Maan

ਮਾਂ

ਪਰਵੇਜ਼ ਸੰਧੂ

ماں

پرویز سندھو

ਮਾਂ

ਪਰਵੇਜ਼ ਸੰਧੂ

(ਪਰਵੇਜ਼ ਸੰਧੂ ਮੁੰਡਾ ਨਹੀਂ ਸਗੋਂ ਇੱਕ ਜੱਟ ਸਿਖ ਕੁੜੀ ਏ। ਇਹਦਾ ਨਾਂ ਇਹਦੇ ਸਿਖ ਦਾਦੇ ਤੇ ਉਹਦੇ ਇੱਕ ਮੁਸਲਮਾਨ ਯਾਰ ਦੀ ਪੱਗ ਵਟਾਈ ਦੀ ਯਾਦਗਾਰ ਏ। ਏਸ ਮੁਸਲਮਾਨ ਨੇ 1947 ਵਿਚ ਆਪਣੀ ਜਾਨ ਤੇ ਖੇਡ ਕੇ ਆਪਣੇ ਏਸ ਸਿਖ ਯਾਰ ਤੇ ਇਹਦੇ ਖ਼ਾਨਦਾਨ ਦੀ ਜਾਨ ਬਚਾਈ। ਪਰਵੇਜ਼ ਸੰਧੂ ਦੇ ਦਾਦੇ ਆਪਣੇ ਏਸ ਮੁਸਲਮਾਨ ਯਾਰ ਦੇ ਅਹਿਸਾਨ ਨੂੰ ਯਾਦ ਰੱਖਣ ਲਈ ਇਹਦੇ ਜੰਮਣ ਤੇ ਆਪਣੇ ਮੁਸਲਮਾਨ ਯਾਰ ਦੇ ਪੋਤਰੇ ਦੇ ਨਾਂ ਤੇ ਇਹਦਾ ਨਾਂ ਪਰਵੇਜ਼ ਸੰਧੂ ਰੱਖਿਆ। ਪਰਵੇਜ਼ ਸੰਧੂ ਇਕ ਸਿਖ  ਤੇ ਇਕ ਮੁਸਲਮਾਨ ਦੀ ਪੱਗ ਵਟਾਈ ਦੀ ਤੁਰਦੀ ਫਿਰਦੀ ਯਾਦਗਾਰ ਏ। ਇਹ ਕੈਲੀਫ਼ੋਰਨੀਆ ਅਮਰੀਕਾ ਰਹਿੰਦੀ ਏ ਤੇ ਕਹਾਣੀਆਂ ਲਿਖਦੀ ਏ । ਇਹਦੀਆਂ ਕਹਾਣੀਆਂ ਦੀਆਂ ਕਿਤਾਬਾਂ ਮਸ਼ਰਕੀ ਪੰਜਾਬ ਵਿਚ ਛੱਪ ਚੁੱਕੀਆਂ ਨੇ۔   ਇਡੀਟਰ)

ਮੇਰੀ ਡਾਇਰੀ ਦੇ ਪੰਨਿਆਂ ਤੇ ਲਿਖੇ ਸ਼ਬਦਾਂ ਵਿੱਚੋਂ ਮੈਨੂੰ ਆਪਣੀ ਮਾਂ ਦੇ ਨਕਸ਼ ਨਜ਼ਰ ਆਉਂਦੇ ਨੇ … ਨਿੱਕੇ ਜਿਹੇ ਕੱਦ ਵਾਲੀ ਮੇਰੀ ਮਾਂ ਮੇਰੇ ਅੱਖਰਾਂ ਜਿਹੀ ..ਕਦੇ ਸ਼ਾਂਤ.. ਚੁੱਪ ਚੁਪੀਤੀ ਡਰੂ ਜਿਹੀ … ਤੇ ਕਦੇ ਬੇਵੱਸ ਉੱਡਣ ਉੱਡਣ ਨੂੰ ਕਰਦੀ ਖੰਬਾਂ ਬਿਨ ਪਰਿੰਦਿਆਂ ਵਾਂਗ …ਅਸ਼ਾਂਤ .. ਬੇਚੈਨ …..ਤੇ ਕਦੇ ਕੋਰੇ ਸਫ਼ਿਆਂ ਉੱਪਰ ਉਲੀਕੇ ਅੱਖਰਾਂ ਵਿੱਚੋਂ ਮਾਂ ਸੂਖਮ ਜਿਹੀ ਕਹਾਣੀ ਬਣ ਮੇਰੇ ਮੂਹਰੇ ਆ ਬਹਿੰਦੀ ਹੈ |ਨਹੀਂ ਨਹੀਂ ਇਹ ਕਹਾਣੀ ਨਹੀਂ ਹੈ ਇਹ ਮੇਰੀ ਮਾਂ ਦੀਆਂ ਭਾਵਨਾਵਾਂ ਦੀ ਨਿੱਕੀ ਜਿਹੀ ਇੱਕ ਪੋਟਲੀ ਹੈ ਜੋ ਮੇਰੀ ਰੂਹ ਦੀਆਂ ਤਹਿਆਂ ਥੱਲੇ ਕਿਧਰੇ ਦੱਬੀ ਪਈ ਐ. ਨਾ ਚਾਹੁੰਦਿਆਂ ਵੀ ਮੈ ਕਦੀ ਨਾ ਕਦੀ ਇਹਨੂੰ ਫਰੋਲ ਕੇ ਬਹਿ ਜਾਦੀ ਆਂ. .. |…ਮਾਂ ਦੇ ਕੁਝ ਹੌਕੇ ਕੁਝ ਬੇਵਵਸੀਆਂ ਤੇ ਕੁਝ ਮੇਰੀਆਂ ਮਜਬੂਰੀਆਂ ਇਸ ਪੋਟਲੀ ਚ ਬੰਦ ਨੇ |.

ਅੱਸੀਆਂ ਨੂੰ ਟੱਪ ਚੁੱਕੀ ਮੇਰੀ ਮਾਂ ਕਨੇਡਾ ਦੇ ਵਧੀਆ ਸ਼ਹਿਰ ਸਰੀ ਚ ਬੈਠੀ ਹੈ. ਆਪਣੇ ਪੁੱਤ, ਨੂੰਹ ,ਪੋਤੇ, ਪੋਤੀਆਂ ਤੇ ਨਵੇਂ ਜਨਮੇ ਪੜਪੋਤੇ ,ਪੜਪੋਤੀ ਤੇ ਪੜਦੋਹਤੀ ਦੀਆਂ ਸਿਫਤਾਂ ਕਰਦੀ ਖੁਸ਼ ਜਾਪਦੀ ਹੈ | ਮੇਰੀ ਮਾਂ ਦੇ ਇਹ ਆਖਰੀ ਦਿਨ ਚੰਗੇ ਬੀਤ ਰਹੇ ਨੇ | ਉਹਦਾ ਬੁਢਾਪਾ ਇਹਨਾ ਦੇਸ਼ਾਂ ਚ ਰੁਲਦੇ ਫਿਰਦੇ ਬਜੁਰਗਾਂ ਵਾਲਾ ਨਹੀ ਹੈ | ਨੂੰਹ , ਪੁੱਤ ਦੇ ਬਣਾਏ ਆਲੀਸ਼ਾਨ ਮਕਾਨ ਦੀ ਪਹਿਲੀ ਫਲੋਰ ਤੇ ਸੋਹਣੇ ਬੈਡਰੂਮ ਚ ਚਿੱਟੀ ਚਾਦਰ ਵਾਲੇ ਬਿਸਤਰੇ ਚ ਬੈਠੀ ਮੇਰੀ ਮਾਂ ਜਿੰਦਗੀ ਦੇ ਆਖਰੀ ਦਿਨਾ ਦੀ ਉਡੀਕ ਕਰ ਰਹੀ ਹੈ | ਜਿਥੇ ਉਹਦੇ ਨੂੰਹ ਪੁੱਤ ਵਲੋਂ ਉਹਨੂੰ ਹਰ ਆਰਾਮ ਵਾਲੀ ਚੀਜ਼ ਦਿੱਤੀ ਜਾ ਰਹੀ ਹੈ | ਇੱਕੋ ਇੱਕ ਪੁੱਤ ਉਹ ਵੀ ਨੇਕ ਤੇ ਬੈਠੀ ਬਿਠਾਈ ਨੂੰ ਨੂੰਹ ਵਲੋਂ ਪੱਕੀ ਰੋਟੀ ਮਿਲਦੀ ਹੈ ਤੇ ਇਸ ਉਮਰੇ ਹੋਰ ਚਾਹੀਦਾ ਵੀ ਕੀ ਹੈ ?

ਇਹ ਗੱਲ ਮੈਂ ਅਕਸਰ ਸੋਚਦੀ ਹਾਂ …….

ਮਾਂ ਨੂੰ ਅੱਖਾਂ ਤੋਂ ਬਹੁਤ ਥੋੜਾ ਦਿਸਦਾ ਹੈ | ਡਾਕਟਰ ਨੇ ਕਈ ਸਾਲ ਪਹਿਲਾਂ ਲੀਗਲੀ ਬ੍ਲਾਇੰਡ ਦਾ ਸਰਟੀਫਿਕੇਟ ਦੇ ਦਿੱਤਾ ਹੈ | ਸ਼ੂਗਰ ਦੀ ਬੀਮਾਰੀ ਚਿੰਬੜੀ ਨੂੰ ਖਬਰੇ ਕਿੰਨੇ ਸਾਲ ਹੋ ਗਏ ਨੇ ਦਵਾਈਆਂ ਤੇ ਟੀਕਿਆਂ ਨਾਲ ਵਾਕਰ ਨੂੰ ਰੋੜੀ ਫਿਰਦੀ ਮਾਂ ਦੀ ਯਾਦਆਸ਼ਤ ਅਜੇ ਵੀ ਜੁਆਨਾਂ ਨੂੰ ਮਾਤ ਪਾ ਦਿੰਦੀ ਹੈ | ਉਹ ਗੱਲਾਂ ਜਿਹੜੀਆਂ ਸਾਨੂੰ ਵੀ ਯਾਦ ਨਹੀ ਤੇ ਉਹ ਚੇਤੇ ਜਿਹੜੇ ਮਾਂ ਨੇ ਬਚਪਨ ਤੋਂ ਲੈ ਕੇ ਅੱਜ ਤੱਕ ਗੰਢ ਬੰਨ ਕੇ ਸੀਨੇ ਚ ਤਾੜੇ ਹੋਏ ਨੇ ਉਹਨਾ ਚੇਤਿਆਂ ਨੂੰ ਕਹਾਣੀਆਂ ਬਣਾ ਕੇ ਦੱਸਦੀ ਮਾਂ ਤੁਰੀ ਫਿਰਦੀ ਹਿਸਟਰੀ ਦੀ ਕਿਤਾਬ ਜਾਪਦੀ ਹੈ

ਅਜੇ ਵੀ ਵਿਆਹ ਸ਼ਾਦੀ ਹੋਵੇ ਤਾਂ ਮਾਂ ਨੂੰ ਸਿਠਣੀਆਂ ਦੇਣ ਦਾ ਸੱਦਾ ਆ ਜਾਂਦਾ ਹੈ | ਸਾਹੋ ਸਾਹ ਹੋਈ ਮਾਂ ਆਪਣੀ ਪਟਿਆਲਾ ਸਲਵਾਰ ਸਾਂਭਦੀ ਹਰ ਵਿਆਹ ਸ਼ਾਦੀ ਤੇ ਮੰਗਣੇ ਦਾ ਹਿੱਸਾ ਬਣ ਕੇ ਗਾਉਂਦੀ ਖੁਸ਼ ਨਜਰ ਆਉਂਦੀ ਹੈ | ਤੇ ਮੇਰਾ ਬਾਪੂ ਖਬਰੇ ਸਾਰੀ ਉਮਰ ਇੱਕ ਚੰਗਾ ਪਤੀ ਬਣ ਸਕਿਆ ਜਾਂ ਨਹੀ ਪਰ ਅੱਜ ਉਹਨਾ ਦੀ ਜਿੰਦਗੀ ਸਿਰਫ ਤੇ ਸਿਰਫ ਮੇਰੀ ਮਾਂ ਦੁਆਲੇ ਘੁੰਮਦੀ ਹੈ |

.ਮਾਂ ਨੇ ਸਵੇਰ ਤੋਂ ਲੈ ਕੇ ਕੀ ਖਾਣਾ ਹੈ ..ਕਿਹੜੀ ਦਵਾਈ ਕਿੰਨੇ ਵਜੇ ਲੈਣੀ ਹੈ …ਮੈਨੂੰ ਅੱਜ ਕੱਲ ਆਪਣੇ ਬਾਪੂ ਚੋਂ ਬਣੀ ਤਣੀ ਨਰਸ ਦਾ ਝਾਉਲਾ ਪੈਂਦਾ ਹੈ | ਚੰਗਾ ਘਰ ਵਾਲਾ , ਚੰਗੇ ਨੂੰਹ ਪੁੱਤ ਹੋਰ ਭਲਾ ਮਾਂ ਨੂੰ ਚਾਹੀਦਾ ਵੀ ਕੀ ਹੈ ? ਮੈਂ ਸੋਚਦੀ ਰਹਿੰਦੀ ਹਾਂ | ਪਰ ਐਨਾ ਕੁਝ ਹੁੰਦਿਆ ਸੁੰਦਿਆਂ ਵੀ ਮੇਰੀ ਮਾਂ ਅਕਸਰ ਉਦਾਸ ਹੋ ਜਾਂਦੀ ਹੈ | ਕਦੀ ਕਦੀ ਗੱਲ ਕਰਦਿਆਂ ਮੇਰੀ ਮਾਂ ਦੇ ਧੁਰ ਅੰਦਰੋਂ ਇੱਕ ਹੌਕਾ ਨਿਕਲਦਾ ਹੈ ਜੋ ਮੇਰੀ ਰੂਹ ਦੀਆਂ ਪਰਤਾਂ ਨੂੰ ਖੁਰਚ ਕੇ ਕਿਧਰੇ ਉਡ ਜਾਦਾਂ ਹੈ |

.ਮਾਂ ਤੁਸੀਂ ਠੀਕ ਵੀ ਆਂ“”

ਮੈ ਝਿਜਕਦਿਆਂ ਪੁਛਦੀ ਹਾਂ ਮੈਨੂੰ ਪਤਾ ਵੀ ਆ ਕਿ ਮੰਮੀ ਨੇ ਕੀ ਕਹਿਣਾ ਹੈ, ਕੀ ਪੁਛਣਾ ਹੈ…..

ਠੀਕ ਤਾਂ ਆਂ …ਪਰ ਕਈ ਵਾਰ ਪਿੰਡ ਬਹੁਤਾ ਈ ਚੇਤੇ ਆਉਂਦੈ….

ਪਰ ਮਾਂ ਸਾਰੇ ਏਥੇ ਆ ਤੁਸੀ ਫੇਰ ਕਿਓੁਂ ਓੁਦਾਸ ਹੁੰਦੇ ਹੋ … ?

ਮੈਂ ਹਰ ਬਾਰ ਇੱਕ ਗੱਲ ਕਹਿੰਦੀ ਹਾਂ.

ਭੈਣਾਂ ਭਰਾਵਾਂ ਵਿਚੋਂ ਮੈ ਇਕੱਲੀ ਕੈਲੇਫੋਰਨੀਆਂ ਚ ਹਾਂ ਬਾਕੀ ਸੱਭ ਮੰਮੀ ਦੇ ਨੇੜੇ ਤੇੜੇ ਵਸਦੇ ਨੇ ਪਰ ਫੇਰ ਵੀ ਮਾਂ ਨੂੰ ਪਿੰਡ ਯਾਦ ਆਓੁਦਾ ਹੈ

ਮਾਂ ਚੌਦਾਂ ਵਰਿਆਂ ਦੀ ਸੀ ਜਦੋਂ ਵਿਆਹੀ ਆਈ ਸੀ ਤੇ ਸੋਲਾਂ ਸਾਲਾਂ ਚ ਮੁਕਲਾਵਾ ਆਇਆ. ਇਹ ਸੱਭ ਕੁਝ ਮੇਰੀ ਮਾਂ ਬੀਤੇ ਕੱਲ ਵਾਂਗ ਦੱਸਦੀ ਹੈ.

ਮੇਰੇ ਮਾਮੇ ਨੇ ਦੇਸੀ ਘਿਓੁ ਦੇ ਪੀਪੇ ਰੋੜ ਦਿਤੇ ਸੀ ਮੇਰੇ ਵਿਆਹ ਤੇਮੇਰੀ ਮਾਂ ਮਾਣ ਨਾਲ ਲੰਬੜਦਾਰ ਮਾਮੇ ਦੀਆਂ ਗੱਲਾਂ ਦੱਸਦੀ ਹੈ. ਮੇਰੀ ਮਾਂ ਨਾਨਕੇ ਘਰ ਪਲੀ ਵੱਡੀ ਹੋਈ ਸੀ. ਮਾਂ ਦੇ ਮਾਮੇ ਦੇ ਘਰ ਕੋਈ ਬੱਚਾ ਨਹੀ ਸੀ ਮਾਂ ਨੂੰ ਮਾਮੇ ਨੇ ਗੋਦ ਲੈ ਲਿਆ ਸੀ ਤੇ ਓੁਸਤੋਂ ਬਾਦ ਮਾਮੇ ਦੇ ਘਰਸੁੱਖ ਨਾਲਤਿੰਨ ਮੁੰਡੇ ਤੇ ਦੋ ਧੀਆਂ ਜੰਮੀਆ ਸਨ .ਮੇਰੀ ਮਾਂ ਦੀ ਮਾਮੀ ਨੁੰ ਜਾਪਦਾ ਸੀ ਕਿ ਮੇਰੀ ਮਾਂ ਬਹੁਤ ਭਾਗਾਂ ਵਾਲੀ ਹੈ ਇਸੇ ਕਰਕੇ ਮਾਂ ਦੇ ਮਾਮਾ ਮਾਮੀ ਓੁਸਨੂੰ ਬਹੁਤ ਪਿਆਰ ਕਰਦੇ ਸੀ. ਮੇਰੀ ਮਾਂ ਨੂੰ ਅੱਜ ਵੀ ਬਚਪਨ ਦੀਆਂ ਯਾਦਾਂ ਬੀਤ ਚੁੱਕੇ ਪਲ ਵਾਂਗ ਚੇਤੇ ਨੇ .

ਮੇਰੀ ਮਾਂ ਦੁਨੀਆਂ ਦੀ ਸੱਭ ਤੋਂ ਖੂਬਸੂਰਤ ਔਰਤ ਨਹੀ ਹੈ …ਮਸਾਂ ਪੰਜ ਫੁੱਟ ਲੰਬੀ ਸਾਵਲਾਂ ਰੰਗ ਤੇ ਕੋਰੀ ਅਨਪੜ ਜਿਵੇਂ ਪੇਂਡੂ ਮਾਵਾਂ ਹੁੰਦੀਆਂ ਹੀ ਨੇ | ਕੱਚੇ ਵਿਹੜੇ ਚ ਸੁਆਹ ਸੁੱਟ ਕੇ ਊੜਾ ਐੜਾ ਸਿੱਖੀ ਮੇਰੀ ਮਾਂ ਅੱਜ ਕੱਲ ਕਿੰਨੇ ਸਾਰੇ ਅੰਗ੍ਰੇਜ਼ੀ ਦੀ ਸ਼ਬਦ ਵੀ ਬੋਲ ਲੈਂਦੀ ਹੈ

ਅਸੀਂ ਸਾਰੀਆਂ ਕੁੜੀਆਂ ਪਿੰਡ ਦੇ ਸ਼ਿਵਦਵਾਲੇ ਚ ਪੜਨ ਜਾਇਆ ਕਰਦੀਆਂ ਸਾਂ ਜਿੰਨਾ ਕੀ ਵੀ ਸਿਖਿਆ ਬੱਸ ਉਥੋਂ ਹੀ ਸਿਖਿਆ ਤੇ ਮੁੜ ਏਸ ਘਰ ਵਿਆਹੀ ਆਈ ਤਾਂ ਇਥੇ ਸਭ ਪੜੇ ਲਿਖੇ ਸੀ

ਮਾਂ ਦਾ ਵਿਆਹ ਬਹੁਤ ਧੂਮ ਧਾਮ ਨਾਲ ਹੋਇਆ ਸੀ. ਪਹਿਲਾ ਵਿਆਹ ਸੀ ਮੇਰੀ ਮਾਂ ਦੇ ਪਿੰਡ ਜਿਸਦੀ ਬਰਾਤ ਬੱਸ ਵਿੱਚ ਵਿਆਹੁਣ ਆਈ ਸੀ. ..

ਬੱਸ ਦੀਆਂ ਪਹਿਲੀਆਂ ਦੋ ਸੀਟਾਂ ਤੇ ਪਰਦਾ ਲੱਗਾ ਸੀ ਜਿਸ ਵਿੱਚ ਮੈਨੂੰ ਬਿਠਾਇਆ ਗਿਆ ਸੀ.. ਜਦੋਂ ਮੈ ਵਿਆਹੀ ਆਈ ਤੇ ਮੈ ਦੇਖਿਆ ਮੇਰੇ ਸਹੁਰੇ ਘਰ ਓੁਹ ਗਾਓੁਣ ਵਾਲਾ ਡੱਬਾ ਵੀ ਸੀ ਬਾਦ ਚ ਪਤਾ ਲੱਗਾ ਓੁਸ ਡੱਬੇ ਨੂੰ ਰੇਡੀਓੁ ਕਹਿੰਦੇ ਨੇ ……….ਮੇਰੀ ਮਾਂ ਬਹੁਤ ਭੋਲੇ ਪਨ ਚ ਬਚਪਨ ਦੀਆਂ ਗੱਲਾ ਦੱਸਦੀ ਹੈ.. ਮੇਰੀ ਮਾਂ ਸਧਾਰਨ ਘਰ ਤੋਂ ਆ ਕੇ ਅਜਿਹੇ ਘਰ ਚ ਆ ਗਈ ਸੀ ਜਿਥੇ ਸਵੇਰੇ ਓੁਠ ਕੇ ਹਾਰਮੋਨੀਅਮ ਤੇ ਰਿਆਜ਼ ਹੁੰਦਾ ਸੀ ਕਲਾਸੀਕਲ ਮਿਓੂਜ਼ਕ ਨੂੰ ਸਾਰਾ ਟੱਬਰ ਬਹਿ ਕੇ ਸੁਣਦੇ

. ਜਿਥੇ ਨੂੰਹਾ ਪਰਦਾ ਨਹੀ ਸੀ ਕਰਦੀਆਂ . ਮੇਰੀ ਮਾਂ ਨੇ ਕਦੀ ਸਾੜੀ ਨਹੀ ਸੀ ਦੇਖੀ ਤੇ …..

ਤੇ ਪਹਿਲੀ ਵਾਰ ਮੈਨੂੰ ਸਾੜੀ ਪਾਓੁਣ ਲਈ ਕਿਹਾ ਤੇ ਮੈ ਪੁਠੀ ਸਾੜੀ ਪਾ ਕੇ ਆ ਗਈ

ਮੇਰੀ ਮਾਂ ਹੱਸ ਹੱਸ ਕੇ ਦੂਹਰੀ ਹੁੰਦੀ ਇਹ ਗੱਲ ਦੱਸਦੀ ਹੈ |

ਮੇਰੀ ਮਾਂ ਕੋਲ ਅਜਿਹੀਆਂ ਯਾਦਾਂ ਦਾ ਭੰਡਾਰਾਂ ਭਰਿਆ ਪਿਐ ਜੇ ਲਿਖਣ ਬੈਠਾਂ ਤਾਂ ਮੈ ਪੂਰੀ ਕਿਤਾਬ ਲਿਖ ਦੇਵਾਂ. ਪਰ ਮੈ ਅੱਜ ਸਿਰਫ ਆਪਣੀ ਹੁਣ ਵਾਲੀ ਮਾਂ ਬਾਰੇ ਲਿਖਣਾ ਚਾਹੁੰਦੀ ਆਂ ਜਿਹੜੀ ਕਨੇਡਾ ਦੀ ਧਰਤੀ ਤੇ ਬੈਠੀ ਇੱਕ ਨਾ ਪੂਰੇ ਹੋਣ ਵਾਲੇ ਸੁਪਨੇ ਨੂੰ ਨਿੱਤ ਦੇਖਦੀ ਹੈ ਤੇ ਉਦਾਸ ਹੋ ਜਾਂਦੀ ਹੈ |

ਮਾਂ ਨੇ ਸਹੁਰੇ ਘਰ ਆ ਕੇ ਬਹੁਤ ਕੁਝ ਦੇਖਿਆ ਜਿਸਦਾ ਕਦੀ ਓੁਸ ਸੁਪਨਾ ਵੀ ਨਹੀ ਸੀ ਲਿਆ. ਨਿੱਕੇ ਜਿਹੇ ਪਿੰਡ ਚੋਂ ਓੁਠ ਕੇ ਆਈ ਮੇਰੀ ਮਾਂ ਨੇ ਗੁਜਰਾਤ , ਮਦਰਾਸ ਤੇ ਖਬਰੇ ਕਿਹੜੇ ਕਿਹੜੇ ਸ਼ਹਿਰਾਂ ਨੂੰ ਦੇਖਿਆ ਤੇ ਓੁਥੋਂ ਦੀਆਂ ਯਾਦਾ ਅੱਜ ਵੀ ਮੇਰੀ ਮਾਂ ਦੀ ਝੋਲੀ ਵਿੱਚ ਨੇ . ਜਿਹਨਾ ਨੂੰ ਚੇਤੇ ਕਰਦਿਆਂ ਮਾਂ ਦੀਆਂ ਅੱਖਾਂ ਅੱਜ ਵੀ ਲਿਸ਼ਕ ਜਾਦੀਆਂ ਨੇ .ਮੇਰੇ ਬਾਬਾ ਜੀ ਮਾਈਨ ਇੰਜਨੀਅਰ ਦੀ ਪੋਸਟ ਤੇ ਜੌਬ ਕਰਦੇ ਹੋਣ ਕਰਕੇ ਜਿਥੇ ਜਿਥੇ ਵੀ ਜਾਦੇਂ ਸਾਰਾ ਟੱਬਰ ਨਾਲ ਜਾਦਾਂ ਤੇ ਮੇਰੀ ਮਾਂ ਨੇ ਜਿੰਦਗੀ ਦੇ ਪਹਿਲੇ ਸਾਲਾਂ ਚ ਬਹੁਤ ਕੁਝ ਇਕੱਠਾ ਕਰ ਕੇ ਆਪਣੇ ਚੇਤਿਆਂ ਚ ਵਸਾ ਕੇ ਅੱਜ ਵੀ ਰੱਖਿਆ ਹੋਇਆ ਹੈ |

ਪਰ ਓੁਹਨਾ ਚੇਤਿਆਂ ਦੇ ਨਾਲ ਨਾਲ ਮੇਰੀ ਮਾਂ ਨੇ ਬਹੁਤ ਸੰਘਰਸ਼ ਵੀ ਕੀਤਾ . ਓੁਸ ਘਰ ਦੀਆਂ ਕੰਧਾ ਮੇਰੀ ਮਾਂ ਦੇ ਨਿੱਕੇ ਜਿਹੇ ਕੱਦ ਤੋਂ ਸਦਾਂ ਹੀ ਓੁਚੀਆਂ ਰਹੀਆਂ ਨੇ . ਓੁਹਨਾ ਕੰਧਾਂ ਨੇ ਮੇਰੀ ਮਾਂ ਨਾਲ ਕਦੀ ਇਨਸਾਫ ਨਹੀ ਕੀਤਾ. ਮੈ ਪਹਿਲਾਂ ਵੀ ਕਿਹਾ ਕਿ ਮੇਰੀ ਮਾਂ ਦੁਨੀਆਂ ਦੀ ਸੱਭ ਤੋਂ ਖੂਬਸੂਰਤ ਔਰਤ ਨਹੀ ਹੈ ਪਰ ਦੁਨੀਆ ਦੀ ਸੱਭ ਤੋਂ ਖੂਬਸੂਰਤ ਇਨਸਾਨ ਹੈ.ਮੇਰੀ ਮਾਂ ਨੇ ਲੋਕਾਂ ਦੀਆਂ ਕੀਤੀਆਂ ਵਧੀਕੀਆਂ ਨੂੰ ਸਦਾਂ ਇੱਕ ਚੰਗੇ ਨਜ਼ਰੀਏ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਹੈ .ਦੂਸਰੇ ਦੀਆਂ ਚੰਗਿਆਈਆਂ ਦੇਖਣ ਦੀ ਕੋਸ਼ਿਸ਼ ਕੀਤੀ ਏ.|

ਸ਼ੁਰੂ ਤੋਂ ਹੀ ਮੇਰੀ ਮਾਂ ਨੂੰ ਨੱਚਣ ਗਾਓੁਣ ਦਾ ਬਹੁਤ ਸ਼ੌਕ ਸੀ . ਮਾਂ ਤੇ ਮਾਂ ਦੀਆਂ ਸਹੇਲੀਆ ਇਕੱਠੀਆਂ ਹੋ ਕੇ ਗਿੱਧੇ ਚ ਧੂੜ ਪੱਟ ਦਿੰਦੀਆਂ.ਮੇਰੀ ਮਾਂ ਘਰ ਦੀਆਂ ਤੰਗੀਆਂ ਤਰੁਸ਼ੀਆਂ ਭੁੱਲ ਕੇ ਢੋਲਕੀ ਦੀ ਤਾਲ ਨਾਲ ਆਪ ਗੀਤ ਗਾਓੁਦੀ ਤੇ ਨੱਚਦੀ . ਪਿੰਡ ਦੇ ਲੋਕ ਮਾਂ ਦੇ ਗਰੁਪ ਨੂੰ ਖਾਸ ਗਿਧੇ ਤੇ ਸੱਦਾ ਦੇਣ ਆਓੁਦੇਂ.ਸ਼ਾਇਦ ਮੇਰੀ ਮਾਂ ਜਿੰਦਗੀ ਦੀਆਂ ਠੋਹਕਰਾਂ ਨੂੰ ਦੋ ਪਲ ਦੀਆਂ ਖੁਸ਼ੀਆਂ ਚ ਬਦਲਣਾ ਜਾਣਦੀ ਸੀ

…. ਤੇ ਮਾਂ ਨੂੰ ਸੋਹਣੇ ਕਪੜੇ ਪਾਓੁਣ ਦਾ ਬਹੁਤ ਸ਼ੌਕ ਸੀ ਜੋ ਅੱਜ ਵੀ ਅੱਸੀਆਂ ਨੂੰ ਟੱਪਣ ਤੋਂ ਬਾਦ ਵੀ ਐਨੇ ਵਰਿਆਂ ਬਾਦ ਜਿਓੁਦਾਂ ਹੈ . ਮੇਰੀ ਮਾਂ ਅੱਜ ਵੀ ਵਿਆਹਾਂ ਸ਼ਾਦੀਆਂ ਚ ਖੁਸ਼ ਰਹਿੰਦੀ ਐ. ਅੱਜ ਮਾਂ ਤੋਂ ਤੁਰਿਆ ਨਹੀ ਜਾਦਾਂ ਪਰ ਵੀ ਸਿਠਣੀਆਂ ਤੇ ਬੋਲੀਆਂ ਪਾ ਕੇ ਗਿਧੇ ਦੀ ਰੌਣਕ ਦਾ ਹਿਸਾ ਬਣ ਜਾਦੀ ਐ.

ਪਰ ਅੱਜ ਮਾਂ ਦੇ ਚਿਹਰੇ ਦੀਆਂ ਝੁਰੜੀਆਂ ਚ ਇੱਕ ਝੋਰਾ ਵਸਦਾ ਹੈ ਜੋ ਮਾਂ ਦੇ ਬੋਲਾਂ ਤੇ ਸਾਹਾਂ ਚ ਚੌਵੀਂ ਘੰਟੇ ਰੜਕਦਾ ਹੈ . ਮੇਰੀ ਮਾਂ ਨੂੰ ਪਿੰਡ ਬਹੁਤ ਚੇਤੇ ਆਓੁਦਾਂ ਹੈ. . ….

ਵੈਸੇ ਤਾਂ ਅਸੀਂ ਸਾਰੇ ਪਰਦੇਸੀ ਕਿਸੇ ਨਾ ਕਿਸੇ ਵਕਤ ਆਪਣੀ ਮਿੱਟੀ ਨੂੰ ਚੇਤੇ ਕਰਦੇ ਹਾਂ.ਆਪਣੇ ਵਤਨ ਦੀ ਯਾਦ ਸਾਨੂੰ ਰੁਆਓੁਦੀ ਹੈ..ਪਿੰਡ ਚੇਤੇ ਆਓੁਦਾਂ ਹੈ..ਪਿੰਡ ਦੀਆਂ ਗਲੀਆਂ,ਫਿਰਨੀਆ,ਪਗਡੰਡੀਆਂ , ਪਿੰਡ ਦੇ ਲੋਕ ਕਈ ਕੁਝ ਸਾਡੇ ਚੇਤਿਆਂ ਵਿੱਚੋਂ ਨਿਤ ਵਿਚਰਦਾ ਹੈ. ਤੇ ਵਕਤ ਮਿਲੇ ਤਾਂ ਦੇਸ ਦੀਆਂ ਦੂਰੀਆਂ ਮਿਟਾ ਕੇ ਆਪਣੀ ਮਿੱਟੀ ਨੂੰ ਸਲਾਮ ਕਰ ਆਓਦੇ ਹਾਂ.ਤੇ ਇਕ ਵਕਤ ਅਜਿਹਾ ਵੀ ਆਓੁਦਾਂ ਅਸੀ ਰੋਜ਼ ਦੀ ਜਿੰਦਗੀ ਵਿੱਚ ਐਨੇ ਮਸਰੂਫ ਹੋ ਜਾਦੇਂ ਹਾਂ ਕਿ ਸਾਡੇ ਚੇਤਿਆਂ ਵਿੱਚ ਸਿਰਫ ਨਿਤ ਦਾ ਸੰਘਰਸ਼ ਰਹਿ ਜਾਦਾਂ ਹੈ ਪਿੰਡ ਦੇ ਚੇਤੇ ਕਿਧਰੇ ਦੂਰ ਓੁਡ ਪੁਡ ਜਾਦੇਂ ਨੇ |

ਪਰ ਮੇਰੀ ਮਾਂ ਦੇ ਹਰ ਸਾਹ ਚ ਪਿੰਡ ਵਸਦਾ ਹੈ. ਜਦੋਂ ਮੇਰੀ ਮਾਂ ਨੇ ਪਿੰਡ ਛੱਡਿਆ ਸੀ ਤਾਂ ਮੇਰੀ ਮਾਂ ਇਕ ਸਧਾਰਨ ਰਸੋਈ ਛੱਡ ਕੇ ਆਈ ਸੀ . ਰਸੋਈ ਚ ਇਟਾਲੀਅਨ ਪੱਥਰ ਨਹੀਂ ਸੀ ਲੱਗਾ. ਸਿਰਫ ਪਾਡੂੰ ਨਾਲ ਲਿਪੇ ਚੌਕੇਂ ਚੁਲੇ ਸਨ . ਮੰਮੀ ਦੇ ਚਮਕਦੇ ਚਿਮਟੇ ਭੂਕਨੇ ਤੇ ਪਿੱਤਲ ਦੇ ਲਿਸ਼ਕਦੇ ਭਾਡੇਂ . ਪਰ ਓੁਹ ਸੱਭ ਕੁਝ ਮਾਂ ਦੇ ਹੱਥਾਂ ਨੂੰ ਪਛਾਣ ਦੇ ਸਨ . ਮੇਰੀ ਮਾਂ ਦੀ ਓੁਹ ਦੁਨੀਆ ਸੀ . ਮਾਂ ਦਾ ਸੰਦੂਕ ਪੇਟੀਆਂ , ਮੱਝਾਂ, ਕੱਟੀਆਂ, ਮਾਂ ਦੀਆਂ ਸਹੇਲੀਆਂ ਬੱਸ ਇਹ ਸੀ ਮੇਰੀ ਮਾਂ ਦਾ ਸੰਸਾਰ ਜੋ ਓੁਹ 30 ਵਰੇ ਪਹਿਲਾਂ ਛੱਡ ਕੇ ਕਨੇਡਾ ਆ ਵੱਸੀ ਸੀ |

ਆਪਣੀ ਦੁਨੀਆ ਛੱਡ ਕੇ ਆਪਣੇ ਧੀਆਂ ਪੁਤਾਂ ਕੋਲ ਆ ਕੇ ਵੱਸੀ ਉਹ ਪਹਿਲੀ ਔਰਤ ਨਹੀਂ ਜਿਸਨੇ ਆਪਣੀ ਦੁਨੀਆ ਕੁਰਬਾਨ ਕੀਤੀ ਹੈ ਦੁਨੀਆਂ ਦੀਆਂ ਬਹੁਤ ਮਾਵਾਂ ਨੇ ਜਿਹਨਾ ਇਹ ਸੱਭ ਕੁਝ ਤਿਆਗ ਕੇ ਅਨਜਾਣ ਧਰਤੀ ਨੂੰ ਅਪਣਾਇਆ ਹੈ. |ਪੋਤੇ ਪੋਤੀਆਂ ਦੇ ਪੋਤੜੇ ਧੋਦਿਆਂ ਓੁਹ ਕੁਝ ਚਿਰ ਆਪੇ ਨੂੰ ਭੁਲ ਗਈ ਸੀ . ਅੱਜ ਜਦੋਂ ਮੇਰੀ ਮਾਂ ਤਿੰਨ ਮੰਜ਼ਿਲੇ ਮਕਾਨ ਦੇ ਸ਼ਾਨਦਾਰ ਕਮਰੇ ਚ ਬੈਠੀ ਆਪਣੀ ਮੌਤ ਦੀਆਂ ਘੜੀਆਂ ਗਿਣ ਰਹੀ ਹੈ ਤਾਂ ਓੁਹ ਇਥੋਂ ਨਾਲੋਂ ਵੱਧ ਪਿਛਲੀਆਂ ਯਾਦਾਂ ਵਿੱਚ ਗੁਆਚੀ ਮਹਿਸੂਸ ਹੁੰਦੀ ਐ |

ਜਦੋਂ ਵੀ ਕੋਈ ਪਿੰਡੋ ਖਬਰ ਆਓੁਦੀ ਹੈ ਤਾਂ ਮੈਨੂੰ ਫੋਨ ਤੇ ਦੱਸਦੀ ਮੇਰੀ ਮਾਂ ਮੈਨੂੰ ਨਿੱਕੀ ਬੱਚੀ ਜਾਪਦੀ ਹੈ.ਪਿੰਡ ਦੀਆਂ ਖਬਰਾਂ ਦੱਸਦੀ ਮੇਰੀ ਮਾਂ ਟੀ ਵੀ ਦੀਆਂ ਖਬਰਾਂ ਨੂੰ ਮਾਤ ਪਾ ਜਾਦੀ ਐ. ਤੇ ਮੈ ਚੁਪ ਚਾਪ ਮਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਹਾਂ |

ਇੱਕ ਇੱਕ ਕਰਕੇ ਮੇਰੀ ਮਾਂ ਦੀਆਂ ਸੱਭ ਸਹੇਲੀਆਂ ਤੁਰ ਗਈਆਂ ਨੇ . ਮੇਰੀ ਮਾਂ ਹੌਕਾ ਲੈ ਕੇ ਕਹਿੰਦੀ ਹੈ

ਹੁਣ ਰੱਬ ਮੈਨੂੰ ਵੀ ਲੈ ਜਾਵੇ… ਵਥੇਰਾ ਜੀਅ ਲਿਆ

ਬਹੁਤ ਵਾਰ ਮਾਂ ਦੀਆਂ ਗੱਲਾਂ ਸੁਣ ਕੇ ਮੇਰਾ ਰੋਣ ਨੂੰ ਜੀਅ ਕਰਦਾ ਹੂੰਦੈ ਪਰ ਮੈ ਆਪਣੀ ਮਾਂ ਨੂੰ ਕੁਝ ਮਹਿਸੂਸ ਨਹੀ ਹੋਣ ਦਿੰਦੀ…. ਮਾਂ ਦੀ ਸਿਹਤ ਇਜ਼ਾਜ਼ਤ ਨਹੀ ਦਿੰਦੀ ਕਿ ਓੁਹ ਐਨੀ ਦੂਰੀ ਨੂੰ ਤਹਿ ਕਰਕੇ ਪਿੰਡ ਜਾ ਸਕੇ .ਖਿਲਰੇ ਤੀਹ ਵਰਿਆਂ ਨੂੰ ਚੁਗ ਸਕੇ. ਜਦੋਂ ਕੋਈ ਪਿੰਡੋ ਮੁੜਦਾ ਹੈ ਤਾਂ ਮਾਂ ਪੁਛਦੀ ਹੈ …

ਅੱਛਾ ਸੁਣਿਆ ਹੁਣ ਤਾਂ ਆਪਣੇ ਕਾਰ ਵੀ ਘਰ ਦੇ ਵਗਲ ਚ ਚਲੇ ਜਾਦੀ ਐ…ਖਸਮਾ ਨੂੰ ਖਾਣੀ ਸਾਨੂੰ ਤਾਂ ਬੱਸ ਵੀ ਜਾ ਕੇ ਅੱਪਰਿਓੁਂ ਫੜਨੀ ਪੈਦੀ ਸੀ..ਮਾਂ ਦੀ ਆਵਾਜ਼ ਚ ਇੱਕ ਦੰਮ ਗੁੱਸਾ ਭਰ ਜਾਂਦਾ ਹੈ |

ਜਲ ਜਾਣਾ ਸਾਨੂੰ ਤਾਂ ਘਰ ਖੜਾ ਮੋਟਰ ਸਾਈਕਲ ਵੀ ਨੀ ਸੀ ਜੁੜਦਾ

ਮੇਰੇ ਦਾਦਾ ਜੀ ਦਾ ਘਰ ਚ ਹੁਕਮ ਚਲਦਾ ਸੀ ਤੇ ਮਾਂ ਦਾਦਾ ਜੀ ਦੀਆਂ ਗੱਲਾਂ ਕਰਦੀ ਮਾਂ ਉਦਾਸ ਹੋ ਜਾਂਦੀ ਹੈ |

“.ਕਈ ਵਾਰੀ ਤੇਰੇ ਦਾਦਾ ਜੀ ਨੇ ਲੜ ਪੈਣਾ ਤੇ ਕਹਿਣਾ ਮੇਰੇ ਮੋਟਰ ਸਾਈਕਲ ਨੂੰ ਹੱਥ ਨਾ ਲਾਇਉ

ਤੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਜਿਸ ਘਰ ਚ ਮਾਂ ਨੇ ਐਨੀਆਂ ਤੰਗੀਆਂ ਦੇਖੀਆਂ ਅੱਜ ਉਸੇ ਘਰ ਨੂੰ ਦੇਖਣ ਨੂੰ ਤਰਸ ਰਹੀ ਹੈ ਤੇ ਮੈਂ ਐਨੀ ਮਜਬੂਰ ਹਾਂ ਕਿ ਮਾਂ ਦੀ ਆਖਰੀ ਇੱਛਾ ਨੂੰ ਪੂਰੀ ਨਹੀ ਕਰ ਸਕਦੀ

ਮੈ ਆਪਣੇ ਡੈਡ ਨੂੰ ਬਹੁਤ ਵਾਰ ਆਖਦੀ ਹਾਂ ਕਿ ਇੱਕ ਬਾਰ ਮਾਮ ਨੂੰ ਪਿੰਡ ਦਿਖਾ ਦਿਓੁ “”

ਮੇਰੇ ਡੈਡ ਦਾ ਜੁਆਬ ਹੁੰਦੈ…

ਪੁਤਰਾ ਤੇਰੀ ਮਾਂ ਨੇ ਰਾਹ ਚ ਈ ਪੂਰੀ ਹੋ ਜਾਣੈ…ਇਹਨੇ ਜਿਉਂਦੀ ਮੁੜਨਾ ਨਹੀ “|ਪਰ ਮੇਰੇ ਅੰਦਰ ਇੱਕ ਬੋਝ ਜਿਹਾ ਹੈ ਕਈ ਵਾਰ ਮੇਰੇ ਅੰਦਰਲੀ ਇੱਕ ਆਵਾਜ਼ ਮੈਨੂੰ ਕਹਿੰਦੀ ਹੈ ਮਾਂ ਨੂੰ ਪਿੰਡ ਚਲੇ ਜਾਣਾ ਚਾਹੀਦਾ ਹ ਫੇਰ ਕਿ ਹੋਇਆ ਜੇ ਇੱਕ ਵਾਰ ਪਿੰਡ ਜਾ ਕੇ ਉਹ ਨਾ ਵੀ ਮੁੜੇ …..ਪਰ ਮੈਂ ਡੈਡ ਨੂੰ ਇਹ ਗੱਲ ਕਹਿੰਦੀ ਨਹੀ | ਮੈਨੂੰ ਆਪਣੀ ਇਸ ਸੋਚ ਉੱਪਰ ਕਈ ਵਾਰ ਹੈਰਾਨੀ ਵੀ ਹੁੰਦੀ ਹੈ ਕਿ ਮੈਂ ਕਿਹੋ ਜਿਹੀ ਧੀ ਹਾਂ ?

ਪਿਛਲੇ ਦਿਨੀ ਮੈ ਪਿੰਡੋ ਮੁੜੀ ਤਾਂ ਮੇਰੇ ਜ਼ਹਿਨ ਚ ਇਹ ਬੋਝ ਦੁਗਣਾ ਹੋ ਗਿਆ ਹੈ |

ਟਾਡੇਂ ਮੇਰੇ ਰਿਸ਼ਤੇਦਾਰ ਸੁਰਿੰਦਰ ਤੇ ਬੱਲੀ ਹੋਰਾਂ ਦੇ ਜ਼ਰੀਏ ਮੇਰਾ ਇੱਕ ਮੁਸਲਮਾਨ ਟੱਬਰ ਨਾਲ ਮਿਲਾਪ ਹੋਇਆ .ਇੱਕ ਦਿਨ ਗੱਲਾਂ ਗੱਲਾਂ ਵਿੱਚ ਮੁਸਲਮਾਨ ਧਰਮ ਦੀਆਂ ਗੱਲਾਂ ਕਰਦਿਆਂ ਮੈਨੂੰ ਭਾਜੀ ਮੁਹੰਮਦ ਨੇ ਦੇਸਿਆ ਕਿ

ਸਾਡੇ ਧਰਮ ਚ ਆਪਣੇ ਮਾਂ ਬਾਪ ਨੂੰ ਹੱਜ ਕਰਾਉਣਾ ਇੱਕ ਬਹੁਤ ਵੱਡਾ ਪੁੰਨ ਸਮਝਿਆ ਜਾਂਦਾ ਹੈ |

ਭੈਣ ਮੈਂ ਆਪਣੀ ਜਿੰਦਗੀ ਦਾ ਸੱਭ ਤੋਂ ਵੱਡਾ ਫਰਜ਼ ਨਿਭਾ ਦਿਤਾ ਹੈ ਹੁਣ ਮੈਨੂੰ ਮੌਤ ਦਾ ਵੀ ਡਰ ਨਹੀਂ “………ਇਹ ਗੱਲ ਦੱਸਦਿਆਂ ਓੁਹਦੀ ਅਵਾਜ਼ ਵਿੱਚ ਇੱਕ ਮਾਣ ਸੀ |” ਮੈ ਪੈਤੀਆਂ ਵਰਿਆਂ ਦੀ ਓੁਮਰ ਚ ਆਪਣੇ ਮਾਂ ਬਾਪ ਤੇ ਸੱਸ ਸਹੁਰੇ ਨੂੰ ਹੱਜ ਕਰਾ ਆਇਆਂ ਹਾਂ ….ਇਹ ਸਾਡੇ ਧਰਮ ਦਾ ਸੱਭ ਤੋਂ ਵੱਡਾ ਫਰਜ਼ ਹੈ …. “|

.ਜਦੋਂ ਓੁਹ ਮੈਨੂੰ ਦੱਸ ਰਿਹਾ ਸੀ ਤੇ ਮੈ ਆਪਣੇ ਆਪ ਨੂੰ ਡੇੜ ਗਿੱਠ ਦੀ ਮਹਿਸੂਸ ਕਰ ਰਹੀ ਸਾਂ ਕਿ ਮੈ ਆਪਣੀ ਮਾਂ ਨੂੰ ਆਖਰੀ ਵਾਰ ਓੁਹਦਾ ਚੁੱਲਾ ਚੌਕਾਂ ਨਹੀ ਦਿਖਾ ਸਕਦੀ… ਬੱਸ ਇੱਕ ਵਾਰ ਮਾਂ ਉਸ ਘਰ ਨੂੰ ਦੇਖਣਾ ਚਾਹੁੰਦੀ ਹੈ ਜਿਥੇ ਉਹਦੀ ਆਪਣੀ ਦੁਨੀਆ ਵੱਸਦੀ ਸੀ | ਅੱਜ ਜਿਹੜੇ ਘਰ ਚ ਉਹ ਬੈਠੀ ਹੈ ਇਹ ਘਰ ਉਹਦਾ ਆਪਣਾ ਨਹੀ ਭਾਵੇਂ ਇਸ ਘਰ ਚ ਮਾਂ ਨੇ ਜਿੰਦਗੀ ਦੇ ਤੀਹ ਵਰੇ ਗੁਜਾਰੇ ਹਨ … ਪਰ ਫੇਰ ਵੀ ਇਹ ਘਰ ਉਹਦਾ ਆਪਣਾ ਨਹੀ ਹੈ |

ਇਹ ਬੋਝ ਆਪਣੀ ਰੂਹ ਦੇ ਨਾਲ ਲੈ ਕੇ ਮੇਰੀ ਮਾਂ ਅੱਜ ਮੌਤ ਦੀਆਂ ਘੜੀਆਂ ਗਿਣਦੀ ਬੰਦ ਕਮਰੇ ਦੀਆਂ ਦੀਵਾਰਾਂ ਦੇ ਅੰਦਰਲੇ ਹਨੇਰੇ ਨਾਲ ਗੱਲਾਂ ਕਰਦੀ ਕਰਦੀ ਕਿਸੇ ਦਿਨ ਤੁਰ ਜਾਏਗੀ |

ਪਿਛਲੇ ਕਿੰਨੇ ਵਰਿਆਂ ਤੋਂ ਆਪਣੀ ਮਾਂ ਦੀਆਂ ਇਹ ਗੱਲਾਂ ਮੈਂ ਸੁਣਦੀ ਆਈ ਹਾਂ ਤੇ ਇੱਕ ਸੁਪਨਾ ਹੋਰ ਜਿਹੜਾ ਮਾਂ ਨਿੱਤ ਦੇਖਦੀ ਸੀ ਉਹ ਸੀ ਸਵੀਨਾ ਦੇ ਵਿਆਹ ਦਾ ਸੁਪਨਾ ….ਸਵੀਨਾ ਦੀ ਨਾਨਕੀ ਛੱਕ ਦਾ ਸੁਪਨਾ ….ਸਵੀਨਾ ਨੂੰ ਦਾਜ ਚ ਕੀ ਦੇਣਾ ਹੈ …ਕਿਵੇਂ ਵਿਆਹ ਕਰਨਾ ਹੈ ਤੇ ਅਕਸਰ ਮਾਂ ਮੈਨੂੰ ਕਹਿੰਦੀ

ਮੇਰੇ ਜਿਉਂਦੇ ਜੀ ਵਿਆਹ ਕਰ ਲੈ ਕੁੜੀ ਦਾ ਤੈਨੂੰ ਤਾਂ ਕੋਈ ਚੱਜ ਵੀ ਹੈ ਨੀ ਕਬੀਲਦਾਰੀਆਂ ਦਾ …ਮੈਂ ਚਾਹੁਨੀ ਆਂ ਮੈਂ ਆਪ ਵਿਆਹ ਕਰਾਂ ਤੇਰੀ ਧੀ ਦਾ … ਪਤਾ ਨਹੀ ਕਿੰਨੇ ਕੁ ਸਾਹ ਨੇ …

ਮਾਂ ਹਰ ਵਾਰ ਸਵੀਨਾ ਲਈ ਸੋਨੇ ਦੇ ਗਹਿਣਿਆਂ ਦੀ ਗੱਲ ਕਰਦੀ …ਆਪਣੇ ਬੁਢਾਪੇ ਦੀ ਮਿਲਦੀ ਪੈਨਸ਼ਨ ਵਿਚੋਂ ਜੋੜ ਕੇ ਰਖੇ ਪੈਸਿਆਂ ਦੀ ਗੱਲ ਕਰਦੀ | ਤੇ ਕਈ ਵਾਰ ਕਹਿੰਦੀ …

ਸਵੀਨਾ ਦੇ ਵਿਆਹ ਦੀ ਸ਼ੌਪਿੰਗ ਆਪ ਪਿੰਡ ਜਾ ਕੇ ਕਰੀ … ਤੂੰ ਮੇਰੇ ਸੰਦੂਕ ਵਿਚੋਂ ਦਰੀਆਂ ਕੱਢ ਕੇ ਜਰੂਰ ਲੈ ਆਈ ਸਵੀਨਾ ਦੇ ਦਾਜ ਲਈ ….ਮੈਥੋਂ ਤਾਂ ਖਬਰੇ ਹੁਣ ਕਦੇ ਵੀ ਨਹੀ ਜਾ ਹੋਣਾ …ਹੁਣ ਪਿੰਡ ਕਦੇ ਵੀ ਨਹੀ ਦੇਖ ਹੋਣਾ …” |

ਮਾਂ ਉਦਾਸ ਹੋ ਜਾਂਦੀ | ਉਸ ਵਕਤ ਮੈਂ ਮਾਂ ਦੀਆਂ ਅੱਖਾਂ ਚ ਸਿਰਫ ਇੱਕੋ ਸੁਪਨੇ ਦੀ ਮੌਤ ਦੇਖਦੀ ਸਾਂ ..ਪਿੰਡ ਮੁੜ ਕੇ ਜਾਣ ਦੇ ਸੁਪਨੇ ਦੀ ਮੌਤ ਦੇ ਨਾਲ ਨਾਲ ਅੱਜ ਮੇਰੀ ਮਾਂ ਦੀਆਂ ਸੁੱਕੀਆਂ ਅੰਨੀਆਂ ਅੱਖਾਂ ਵਿਚ ਕਈ ਹੋਰ ਮੋਏ ਸੁਪਨਿਆਂ ਦੇ ਪਰਛਾਵੇਂ ਵੀ ਦਿਸਦੇ ਨੇ …

ਹੁਣ ਜਦੋਂ ਮਾਂ ਉਹਨਾ ਸੁਪਨਿਆਂ ਦੀ ਗੱਲ ਕਰਦੀ ਹੈ ਤਾਂ ਉਹਦੇ ਗਲੇ ਵਿਚੋਂ ਸਿਰਫ ਰੋਣ ਵਰਗੇ ਕੁਝ ਬੋਲ ਹੀ ਨਿਕਲਦੇ ਨੇ … ਮਾਂ ਦੀਆਂ ਅੱਖਾਂ ਵਿਚ ਕੁਝ ਮਰੇ ਸੁਪਨਿਆਂ ਦੀ ਕਹਾਣੀ ਹੀ ਬਚੀ ਹੈ ………ਸ਼ਾਇਦ ਮਾਂ ਨੇ ਹੁਣ ਸੁਪਨੇ ਦੇਖਣੇ ਬੰਦ ਕਰ ਦਿੱਤੇ ਨੇ |.ਤੇ ਮੈਨੂੰ ਮਾਂ ਪਰ -ਹੀਣ ਪਰਿੰਦੇ ਜਿਹੀ ਜਾਪਦੀ ਹੈ ਜਿਸਨੇ ਕਦੇ ਮੁੜ ਆਪਣੇ ਆਲ੍ਹਣੇ ਚ ਮੁੜ ਨਹੀਂ ਜਾ ਸਕਣਾ |

ਹੁਣ ਮੈਨੂੰ ਇਹ ਵੀ ਅਹਿਸਾਸ ਹੋ ਗਿਆ ਹੈ ਕਿ ਮੈਂ ਆਪਣੀ ਜਿੰਦਗੀ ਦੇ ਸੰਘਰਸ਼ ਵਿਚੋਂ ਨਿੱਕਲ ਕੇ ਕਦੇ ਵੀ ਆਪਣੀ ਮਾਂ ਦੇ ਦੁੱਧ ਦਾ ਫਰਜ਼ ਨਹੀ ਨਿਭਾ ਸਕਾਗੀਂ … ਜਦੋਂ ਵੀ ਮਾਂ ਦੀਆਂ ਨਿੱਕੀਆਂ ਨਿੱਕੀਆਂ ਖੁਹਾਇਸ਼ਾਂ ਦੀ ਇਹ ਪੋਟਲੀ ਫਰੋਲਦੀ ਹਾਂ ਤਾਂ ਮੇਰੀ ਆਪਣੀ ਜਿੰਦਗੀ ਦਾ ਇੱਕ ਪਲ ਮਰ ਗਿਆ ਜਾਪਦਾ ਹੈ | ਮਾਂ ਦੀ ਹੱਡੀਆਂ ਹੋਈ ਦੇਹ ਨੂੰ ਮੈਂ ਕਦੇ ਵੀ ਉਹਦੇ ਮੱਕੇ ਦੇ ਦਰਸ਼ਨ ਨਹੀ ਕਰਾ ਸਕਾਂਗੀ ……….

ਮੇਰੀ ਮਾਂ ਕਿਸੇ ਦਿਨ ਇਹ ਬੋਝ ਢੋਂਦੀ ਤੁਰ ਜਾਏਗੀ …. ਪਰ ਮੈਨੂੰ ਸਮਝ ਨਹੀ ਆਉਂਦੀ ਕਿ ਇਸ ਪੋਟਲੀ ਦਾ ਬੋਝ ਚੁੱਕ ਕੇ ਮੈਂ ਆਪਣੀ ਜਿੰਦਗੀ ਦੇ ਆਉਣ ਵਾਲੇ ਦਿਨ ਕਿਵੇਂ ਕੱਟਾਂਗੀ ?

 

 

ماں

پرویز سندھو

(پرویز سندھو  مْنڈا نہیں سگوں  اِک جٹ سکھ کْڑی اے۔ ایہدا ناں  ایہدے سکھ دادے تے اوہدے اِک مسلمان  یار دی پگ وٹائی

دی یاد گار اے ۔ ایس مسلمان نے 1947 وچ آ پنی جان       تے کھیڈ       کے آپنے   ایس سکھ یار        تے ایہدےخاندان دی جان بچائی۔

پرویز سندھو دے دادے  آپنے ایس مسلمان یار دے احسان نوں یاد رکھن لئی  ایہدے جمن        تے آپنے مٌسلمان یار دے پوترے   دے

ناں تے  ایہدا ناں پرویز سندھو رکھیا۔ پرویز  سندھو اک سکھ تے اک مسلمان  دی پگ وٹائی  دی تردی پھردی یادگار اے۔

   ایہہ کیلے فورنیا امریکہ رہندی اے تے کہانیاں لکھدی اے ۔ ایہدیاں کہانیاں  دیاں کتاباں مشرقی پنجاب وچ چھپ چکیاں نے)

 

میری ڈائری  دے صفحیاں  تے لکھے  لفظاں وچوں مینوں اپنی ماں دے نقش نظر آؤندے نے  نکے جہے قد والی میری ماں میرے  لفظاں جہی کدے سکون وچ  چپّ چپیتی ڈرو جہی  . تے کدے بے بس اڈن اڈن نوں کردی کھمباں بن پرندیاں وانگ  بے سکونی ،. بے چین ..تے کدے کورے صفحیاں اپر  واہے   لفظاں وچوں ماں سوخم جہی کہانی بن میرے موہرے آ بہندی ہے ۔نہیں نہیں ایہہ کہانی نہیں ہے ایہہ میری ماں دیاں  خواہشاں دی نکی جہی اک پوٹلی ہے جو میری روح دیاں تہیاں تھلے کدھرے دبی پئی اے. نہ چاہندیاں وی  میں  کدی نہ کدی ایہنوں پھرول کے بہہ جاندی آں،  ماں دے کجھ ہوکے کجھ  بے وسیاں تے کجھ میریاں مجبوریاں اس پوٹلی ‘وچ ند نے۔ .اسیاں نوں ٹپّ چکی میری ماں کنیڈا دے ودھیا شہر سری چ بیٹھی ہے. اپنے پتّ، نونہہ ،پوتے، پوتیاں تے نویں  جمے پڑپوتے ،پڑپوتی       تے پڑدوہتی دیاں صفتاں کردی خوش جاپدی ہے  میری ماں دے ایہہ آخری دن چنگے بیت رہے نے  اوہدا بڈھاپا ایہناں دیشاں  وچ رلدے پھردے بزرگاں والا نہیں ہے | نونہہ ، پتّ دے بنائے عالیشان مکان دی پہلی  منزل تے سوہنے بیڈروم ‘چ چٹی چادر والے بسترے ‘چ بیٹھی میری ماں زندگی دے آخری دناں دی اڈیک کر رہی ہے ۔ تھے اوہدے نونہہ پتّ ولوں اوہنوں ہر آرام والی چیز دتی جا رہی ہے | اکو اک پتّ اوہ وی نیک تے بیٹھی بٹھائی نوں نونہہ ولوں پکی روٹی ملدی ہے تے اس عمرے ہور چاہیدا وی کی ہے ؟
.
ایہہ گلّ میں اکثر سوچدی ہاں
ماں نوں اکھاں توں بہت تھوڑا دسدا ہے | ڈاکٹر نے کئی سال پہلاں لیگلی بلائنڈ دا سرٹیفکیٹ دے دتا ہے | شوگر دی بیماری چمبڑی نوں خبرے کنے سال ہو گئے نے دوائیاں تے ٹیکیاں نال واکر نوں روڑی پھردی ماں دی یاداشت اجے وی جواناں نوں مات  کر  دیندی ہے | اوہ گلاں جہڑیاں سانوں وی یاد نہیں تے اوہ چیتے جہڑے ماں نے بچپن توں لے کے اج تکّ گنڈھ بنّ کے سینے ‘چ تاڑے ہوئے نے اوہناں چیتیاں نوں کہانیاں بنا کے دسدی ماں تری پھردی ہسٹری دی کتاب جاپدی ہے۔
اجے وی ویاہ شادی ہووے تاں ماں نوں سٹھنیاں دین دا سدا آ جاندا ہے ۔ ساہو ساہ ہوئی ماں اپنی پٹیالہ سلوار سان مبھدی ہر ویاہ شادی تے منگنے دا حصہ بن کے گاؤندی خوش نظر آؤندی ہے    تے  میرا باپو خبرے ساری عمر اک چنگا پتی بن سکیا جاں نہیں پر اج اوہناں دی زندگی صرف تے صرف میری ماں دوآلے گھمدی ہے
ماں       نے سویر توں لے کے کی کھانا ہے  کہڑی دوائی کنے وجے لینی ہے  مینوں اج کلّ اپنے باپو ‘چوں بنی تنی نرس دا جھاؤلا پیندا ہے  چنگا گھر والا ، چنگے نونہہ پتّ ہور بھلا ماں نوں چاہیدا وی کی ہے ؟ میں سوچدی رہندی ہاں پر اینا کجھ ہندیاں سندیاں وی میری ماں اکثر اداس ہو جاندی ہے   کدی کدی گلّ کردیاں میری ماں دے دھر اندروں اک ہوکا نکلدا ہے جو میری روح دیاں پرتاں نوں کھرچ کے کدھرے اڈ جاندا ہے
“ماں تسیں ٹھیک وی او
 میں جھجکدیاں پچھدی ہاں مینوں پتہ وی اے  کہ ممی نے کی کہنا ہے، کی پچھنا ہے
ٹھیک تاں آں پر کئی وار پنڈ بہتا ای چیتے آؤندے
پر ماں سارے ایتھے آ تسیں پھیر کیوں اوداس ہندے ہو؟
میں ہر بار اک گلّ کہندی ہاں
بھیناں بھراواں وچوں میں اکلی کیلیفورنیا چ ہاں باقی سبھّ ممی دے نیڑے تیڑے وسدے نے پر پھیر وی ماں نوں پنڈ یاد آؤندا ہے
ماں چوداں وریاں دی سی جدوں ویاہی آئی سی تے سولاں سالاں وچ مکلاوا آیا. ایہہ سبھّ کجھ میری ماں بیتے کلّ وانگ دسدی ہے.
میرے مامے نے دیسی گھیوُ دے پیپے روڑ دتے سی میرے ویاہ تے ” میری ماں مان نال لمبڑدار مامے دیاں گلاں دسدی ہے. میری ماں نانکے گھر پلی وڈی ہوئی سی. ماں دے مامے دے گھر کوئی بچہ نہیں سی ماں نوں مامے نے گود لے لیا سی تے اوستوں بعد مامے دے گھر “سکھ نال” تنّ منڈے تے دو دھیاں جمیا سن  میری ماں دی مامی نوں  جاپدا سی کہ میری ماں بہت بھاگاں والی ہے اسے کرکے ماں دے ماما مامی اوسنوں بہت پیار کردے سی. میری ماں نوں اج وی بچپن دیاں یاداں بیت چکے پل وانگ چیتے نے
میری ماں دنیا  دی سبھّ توں خوبصورت عورت نہیں    ہے مساں پنج فٹّ لمبی سانولا رنگ تے کوری ان پڑھ جویں پینڈو ماواں ہندیاں  نے   کچے ویہڑے ‘چ سواہ سٹّ کے اوڑا ایڑا سکھی میری ماں اج کلّ کنے سارے انگریزی دی شبد وی بول لیندی ہے
اسیں ساریاں کڑیاں پنڈ دے شودوالے ‘چ پڑھن جایا کردیاں ساں جنا کی وی سکھیا بسّ اتھوں ہی سکھیا تے مڑ ایس گھر ویاہی آئی تاں ایتھے سبھ پڑے لکھے سی
ماں دا ویاہ بہت دھوم دھام نال ہویا سی. پہلا ویاہ سی میری ماں دے پنڈ جسدی برات بسّ وچّ ویاہن آئی سی
بسّ دیاں پہلیاں دو سیٹاں تے پردہ لگا سی جس وچّ مینوں بٹھایا گیا سی   جدوں میں ویاہی آئی تے  میں  دیکھیا میرے سوہرے گھر اوہ گاؤن والا ڈبہ وی سی بعد ‘چ پتہ لگا اوس ڈبے نوں ریڈُوآ  کہندے نے  میری ماں بہت بھولے پن ‘چ بچپن دیاں  گلاں  دسدی ہے میری ماں سدھے  جہے گھر توں آ کے اجیہے گھر ‘چ آ گئی سی جتھے سویرے اٹھ کے ہارمونیئم تے ریاض ہندا سی کلاسیکل میوزک نوں سارا ٹبر بہہ کے سندے
جتھے نونہاں پردہ نہیں سی کردیاں  میری ماں نے کدی ساڑی نہیں سی دیکھی تے
تے پہلی وار مینوں ساڑی پاؤن لئی کیہا تے   میں  پٹھی ساڑی پا کے آ گئی
میری ماں ہسّ ہسّ کے دوہری ہندی ایہہ گلّ دسدی ہے |
میری ماں کول اجہیاں یاداں دا بھنڈارا بھریا ہویا اے   پئی جے لکھن بیٹھاں تاں میں  پوری کتاب لکھ دیواں. پر  میں  اج صرف اپنی ہن والی ماں بارے لکھنا چاہندی آں جہڑی کنیڈا دی دھرتی تے بیٹھی اک نہ پورے ہون والے سپنے نوں نت دیکھدی ہے تے اداس ہو جاندی ہے |
ماں نے سوہرے گھر آ کے بہت کجھ دیکھیا جسدا کدی اوس سپنا وی نہیں سی لیا. نکے جہے پنڈ چوں اٹھ کے آئی میری ماں نے گجرات ، مدراس تے خبرے کہڑے کہڑے شہراں نوں دیکھیا تے اوتھوں دیاں یادا اج وی میری ماں دی جھولی وچّ نے . جہناں نوں چیتے کردیاں ماں دیاں اکھاں اج وی لشک جادیاں نے .میرے بابا جی مائین انجنیئر دی پوسٹ تے نوکری کردے ہون کرکے جتھے جتھے وی جاندے  سارا ٹبر نال جانداں تے میری ماں نے زندگی دے پہلے سالاں ‘چ بہت کجھ اکٹھا کر کے اپنے چیتیاں ‘چ وسا کے اج وی رکھیا ہویا ہے

پر اوہناں چیتیاں دے نال نال میری ماں نے بہت سنگھرش وی کیتا . اوس گھر دیاں کندھاں میری ماں دے نکے جہے قد توں سداں ہی اوچیاں رہیاں نے . اوہناں  کندھاں      نے میری ماں نال کدی انصاف نہیں کیتا میں  پہلاں وی کیہا کہ میری ماں دنیا دی سبھّ توں خوبصورت عورت نہیں ہے پر دنیا دی سبھّ توں خوبصورت انسان    ہے.میری ماں نے لوکاں دیاں کیتیاں ودھیکیاں نوں سدا  اک چنگے نظرئیے نال دیکھن دی کوشش کیتی ہے .دوسرے دیاں چنگیائیاں دیکھن دی کوشش کیتی اے

شروع توں ہی میری ماں نوں نچن گاؤن دا بہت شوق سی . ماں تے ماں دیاں سہیلیاں اکٹھیاں ہو کے گدھے ‘چ دھوڑ پٹّ دیندیاں.میری ماں گھر دیاں تنگیاں ترشیاں بھلّ کے ڈھولکی دی تال نال آپ گیت گاؤندی تے نچدی . پنڈ دے لوک ماں دے گروپ نوں خاص گدھے تے سدا دین آؤندے  شاید میری ماں زندگی دیاں ٹھوہکراں نوں دو پل دیاں خوشیاں ‘چ بدلنا جاندی سی
..
تے ماں نوں سوہنے کپڑے پاؤن دا بہت شوق سی جو اج وی اسیاں نوں ٹپن توں بعد وی اینے وریاں بعد جیوندا    ہے  میری ماں اج وی ویاہاں شادیاں ‘چ خوش رہندی اے. اج ماں توں تریا نہیں جاندا  پر  فروی سٹھنیاں تے بولیاں پا کے گدھے دی رونق دا حصہ بن جاندی اے.
پر اج ماں دے چہرے دیاں جھرڑیاں ‘چ اک جھورا وسدا ہے جو ماں دے بولاں تے ساہاں ‘چ چوویں گھنٹے رڑکدا ہے . میری ماں نوں پنڈ بہت چیتے آؤنداں ہے
ویسے تاں اسیں سارے پردیسی کسے نہ کسے وقت اپنی مٹی نوں چیتے کردے ہاں.اپنے وطن دی یاد سانوں رواؤدی ہے..پنڈ چیتے آؤنداں ہے..پنڈ دیاں گلیاں،پھرنیاں ،پگڈنڈیاں ، پنڈ دے لوک کئی کجھ ساڈے چیتیاں وچوں نت وچردا ہے. تے وقت ملے تاں دیس دیاں دوریاں مٹا کے اپنی مٹی نوں سلام کر آؤندے ہاں.تے اک وقت اجیہا وی آؤندا  اسیں روز دی زندگی وچّ اینے مصروف ہو جاندی ے ہاں کہ ساڈے چیتیاں وچّ صرف نت دا سنگھرش رہِ جاداں ہے پنڈ دے چیتے کدھرے دور اوڈ پڈ جاندے|
پر میری ماں دے ہر ساہ ‘چ پنڈ وسدا ہے. جدوں میری ماں نے پنڈ چھڈیا سی تاں میری ماں اک  سادا  جہی رسوئی چھڈّ کے آئی سی . رسوئی چ اٹلی  دا  پتھر نہیں سی لگا. صرف پاڈوں نال لپے چوکیں چلے سن  ممی دے چمکدے چمٹے بھوکنے تے پتل دے لشکدے بھانڈے  پر اوہ سبھّ کجھ ماں دے ہتھاں نوں پچھان دے سن   میری ماں دی اوہ دنیا سی . ماں دا صندوق پیٹیاں ، مجھاں، کٹیاں، ماں دیاں سہیلیاں بسّ ایہہ سی میری ماں دا سنسار جو اوہ 30 ورے پہلاں چھڈّ کے کنیڈا آ وسی سی
اپنی دنیا چھڈّ کے اپنے دھیاں پتاں کول آ کے وسی اوہ پہلی عورت نہیں جسنے اپنی دنیا قربان کیتی ہے دنیا  دیاں بہت ماواں نے جہناں ایہہ سبھّ کجھ  چھڈ  کے انجان دھرتی نوں اپنایا ہے. |پوتے پوتیاں دے پوتڑے دھوندیاں اوہ کجھ چر آپے نوں بھل گئی سی . اج جدوں میری ماں تنّ منزلے مکان دے شاندار کمرے ‘چ بیٹھی اپنی موت دیاں گھڑیاں گن رہی ہے تاں اوہ ایتھوں نالوں ودھ پچھلیاں یاداں وچّ گواچی محسوس ہندی اے
جدوں وی کوئی پنڈوں خبر آؤندی ہے تاں مینوں فون تے دسدی میری ماں مینوں نکی بچی جاپدی ہے.پنڈ دیاں خبراں دسدی میری ماں ٹی وی دیاں خبراں نوں مات پا جاندی اے. تے  میں چپ چاپ ماں دیاں گلاں سندی رہندی ہاں
اک اک کرکے میری ماں دیاں سبھّ سہیلیاں تر گئیاں نے  میری ماں ہوکا لے کے کہندی ہے
ہن ربّ مینوں وی لے جاوے بتھیرا جی لیا
بہت وار ماں دیاں گلاں سن کے میرا رون نوں جی کردا ہوندے پر  میں اپنی ماں نوں کجھ محسوس نہیں ہون دیندی  ماں دی صحتَ اجازت نہیں دیندی کہ اوہ اینی دوری نوں طے  کرکے پنڈ جا سکے .کھلرے تیہہ وریاں نوں چگ سکے. جدوں کوئی پنڈوں مڑدا ہے تاں ماں پچھدی ہے
اچھا سنیا ہن تاں اپنے کار وی گھر دے وگل ‘چ چلے جاندی اےخصماں نوں کھانی سانوں تاں بسّ وی جا کے اپروں پھڑنی پیندی سی..ماں دی آواز ‘چ اک دمّ غصہ بھر جاندا ہے |
جل جانا سانوں تاں گھر کھڑا موٹر سائیکل وی  نہیں سی جڑدا
میرے دادا جی دا گھر ‘چ حکم چلدا سی تے ماں دادا جی دیاں گلاں کردی ماں اداس ہو جاندی ہے |
“.
کئی واری تیرے دادا جی نے لڑ پینا تے کہنا میرے موٹر سائیکل نوں ہتھ نہ لائیو
تے مینوں حیرانی ہندی ہے کہ جس گھر ‘چ ماں نے اینیاں تنگیاں دیکھیاں اج اسے گھر نوں دیکھن نوں ترس رہی ہے تے میں اینی مجبور ہاں کہ ماں دی آخری خواہش  نوں پوری نہیں کر سکدی
میں   اپنے ڈیڈ نوں بہت وار آکھدی ہاں کہ اک بار مام نوں پنڈ دکھا دیوُ “”
میرے ڈیڈ دا جواب ہندااے.
پترا تیری ماں نے راہ ‘چ ای پوری ہو جانا اے…ایہنے جیوندی مڑنا نہیں “|پر میرے اندر اک بوجھ جیہا ہے کئی وار میرے اندرلی اک آواز مینوں کہندی ہے ماں نوں پنڈ چلے جانا چاہیدا  اے  پھیر  کی ہویا جے اک وار پنڈ جا کے اوہ نہ وی مڑے پر میں ڈیڈ نوں ایہہ گلّ کہندی نہیں | مینوں اپنی اس سوچ اوپر کئی وار حیرانی وی ہندی ہے کہ میں کیہو جہی دھی ہاں ؟
پچھلے دنیں میں  پنڈو مڑی تاں میرے ذہن ‘چ ایہہ بوجھ دگنا ہو گیا ہے
ٹاڈیں میرے رشتے دار سریندر تے بلی ہوراں دے ذریعے میرا اک مسلمان ٹبر نال ملاپ ہویا .اک دن گلاں گلاں وچّ مسلمان دھرم دیاں گلاں کردیاں مینوں بھاجی محمد نے دسیا کہ
ساڈے دھرم ‘چ اپنے ماں باپ نوں حج کراؤنا اک بہت وڈا پنّ سمجھیا جاندا ہے |
بھین میں اپنی زندگی دا سبھّ توں وڈا فرض نبھا دتا ہے ہن مینوں موت دا وی ڈر نہیں ” ایہہ گلّ دسدیاں اوہدی آواز وچّ اک مان سی |” میں  پیتیاں وریاں دی عمر ‘چ اپنے ماں باپ تے سسّ سوہرے نوں حج کرا آیاں ہاں ایہہ ساڈے دھرم دا سبھّ توں وڈا فرض ہے “|
.
جدوں اوہ مینوں دسّ رہا سی تے میں  اپنے آپ نوں ڈیڑ ھ گٹھّ دی محسوس کر رہی ساں کہ میں  اپنی ماں نوں آخری وار اوہدا چلہا چوکا نہیں دکھا سکدی  بسّ اک وار ماں اس گھر نوں دیکھنا چاہندی ہے جتھے اوہدی اپنی دنیا وسدی سی | اج جہڑے گھر ‘چ اوہ بیٹھی ہے ایہہ گھر اوہدا اپنا نہیں بھاویں اس گھر ‘چ ماں نے زندگی دے تیہہ ورے گزارے ہن  پر پھیر وی ایہہ گھر اوہدا اپنا نہیں ہے
ایہہ بوجھ اپنی روح دے نال لے کے میری ماں اج موت دیاں گھڑیاں گندی بند کمرے دیاں دیواراں دے اندرلے ہنیرے نال گلاں کردی کردی کسے دن تر جائے گی
پچھلے کنے وریاں توں اپنی ماں دیاں ایہہ گلاں میں سندی آئی ہاں تے اک سپنا ہور جہڑا ماں نت دیکھدی سی اوہ سی سوینا دے ویاہ دا سپنا سوینا دی نانکی چھکّ دا سپنا  سوینا نوں داج ‘چ کی دینا ہے   کویں ویاہ کرنا ہے تے اکثر ماں مینوں کہندی
میرے جیوندے جی ویاہ کر لے کڑی دا تینوں تاں کوئی چجّ وی ہے نی قبیل داریاں دا میں چاہنی آں میں آپ ویاہ کراں تیری دھی دا  پتہ نہیں کنے کو ساہ نے
ماں ہر وار سوینا لئی سونے دے گہنیاں دی گلّ کردی  اپنے بڈھاپے دی ملدی پینشن وچوں جوڑ کے رکھے پیسیاں دی گلّ کردی | تے کئی وار کہندی
سوینا دے ویاہ دی شوپنگ آپ پنڈ جا کے کریں  توں میرے صندوق وچوں دریاں کڈھ کے ضرور لے آئی سوینا دے داج لئی میتھوں تاں خبرے ہن کدے وی نہیں جا ہونا ہن پنڈ کدے وی نہیں دیکھ ہونا ” |
ماں اداس ہو جاندی | اس وقت میں ماں دیاں اکھاں ‘چ صرف اکو سپنے دی موت دیکھدی ساں ..پنڈ مڑ کے جان دے سپنے دی موت دے نال نال اج میری ماں دیاں سکیاں انھیاں اکھاں وچ کئی ہور موئے سپنیاں دے پرچھاویں وی دسدے نے
ہن جدوں ماں اہناں سپنیاں دی گلّ کردی ہے تاں اوہدے گلے وچوں صرف رئون ورگے کجھ بول ہی نکلدے نے   ماں دیاں اکھاں وچ کجھ مرے سپنیاں دی کہانی ہی بچی ہے شاید ماں نے ہن سپنے دیکھنے بند کر دتے نے.تے مینوں ماں پرائوہنے  پرندے جہی جاپدی ہے جسنے کدے مڑ اپنے آلھنے ‘چ مڑ نہیں جا سکنا
ہن مینوں ایہہ وی احساس ہو گیا ہے کہ میں اپنی زندگی دے  وخت وچوں نکل کے کدے وی اپنی ماں دے دودھ دا فرض نہیں نبھا سکا گی جدوں وی ماں دیاں نکیاں نکیاں  خواہشاں  دی ایہہ پوٹلی پھرولدی ہاں تاں میری اپنی زندگی دا اک پل مر گیا جاپدا ہے  ماں دی ہڈیاں ہوئی دیہہ نوں میں کدے وی اوہدے مکے دے درشن نہیں کرا سکانگی
میری ماں کسے دن ایہہ بوجھ ڈھوندی تر جائیگی   پر مینوں سمجھ نہیں آؤندی کہ اس پوٹلی دا بوجھ چکّ کے میں اپنی زندگی دے آؤن والے دن کویں کٹاں گی ؟

Tags:

One Response to “Maan on “Maan”

  • پرویز سندھو دی ماں بارے ایس کہانی یاں لکھت پڑھ کے مینوں آپنی ماں یاد آگئی تے اوہنے سویڈن آکے کیویں آپنی زندگی دے چھیکڑی 28 سال گزارے۔ جس تاہنگ چوں پرویز سندھو دی ماں لنگھی ساڈی ماں وی ہر طراں دا سْکھ تے چین ملن دے باوجود ایس تاہنگ چوں لنگھی پر اسیں اوہدی ایہہ خواہش پوری کیتی تے اوہنوں آپنے پنڈ گھلیا پر اوتھے جا کے سویڈن وچ رہندی آپنی ساری اولاد پاروں اوہدیاں آندراں ٹنگیاں رہیاں تے اوہ واپس سویڈن مْڑ آئی۔ ایہہ باہر رہندے پنجابیاں دے بڈھے ماں باپ دیاں دو دیساں وچ آندراں ٹنگیاں ہونیاں اوہنے دےلیکھاں وچ لکھیا جاندا اے۔ خوبصورت کہانی اے

    ਪਰਵੇਜ਼ ਸੰਧੂ ਦੀ ਮਾਂ ਬਾਰੇ ਏਸ ਕਹਾਣੀ ਯਾਂ ਲਿਖਤ ਪੜ੍ਹ ਕੇ ਮੈਨੂੰ ਆਪਣੀ ਮਾਂ ਯਾਦ ਆ ਗਈ ਤੇ ਉਹਨੇ ਸਵੀਡਨ ਆ ਕੇ ਕਿਵੇਂ ਆਪਣੀ ਜ਼ਿੰਦਗੀ ਦੇ ਛੀਕੜੀ 28 ਸਾਲ ਗੁਜ਼ਾਰੇ। ਜਿਸ ਤਾਹੰਗ ਚੋਂ ਪਰਵੇਜ਼ ਸੰਧੂ ਦੀ ਮਾਂ ਲੰਘੀ ਸਾਡੀ ਮਾਂ ਵੀ ਹਰ ਤਰਾਂ ਦਾ ਸੁਖ ਤੇ ਚੈਨ ਮਿਲਣ ਦੇ ਬਾਵਜੂਦ ਏਸ ਤਾਹੰਗ ਚੋਂ ਲੰਘੀ ਪਰ ਅਸੀਂ ਉਹਦੀ ਇਹ ਖ਼ਵਾਹਿਸ਼ ਪੂਰੀ ਕੀਤੀ ਤੇ ਉਹਨੂੰ ਆਪਣੇ ਪਿੰਡ ਘੱਲਿਆ ਪਰ ਓਥੇ ਜਾ ਕੇ ਸਵੀਡਨ ਵਿਚ ਰਹਿੰਦੀ ਆਪਣੀ ਸਾਰੀ ਔਲਾਦ ਪਾਰੋਂ ਉਹਦੀਆਂ ਆਂਦਰਾਂ ਟੰਗੀਆਂ ਰਹੀਆਂ ਤੇ ਉਹ ਵਾਪਸ ਸਵੀਡਨ ਮੁੜ ਆਈ। ਇਹ ਬਾਹਰ ਰਹਿੰਦੇ ਪੰਜਾਬੀਆਂ ਦੇ ਬੁੱਢੇ ਮਾਂ ਬਾਪ ਦੀਆਂ ਦੋ ਦੇਸਾਂ ਵਿਚ ਆਂਦਰਾਂ ਟੰਗੀਆਂ ਹੋਣੀਆਂ ਉਹਨੇ ਦੇ ਲੇਖਾਂ ਵਿਚ ਲਿਖਿਆ ਜਾਂਦਾ ਏ। ਖ਼ੂਬਸੂਰਤ ਕਹਾਣੀ ਏ

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net