Incomplete poem


 ਇੱਕ ਨਜ਼ਮ ਅਧੂਰੀ اک نظم ادھوری

ਮੇਹਿਮੂਦ ਫੈਜ਼  میہمود فیض

 ਇੱਕ ਨਜ਼ਮ ਅਧੂਰੀ
ਮੇਹਿਮੂਦ ਫੈਜ਼
ਸਿਗਰਟ
ਦਾਰੂ
ਦਰਦ ਤੇ ਪ੍ਰੀਤ
ਅੰਤਾਂ ਦੀ ਬਾਰਿਸ਼
ਜਿੰਦਗੀ
ਪੈਂਡਾ ਜਿਓਂ ਯੁਗਾਂ ਯੁਗਾਂ ਦਾ
ਤੂੰ ਦੂਰ
ਮੈਂ ਦੂਰ
ਕੀ ਕਹਾਂ ?
ਕਿਵੇਂ ਕਹਾਂ ?
ਕਿਸ ਤਰ੍ਹਾਂ ਕਹਾਂ ?
ਹੇ ਰੱਬਾ !
ਆਇਆਂ ਹਾਂ ਤੇਰੇ ਦਰ ਤੇ
ਮੇਰੀ ਝੋਲੀ ਕੁਝ ਅੱਖਰ ਪਾ
ਦਿਲ ਲੂਹਣ ਵਾਲੇ
ਲਫਜਾਂ ਦਾ ਮੇਨੂੰ
ਕੁਝ ਦਾਨ ਦੇ
ਲਫ਼ਜ਼ ਜੋ ਮੇਰੇ ਜਜ਼ਬਾਤਾਂ ਦੇ
ਮੇਚ ਆਉਣ
ਤੇ ਜੋ ਮੇਰੇ ਮਹਿਬੂਬ ਨੂੰ ਭਾਉਣ
ਇਹ ਕਹੀ ਹੈ ਕਹਿਰ ਦੀ ਰਾਤ
ਜੋ ਮੇਰੇ ਪਿੰਡੇ ਤੇ ਰੋਜ਼ ਉਤਰਦੀ ਹੈ
ਮਹਿਬੂਬ ਮੇਰਾ ਦੂਰ ਦੁਰਾਡੇ
ਉਸ ਬਿਨਾ ਲੱਗੇ ਇਹ ਦੁਨੀਆ
ਮੇਨੂੰ ਦੁੱਖਾਂ ਦੀ ਨਗਰੀ
ਤੇ ਮੇਰਾ ਮਹਿਬੂਬ ਰਹੇ ਫੁੱਲਾਂ ਦੀ ਬਸਤੀ
ਜਿਥੇ ਰਹਿੰਦੀ ਸਦਾ ਬਾਹਰ
ਤੇ ਮੇਰੇ ਵੇਹੜੇ ਰਹੇ ਸਦਾ ਜਾੜੇ ਦੀ ਰੁੱਤ
ਯਾਦ ਆਵੇ ਉਸ ਦੀ
ਨਿੱਘੀ ਨਿੱਘੀ ਗਲਵਕੜੀ
ਦੇ ਮੇਨੂੰ ਉਸ ਦੇ ਹੱਥਾਂ ਦਾ ਅੰਮ੍ਰਿਤ
ਮਹਿਬੂਬ ਨੂੰ ਬਣਾ ਉਹ ਧਰਤੀ
ਜਿਸ ਦਾ ਆਕਾਸ਼ ਮੈਂ ਹੋਵਾਂ
ਹੇ ਰੱਬਾ ਅੱਜ ਦੀ ਰਾਤ ਕੋਈ ਗੀਤ ਦੇ
ਜੋ ਮੈਂ ਉਸ ਦੇ ਚਰਨਾਂ ਵਿਚ ਰਖਾਂ !
ਹੇ ਰੱਬਾ ਮੇਰੇ ਮਹਿਬੂਬ ਬਿਨਾ
ਇਹ ਨਜ਼ਮ ਅਧੂਰੀ
ਇਹ ਜਿੰਦਗੀ ਅਧੂਰੀ
ਰੇ ਰੱਬਾ ਤੇਰੀ ਇਬਾਦਤ ਵੀ ਅਧੂਰੀ
ਕਿ ਅੱਜ ਦੀ ਰਾਤ ਤੂੰ
ਆਪਣੇ ਬੁੱਲਾਂ ਤੋਂ ਕੁਝ
ਮਘਦੇ ਮਘਦੇ ਲਫਜਾਂ ਨੂੰ ਝਾੜ੍ਹ !


اک نظم ادھوری
میہمود فیض
سگرٹ
دارو
درد تے پریت
انتاں دی بارش
زندگی
پینڈا جیوں یگاں یگاں دا
توں دور
میں دور
کی کہاں ؟
کویں کہاں ؟
کس طرحاں کہاں ؟
ہے ربا !
آیاں ہاں تیرے در تے
میری جھولی کجھ اکھر پا
دل لوہن والے
لفظاں دا مینوں
کجھ دان دے
لفظ جو میرے جذباتاں دے
میچ آؤن
تے جو میرے محبوب نوں بھاؤن
ایہہ کہی ہے قہر دی رات
جو میرے پنڈے تے روز اتردی ہے
محبوب میرا دور دراڈے
اس بنا لگے ایہہ دنیا
مینوں دکھاں دی نگری
تے میرا محبوب رہے پھلاں دی بستی
جتھے رہندی سدا باہر
تے میرے ویہڑے رہے سدا جاڑے دی رتّ
یاد آوے اس دی
نگھی نگھی گلوکڑی
دے مینوں اس دے ہتھاں دا امرت
محبوب نوں بنا اوہ دھرتی
جس دا آکاش میں ہوواں
ہے ربا اج دی رات کوئی گیت دے
جو میں اس دے چرناں وچ رکھاں !
ہے ربا میرے محبوب بنا
ایہہ نظم ادھوری
ایہہ زندگی ادھوری
رے ربا تیری عبادت وی ادھوری
کہ اج دی رات توں
اپنے بلاں توں کجھ
مگھدے مگھدے لفظاں نوں جھاڑھ


Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net