دا سامان گردوارے لیاؤندی سی  اک نکر وچ اسنے ماں نوں چار بچیاں نال بیٹھی ویکھیا  تے  ماں دی حالت ویکھ کے اسدا دل بھر آیا ۔

“کلی عورت ، نال چھوٹے چھوٹے بچے ، کتھوں آئی ، باقی پروار کتھے سو ؟ “

ایہناں سوالاں وچ گھری ماتا ماں دے کول آ گئی  جد اسنے ماں نوں ویکھیا تاں آپ مہارے مونہوں نکل گیا ، ” بھیڑی چھوہر ، نال کون ای ؟ “

ماں نے گردوارے ولّ منہ کرکے کہ دتا ، “ربّ “

ماتا دیاں اکھاں چوں آپ مہارے ہنجھو ویہہ  نکلے پر ماں نے بڑے جگرے نال ماتا نوں حوصلہ دتا

گھر جا کے ماتا نے اپنی نونہہ بے انت کور نوں ماں بارے دسیا ۔

بے انت کور گردوارے ماں دا حالَ پچھن آ گئی  بے انت کور نے آ کے جدوں ماں دا حالَ سنیا تاں اسنے ماں نوں پیسے دے کے اوہناں دی مدد کرنی چاہی۔  ماں دا دل رو پیا بے انت کور دی گلّ سن کے پر ہنجھوں اکھاں وچ ہی پی گئی ! ضرورت تاں سی پیسے دی پر آتم سمان اسنوں پیسے لین توں ورج رہا سی ۔ ماں نے اس نوں مالی مدد دی بجائ اپنے لئی کوئی کم دا انتظام کرن لئی کیہا ۔

پاپا حیران ہوئے مان دی کہانی سن رہے سن

(چلدا پیا اے)

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net