nivedita

Nivedita-2

 

نہ اوہدا بْھلّ سکی آں….

نویدتا

ਨਾ ਓਹਦਾ ਭੁੱਲ ਸਕੀ ਆਂ….

ਨਿਵੇਦਿਤਾ

 

 

پہلی دفعہ ہوئیاں سی جو گستاخیاں

وینہدا گھگیاں دا جوڑا غش کھا سی گیا،

ادوں کالے کالےگْلاں ‘چوں سی مہکاں پھٹیاں

تیرے ہوٹھاں جدوں چتھیاں سی دو پتیاں!

 میں ساوی سوہی عطراں ‘چ گمّ سی گئی

توں نیلے نیلے امبراں دا باغ ہو گیا،

میں تیریاں باہاں ‘چ عشقَ ہان دی ہوئی

توں میریاں نگاہیں ربوں اچا اٹھیا!

 

تیرے ہتھاں وچّ ہتھ میرے کھڑ سی گئے

لیکاں لیکھاں نوں سی میل گئیاں کتکتیاں،

سنگاں میریاں نے کرمچی رنگ پی لیا

اوٹاں تیریاں نے ساہاں وچّ بھنگاں گھولیاں!

 تیرے نیناں وچّ تھرکیاں سی کھڑمستیاں

میری ہکّ نے جو تالو تال کری رکھیاں،

تیرے پوٹیاں نے کنڈلاں نوں سودھیا سی جو

ہوئیاں سدھیاں نے پر توراں گنجھل جیاں!

 دھڑکن تیری نے جو چھیڑیاں سی روح-بتیاں

بنّ کیمکھابی گتھلیاں ‘چ سانبھ رکھیاں،

عالی بھولی تیرے نینوں کری جو محبت

وے میں قطرہ وی نہ اوہدا بھلّ سکی آں….

ਪਹਿਲੀ ਦਫਾ ਹੋਈਆਂ ਸੀ ਜੋ ਗੁਸਤਾਖੀਆਂ
ਵੇਂਹਦਾ ਘੁੱਗੀਆਂ ਦਾ ਜੋੜਾ ਗਸ਼ ਖਾ ਸੀ ਗਿਆ,
ਉਦੋਂ ਕਾਲੇ ਕਾਲੇ ਗੁਲਾਂ ‘ਚੋਂ ਸੀ ਮਹਿਕਾਂ ਫੁੱਟੀਆਂ
ਤੇਰੇ ਹੋਠਾਂ ਜਦੋਂ ਚਿੱਥੀਆਂ ਸੀ ਦੋ ਪੱਤੀਆਂ!

ਮੈਂ ਸਾਵੀ ਸੂਹੀ ਇਤਰਾਂ ‘ਚ ਗੁੰਮ ਸੀ ਗਈ
ਤੂੰ ਨੀਲੇ ਨੀਲੇ ਅੰਬਰਾਂ ਦਾ ਬਾਗ਼ ਹੋ ਗਿਆ,
ਮੈਂ ਤੇਰੀਆਂ ਬਾਹਾਂ ‘ਚ ਇਸ਼ਕ ਹਾਣ ਦੀ ਹੋਈ
ਤੂੰ ਮੇਰੀਆਂ ਨਿਗਾਹੀਂ ਰੱਬੋਂ ਉੱਚਾ ਉੱਠਿਆ!

ਤੇਰੇ ਹੱਥਾਂ ਵਿੱਚ ਹੱਥ ਮੇਰੇ ਖਿੜ ਸੀ ਗਏ
ਲੀਕਾਂ ਲੇਖਾਂ ਨੂੰ ਸੀ ਮੇਲ ਗਈਆਂ ਕੁਤਕੁਤੀਆਂ,
ਸੰਗਾਂ ਮੇਰੀਆਂ ਨੇ ਕਿਰਮਚੀ ਰੰਗ ਪੀ ਲਿਆ
ਓਟਾਂ ਤੇਰੀਆਂ ਨੇ ਸਾਹਾਂ ਵਿੱਚ ਭੰਗਾਂ ਘੋਲੀਆਂ!

ਤੇਰੇ ਨੈਣਾਂ ਵਿੱਚ ਥਿਰਕੀਆਂ ਸੀ ਖੜਮਸਤੀਆਂ
ਮੇਰੀ ਹਿੱਕ ਨੇ ਜੋ ਤਾਲੋ ਤਾਲ ਕਰੀ ਰੱਖੀਆਂ,
ਤੇਰੇ ਪੋਟਿਆਂ ਨੇ ਕੁੰਡਲਾਂ ਨੂੰ ਸੋਧਿਆ ਸੀ ਜੋ
ਹੋਈਆਂ ਸਿੱਧੀਆਂ ਨੇ ਪਰ ਤੋਰਾਂ ਗੁੰਝਲ ਜੀਆਂ!

ਧੜਕਨ ਤੇਰੀ ਨੇ ਜੋ ਛੇੜੀਆਂ ਸੀ ਰੂਹ-ਬਤੀਆਂ 
ਬੰਨ ਕੀਮਖਾਬੀ ਗੁਥਲੀਆਂ ‘ਚ ਸਾਂਭ ਰੱਖੀਆਂ,
ਆਲੀ ਭੋਲੀ ਤੇਰੇ ਨੈਣੋਂ ਕਿਰੀ ਜੋ ਮੁਹੱਬਤ
ਵੇ ਮੈਂ ਕਤਰਾ ਵੀ ਨਾ ਓਹਦਾ ਭੁੱਲ ਸਕੀ ਆਂ….

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net