PeeR di kandh

پیڑ دی کندھ

 عاشق علی فیصل  

ਪੀੜ ਦੀ ਕੰਧ 

ਆਸ਼ਕ ਅਲੀ ਫੈਜ਼ਲ 

पीड़ दी कंध

आसक अली फैजल

 

ਇਕਬਾਲ ਹੁਸੈਨ ਕੋਟਲੀ ਕੰਬੋਆ ਤੇ ਨਵਤੇਜ ਸਿੰਘ – ਮੇਰੇ ਜ਼ਿਹਨ ਵਿਚ ਇਕ ਝੱਖੜ ਜਿਹਾ ਚੱਲ ਰਿਹਾ ਸੀ । ਝੱਖੜ ਆਵਣ ਦਾ ਕਾਰਨ  ਹੁਣੇ – ਹੁਣੇ ਸੁਣੀ ਇਕ ਫੋਨ – ਕਾਲ ਸੀ । ਫੋਨ ਕਰਨ ਵਾਲਾ ਆਪਣੇ ਪਿੰਡ ਬਾਰੇ ” ਕੂਕ ” ਵਿਚ ਛਪੇ ਮੇਰੇ ਲੇਖ ਦੀ ਸਲਾਹਣਾ ਕਰ ਰਿਹਾ ਸੀ । ਉਂਝ ਤੇ ਮੇਰੇ ਪਰਚੇ ਦੀ ਸਲਾਹਣਾ ਸੱਜਣ – ਮਿੱਤਰ , ਖ਼ਤ – ਪੱਤਰਾਂ ਜਾਂ ਟੇਲੀਫ਼ੋਨ ਰਾਹੀਂ ਕਰਦੇ ਹੀ ਰਹਿੰਦੇ ਸਨ । ਪਰ ਇਕਬਾਲ ਹੁਸੈਨ ਦੀਆਂ ਗੱਲਾਂ ਸੁਣ ਕੇ ਤੇ ਮੈਂ ਧੁਰ ਅੰਦਰੋਂ ਹਿਲ ਜਿਹਾ ਗਿਆ ਸਾਂ ।

ਏਸ ਫੂਨ ਕਾਲ ਨੇ ਈ ਮੇਨੂੰ ਡੇਢ ਮਹੀਨਾ ਪਹਿਲਾਂ ਚੜ੍ਹਦੇ  ਪੰਜਾਬੋਂ ਆਈ ਇਕ ਚਿੱਠੀ ਚੇਤੇ ਕਰ ਦਿੱਤੀ ਸੀ ਤੇ ਮੇਰੇ ਦਿਮਾਗ ਵਿਚ ਜਿਵੇਂ ਇਕ ਹਨ੍ਹੇਰੀ ਝੂੱਲ੍ਹ  ਪਈ ਸੀ । 

ਉਸ ਦਿਨ ਡਾਕੀਆ ਵੇਲੇ ਸਿਰ ਈ ਵਾਹਵਾ ਸਾਰੀ ਡਾਕ ਦੇ ਗਿਆ ਸੀ  । ਉਹਨਾਂ ਚਿੱਠੀਆਂ ‘ਤੇ ਇਕ ਸਰਸਰੀ ਨਜ਼ਰ ਮਾਰਦਿਆਂ ਜਦ ਮੈਂ ਚੜ੍ਹਦੇ ਪੰਜਾਬ ਤੋਂ ਆਈ ਇਕ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਉਹਦੀ ਲਿਖਤ ਨੇ ਜਿਵੇਂ ਮੇਰਾ ਮਨ ਫੜ ਲਿਆ ਹੋਵੇ । ਸਤਿ ਸ੍ਰੀ ਅਕਾਲ ਤੇ ਸਲਾਮ , ਭੇਜਣ ਪਿੱਛੋਂ ਨਵਜੋਤ ਲਿਖਿਆ ਸੀ …

‘ ਤੁਹਾਡਾ ਪਤਾ ਆਪਣੇ ਇਕ ਮਿੱਤਰ ਕੋਲੋਂ ਲਿਆ । ਦਰ ਅਸਲ , ਮੈਂ ਚਾਹੁੰਦਾ ਸੀ ਕਿ ਪਾਕਿਸਤਾਨੀ ਪੰਜਾਬ ਵਿਚਲੇ ਆਪਣੇ ਬਜ਼ੁਰਗਾਂ ਦੇ ਪਿੰਡ ਬਾਰੇ ਕਿਸੇ ਕੋਲੋਂ ਜਾਣਕਾਰੀ ਹਾਸਲ ਕਰ ਸਕਾਂ । ਮੇਨੂੰ ਇਹ ਵੀ ਪਤਾ ਲੱਗਾ ਹੈ ਕਿ ਤੁਸੀਂ ਮੇਰੇ  ਵਡਿੱਕਿਆਂ ਦੀ ਜੂਹ ਦੇ ਰਹਿਣ ਵਾਲੇ ਓ ।

ਵੀਰ ਜੀ ! ਮੇਰਾ ਨਾਂ ਨਵਤੇਜ ਸਿੰਘ ਹੈ ਤੇ ਮੈਂ ਡੀ. ਏ . ਵੀ . ਕਾਲਜ  ਜਲੰਧਰ ਦਾ ਵਿਦਿਆਰਥੀ ਆਂ । ਮੇਨੂੰ ਆਪਣੇ ਪੁਰਾਣੇ ਪਿੰਡ ਬਾਰੇ ਮੇਰੇ ਦਾਦਾ ਜੀ ਨੇ ਦੱਸਿਆ ਸੀ । ਉਹ ਜਦ ਵੀ ਚੰਗੇ ਮੂਡ ਵਿਚ ਬੈਠੇ ਹੁੰਦੇ , ” ….’ ਮੇਰੇ ਦੇਸ਼ ਦੀਆਂ ਕਿਆ ਬਾਤਾਂ , ਸੁਨ ਪੁੱਤਰਾ ! ‘ ਕਹਿ ਕੇ ਗੱਲ ਸ਼ੁਰੂ ਕਰਦੇ । ਮੈਂ ਬੜੀ ਰੀਝ ਨਾਲ ਉਹਨਾਂ ਦੀਆਂ ਗੱਲਾਂ ਸੁਣਦਾ । ਉਹਨਾਂ ਦੀਆਂ ਗੱਲਾਂ ਸੁਣ – ਸੁਣ ਕੇ ਈ ਮੇਰੇ ਮਨ ਵਿਚ ਜਗਿਆਸਾ ਪੈਦਾ ਹੋਈ ਕਿ ਮੈਂ ਦਾਦਾ ਜੀ ਦਾ ਉਹ ਪਿੰਡ ਵੇਖ ਸਕਾਂ ਜਿੱਥੇ ਸਾਰੇ ਲੋਕ ਪਿਆਰ , ਮੁਹੱਬਤ ਤੇ ਭਾਈਚਾਰੇ  ਨਾਲ ਰਹਿੰਦੇ ਸਨ । ਮੈਂ ਸੋਚਦਾ ਰਹਿੰਦਾ ਕਿ ਹੁਣ ਸਦਾ ਪਿੰਡ ਕਿਹੋ ਜਿਹਾ ਹੋਵੇਗਾ ? … ਕਿ ਸਾਡੇ ਪੁਰਾਣੇ ਪਿੰਡ ਵਿਚ  ਵੀ ਸਾਡੇ ਵਿਹੜੇ ਵਿਚਕਾਰ ਲੱਗਾ ਅੰਬੀ ਦਾ ਬੂਟਾ ਅਜੇ ਵੀ ਖਲੋਤਾ ਹੋਵੇਗਾ , ਜਿਹਦੇ ਤੋਂ ਲਾਹੇ ਕੱਚੇ ਅੰਬਾਂ ਦਾ ਆਚਾਰ ਪਾ ਕੇ ਮੇਰੀ ਦਾਦੀ ਗੁਲਾਬ ਕੌਰ ਹਰ ਵਰ੍ਹੇ ਪਿੰਡ ਦੇ ਸਾਰੇ ਮੁਸਲਮਾਨਾਂ ਤੇ ਹਿੰਦੁਆਂ – ਸਿੱਖਾਂ ਵਿਚਕਾਰ ਵਰਤਾਂਦੀ ਹੁੰਦੀ ਸੀ ? ਕੀ ਮੇਰੇ ਦਾਦਾ ਜੀ ਦੇ ਵੇਲਿਆਂ ਦਾ ਪਿੰਡ ਦੇ ਦੱਖਣ ਵੱਲੇ ਦਾ ਛੱਪੜ ਅਜੇ ਵੀ ਡੰਗਰ  ਨੁਆਹਣ ਦੇ ਕੰਮ ਆਓਣਾ ਹੋਵੇਗਾ /

… ਮੇਰਾ ਇਹ ਖਤ ਪਿੰਡ ਦੇ ਕਿਸੇ ਉਸ ਬੰਦੇ ਨੂੰ ਵਿਖਾਇਆ ਜੇ , ਜੇਹੜਾ 1947  ਤੋਂ ਪਹਿਲਾਂ ਦਾ ਉੱਥੇ ਰਹਿ ਰਿਹਾ ਹੋਵੇ । ਉਹਨੂੰ ਆਖਣਾ ਕਿ ਬਾਬੇ ਕਰਤਾਰੇ ਦਾ ਪੋਤਰਾ ਤੁਹਾਨੂੰ ਬਹੁਤ ਯਾਦ ਕਰਦਾ ਹੈ। ਮੇਰਾ ਦਾਦਾ ਕਰਤਾਰ ਸਿੰਘ ਉੱਥੇ ਦੀ ਕੱਲਮ ਕੱਲੀ  ਮਸੀਤ ਦੇ ਮੌਲਵੀ ਦਾ ਗੂੜ੍ਹਾ ਮਿੱਤਰ ਸੀ । ਮੇਰੇ ਦਾਦਾ ਜੀ ਤਾਂ ਸਵਰਗਵਾਸ ਹੋ ਗਏ ਨੇ । ਰੱਬ ਕਰੇ ! ਉਹ ਮੌਲਵੀ ਸਾਹਿਬ ਅਜੇ ਵੀ ਹਯਾਤੀ ਦੀਆਂ ਖੁਸ਼ੀਆਂ ਮਾਣ ਰਹੇ ਹੋਣ ।

… ਮੇਨੂੰ ਮੇਰੇ ਪਿੰਡ ਬਾਰੇ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ । ਮੇਰਾ ਬਹੁਤ ਹੀ ਮਨ ਕਰਦਾ ਹੈ ਕਿ ਮੈਂ ਆਪਣੇ ਉਸ ਜੱਦੀ ਪਿੰਡ ਦੇ ਦਰਸ਼ਨ ਕਰ ਸਕਾਂ । ਜਿਹੜੇ ਨਾਲ ਮੇਰੇ ਬਜ਼ੁਰਗਾਂ ਦੀਆਂ ਢੇਰ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ । ਮੈਂ ਉੱਥੇ ਦੀ ਮਿੱਟੀ ਨੂੰ ਵੀ ਚੁੰਮਣਾ ਚਾਹੁੰਦਾ ਹਾਂ । ਤੇ ਉਸ ਅੰਬੀ ਦੇ ਬੂਟੇ ਨੂੰ  ਵੀ ਸੀਨੇ ਨਾਲ ਲਾਣਾ ਚਾਹੰਦਾ ਹਾਂ ਜੀਹਦੇ ਅੰਬਾਂ ਦਾ ਆਚਾਰ ਸਾਰੇ ਪਿੰਡ ਦਾ ਮਨ ਪ੍ਰਚਾਵਾਂਦਾ ਹੁੰਦਾ ਸੀ ।

ਏਸ ਸਭ ਲਈ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ।

ਨਵਜੋਤ  ਸਿੰਘ

ਪਿੰਡ ਤੇ ਡਾਕਖਾਨਾ : ਅਕਾਲਗੜ੍ਹ

ਜਿਲ੍ਹਾ : ਜਲੰਧਰ

ਖ਼ਤ ਕੀ ਸੀ ! ਦਰਦਾਂ ਦਾ ਭਰਿਆ ਇਕ ਸ਼ਗੂਫਾ ।

ਮੇਨੂੰ ਯਾਦ ਨਹੀਂ ਕਿ ਮੈਂ ਇਹ ਖ਼ਤ ਕਿੰਨੀ ਵਾਰ ਪੜ੍ਹ ਬੈਠਾਂ ਸਾਂ । ਇਓਂ ਜਾਪੁ ਰਿਹਾ ਸੀ ਜਿਵੇਂ ਬਾਬੇ ਕਰਤਾਰੇ ਤੋਂ ਨਵਜੋਤ  ਨੂੰ ਮਿਲੀ ਪੀੜ ਮੇਰੇ ਤੀਕ ਅੱਪੜ ਗਈ ਹੋਵੇ । ਏਸੇ ਪੀੜ ਕਾਰਨ ਇਕ ਦਿਨ ਮੈਂ ਬਾਬੇ ਕਰਤਾਰੇ ਦੇ ਪਿੰਡ ਕੋਟਲੀ ਕੰਬੋਆ ਜਾ ਅੱਪੜਿਆ । ਪਿੰਡ ਦੇ ਲੋਕਾਂ ਨੂੰ ਮਿਲਿਆ । ਨਵਜੋਤ ਦੇ ਖ਼ਤ ਦੇ ਮੁਤਾਬਿਕ ਦੱਸੀਆਂ ਨਿਸ਼ਾਨੀਆਂ ‘ਤੇ ਪਿੰਡ ਵਾਲਿਆਂ ਤੋਂ ਪਤਾ ਕਰ ਕੇ ਬਾਬੇ ਕਰਤਾਰੇ ਦੇ ਘਰ ਨੂੰ ਤੱਕਿਆ । ਉਸ ਘਰ ਵਿਚ ਗੁਰਦਾਸਪੁਰ ਦੇ ਪਿੰਡ ਜੌੜਾ ਤੋਂ ਉਠ ਕੇ ਆਇਆ ਇਕ ਪਰਿਵਾਰ ਵੱਸਿਆ ਹੋਇਆ ਸੀ । ਉਸ ਟੱਬਰ ਦੇ ਆਗੂ ਸੂਫੀ ਬਸ਼ੀਰ ਅਹਿਮਦ ਹੋਰਾਂ ਵੰਡ ਦੀ ਮਾਰੋ – ਮਾਰੀਅੱਖੀਂ ਦੇਖੀ ਹੋਈ ਸੀ ਤੇ ਉਹ ਆਪਣੀ ਜੰਮਣ – ਜੂਹ ਤੋਂ  ਵਿਛੜਣ ਦੀ ਪੀੜ ‘ਦੇ ਵੀ ਡਾਢ੍ਹੇ ਜਾਣੂੰ ਸਨ । ਖੌਰੇ ਏਸੇ ਲਈ ਉਹਨਾਂ ਬਾਬੇ ਕਰਤਾਰੇ ਦੇ ਘਰ ਦੀ ਚੰਗੀ ਤਰ੍ਹਾਂ ਸਾਂਭ – ਸੰਭਾਲ ਕੀਤੀ ਹੋਈ ਸੀ । ਪੁਰਾਣੀਆਂ ਕੰਧਾਂ , ਬੂਹੇ , ਬਾਰੀਆਂ , ਬਾਲੇ , ਛੱਤਾਂ ਸ਼ਤੀਰੀਆਂ ਸਭੋ ਕੁਝ ਉਵੇਂ ਦਾ ਉਵੇਂ ਈ ਸੀ । ਵੇਹੜੇ ਵਿਚਕਾਰ ਲੱਗਾ ਅੰਬੀ ਦਾ ਬੂਟਾ ਵੀ ਉੱਥੇ ਮੌਜੂਦ ਸੀ । ਬਾਅਦ ਵਿਚ ਮੇਨੂੰ ਇਹ ਵੀ ਪਤਾ ਲੱਗਾ ਕਿ ਪਿੰਡ ਦੇ ਲੋਕ ਮਾਸੀ ਗੁਲਾਬੋ ਦੇ ਬਣਾਏ ਆਚਾਰ ਨੂੰ ਅਜੇ ਵੀ ਨਹੀਂ ਸੀ ਭੁੱਲੇ ।

 ਉਸ ਘਰ ਨੂੰ ਪੂਰੀ ਤਰ੍ਹਾਂ ਵੇਖ  ਚਾਖ ਮੈਂ ਬਾਬੇ ਕਰਤਾਰੇ ਦੇ ਗੂੜ੍ਹੇ ਬੇਲੀ ਮੌਲਵੀ ਅੱਲ੍ਹਾ ਬਖਸ਼ ਦੀ ਭਾਲ ਵਿੱਚ ਨਿਕਲ ਪਿਆ । ਮੇਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕੇ ਰੱਬ ਦੇ ਫ਼ਜ਼ਲ ਨਾਲ ਮੌਲਵੀ ਸਾਹਿਬ ਅਜੇ ਜਿਓੰਦੇ ਨੇ ਤੇ ਉਨ੍ਹਾਂ ਦਾ ਘਰ ਉੱਥੋਂ ਬਹੁਤਾ ਦੂਰ ਨਹੀਂ । ਉਨ੍ਹਾਂ ਬਾਰੇ ਜਾਣਕਾਰੀ ਦੇਣ ਵਾਲੇ ਬਾਬੇ ਨੇ ਦੱਸਿਆ ਕਿ, ‘ ਮੌਲਵੀ ਸਾਹਿਬ ਚੋਖੇ ਵਡੇਰੇ ਹੋ ਗਏ ਨੇ ਤੇ ਹੁਣ ਮੰਜੀ ‘ਤੇ ਈ ਪਏ ਰਹਿੰਦੇ ਨੇ । ‘

ਉਸ ਘਰ ਜਾ ਕੇ ਜਦ ਮੈਂ ਮੌਲਵੀ ਸਾਹਬ ਦੇ ਕਮਰੇ ਵਿੱਚ ਗਿਆ ਤਾਂ ਉਹ ਵਾਕਿਆ ਮੰਜੀ ਉੱਤੇ ਪਏ ਹੋਏ ਈ ਦਿਸੇ ਤੇ ਉਹਨਾਂ ਦੀਆਂ ਅੱਖਾਂ ਤਾੜੇ ਲੱਗੀਆਂ ਹੋਈਆਂ ਸਨ । ਮੈਂ ਉਹਨਾਂ ਦੇ ਕੋਲ ਜਾ ਕੇ ਸਲਾਮ ਕੀਤੀ । ਹਾਲ – ਚਾਲ ਪੁੱਛਿਆ, ਪਰ ਉਹਨਾਂ  ਵੱਲੋਂ ਕੋਈ ਹੁੰਗਾਰਾ ਨਾ ਮਿਲਿਆ । ਜਾਪਦਾ ਸੀ ਬੁਢੇਪੇ ਬੇ ਉਨ੍ਹਾਂ  ਦਾ ਸਾਰਾ ਸਾਹ – ਸਤ ਹੀ ਨਿਚੋੜ ਲਿਆ ਏ ।

ਘਰ ਵਾਲਿਆ ਮੇਨੂੰ ਦੱਸਿਆ ਕਿ ਬਾਬਾ ਜੀ ਬਹੁਤ ਉੱਚਾ ਸੁਣਦੇ ਨੇ ਤੇ ਉਹਨਾਂ ਨੂੰ ਦਿਸਦਾ ਪੂਰਾ – ਸਾਰਾ ਈ ਏ । ਇਕ ਵਾਰ ਤਾਂ ਮੈਂ ਉਹਨੀਂ ਪੈਰੀਂ ਪਰਤਣ ਦਾ ਵਿਚਾਰ ਬਣਾਇਆ , ਪਰ ਫੇਰ ਪਤਾ ਨਹੀਂ ਕਿਓਂ ਖਲੋ ਗਿਆ ਤੇ ਉਸ ਮੰਜੀ ਉੱਤੇ ਝੁਕ ਕੇ ਜੋਰ ਦੀ ਕਰਤਾਰ ਸਿੰਘ ਦਾ ਨਾਂ ਲਿਆ । ਏਸ ਆਵਾਜ਼ ਨੇ ਮੌਲਵੀ ਅੱਲਾ ਬਖਸ਼ ਦੇ ਕੰਨ ਜਾਣਾ ਸੀ ਤੇ ਉਹਨਾਂ ਦੇ ਮੋਏ – ਮੁੱਕੇ ਸਰੀਰ ਵਿੱਚ ਜਿਵੇਂ ਬਿਜਲੀ ਦੌੜ ਗਈ ਹੋਵੇ । ਉਹਨਾਂ ਨੂੰ ਇੱਕੋ ਵਾਰੀ ਕੰਬਣੀ ਜਿਹੀ ਛਿੜ ਪਈ ਤੇ ਫੇਰ ਮੈਂ ਦੇਖਿਆ ਕਿ ਮੌਲਵੀ ਜੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ । ਕੁਝ ਚਿਰ ਪਹਿਲਾਂ ਜੋ ਅੱਖੀਆਂ ਇਕ ਤਾਰ ਛੱਤ ਵੱਲ ਘੂਰਦੀਆਂ ਜਾ ਰਹੀਆਂ ਸਨ , ਹੁਣ ਉਹਨਾਂ ਵਿੱਚ ਹਿੱਲ – ਜੁਲ ਪੈਦਾ ਹੋਈ ਤੇ ਫੇਰ ਫਿਰਦੀਆਂ ਹੋਈਆਂ ਮੇਰੇ ‘ਤੇ ਆਣ ਟਿਕੀਆਂ । ਹੁਣ ਮੌਲਵੀ ਜੀ ਨੇ ਹੌਲੀ – ਹੌਲੀ ਉੱਠ ਕੇ ਬਹਿਣ ਦਾ ਯਤਨ ਸ਼ੁਰੂ ਕਰ ਦਿੱਤਾ । ਮੈਂ ਉਹਨਾਂ ਨੂੰ ਸਹਾਰਾ ਦੇ ਕੇ ਕੰਧ ਨਾਲ ਢੋਅ ਲਾ ਕੇ ਬੈਠਣ ‘ਚ ਮੱਦਦ  ਕੀਤੀ ।

ਅੱਥਰੂ ਉਹਨਾਂ ਦੀਆਂ ਅੱਖਾਂ ਵਿਚੋਂ  ਮੁਸੱਲਸਲ ਝਨ੍ਹਾਂ ਵਾਂਗੂੰ ਵਹਿ ਰਹੇ ਸਨ । ਉਹ ਲੜਖੜਾਂਦੀ ਜ਼ਬਾਨ ਨਾਲ ਮੇਰੇ ਕੋਲੋਂ ਆਪਣੇ ਪੁਰਾਣੇ ਬੇਲੀ ਕਰਤਾਰੇ ਬਾਰੇ ਪੁੱਛ ਰਹੇ ਸਨ । ਦੋਹਾਂ ਹੱਥਾਂ ਨਾਲ ਬਣਾਇਆ ਧੂਤੂ ਮੈਂ ਆਪਣੇ ਮੂੰਹ ਅੱਗੇ ਰੱਖ ਕੇ  ਨਵਜੋਤ ਵੱਲੋਂ ਮਿਲੀ ਜਾਣਕਾਰੀ ਉੱਚੀ ‘ਵਾਜ਼ ਵਿੱਚ ਉਹਨਾਂ ਦੇ ਕੰਨਾਂ ‘ਚ ਪਾਵਣ ਦਾ ਜਤਨ ਕਰਦਾ ਰਿਹਾ । ਜਦੋਂ ਮੈਂ ਬਾਬੇ ਕਰਤਾਰੇ ਦੇ ਚਲਾਣਾ ਕਰ ਜਾਣ ਦੀ ਖ਼ਬਰ ਮੌਲਵੀ ਅੱਲ੍ਹਾ ਬਖਸ਼ ਹੋਰਾਂ ਨੂੰ  ਸੁਣਾਈ ਤਾਂ ਉਹ ਬਾਲਾਂ ਵਾਂਗ ਹਟਕੋਰੇ ਲੈ – ਲੈ ਕੇ ਰੋਣ ਲੱਗ ਪਏ । ਮੌਲਵੀ ਜੀ ਦੀ ਇਹ ਹਾਲਤ ਵੇਖ ਕੇ ਮੈਂ ਤਾਂ ਹੈਰਾਨ ਈ ਰਹਿ ਗਿਆ ਕਿ ਸਾਡੇ ਪੁਰਾਣੇ ਸਮਾਜ ਵਿੱਚ ਮੌਲਵੀ ਅੱਲ੍ਹਾ ਬਖਸ਼ ਜਿਹੇ ਮਜ਼੍ਹਬੀ ਆਗੂ ਵੀ ਹੈ ਸਨ ਜਿਹੜੇ ਫਿਰਕੂ ਫਸਾਦਾਂ ਨੂੰ ਹੋਰ ਹਵਾ ਦੇਣ ਦੀ ਥਾਂ ਦੂਜੇ ਧਰਮਾਂ ਨਾਲ ਸੰਬੰਧ ਰੱਖਣ ਦੀ ਥਾਂ ਜੋੜ ਲੈਂਦੇ ਸਨ ।

ਉੱਥੇ ਬੈਠਿਆਂ ਮੇਨੂੰ ਮੌਲਵੀ ਸਾਹਿਬ ਜੀ ਦੇ ਖਾਨਦਾਨ ਬਾਬਤ ਵੀ ਜਾਣਕਾਰੀ ਮਿਲੀ । ਬੜਾ ਛੋਟਾ ਜਿਹਾ ਪਰਵਾਰ ਸੀ ਮੌਲਵੀ ਹੋਰਾਂ ਦਾ । ਉਹਨਾਂ ਦੀ ਸਿਰਫ ਇੱਕੋ ਇੱਕ ਧੀ ਸੀ ਜਿਹੜੀ ਵਿਆਹੁਣਪਿੱਛੋਂ ਵੀ ਮੌਲਵੀ ਹੁਰਾਂ ਕੋਲ ਰਹਿ ਗਈ ਸੀ । ਅੱਗੋਂ  ਉਹਦਾ ਵੀ ਇਕ ਪੁੱਤਰ ਜਿਹੜਾ ਜੜ੍ਹਾਂਵਾਲਾ ਦੇ ਗੋਰਮਿੰਟ ਕਾਲਜ ਦਾ ਪੜ੍ਹਿਆਰ ਸੀ । ਮੈਂ ਉਹਨੂੰ ਵੀ ਮਿਲਣਾ ਚਾਹੁੰਦਾ ਸਾਂ ਤਾਂ ਜੇ ਜਿਹੜੀ ਪੀੜ ਬਾਬੇ ਕਰਤਾਰੇ ਤੋਂ ਨਵਜੋਤ ਨੂੰ ਮਿਲੀ ਏ – ਕੀ ਉਹ ਮੌਲਵੀ ਅੱਲ੍ਹਾ ਬਖਸ਼ ਤੋਂ ਉਹਦੇ ਦੋਹਤਰੇ ਇਕਬਾਲ ਹੁੱਸੈਨ ਨੂੰ ਵੀ ਮਿਲੀ ਏ ਕੇ ਨਹੀਂ ? ਪਰ ਮੈਂ ਉਹਨੂੰ ਮਿਲਣ ਦੀ ਤਾਂਘ ਦਿਲ ਵਿਚ ਈ ਲਈ  ਵਾਪਸ ਪਰਤ ਆਇਆ ਕਿ ਉਹ ਕਿੱਧਰੇ ਦੂਰ ਈ ਗਿਆ ਹੋਇਆ ਸੀ ।

ਨਵਜੋਤ ਸਿੰਘ ਨੂੰ ਵਾਪਸੀ ਖ਼ਤ ਰਾਹੀਂ ਉਸ ਦੇ ਖ਼ਤ ਵਿਚਲੇ ਸੁਆਲਾਂ ਦਾ ਜੁਆਬ ਘੱਲ  ਛੱਡਣ ਤੋਂ ਵੱਖ ਕੋਤ੍ਲੁ ਕੰਬੋਆ ਬਾਰੇ ਇੱਕ ਤੁਆਰਫੀ ਲੇਖ ਲਿਖ ਕੇ ” ਕੂਕ ” ਵਿੱਚ ਵੀ ਛਾਪ ਦਿੱਤਾ ਸੀ । ਮੈਂ ਲੇਖ ਲਿਖ ਕੇ ਕੋਈ ਵੱਡੀ ਬਹਾਦਰੀ ਨਹੀਂ ਸੀ ਕੀਤੀ ।  ਬੱਸ ਜੋ ਕੁਝ ਵੇਖਿਆ ਸੁਣਿਆ ਲਿਖ ਦਿੱਤਾ ਪਰ ਉਸ ਲੇਖ ਵਿੱਚ ਜ਼ਰੂਰ ਕੋਈ ਅਜਿਹੀ ਗਲ ਹੋਵੇਗੀ ਕਿ ਉਹਨੇ ਬਹੁਤ ਸਾਰੇ ਪੜ੍ਹਨਹਾਰਾਂ ਦਾ ਗਹੁ ਖਿੱਚ ਲਿਆ ਸੀ । ਮੈਂ ” ਕੂਕ ” ਦੀ ਇੱਕ ਕਾਪੀ ਮੌਲਵੀ ਸਾਹਿਬ ਦੇ ਘਰ ਡਾਕ ਰਾਹੀਂ ਭੇਜੀ । ਇਹ ਪਰਚਾ ਪੜ੍ਹ ਕੇ ਇਕਬਾਲ ਹੁੱਸੈਨ ਦਾ ਫੋਨ ਆਇਆ । ਉਹ ਆਖ  ਰਿਹਾ ਸੀ , ” ਜੀ ਮੈਂ ਫਸਟ  ਯੀਅਰ ਦਾ ਸਟੂਡੈਂਟ ਆਂ ਤੇ ਮੈਂ ਤੁਹਾਡੇ ਰਾਹੀਂ ਨਵਜੋਤ ਸਿੰਘ ਨੂੰ ਆਪਣੇ ਪਿੰਡ ਆਵਣ ਦੀ ਦਾਹਵਤ ਦੇਣਾ ਚਾਹਨਾਂ ਵਾਂ । ਉਹਨਾਂ ਦੇ ਬਜ਼ੁਰਗਾਂ ਨਾਲ ਸਾਡੇ ਵੱਡੇ – ਵਡੇਰਿਆਂ ਦੀਆਂ ਗੂੜ੍ਹੀਆਂ ਸਾਂਝਾਂ ਸਨ। ਮੈਂ ਸ਼ੁਰੂ ਤੋਂ ਈ ਆਪਣੇ ਨਾਨਾ ਜੀ ਕੋਲੋਂ ਬਾਬੇ ਕਰਤਾਰ ਸਿੰਘ ਦੇ ਖਾਨਦਾਨ ਬਾਰੇ ਸੁਣਦਾ ਆਇਆ ਵਾਂ । ਜਿਸ ਦਿਨ ਦੇ ਤੁਸੀਂ ਸਾਡੇ ਘਰੋਂ ਹੋ ਕੇ ਗਏ ਹੋ , ਉਹਨਾਂ ਦੀ ਹਾਲਤ ਠੀਕ ਨਹੀਂ ਰਹੀ । ਉਹਨਾਂ ਦੇ ਮੂੰਹ ‘ਤੇ ਇਕ ਈ ਗੱਲ ਏ , ” ਮੇਰਾ ਯਾਰ ਤੇ ਨਹੀਂ ਰਿਹਾ ਮੇਨੂੰ ਉਹਦੀ ਆਲ – ਔਲਾਦ ਵਿਚੋਂ ਈ ਕਿਸੇ ਨਾਲ ਮਿਲਾ ਦਿਓ ।

….ਆਪਣੀ ਚਿੱਠੀ ਵਿੱਚ ਏਹ ਜ਼ਰੂਰ ਲਿਖਣਾ ਕੇ ਤੁਹਾਡੇ ਪਿੰਡ ਦੇ ਸਾਰੇ ਵਸਨੀਕ ਅੱਜ ਵੀ ਤੁਹਾਨੂੰ ਯਾਦ ਕਰਦੇ ਨੇ ਤੇ ਕਿਸੇ ਵੀ ਤਰ੍ਹਾਂ ਏਧਰ ਫੇਰਾ ਲਾਓ , ‘ ਬੋਲਦਿਆਂ ਬੋਲਦਿਆਂ ਇਕਬਾਲ ਹੁੱਸੈਨ ਦੀ ਆਵਾਜ਼ ਭਾਰੀ ਹੋਣ ਲੱਗ ਪਈ ਸੀ ਤੇ ਉਹਨੇ ਫੋਨ ਛੇਤੀ ਨਾਲ ਬੰਦ ਕਰ ਦਿੱਤਾ । ਉਹਦੀ ਇਸ ਕਾਲ ਤੋਂ ਮੇਨੂੰ  ਸ਼ੱਕ ਹੋਇਆ ਕਿ ਉਹ ਰੋ ਈ ਪਿਆ ।

ਇਕਬਾਲ ਹੁੱਸੈਨ ਦੀਆਂ ਏਹ ਗੱਲਾਂ ਸੁਨ ਕੇ ਮੈਂ ਧੁਰ ਅੰਦਰੋਂ ਹਿਲ ਜਿਹਾ ਗਿਆ ਸਾਂ । ਪੰਜਾਹ ਵਰ੍ਹੇ  ਲੰਘਣ ਮਗਰੋਂ ਵੀ ਵੰਡ ਦੀ ਪੀੜ ਪੰਧ ਕਰਦੀ ਹੋਈ ਸਾਡੀ ਅਗਲੀ ਪੀੜ੍ਹੀ ਦੇ ਮਨ ਵਿੱਚ ਆ ਵੱਸੀ ਸੀ । ਏਸ ਵਿੱਚ ਹੁਣ ਮੇਨੂੰ ਰਤਾ ਸ਼ੱਕ ਨਹੀਂ ਸੀ ਰਹਿਆ । 

 

پیڑ دی کندھ

 

عاشق علی فیصل  

اقبال حسین کوٹلی کمبوآ تے نوتیج سنگھ – میرے ذہن وچ اک جھکھڑ جیہا چل رہیا سی ۔ جھکھڑ آون دا کارن  ہنے – ہنے سنی اک فون – کال سی ۔ فون کرن والا اپنے پنڈ بارے ” کوک ” وچ چھپے میرے لیکھ دی سلاہنا کر رہا سی ۔ انجھ تے میرے پرچے دی سلاہنا سجن – متر ، خط – پتراں جاں ٹیلیفون راہیں کردے ہی رہندے سن ۔ پر اقبال حسین دیاں گلاں سن کے تے میں دھر اندروں ہل جیہا گیا ساں ۔

ایس فون کال نے ای مینوں ڈیڈھ مہینہ پہلاں چڑھدے  پنجابوں آئی اک چٹھی چیتے کر دتی سی تے میرے دماغ وچ جویں اک ہنھیری جھل  پئی سی ۔

اس دن ڈاکیا ویلے سر ای واہوا ساری ڈاک دے گیا سی  ۔ اوہناں چٹھیاں ‘تے اک سرسری نظر ماردیاں جد میں چڑھدے پنجاب توں آئی اک نوں پڑھنا شروع کیتا تے اوہدی لکھت نے جویں میرا من پھڑ لیا ہووے ۔ ست سری اکال تے سلام ، بھیجن پچھوں نوجوت لکھیا سی …

‘ تہاڈا پتہ اپنے اک متر کولوں لیا ۔ در اصل ، میں چاہندا سی کہ پاکستانی پنجاب وچلے اپنے بزرگاں دے پنڈ بارے کسے کولوں جانکاری حاصل کر سکاں ۔ مینوں ایہہ وی پتہ لگا ہے کہ تسیں میرے  وڈکیاں دی جوہ دے رہن والے او ۔

ویر جی ! میرا ناں نوتیج سنگھ ہے تے میں ڈی. اے . وی . کالج  جالندھر دا ودیارتھی آں ۔ مینوں اپنے پرانے پنڈ بارے میرے دادا جی نے دسیا سی ۔ اوہ جد وی چنگے موڈ وچ بیٹھے ہندے ، ” ….’ میرے دیش دیاں کیا باتاں ، سن پترا ! ‘ کہہ کے گلّ شروع کردے ۔ میں بڑی ریجھ نال اوہناں دیاں گلاں سندا ۔ اوہناں دیاں گلاں سن – سن کے ای میرے من وچ جگیاسا پیدا ہوئی کہ میں دادا جی دا اوہ پنڈ ویکھ سکاں جتھے سارے لوک پیار ، محبت تے بھائی چارے  نال رہندے سن ۔ میں سوچدا رہندا کہ ہن ساڈا پنڈ کیہو جیہا ہووےگا ؟ … کہ ساڈے پرانے پنڈ وچ  وی ساڈے ویہڑے وچکار لگا انبی دا بوٹا اجے وی کھلوتا ہووےگا ، جہدے توں لاہے کچے امباں دا آچار پا کے میری دادی گلاب کور ہر ورھے پنڈ دے سارے مسلماناں تے ہندواں – سکھاں وچکار ورتاندی ہندی سی ؟ کی میرے دادا جی دے ویلیاں دا پنڈ دے دکھن ولے دا چھپڑ اجے وی ڈنگر  نواہن دے کم آؤنا ہووےگا /

… میرا ایہہ خط پنڈ دے کسے اس بندے نوں وکھایا جے ، جیہڑا 1947  توں پہلاں دا ایتھے رہِ رہا ہووے ۔ اوہنوں آکھنا کہ بابے کرتارے دا پوترا تہانوں بہت یاد کردا ہے ۔ میرا دادا کرتار سنگھ اتھے دی کلم کلی  مسیت دے مولوی دا گوڑہا متر سی ۔ میرے دادا جی تاں سورگواس ہو گئے نے ۔ ربّ کرے ! اوہ مولوی صاحب اجے وی حیاتی دیاں خوشیاں مان رہے ہون ۔

… مینوں میرے پنڈ بارے جانکاری دین دی مہربانی  کرنی ۔ میرا بہت ہی من کردا ہے کہ میں اپنے اس جدی پنڈ دے درشن کر سکاں ۔ جہڑے نال میرے بزرگاں دیاں ڈھیر ساریاں یاداں جڑیاں ہوئیاں نے ۔ میں ا یتھے دی مٹی نوں وی چمنا چاہندا ہاں ۔ تے اس انبی دے بوٹے نوں  وی سینے نال لانا چاہندا ہاں جیہدے امباں دا آچار سارے پنڈ دا من پرچاواندا ہندا سی ۔

ایس سبھ لئی میں تہاڈا بہت دھنوادی ہووانگا ۔

نوجوت  سنگھ

پنڈ تے ڈاک خانا : اکال گڑھ

ضلع : جالندھر

خط کی سی ! درداں دا بھریا اک شگوفہ ۔

مینوں یاد نہیں کہ میں ایہہ خط کنی وار پڑھ بیٹھاں ساں ۔ اؤں جاپُ رہا سی جویں بابے کرتارے توں نوجوت  نوں ملی پیڑ میرے تیک اپڑ گئی ہووے ۔ ایسے پیڑ کارن اک دن میں بابے کرتارے دے پنڈ کوٹلی کمبوآ جا اپڑیا ۔ پنڈ دے لوکاں نوں ملیا ۔ نوجوت دے خط دے مطابق دسیاں نشانیاں ‘تے پنڈ والیاں توں پتہ کر کے بابے کرتارے دے گھر نوں تکیا ۔ اس گھر وچ گورداس پور دے پنڈ جوڑا توں اٹھ کے آیا اک پریوار وسیا ہویا سی ۔ اس ٹبر دے آگوُ صوفی بشیر احمد ہوراں ونڈ دی مارو – ماری اکھیں دیکھی ہوئی سی تے اوہ اپنی جمن – جوہ توں  وچھڑن دی پیڑ ‘دے وی ڈاڈھھے جانوں سن ۔ خورے ایسے لئی اوہناں بابے کرتارے دے گھر دی چنگی طرحاں سانبھ – سنبھال کیتی ہوئی سی ۔ پرانیاں کندھاں ، بوہے ، باریاں ، بالے ، چھتاں شتیریاں سبھو کجھ اویں دا اویں ای سی ۔ ویہڑے وچکار لگا انبی دا بوٹا وی اتھے موجود سی ۔ بعد وچ مینوں ایہہ وی پتہ لگا کہ پنڈ دے لوک ماسی گلابو دے بنائے آچار نوں اجے وی نہیں سی بھلے ۔

 اس گھر نوں پوری طرحاں ویکھ  چاکھ میں بابے کرتارے دے گوڑھے بیلی مولوی اﷲ بخش دی بھال وچّ نکل پیا ۔ مینوں ایہہ جان کے بڑی خوشی ہوئی کے ربّ دے فضل نال مولوی صاحب اجے جیوندے نے تے اوہناں دا گھر ایتھوں بہتا دور نہیں ۔ اوہناں بارے جانکاری دین والے بابے نے دسیا کہ، ‘ مولوی صاحب چوکھے وڈیرے ہو گئے نے تے ہن منجی ‘تے ای پئے رہندے نے ۔ ‘

اس گھر جا کے جد میں مولوی صاحبَ دے کمرے وچّ گیا تاں اوہ واقعہ منجی اتے پئے ہوئے ای دسے تے اوہناں دیاں اکھاں تاڑے لگیاں ہوئیاں سن ۔ میں اوہناں دے کول جا کے سلام کیتی ۔ حالَ – چال پچھیا، پر اوہناں  ولوں کوئی ہنگارا نہ ملیا ۔ جاپدا سی بڈھیپے بے اوہناں  دا سارا ساہ – ست ہی نچوڑ لیا اے ۔

گھر والیاں مینوں دسیا کہ بابا جی بہت اچا سندے نے تے اوہناں نوں دسدا پورا – سارا ای اے ۔ اک وار تاں میں اوہنیں پیریں پرتن دا وچار بنایا ، پر پھیر پتہ نہیں کیوں کھلو گیا تے اس منجی اتے جھک کے زور دی کرتار سنگھ دا ناں لیا ۔ ایس آواز نے مولوی اﷲ بخش دے کنّ جانا سی تے اوہناں دے موئے – مکے سریر وچّ جویں بجلی دوڑ گئی ہووے ۔ اوہناں نوں اکو واری کمبنی جہی چھڑ پئی تے پھیر میں دیکھیا کہ مولوی جی دیاں اکھاں وچّ اتھرو آ گئے ۔ کجھ چر پہلاں جو اکھیاں اک تار چھت ولّ گھوردیاں جا رہیاں سن ، ہن اوہناں وچّ ہلّ – جل پیدا ہوئی تے پھیر پھردیاں ہوئیاں میرے ‘تے آن ٹکیاں ۔ ہن مولوی جی نے ہولی – ہولی اٹھ کے بہن دا جتن شروع کر دتا ۔ میں اوہناں نوں سہارا دے کے کندھ نال ڈھوء لا کے بیٹھن ‘چ مدد  کیتی ۔

اتھرو اوہناں دیاں اکھاں وچوں  مسلسل جھنھاں وانگوں وہِ رہے سن ۔ اوہ لڑکھڑاندی زبان نال میرے کولوں اپنے پرانے بیلی کرتارے بارے پچھ رہے سن ۔ دوہاں ہتھاں نال بنایا دھوتو میں اپنے منہ اگے رکھ کے  نوجوت ولوں ملی جانکاری اچی ‘واز وچّ اوہناں دے کناں ‘چ پاون دا جتن کردا رہا ۔ جدوں میں بابے کرتارے دے چلانا کر جان دی خبر مولوی اﷲ بخش ہوراں نوں  سنائی تاں اوہ بالاں وانگ ہٹکورے لے – لے کے رون لگّ پئے ۔ مولوی جی دی ایہہ حالت ویکھ کے میں تاں حیران ای رہِ گیا کہ ساڈے پرانے سماج وچّ مولوی اﷲ بخش جہے مذہبی آگوُ وی ہے سن جہڑے فرقو فساداں نوں ہور ہوا دین دی تھاں دوجے دھرماں نال سنبندھ رکھن دی تھاں جوڑ لیندے سن ۔

اتھے بیٹھیاں مینوں مولوی صاحب جی دے خاندان بابت وی جانکاری ملی ۔ بڑا چھوٹا جیہا پروار سی مولوی ہوراں دا ۔ اوہناں دی صرف اکو اک دھی سی جہڑی ویاہن پچھوں وی مولوی ہوراں کول رہِ گئی سی ۔ اگوں  اوہدا وی اک پتر جہڑا جڑھانوالا دے گورمنٹ کالج دا پڑھیار سی ۔ میں اوہنوں وی ملنا چاہندا ساں تاں جے جہڑی پیڑ بابے کرتارے توں نوجوت نوں ملی اے – کی اوہ مولوی اﷲ بخش توں اوہدے دوہترے اقبال حسین نوں وی ملی اے کے نہیں ؟ پر میں اوہنوں ملن دی تانگھ دل وچ ای لئی  واپس پرت آیا کہ اوہ کدھرے دور ای گیا ہویا سی ۔

نوجوت سنگھ نوں واپسی خط راہیں اس دے خط وچلے سوالاں دا جواب گھلّ  چھڈن توں وکھ کوٹلی ُ کمبوآ بارے اک تعارفی  لیکھ لکھ کے ” کوک ” وچّ وی چھاپ دتا سی ۔ میں لیکھ لکھ کے کوئی وڈی بہادری نہیں سی کیتی ۔  بسّ جو کجھ ویکھیا سنیا لکھ دتا پر اس لیکھ وچّ ضرور کوئی اجیہی گل ہوویگی کہ اوہنے بہت سارے پڑھنہاراں دا گہہ کھچّ لیا سی ۔ میں ” کوک ” دی اک کاپی مولوی صاحب دے گھر ڈاک راہیں بھیجی ۔ ایہہ پرچہ پڑھ کے اقبالحہسین دا فون آیا ۔ اوہ آکھ  رہا سی ، ” جی میں فسٹ  ایئر دا سٹوڈینٹ آں تے میں تہاڈے راہیں نوجوت سنگھ نوں اپنے پنڈ آون دی دعوت دینا چاہناں واں ۔ اوہناں دے بزرگاں نال ساڈے وڈے – وڈیریاں دیاں گوڑھیاں سانجھاں سن ۔ میں شروع توں ای اپنے نانا جی کولوں بابے کرتار سنگھ دے خاندان بارے سندا آیا واں ۔ جس دن دے تسیں ساڈے گھروں ہو کے گئے ہو ، اوہناں دی حالت ٹھیک نہیں رہی ۔ اوہناں دے منہ ‘تے اک ای گلّ اے ، ” میرا یار تے نہیں رہیا مینوں اوہدی آل – اولاد وچوں ای کسے نال ملا دیو ۔

.اپنی چٹھی وچّ ایہہ ضرور لکھنا کے تہاڈے پنڈ دے سارے وسنیک اج وی تہانوں یاد کردے نے تے کسے وی طرحاں ایدھر پھیرا لاؤ ، ‘ بولدیاں بولدیاں اقبال حسین دی آواز بھاری ہون لگّ پئی سی تے اوہنے فون چھیتی نال بند کر دتا ۔ اوہدی اس کال توں مینوں  شکّ ہویا کہ اوہ رو ای پیا ۔

اقبال حسین دیاں ایہہ گلاں سن کے میں دھر اندروں ہل جیہا گیا ساں ۔ پنجاہ ورھے  لنگھن مگروں وی ونڈ دی پیڑ پندھ کردی ہوئی ساڈی اگلی پیڑھی دے من وچّ آ وسی سی ۔ ایس وچّ ہن مینوں رتا شکّ نہیں سی رہیا ۔

पीड़ दी कंध

आसक अली फैजल

इकबाल हुसैन कोटली कम्बोआ ते नवतेज सिंघ – मेरे जेहन विच इक झक्खड़ जेहा चल्ल रेहा सी । झक्खड़ आवन दा कारन  हुने – हुने सुनी इक फोन – काल सी । फोन करन वाला आपने पिंड बारे ” कूक ” विच छपे मेरे लेख दी सलाहना कर रेहा सी । उंझ ते मेरे परचे दी सलाहना सज्जन – मित्तर , खत – पत्तरां जां टेलीफोन राहीं करदे ही रहन्दे सन । पर इकबाल हुसैन दियां गल्लां सुन के ते मैं धुर अन्दरों हिल जेहा ग्या सां ।

एस फून काल ने ई  मेनूं डेढ महीना पहलां चड़्हदे  पंजाबों आई इक चिट्ठी चेते कर दित्ती सी ते मेरे दिमाग विच जिवें इक हन्हेरी झूल्ल्ह  पई सी ।

उस दिन डाकिया वेले सिर ई  वाहवा सारी डाक दे ग्या सी  । उहनां चिट्ठियां ‘ते इक सरसरी नजर मारद्यां जद मैं चड़्हदे पंजाब तों आई इक नूं पड़्हना सुरू कीता ते उहदी लिखत ने जिवें मेरा मन फड़ ल्या होवे । सति स्री अकाल ते सलाम , भेजन पिच्छों नवजोत लिख्या सी …

‘ तुहाडा पता आपने इक मित्तर कोलों ल्या । दर असल , मैं चाहुन्दा सी कि पाकिसतानी पंजाब विचले आपने बजुरगां दे पिंड बारे किसे कोलों जाणकारी हासल कर सकां । मेनूं इह वी पता लग्गा है कि तुसीं मेरे  वडिक्क्यां दी जूह दे रहन वाले ओ  ।

वीर जी ! मेरा नां नवतेज सिंघ है ते मैं डी. ए  . वी . कालज  जलंधर दा विद्यारथी आं । मेनूं आपने पुराने पिंड बारे मेरे दादा जी ने दस्स्या सी । उह जद वी चंगे मूड विच बैठे हुन्दे , ” ….’ मेरे देस दियां क्या बातां , सुन पुत्तरा ! ‘ कह के गल्ल सुरू करदे । मैं बड़ी रीझ नाल उहनां दियां गल्लां सुणदा । उहनां दियां गल्लां सुन – सुन के ई  मेरे मन विच जग्यासा पैदा होयी कि मैं दादा जी दा उह पिंड वेख सकां जित्थे सारे लोक प्यार , मुहब्बत ते भाईचारे  नाल रहन्दे सन । मैं सोचदा रहन्दा कि हुन सदा पिंड केहो जेहा होवेगा ? … कि साडे पुराने पिंड विच  वी साडे वेहड़े विचकार लग्गा अम्बी दा बूटा अजे वी खलोता होवेगा , जेहदे तों लाहे कच्चे अम्बां दा आचार पा के मेरी दादी गुलाब कौर हर वर्हे पिंड दे सारे मुसलमानां ते हिन्दुआं – सिक्खां विचकार वरतांदी हुन्दी सी ? की मेरे दादा जी दे वेल्यां दा पिंड दे दक्खन वल्ले दा छप्पड़ अजे वी डंगर  नुआहन दे कंम आओना होवेगा /

… मेरा इह खत पिंड दे किसे उस बन्दे नूं विखायआ जे , जेहड़ा 1947  तों पहलां दा उत्थे रह रेहा होवे । उहनूं आखना कि बाबे करतारे दा पोतरा तुहानूं बहुत याद करदा है । मेरा दादा करतार सिंघ उत्थे दी कल्लम कल्ली  मसीत दे मौलवी दा गूड़्हा मित्तर सी । मेरे दादा जी तां सवरगवास हो गए ने । रब्ब करे ! उह मौलवी साहब अजे वी हयाती दियां खुसियां मान रहे होन ।

… मेनूं मेरे पिंड बारे जाणकारी देन दी किरपालता करनी । मेरा बहुत ही मन करदा है कि मैं आपने उस जद्दी पिंड दे दरसन कर सकां । जेहड़े नाल मेरे बजुरगां दियां ढेर सारियां यादां जुड़ियां होईआं ने । मैं उत्थे दी मिट्टी नूं वी चुंमना चाहुन्दा हां । ते उस अम्बी दे बूटे नूं  वी सीने नाल लाना चाहन्दा हां जीहदे अम्बां दा आचार सारे पिंड दा मन प्रचावांदा हुन्दा सी ।

एस सभ लई मैं तुहाडा बहुत धन्नवादी होवांगा ।

नवजोत  सिंघ

पिंड ते डाकखाना : अकालगड़्ह

जिल्हा : जलंधर

खत की सी ! दरदां दा भर्या इक सगूफा ।

मेनूं याद नहीं कि मैं इह खत किन्नी वार पड़्ह बैठां सां । इयों जापु रेहा सी जिवें बाबे करतारे तों नवजोत  नूं मिली पीड़ मेरे तीक अप्पड़ गई होवे । एसे पीड़ कारन इक दिन मैं बाबे करतारे दे पिंड कोटली कम्बोआ जा अप्पड़्या । पिंड दे लोकां नूं मिल्या । नवजोत दे खत दे मुताबिक दस्सियां निसानियां ‘ते पिंड वाल्यां तों पता कर के बाबे करतारे दे घर नूं तक्क्या । उस घर विच गुरदासपुर दे पिंड जौड़ा तों उठ के आया इक परिवार वस्स्या होया सी । उस टब्बर दे आगू सूफी बसीर अहमद होरां वंड दी मारो – मारी अक्खीं देखी होयी सी ते उह आपनी जंमन – जूह तों  विछड़न दी पीड़ ‘दे वी डाढ्हे जाणूं सन । खौरे एसे लई उहनां बाबे करतारे दे घर दी चंगी तर्हां सांभ – संभाल कीती होयी सी । पुराणियां कंधां , बूहे , बारियां , बाले , छत्तां सतीरियां सभो कुझ उवें दा उवें ई  सी । वेहड़े विचकार लग्गा अम्बी दा बूटा वी उत्थे मौजूद सी । बाअद विच मेनूं इह वी पता लग्गा कि पिंड दे लोक मासी गुलाबो दे बणाए आचार नूं अजे वी नहीं सी भुल्ले ।

 उस घर नूं पूरी तर्हां वेख  चाख मैं बाबे करतारे दे गूड़्हे बेली मौलवी अल्ल्हा बखस दी भाल विच्च निकल प्या । मेनूं इह जान के बड़ी खुसी होयी के रब्ब दे फजल नाल मौलवी साहब अजे ज्योन्दे ने ते उन्हां दा घर उत्थों बहुता दूर नहीं । उन्हां बारे जाणकारी देन वाले बाबे ने दस्स्या कि, ‘ मौलवी साहब चोखे वडेरे हो गए ने ते हुन मंजी ‘ते ई  पए रहन्दे ने । ‘

उस घर जा के जद मैं मौलवी साहब दे कमरे विच्च ग्या तां उह वाक्या मंजी उत्ते पए होए ई  दिसे ते उहनां दियां अक्खां ताड़े लग्गियां होईआं सन । मैं उहनां दे कोल जा के सलाम कीती । हाल – चाल पुच्छ्या, पर उहनां  वल्लों कोयी हुंगारा ना मिल्या । जापदा सी बुढेपे बे उन्हां  दा सारा साह – सत ही निचोड़ ल्या ए  ।

घर वाल्या मेनूं दस्स्या कि बाबा जी बहुत उच्चा सुणदे ने ते उहनां नूं दिसदा पूरा – सारा ई  ए  । इक वार तां मैं उहनीं पैरीं परतन दा विचार बणायआ , पर फेर पता नहीं क्यों खलो ग्या ते उस मंजी उत्ते झुक के जोर दी करतार सिंघ दा नां ल्या । एस आवाज ने मौलवी अल्ला बखस दे कन्न जाना सी ते उहनां दे मोए – मुक्के सरीर विच्च जिवें बिजली दौड़ गई होवे । उहनां नूं इक्को वारी कम्बनी जेही छिड़ पई ते फेर मैं देख्या कि मौलवी जी दियां अक्खां विच्च अत्थरू आ  गए । कुझ चिर पहलां जो अक्खियां इक तार छत्त वल्ल घूरदियां जा रहियां सन , हुन उहनां विच्च हिल्ल – जुल पैदा होयी ते फेर फिरदियां होईआं मेरे ‘ते आण टिकियां । हुन मौलवी जी ने हौली – हौली उट्ठ के बहन दा यतन सुरू कर दित्ता । मैं उहनां नूं सहारा दे के कंध नाल ढोय ला के बैठन च मद्दद  कीती ।

अत्थरू उहनां दियां अक्खां विचों  मुसल्लसल झन्हां वांगूं वह रहे सन । उह लड़खड़ांदी जबान नाल मेरे कोलों आपने पुराने बेली करतारे बारे पुच्छ रहे सन । दोहां हत्थां नाल बणायआ धूतू मैं आपने मूंह अग्गे रक्ख के  नवजोत वल्लों मिली जाणकारी उच्ची ‘वाज विच्च उहनां दे कन्नां च पावन दा जतन करदा रेहा । जदों मैं बाबे करतारे दे चलाना कर जान दी खबर मौलवी अल्ल्हा बखस होरां नूं  सुणायी तां उह बालां वांग हटकोरे लै – लै के रोन लग्ग पए । मौलवी जी दी इह हालत वेख के मैं तां हैरान ई  रह ग्या कि साडे पुराने समाज विच्च मौलवी अल्ल्हा बखस जेहे मज्हबी आगू वी है सन जेहड़े फिरकू फसादां नूं होर हवा देन दी थां दूजे धरमां नाल सम्बंध रक्खन दी थां जोड़ लैंदे सन ।

उत्थे बैठ्यां मेनूं मौलवी साहब जी दे खानदान बाबत वी जाणकारी मिली । बड़ा छोटा जेहा परवार सी मौलवी होरां दा । उहनां दी सिरफ इक्को इक्क धी सी जेहड़ी व्याहुन पिच्छों वी मौलवी हुरां कोल रह गई सी । अग्गों  उहदा वी इक पुत्तर जेहड़ा जड़्हांवाला दे गोरमिंट कालज दा पड़्हआर सी । मैं उहनूं वी मिलना चाहुन्दा सां तां जे जेहड़ी पीड़ बाबे करतारे तों नवजोत नूं मिली ए  – की उह मौलवी अल्ल्हा बखस तों उहदे दोहतरे इकबाल हुस्सैन नूं वी मिली ए  के नहीं ? पर मैं उहनूं मिलन दी तांघ दिल विच ई  लई  वापस परत आया कि उह किद्धरे दूर ई  ग्या होया सी ।

नवजोत सिंघ नूं वापसी खत राहीं उस दे खत विचले सुआलां दा जुआब घल्ल  छड्डन तों वक्ख कोत्लु कम्बोआ बारे इक्क तुआरफी लेख लिख के ” कूक ” विच्च वी छाप दित्ता सी । मैं लेख लिख के कोयी वड्डी बहादरी नहीं सी कीती ।  बस्स जो कुझ वेख्या सुण्या लिख दित्ता पर उस लेख विच्च जरूर कोयी अजेही गल होवेगी कि उहने बहुत सारे पड़्हनहारां दा गहु खिच्च ल्या सी । मैं ” कूक ” दी इक्क कापी मौलवी साहब दे घर डाक राहीं भेजी । इह परचा पड़्ह के इकबाल हुस्सैन दा फोन आया । उह आख  रेहा सी , ” जी मैं फसट  यियर दा स्टूडैंट आं ते मैं तुहाडे राहीं नवजोत सिंघ नूं आपने पिंड आवन दी दाहवत देना चाहनां वां । उहनां दे बजुरगां नाल साडे वड्डे – वडेर्यां दियां गूड़्हियां सांझां सन । मैं सुरू तों ई  आपने नाना जी कोलों बाबे करतार सिंघ दे खानदान बारे सुणदा आया वां । जिस दिन दे तुसीं साडे घरों हो के गए हो , उहनां दी हालत ठीक नहीं रही । उहनां दे मूंह ‘ते इक ई  गल्ल ए  , ” मेरा यार ते नहीं रेहा मेनूं उहदी आल – औलाद विचों ई  किसे नाल मिला द्यो ।

….आपनी चिट्ठी विच्च एह जरूर लिखना के तुहाडे पिंड दे सारे वसनीक अज्ज वी तुहानूं याद करदे ने ते किसे वी तर्हां एधर फेरा लायो , ‘ बोलद्यां बोलद्यां इकबाल हुस्सैन दी आवाज भारी होन लग्ग पई सी ते उहने फोन छेती नाल बन्द कर दित्ता । उहदी इस काल तों मेनूं  सक्क होया कि उह रो ई  प्या ।

इकबाल हुस्सैन दियां एह गल्लां सुन के मैं धुर अन्दरों हिल जेहा ग्या सां । पंजाह वर्हे  लंघन मगरों वी वंड दी पीड़ पंध करदी होयी साडी अगली पीड़्ही दे मन विच्च आ  वस्सी सी । एस विच्च हुन मेनूं रता सक्क नहीं सी रहआ ।

 

 

3 Responses to “PeeR di kandh on “PeeR di kandh”

  • Every Punjabi should read this story….it is from a book that Lambdan Sath has published….each time i read it i cired….so sentimental….so true …so touching…..please do read it and share it……..

  • Hye oay Rubba

  • ਆਸ਼ਕ ਅਲੀ ਫੈਜਲ ਸਾਹਿਬ ! ਤੁਸੀਂ ਬਿਲਕੁਲ ਠੀਕ ਕਿਹਾ ਏ , 64 ਵਰੇ ਬੀਤ ਜਾਣ ਦੇ ਬਾਵਜੂਦ ਵੀ ਵੰਡ ਦੇ ਓਹ ਜਖਮ ਹਰੇ ਨੇ , ਤੇ ਇਹ ਰਿਸਦੇ ਜਖਮ ਓਸ ਵੇਲੇ ਤਕ ਹਰੇ ਹੀ ਰਹਿਣਗੇ ਜਿਸ ਦਿਨ ਤਕ ਹਰ ਇਕ ਨਵਤੇਜ ਨੂੰ ਇਕਬਾਲ ਮਿਲ ਨਹੀ ਜਾਂਦਾ , ਉਸ ਵੇਲੇ ਤਕ ਹਰ ਇਕ ਬਜੁਰਗ ਆਪਣੀ ਅਗਲੀ ਨਸਲ ਨੂੰ ਇਹ ਪੀੜ ਇਸੇ ਤਰਹ ਤਬਦੀਲ ਕਰਦਾ ਰਵੇਗਾ , ਫੈਜਲ ਸਾਹਿਬ ਇਹ ਪੀੜ ਇਕੱਲੀ ਓਹਨਾ ਪਰਿਵਾਰਾਂ ਦੀ ਨਹੀ ਏ ਜਿਹਨਾ ਦਾ ਕੋਈ ਇਧਰ ਯਾ ਓਧਰ ਸੀ ,ਇਹ ਪੀੜ ਸਾਡੇ ਸਾਰੇ ਪੰਜਾਬੀਆਂ ਦੀ ਸਾਂਝੀ ਵੇ , ਨਵਤੇਜ ਦਾ ਦਰਦ ਸਾਨੂ ਸਭ ਨੂ ਓਹਨਾ ਹੀ ਮਹਿਸੂਸ ਹੁੰਦਾ ਆ, ਭਾਵੇ ਅਸੀਂ ਓਹ ਬੁਰੇ ਦਿਨ ਨਹੀ ਵੇਖੇ ਪਰ ਸ਼ਾਇਦ ਹੀ ਕੋਈ ਪੰਜਾਬੀ ਹੋਏ ਜੋ ਇਧਰ ਯਾ ਓਧਰ ਜਾ ਕੇ ਵਿਛੜੇ ਪੰਜਾਬਾ ਨੂ ਵੇਖਣਾ ਨਾ ਲੋਚਦਾ ਹੋਏਗਾ ……ਇਹ ਤੇ ਹੈ ਅੱਜ ਦੀ ਗੱਲ ……ਪਰ ਮੈਂ ਜਦ ਵੀ ਕਿਸੇ ਤੋ ਬਟਵਾਰੇ ਬਾਰੇ ਸੁਣਿਆ ਆ ਤਾ ਏਹੋ ਮਹਸੂਸ ਕੀਤਾ ਆ ਕੀ ਸਾਰੇ ਪੰਜਾਬੀ ਨਰਮਦਿਲ ਹੁੰਦੇ ਨੇ , ਇਨਸਾਨ ਤਾ ਇਨਸਾਨ ਸਾਨੂ ਤੇ ਜਾਨਵਰਾਂ ਤੇ ਬੂਟਿਆਂ ਨਾਲ ਵੀ ਮੁਹੱਬਤ ਹੁੰਦੀ ਆ…. ਤੇ ਫੇਰ ਆਖਿਰ ਏਹੋ ਜਿਹੀ ਕੀ ਮਜਬੂਰੀ ਸੀ ਸਾਡੇ ਅੰਦਰ ਕੀ ਏਨੇ ਨਰਮਦਿਲ ਹੁੰਦੇ ਹੋਏ ਵੀ ਪੰਜਾਬੀ ਸ਼ੈਤਾਨਿਯਤ ਦੇ ਪੁਜਾਰੀ ਬਣ ਗਏ…ਉਪਰਲੀ ਨਜ਼ਰ ਤੋ ਦੇਖੀਏ ਤਾ ਅੱਜ ਦੋਵੇ ਪੰਜਾਬ ਬੜੇ ਅਮਨ ਨਾਲ ਵਸਦੇ ਨੇ … ਪਰ ਸ਼ਾਯਦ ਸਭ ਨੇ ਨੋਟ ਕੀਤਾ ਹੋਣਾ ਏ ਕਿ ਇਕ ਹਲਕੀ ਜਿਹੀ ਚਿੰਗਾਰੀ ਦੇਖਦੇ ਹੀ ਦੇਖਦੇ ਭਾਂਬੜ ਬਣ ਜਾਂਦੀ ਆ ,ਤੇ ਇਹ ਚਿੰਗਾਰੀ ਕੋਈ ਵੀ ਹੋ ਸਕਦੀ ਆ ਜਾਤ ਦੀ, ਮਜ਼ਹਬ ਦੀ , ਇਲਾਕਾਈ ਬੋਲੀ ਦਾ ਵਖਰੇਵਾ ਤੇ ਜਾਂ ਫੇਰ ਗਰੀਬੀ ਅਮੀਰੀ ਦੀ …..ਏਹੋ ਜਿਹੀ ਹੋਰ ਬੜੀਆਂ ਤੀਲੀਆਂ ਮੌਜੂਦ ਨੇ ਸਾਡੇ ਕੋਲ ਆਪਣਾ ਹੀ ਘਰ ਜਲਾਉਣ ਲਈ…. 64 ਸਾਲ ਪਹਿਲਾਂ ਮਜ਼ਹਬ ਵਾਲਿਆਂ ਨੇ ਇਕ ਤੀਲੀ ਜਲਾਈ ਤੇ ਓਸ ਅੱਗ ਦੇ ਪਾਰੋਂ ਕਰਤਾਰ ਸਿੰਘ ਤੇ ਮੌਲਵੀ ਸਾਹਿਬ ਮੀਲਾਂ ਦੂਰ ਜਾ ਬੈਠੇ ਤੇ ਓਸ ਦੂਰੀ ਨੂੰ ਆਪਣੀ ਪੂਰੀ ਹਯਾਤੀ ਸਮੇਟ ਨਾ ਸਕੇ … ਅੱਜ ਤੇ ਪੰਜਾਬੀ ਫੇਰ ਏਹੋ ਜਿਹੀਆਂ ਤੀਲੀਆਂ ਜਲਾਉਣ ਨੂ ਤਿਆਰ ਬੈਠੇ ਨੇ.. ਕਾਸ਼ ਓਹਨਾ ਦੀ ਸੁਰਤ ਟਿਕਾਣੇ ਆ ਜਾਵੇ
    ਪਰ ਫੇਰ ਵੀ ਏਸ ਹਨੇਰ ਭਰੇ ਮਾਹੋਲ ਵਿਚ ਚਾਨਣ ਦੀਆਂ ਰਿਸ਼ਮਾਂ ਦਿਖਾਈ ਦਿੰਦੀਆ ਨੇ .. ਤੇ ਇਹ ਰਿਸ਼ਮਾਂ ਨੇ ਨਵਤੇਜ ਤੇ ਇਕਬਾਲ ਜਿਹੇ ਮੇਰੇ ਨੌਜਵਾਨ ਵੀਰ ਜਿਹਨਾ ਨੇ ਇਹ ਪੀੜ ਆਪਣੇ ਬਜ਼ੁਰਗਾ ਤੋ ਲੈ ਕੇ ਆਪਣੇ ਸੀਨੇ ਇਚ ਸਮੇਟ ਲਈ, ਤੇ ਇਕ ਹੰਭਲਾ ਮਾਰਿਆ ਏ ਓਸ ਦੂਰੀ ਨੂੰ ਮਿਟਾਉਣ ਦਾ …. ਸ਼ਾਲਾ ਇਹ ਦੂਰੀਆਂ ਹੁਣ ਮਿਟ ਜਾਣ ਤੇ ਇਹ ਪੀੜ ਵੀ ……ਜਿਸ ਨੂੰ ਅਸੀਂ ਏਨੇ ਸਾਲਾਂ ਤੋ ਸੰਭਾਲੀ ਬੈਠੇ ਹਾਂ , ਤੁਹਾਡੇ ਲਈ ਢੇਰ ਸਾਰੀਆਂ ਦੁਆਵਾਂ …. ….ਸ਼ਾਲਾ ਇਸੇ ਤਰਾ ਲਿਖਦੇ ਰਵੋਂ … ਨਵਤੇਜ ਤੇ ਇਕਬਾਲ ਦੇ ਲਈ ਵੀ ਢੇਰ ਸਾਰੀਆਂ ਦੁਆਵਾਂ ….ਓਹਨਾ ਦੀ ਆਉਣ ਵਾਲੀ ਹਯਾਤੀ ਕਾਮਯਾਬ ਹੋਵੇ ਤੇ ਓਹ ਆਪਣੇ ਦਾਦਾ ਜੀ ਤੇ ਨਾਨਾ ਜੀ ਦੀ ਇਛਾ ਜਲਦ ਪੂਰੀ ਕਰ ਸਕਣ…
    عاشق علی پھیجل صاحب ! تسیں بالکل ٹھیک کیہا اے ، 64 ورے بیت جان دے باو جود وی ونڈ دے اوہ زخم ہرے نے ، تے ایہہ رسدے زخم اوس ویلے تک ہرے ہی رہنگے جس دن تک ہر اک نوتیج نوں اقبال مل نہی جاندا ، اس ویلے تک ہر اک بزرگ اپنی اگلی نسل نوں ایہہ پیڑ اسے ترہ تبدیل کردا رویگا ، پھیجل صاحب ایہہ پیڑ اکلی اوہنا پریواراں دی نہی اے جہنا دا کوئی ادھر یا اودھر سی ،ایہہ پیڑ ساڈے سارے پنجابیاں دی سانجھی وے ، نوتیج دا درد سانو سبھ نو اوہنا ہی محسوس ہندا آ، بھاوے اسیں اوہ برے دن نہی ویکھے پر شاید ہی کوئی پنجابی ہوئے جو ادھر یا اودھر جا کے وچھڑے پنجابا نو ویکھنا نہ لوچدا ہوئےگا ……ایہہ تے ہے اج دی گلّ ……پر میں جد وی کسے تو بٹوارے بارے سنیا آ تا ایہو مہسوس کیتا آ کی سارے پنجابی نرم دل ہندے نے ، انسان تا انسان سانو تے جانوراں تے بوٹیاں نال وی محبت ہندی آ…. تے پھیر آخر ایہو جہی کی مجبوری سی ساڈے اندر کی اینے نرم دل ہندے ہوئے وی پنجابی شیتانیت دے پجاری بن گئے…اپرلی نظر تو دیکھیئے تا اج دووے پنجاب بڑے امن نال وسدے نے … پر شاید سبھ نے نوٹ کیتا ہونا اے کہ اک ہلکی جہی چنگاری دیکھدے ہی دیکھدے بھامبڑ بن جاندی آ ،تے ایہہ چنگاری کوئی وی ہو سکدی آ جات دی، مذہب دی ، علاقائی بولی دا وکھریوا تے جاں پھیر غریبی امیری دی …..ایہو جہی ہور بڑیاں تیلیاں موجود نے ساڈے کول اپنا ہی گھر جلاؤن لئی…. 64 سال پہلاں مذہب والیاں نے اک تیلی جلائی تے اوس اگّ دے پاروں کرتار سنگھ تے مولوی صاحب میلاں دور جا بیٹھے تے اوس دوری نوں اپنی پوری حیاتی سمیٹ نہ سکے … اج تے پنجابی پھیر ایہو جہیاں تیلیاں جلاؤن نو تیار بیٹھے نے.. کاش اوہنا دی سرت ٹکانے آ جاوے
    پر پھیر وی ایس ہنیر بھرے ماہول وچ چانن دیاں رشماں دکھائی دندیا نے .. تے ایہہ رشماں نے نوتیج تے اقبال جہے میرے نوجوان ویر جہنا نے ایہہ پیڑ اپنے بزرگا تو لے کے اپنے سینے اچ سمیٹ لئی، تے اک ہمبھلا ماریا اے اوس دوری نوں مٹاؤن دا …. شالہ ایہہ دوریاں ہن مٹ جان تے ایہہ پیڑ وی ……جس نوں اسیں اینے سالاں تو سمبھالی بیٹھے ہاں ، تہاڈے لئی ڈھیر ساریاں دعاواں …. ….شالہ اسے ترا لکھدے رووں … نوتیج تے اقبال دے لئی وی ڈھیر ساریاں دعاواں ….اوہنا دی آؤن والی حیاتی کامیاب ہووے تے اوہ اپنے دادا جی تے نانا جی دی اچھا جلد پوری کر سکن…

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net