sikka badal gea

ਸਿੱਕਾ ਬਦਲ ਗਿਆ
———————
ਲੇਖਕਾ — ਕ੍ਰਿਸ਼ਨਾ ਸੋਬਤੀ ਅਨੁਵਾਦ — ਸੁਭਾਸ਼ ਰਾਬੜਾ

سکہ بدل گیا

لکھارن — کرشنا صوبتی ترجمہ  سبھاش رابڑا

ਸਿੱਕਾ ਬਦਲ ਗਿਆ
———————
ਲੇਖਕਾ — ਕ੍ਰਿਸ਼ਨਾ ਸੋਬਤੀ ਅਨੁਵਾਦ — ਸੁਭਾਸ਼ ਰਾਬੜਾ

 

ਸੂਤੀ ਚਾਦਰ ਦੀ ਬੁੱਕਲ ਮਾਰੀ ਸ਼ਾਹਣੀ ਜਦੋਂ ਦਰਿਆ ਕੰਢੇ ਪਹੁੰਚੀ ਤਾਂ ਦਿਨ ਚੜ੍ਹ ਰਿਹਾ ਸੀ। ਦੂਰ ਦੂਰ ਆਸਮਾਨੀ ਪਰਦੇ ਉੱਤੇ ਲਾਲੀ ਫ਼ੈਲ ਰਹੀ ਸੀ I ਸ਼ਾਹਣੀ ਕੱਪੜੇ ਲਾਹ ਕੇ ਰਾਮ ਰਾਮ ਕਰਦੀ ਪਾਣੀ ਚ ਵੜ ਗਈ …ਪਾਣੀ ਦਾ ਬੁੱਕ ਭਰ ਸੂਰਜ ਦੇਵਤਾ ਨੂੰ ਨਮਸਕਾਰ ਕੀਤਾ , ਆਪਣੀਆਂ ਉਨੀਂਦਰੀਆਂ ਅੱਖਾਂ ਉੱਤੇ ਪਾਣੀ ਦੇ ਛਿੱਟੇ ਮਾਰੇ ਅਤੇ ਪਾਣੀ ਨਾਲ ਜਾ ਜੱਫੀ ਪਾਈ। ਝਨਾਂ ਦਾ ਪਾਣੀ ਪਹਿਲਾਂ ਵਾਂਗ ਹੀ ਸਰਦ ਸੀ। ਲਹਿਰਾਂ ਲਹਿਰਾਂ ਨੂੰ ਚੁੰਮ ਰਹੀਆਂ ਸਨ। ਦੁਰੇਡੇ ਕਸ਼ਮੀਰ ਦੇ ਪਹਾੜਾਂ ਉੱਤੇ ਬਰਫ਼ ਪਿੰਘਲ ਰਹੀ ਸੀ। ਉੱਛਲ ਉੱਛਲ ਆਉਂਦੀਆਂ ਛੱਲਾਂ ਨਾਲ ਕਿਨਾਰੇ ਕਿਰ ਰਹੇ ਸਨ ਪਰ ਦੂਰ ਤੱਕ ਪੱਸਰੀ ਰੇਤ ਪਤਾ ਨਹੀਂ ਕਿਉਂ ਚੁੱਪ ਚਾਪ ਸੀ। ਸ਼ਾਹਣੀ ਨੇਂ ਕੱਪੜੇ ਪਾਏ , ਐਧਰ ਓਧਰ ਵੇਖਿਆ ਕਿਸੇ ਦਾ ਪਰਛਾਵਾਂ ਤੱਕ ਵੀ ਨੇੜੇ ਨਹੀਂ ਸੀ .. ਪਰ ਥੱਲੇ ਰੇਤ ਉੱਤੇ ਪੈਰਾਂ ਦੇ ਅਣਗਿਣਤ ਨਿਸ਼ਾਨ ਸਨ। . ਉਨਹੂੰ ਕਾਂਬਾ ਜਿਹਾ ਛਿੜ ਗਿਆ।

 

ਅੱਜ ਇਸ ਪ੍ਰਭਾਤ ਵੇਲੇ ਦੀ ਮਿੱਠੀ ਮਿੱਠੀ ਚੁੱਪ ਪਤਾ ਨਹੀਂ ਕਿਉਂ ਕੁਝ ਡਰਾਉਣੀ ਜਿਹੀ ਲੱਗ ਰਹੀ ਸੀ । ਪਿਛਲੇ ਪੰਜਾਹਾਂ ਸਾਲਾਂ ਤੋਂ ਉਹ ਇੱਥੇ ਹੀ ਨਹਾਉਂਦੀ ਆ ਰਹੀ ਹੈ। ਕਿੰਨਾ ਲੰਬਾ ਸਮਾਂ । ਸ਼ਾਹਣੀ ਸੋਚਣ ਲੱਗੀ ਕਦੇ ਇਸੇ ਦੁਨੀਆਂ ਦੇ ਕਿਨਾਰੇ ਉਸ ਦੀ ਡੋਲੀ ਉੱਤਰੀ।ਤੇ ਅੱਜ ਨਾਂ ਸ਼ਾਹ ਜੀ ,ਨਾਂ ਉਨ੍ਹਾਂ ਦਾ ਪੁੱਤਰ। ਅੱਜ ਉਹ ਕੱਲੀ ਹੈ। ਸ਼ਾਹ ਜੀ ਦੀ ਲੰਬੀ ਚੌੜੀ ਹਵੇਲੀ ਚ ਕੱਲਮ ਕੱਲੀ। ਪਰ ਨਹੀਂ ਅੱਜ ਉਹ ਇਹ ਸਾਰਾ ਕੁਝ ਕਿਉਂ ਸੋਚੀ ਜਾਂਦੀ ਹੈ ? ਲੱਗਦੈ ਅਜੇ ਵੀ ਦੁਨੀਆਂ ਦਾਰੀ ਤੋਂ ਉਸ ਦਾ ਮਨ ਨਹੀਂ ਭਰਿਆ। ਲੰਬਾ ਸਾਹ ਲੈ ਕੇ ਰਾਮ ਰਾਮ ਕਰਦੀ ਨੇਂ ਬਾਜਰੇ ਦੇ ਖੇਤਾਂ ਵਿੱਚੋਂ ਉਸ ਘਰ ਦਾ ਰਾਹ ਫੜਿਆ I ਤਾਜੇ ਲਿੱਪੇ ਪੋਚੇ ਘਰਾਂ ਚੋਂ ਕਿਤੋਂ ਕਿਤੋਂ ਧੂੰਆਂ ਉੱਠ ਰਿਹਾ ਸੀ। ਬਲਦਾਂ ਦੇ ਗਲੀਂ ਬੰਨੀਆਂ ਘੰਟੀਆਂ ਟੰਨ ਟੰਨ ਕਰ ਕੇ ਵੱਜ ਰਹੀਆਂ ਸਨ। ਪਰ ਫਿਰ ਵੀ ਅੱਜ ਜਿਵੇਂ ਸਾਰਾ ਕੁਝ ਬੰਨਿਆ ਬੰਨਿਆ। ਜੰਮੀਂ ਵਾਲਾ ਖੂਹ ਵੀ ਨਹੀਂ ਸੀ ਵਗ ਰਿਹਾ। ਇਹ ਸਾਰੀਆਂ ਸ਼ਾਹ ਜੀ ਦੀਆਂ ਅਸਾਮੀਆਂ ਸਨ। ਸ਼ਾਹਣੀ ਨੇਂ ਅੱਖਾਂ ਚੁੱਕੀਆਂ। ਮੀਲੋ ਮੀਲ ਫੈਲੇ ਖੇਤ ਆਪਣੇ ਹੀ ਸਨ। ਸ਼ਾਹਣੀ ਜਿਵੇਂ ਮੋਹ ਨਾਲ ਭਿੱਜ ਗਈ। ਦੂਰ ਦੁਰਾਡੇ ਦੇ ਪਿੰਡਾਂ ਤੱਕ ਫੈਲੀਆਂ ਜਮੀਨਾਂ ਤੇ ਖੂਹ ਸਭ ਆਪਣੇਂ। ਸਾਲ ਚ ਤਿੰਨ ਤਿੰਨ ਫਸਲਾਂ। ਜਮੀਨਾਂ ਜਿਵੇਂ ਸੋਨਾਂ ਉੱਗਲਦੀਆਂ ਹੋਣ । ਸ਼ਾਹਣੀ ਖੂਹ ਵਲ ਵਧੀ ਤੇ ਆਵਾਜ਼ ਦਿੱਤੀ ,” ਸ਼ੇਰਿਆ ਵੇ ਸ਼ੇਰਿਆ ! ਹੁਸੈਨਾਂ ਨੀਂ ਹੁਸੈਨਾਂ ”

ਸ਼ੇਰਾ ਸ਼ਾਹਣੀ ਦੇ ਬੋਲ ਪਛਾਣਦੈ। ਪਛਾਣੇਂ ਵੀ ਕਿਉਂ ਨਾਂ ? ਆਪਣੀ ਮਾਂ ਜੈਨਾ ਦੀ ਮੌਤ ਬਾਅਦ ਉਹ ਸ਼ਾਹਣੀ ਕੋਲ ਰਹਿ ਕੇ ਹੀ ਤਾਂ ਪਲਿਆ ਵੱਡਾ ਹੋਇਆ। ਉਸ ਨੇਂ ਕੋਲ ਪਿਆ ਗੰਡਾਸਾ ਸ਼ਟਾਲੇ ਦੇ ਢੇਰ ਥੱਲੇ ਖਿਸਕਾ ਦਿੱਤਾ। ਹੱਥ ਚ ਹੁੱਕਾ ਫੜ੍ਹ ਕੇ ਬੋਲਿਆ , ” ਏ ਹੁ ਸੈ ਨਾਂ ” I ਸ਼ਾਹਣੀ ਦੀ ਆਵਾਜ਼ ਕਿਵੇਂ ਉਸ ਨੂੰ ਹਿਲਾ ਜਿਹੀ ਗਈ ਸੀ। ਅਜੇ ਹੁਣੇ ਤਾਂ ਉਹ ਸੋਚ ਰਿਹਾ ਸੀ ਕਿ ਸ਼ਾਹਣੀ ਦੀ ਉੱਚੀ ਹਵੇਲੀ ਦੇ ਹਨੇਰੇ ਤਹਿ ਖਾਨੇ ਦੀਆਂ ਸੰਦੂਕਦੀਆਂ ਚੋਂ ਕਿਵੇਂ ਉਹ ਸੋਨਾ ਚਾਂਦੀ …ਤੇ ਵਿੱਚੋਂ ਇਹ ਆਵਾਜ਼ ਸ਼ੇਰੇ ਸ਼ੇਰੇ….. ਸ਼ੇਰਾ ਗੁੱਸੇ ਨਾਲ ਭਰ ਗਿਆ। ਕਿਸ ਉੱਤੇ ਕੱਢੇ ਆਪਣਾ ਗੁੱਸਾ ? ਸ਼ਾਹਣੀ ਤੇ ? ਹੁਸੈਨਾ ਵੱਲ ਚੀਕ ਕੇ ਬੋਲਿਆ ,” ਮਰ ਗਈ ਏਂ ? ਰੱਬ ਤੈਨੂੰ ਮੌਤ ਦੇਵੇ ”

ਹੁਸੈਨਾ ਆਟੇ ਵਾਲੀ ਤਰਾਮੀ ਇੱਕ ਪਾਸੇ ਰੱਖ ਜਲਦੀ ਜਲਦੀ ਬਾਹਰ ਨਿੱਕਲ ਆਈ ,” ਆਉਨੀਂ ਪਈ ਆਂ। ਕਿਉਂ ਸਵੇਰੇ ਸਵੇਰੇ ਤੜਫੀ ਜਾਨੈਂ ?”

ਤਦ ਤੱਕ ਸ਼ਾਹਣੀ ਨੇੜੇ ਪਹੁੰਚ ਗਈ ਸੀ। ਸ਼ੇਰੇ ਦੀ ਤੇਜ਼ ਆਵਾਜ਼ ਉਹ ਸੁਣ ਚੁੱਕੀ ਸੀ। ਪਿਆਰ ਨਾਲ ਬੋਲੀ ,” ਹੁਸੈਨਾਂ ! ਇਹ ਕੋਈ ਲੜਨ ਦਾ ਵੇਲੈ ? ਉਹ ਤਾਂ ਪਾਗਲ ਐ.. ਤੂੰ ਹੀ ਜਿਗਰਾ ਕਰ ਲਿਆ ਕਰ ”

” ਜਿਗਰਾ ? ” ਹੁਸੈਨਾਂ ਨੇਂ ਮਾਣ ਨਾਲ ਕਿਹਾ ,” ਸ਼ਾਹਣੀ ! ਪੁੱਤਰ ਤਾਂ ਪੁੱਤਰ ਹੀ ਹੁੰਦੈ। ਕਦੇ ਸ਼ੇਰੇ ਨੂੰ ਵੀ ਪੁੱਛਿਆ ਐ ਬਈ ਸਵੇਰੇ ਸਵੇਰੇ ਮੂੰਹ ਹਨੇਰੇ ਮੈਨੂੰ ਕਿਉਂ ਗਾਲਾਂ ਕਿਉਂ ਕੱਢੀਆਂ ਇਨ੍ਹੇ ?” ਸ਼ਾਹਣੀ ਨੇਂ ਲਾਡ ਨਾਲ ਹੁਸੈਨਾਂ ਦੀ ਕੰਡ ਉੱਤੇ ਹੱਥ ਫੇਰਦਿਆਂ ਕਿਹਾ ,” ਕਮਲੀਏ ਮੈਨੂੰ ਤਾਂ ਪੁੱਤ ਨਾਲੋਂ ਨੂੰਹ ਪਿਆਰੀ ”

” ਸ਼ੇਰੇ ! ”

” ਹਾਂ ਸ਼ਾਹਣੀ ! ”

” ਲੱਗਦੈ ਰਾਤੀਂ ਕੱਲੂ ਵਾਲ ਤੋਂ ਕੁਝ ਲੋਕ ਆਏ ਸਨ ?”, ਸ਼ਾਹਣੀ ਨੇ ਗੰਭੀਰ ਹੋ ਕੇ ਕਿਹਾ।

” ਸ਼ੇਰੇ ਨੇਂ ਥੋੜਾ ਰੁਕ ਕੇ ਥੋੜਾ ਘਬਰਾ ਕੇ ਕਿਹਾ ,”ਨਹੀਂ ਸ਼ਾਹਣੀ ”

ਸ਼ੇਰੇ ਦੀ ਗੱਲ ਨੂੰ ਨਾਂ ਗੌਲਦਿਆਂ ਸ਼ਾਹਣੀ ਫ਼ਿਕਰਮੰਦੀ ਚ ਬੋਲੀ ,”ਜੋ ਕੁਝ ਵੀ ਹੋਈ ਜਾਂਦੈ ਉਹ ਚੰਗਾ ਨਹੀਂ। ਜੇ ਅੱਜ ਸ਼ਾਹ ਜੀ ਹੁੰਦੇ ਤਾਂ ਕੁਝ ਵਿੱਚ ਵਿਚਾ ਕਰਦੇ। ਪਰ ….” ਸ਼ਾਹਣੀ ਕਹਿੰਦੇ ਕਹਿੰਦੇ ਰੁਕ ਗਈ। ਅੱਜ ਇਹ ਕੀ ਹੋ ਰਿਹਾ ਹੈ ? ਸ਼ਾਹਣੀ ਨੂੰ ਲੱਗਿਆ ਜਿਵੇਂ ਉਸ ਦਾ ਗੱਚ ਭਰ ਆਇਆ ਹੋਵੇ। ਸ਼ਾਹ ਜੀ ਤੋਂ ਵਿਛੜੇ ਕਈ ਵਰ੍ਹੇ ਲੰਘ ਗਏ ਸਨ। ਪਰ ਅੱਜ ਜਿਵੇਂ ਕੁਝ ਪਿੰਘਲੀ ਜਾਂਦੈ। ਸ਼ਾਇਦ ਕੁਝ ਪਿਛਲੀਆਂ ਯਾਦਾਂ। ਹੜ੍ਹ ਰੋਕਣ ਲਈ ਉਸ ਹੁਸੈਨਾ ਵੱਲ ਤੱਕਿਆ ਤੇ ਮੱਠਾ ਮੱਠਾ ਹੱਸ ਪਈ। ਅੱਜ ਸ਼ੇਰਾ ਵੀ ਕੀ ਸੋਚੀ ਜਾਂਦੈ ਤੇ ਕੀ ਕਹੀ ਜਾਂਦੈ , ਸ਼ਾਹਣੀ ਨੂੰ ਤਾਂ ਕੀ ਕਿਸੇ ਨੂੰ ਵੀ ਨਹੀਂ ਸੀ ਕਹਿ ਸਕਦਾ। ਇਹ ਹੋ ਕੇ ਰਹੇਗਾ। ਹੋਵੇ ਵੀ ਕਿਉਂ ਨਾਂ ? ਸਾਡੇ ਹੀ ਲੋਕਾਂ ਕੋਲੋਂ ਵਿਆਜ ਲੈ ਲੈ ਸ਼ਾਹ ਸੋਨੇਂ ਦੀਆਂ ਬੋਰੀਆਂ ਤੋਲਿਆ ਕਰਦਾ ਸੀ। ਬਦਲੇ ਦੀ ਅੱਗ ਸ਼ੇਰੇ ਦੀਆਂ ਅੱਖਾਂ ਚ ਤੈਰ ਆਈ। ਉਸ ਨੂੰ ਗੰਡਾਸੀ ਯਾਦ ਆ ਗਈ ਉਸ ਸ਼ਾਹਣੀ ਵੱਲ ਨਾਂ ਤੱਕਿਆ I ਸ਼ੇਰਾ ਪਿਛਲੇ ਦਿਨਾਂ ਚ ਤੀਹ ਚਾਲੀ ਕਤਲ ਕਰ ਚੁੱਕਾ ਸੀ ਪਰ ਉਹ ਇਨਾਂ ਨੀਚ ਨਹੀਂ ਸੀ। ਸਾਹਮਣੇ ਜਿਹੜੀ ਬੈਠੀ ਸੀ ਉਹ ਤਾਂ ਸ਼ਾਹਣੀ ਸੀ। ਉਸ ਦੇ ਤਾਂ ਹੱਥ ਹੀ ਸ਼ੇਰੇ ਦੀਆਂ ਅੱਖਾਂ ਸਾਹਮਣੇ ਤੈਰ ਗਏ। ਉਹ ਸਿਆਲੇ ਦੀਆਂ ਰਾਤਾਂ ਸ਼ਾਹ ਕੋਲੋਂ ਡਾਂਟ ਫਟਕਾਰ ਖਾ ਕੇ ਹਵੇਲੀ ਚ ਪਿਆ ਰਹਿੰਦਾ। ਫਿਰ ਉਸ ਵੇਖਨਾ ਸ਼ਾਹਣੀ ਆਪਣੇ ਮਮਤਾ ਭਰੇ ਹੱਥਾਂ ਨਾਲ ਦੁੱਧ ਦਾ ਕਟੋਰਾ ਫੜੀ ਕੋਲੋਂ ਆ ਖਲੋਂਦੀ ,” ਸ਼ੇਰਿਆ ! ਸ਼ੇਰਿਆ !! ਉੱਠ ਦੁੱਧ ਪੀ ਲੈ। . ਸ਼ੇਰੇ ਨੇਂ ਸਾਹਮਣੇ ਬੈਠੀ ਸ਼ਾਹਣੀ ਦੇ ਝੁਰਡੀਆਏ ਮੂੰਹ ਵੱਲ ਵੇਖਿਆ। ਸ਼ਾਹਣੀ ਹੌਲੀ ਹੌਲੀ ਮੁਸਕਾ ਰਹੀ ਸੀ। ਸ਼ੇਰਾ ਵਿਚਲਿਤ ਹੋ ਗਿਆ। ਸ਼ਾਹ ਜੀ ਦੀ ਗੱਲ ਸ਼ਾਹ ਜੀ ਨਾਲ ਗਈ। ਸ਼ਾਹਣੀ ਨੇਂ ਉਸ ਦਾ ਕੀ ਵਿਗਾੜੀਐ ? ਉਹ ਸ਼ਾਹਣੀ ਨੂੰ ਜ਼ਰੂਰ ਬਚਾਏਗਾ। ਪਰ ਕੱਲ ਰਾਤ ਵਾਲਾ ਮਸ਼ਵਰਾ ? ਆਖਿਰ ਉਹ ਫੀਰੋਜ਼ ਦੀ ਗੱਲ ਮੰਨ ਕਿਵੇਂ ਗਿਆ ਜਦ ਉਸ ਕਿਹਾ ਸੀ ,” ਸਭ ਠੀਕ ਠਾਕ ਹੋ ਜਾਏਗਾ। ਬਾਅਦ ਚ ਵੰਡ ਵੰਡਾ ਕਰ ਲਵਾਂ ਗੇ ”
” ਸ਼ਾਹਣੀ ! ਚਲੋ ਤੁਹਾਨੂੰ ਘਰ ਛੱਡ ਆਵਾਂ ”

ਸ਼ਾਹਣੀ ਉੱਠ ਖੜੋਈ। ਡੂੰਘੀਆਂ ਸੋਚਾਂ ਚ ਡੁੱਬੀ। ਸ਼ਾਹਣੀ ਦੇ ਪਿੱਛੇ ਪਿੱਛੇ ਮਜ਼ਬੂਤ ਕਦਮਾਂ ਨਾਲ ਸ਼ੇਰਾ ਚੱਲ ਰਿਹਾ ਸੀ। ਸ਼ੱਕੀ ਨਜ਼ਰਾਂ ਨਾਲ ਐਧਰ ਓਧਰ ਵੇਖਦਾ। ਆਪਣੇ ਸਾਥੀਆਂ ਦੀਆਂ ਗੱਲਾਂ ਉਸ ਦੇ ਕੰਨੀਂ ਵੱਜ ਰਹੀਆਂ ਸਨ। ਪਰ ਕੀ ਕਰੇਗਾ ਉਹ ਸ਼ਾਹਣੀ ਨੂੰ ਮਾਰ ਕੇ ?

” ਸ਼ਾਹਣੀ ”
“ਹਾਂ ਸ਼ੇਰਿਆ ”

ਸ਼ੇਰਾ ਚਾਹੁੰਦਾ ਸੀ ਕਿ ਉਹ ਸ਼ਾਹਣੀ ਨੂੰ ਕੁਝ ਨਾਂ ਕੁਝ ਦੱਸ ਦਏ। ਪਰ ਦੱਸੇ ਕਿਵੇਂ ?

” ਸ਼ਾਹਣੀ ”

ਸ਼ਾਹਣੀ ਨੇਂ ਸਿਰ ਉੱਤੇ ਚੁੱਕਿਆ। ਪੂਰਾ ਆਸਮਾਨ ਧੂੰਏਂ ਨਾਲ ਭਰਿਆ ਪਿਆ ਸੀ। ਸ਼ੇਰਾ ਜਾਣਦਾ ਸੀ ਕਿ ਇਹ ਅੱਗ ਹੈ। ਜਬਲ ਪੁਰ ਅੱਜ ਲੱਗਣੀ ਸੀ , ਸੋ ਲੱਗ ਗਈ

ਸ਼ਾਹਣੀ ਕੁਝ ਨਾਂ ਕਹਿ ਸਕੀ। ਉਸ ਦਾ ਤਾਂ ਸਾਰਾ ਸ਼ਰੀਕਾ ਬਰਾਦਰੀ ਐਥੈ ਹੀ ਸੀ। ਸ਼ਾਹਣੀ ਨੇਂ ਸੁੰਨ ਹੋਏ ਦਿਮਾਗ ਚ ਪੈਰ ਰੱਖਿਆ। ਸ਼ੇਰਾ ਕਦੋਂ ਵਾਪਿਸ ਮੁੜ ਗਿਆ ? ਪਤਾ ਹੀ ਨਹੀਂ।

ਦੁਰਬਲ ਕਾਇਆ , ਕੱਲੀ ਤੇ ਬਿਨਾ ਸਹਾਰੇ ਦੇ। ਸ਼ਾਹਣੀ ਪਤਾ ਨਹੀਂ ਕਦੋਂ ਤੱਕ ਪਈ ਰਹੀ। ਦੁਪਹਿਰ ਆਈ ਵੀ ਤੇ ਚਲੀ ਵੀ ਗਈ। ਹਵੇਲੀ ਚੁਫੱਟ ਖੁੱਲੀ ਪਈ ਸੀ ਪਰ ਅੱਜ ਉਸ ਤੋਂ ਉੱਠਿਆ ਨਹੀਂ ਸੀ ਜਾ ਰਿਹਾ। ਜਿਵੇਂ ਉਸ ਦਾ ਹੱਕ ਆਪ ਹੀ ਉਸ ਤੋਂ ਬੇ ਬਾਹਰਾ ਹੁੰਦਾ ਜਾਂਦਾ ਹੋਵੇ। ਸ਼ਾਹ ਜੀ ਦੇ ਘਰ ਦੀ ਮਾਲਕਣ। ਪਰ ਨਹੀਂ ਅੱਜ ਉਸ ਦਾ ਮੋਹ ਨਹੀਂ ਸੀ ਹਟ ਰਿਹਾ। ਪੱਥਰ ਹੋ ਗਈ ਸੀ ਉਹ ਜਿਵੇਂ। ਪਏ ਪਏ ਤਰਕਾਲਾਂ ਢਲ ਆਈਆਂ ਪਰ ਉਹ ਉੱਠਣ ਖੜੋਣ ਦੀ ਸੋਚ ਵੀ ਨਹੀਂ ਪਾ ਰਹੀ ਸੀ।

ਅਚਾਣ ਚੱਕ ਉਹ ਰਸੂਲੀ ਦੀ ਆਵਾਜ਼ ਸੁਣ ਤ੍ਰਭਕ ਕੇ ਉੱਠੀ ” ਟਰੱਕ ਆਉਂਦੇ ਪਏ ਐ ਲੈਣ ”

” ਟਰੱਕ ? ” ਸ਼ਾਹਣੀ ਏਦੂੰ ਵੱਧ ਕੁਝ ਨਾਂ ਕਹਿ ਸਕੀ। ਹਥਾਂ ਨੇਂ ਇੱਕ ਦੂਜੇ ਨੂੰ ਘੁੱਟ ਲਿਆ। ਪਲਾਂ ਚ ਹੀ ਗੱਲ ਸਾਰੇ ਪਿੰਡ ਚ ਫੈਲ ਗਈ ਸੀ।

ਬੀਬੀ ਨੇਂ ਆਪਣੇ ਭਰੇ ਗਲੇ ਨਾਲ ਕਿਹਾ ,” ਅੱਜ ਤੱਕ ਨਾਂ ਐਸਾ ਹੋਇਆ ਤੇ ਨਾਂ ਕਦੇ ਸੁਣਿਆਂ। ਹਨੇਰ ਸਾਈਂ ਦਾ ”

ਸ਼ਾਹਣੀ ਪੱਥਰ ਬਣੀਂ ਖੜੀ ਰਹੀ। ਨਵਾਬ ਬੀਬੀ ਨੇਂ ਪਿਆਰ ਗੜੁੱਚੀ ਉਦਾਸੀ ਨਾਲ ਕਿਹਾ ,” ਅਸੀਂ ਤਾਂ ਕਦੇ ਇਉਂ ਸੋਚਿਆ ਵੀ ਨਹੀਂ ਸੀ ” .

ਸ਼ਾਹਣੀ ਕੀ ਕਹੇ ? ਉਸ ਕਦੇ ਸੋਚਿਆ ਸੀ ?

ਥੱਲਿਓਂ ਜ਼ੈਲਦਾਰ ਦੀ ਆਵਾਜ਼ ਸੁਣਾਈ ਦਿੱਤੀ। ਸ਼ਾਹਣੀ ਸਮਝ ਗਈ ਕਿ ਵੇਲਾ ਆ ਗਿਆ। ਮਸ਼ੀਨ ਵਾਂਗ ਉਹ ਥੱਲੇ ਤਾਂ ਉੱਤਰੀ ਪਰ ਡਿਉੜੀ ਨਾਂ ਲੰਘ ਸਕੀ। ਉਸ ਡੂੰਘੀ ਪਤਾਲੋਂ ਉੱਤਰੀ ਆਵਾਜ਼ ਨਾਲ ਪੁੱਛਿਆ ,” ਕੌਣ ? ”

ਕਿਹੜਾ ਨਹੀਂ ਹੈ ਅੱਜ ?ਸਾਰਾ ਗਿਰਾਂ ਹੈ ,ਜਿਹੜਾ ਕਦੇ ਉਸ ਦੇ ਇਸ਼ਾਰਿਆਂ ਉੱਤੇ ਨੱਚਿਆ ਕਰਦਾ ਸੀ। ਜਿਸ ਨੂੰ ਕਦੇ ਉਸ ਸ਼ਰੀਕੇ ਬਰਾਦਰੀ ਤੋਂ ਘੱਟ ਨਹੀਂ ਸੀ ਸੁਣਿਆ। ਪਰ ਅੱਜ ਉਸ ਦਾ ਕੋਈ ਨਹੀਂ ਸੀ। ਇਨ੍ਹਾਂ ਚ ਕੱਲੂਵਾਲ ਦੇ ਜੱਟ ਵੀ ਸਨ , ਇਹ ਤਾਂ ਉਸ ਨੂੰ ਤੜਕ ਸਵੇਰੇ ਹੀ ਪਤਾ ਲੱਗ ਗਿਆ ਸੀ।

ਬੇਗੂ ਪਟਵਾਰੀ ਅਤੇ ਮਸੀਤ ਦਾ ਮੁੱਲਾ ਪਤਾ ਨਹੀਂ ਕੀ ਸੋਚ ਸ਼ਾਹਣੀ ਦੇ ਕੋਲ ਜਾ ਖੜੇ I ਬੇਗੂ ਸ਼ਾਹਣੀ ਵੱਲ ਅੱਜ ਅੱਖ ਚੱਕ ਕੇ ਵੀ ਵੇਖ ਪਾ ਰਿਹਾ। ਹੌਲੀ ਹੌਲੀ ਗਲਾ ਸਾਫ ਕਰਦਿਆਂ ਉਸ ਕਿਹਾ ,”ਰੱਬ ਨੂੰ ਸ਼ਾਇਦ ਇਹੋ ਮਨਜ਼ੂਰ ਸੀ ”

ਸ਼ਾਹਣੀ ਦੇ ਕਦਮ ਡੋਲ ਗਏ। ਉਹ ਚੱਕਰ ਖਾ ਕੇ ਕੰਧ ਆਸਰੇ ਜਾ ਖਲੋਈ। ਇਹੋ ਦਿਨ ਵੇਖਣ ਵਾਸਤੇ ਸ਼ਾਹ ਜੀ ਛੱਡ ਗਏ ਸਨ ਉਸ ਨੂੰ ? ਸਾਹੋਂ ਸੱਤੋਂ ਸੁੱਕੀ ਸ਼ਾਹਣੀ ਨੂੰ ਵੇਖ ਕੇ ਬੇਗੂ ਸੋਚ ਰਿਹਾ ਸੀ ਕਿ ਕੀ ਹੋਈ ਜਾਂਦੈ ਸ਼ਾਹਣੀ ਨਾਲ ? ਪਰ ਹੋਰ ਹੋ ਵੀ ਕੀ ਸਕਦੈ ? ਸਿੱਕਾ ਜੁ ਬਦਲ ਗਿਐ।

ਸ਼ਾਹਣੀ ਦਾ ਘਰੋਂ ਬਾਹਰ ਨਿੱਕਲਣਾਂ ਕੋਈ ਮਾੜੀ ਮੋਟੀ ਗੱਲ ਨਹੀਂ ਸੀ। ਪਿੰਡ ਦਾ ਪੰਡ ਖੜਾ ਸੀ ਹਵੇਲੀ ਦੇ ਉਸ ਦਰਵਾਜ਼ੇ ਤੋਂ ਲੈ ਕੇ ਉਸ ਦਾਰੇ ਤਕ ਜਿਹੜਾ ਕਦੇ ਸ਼ਾਹ ਜੀ ਨੇਂ ਮੁੰਡੇ ਦੇ ਵਿਆਹ ਵੇਲੇ ਬਣਵਾਇਆ ਸੀ। ਓਦੋਂ ਤੋਂ ਲੈ ਹੁਣ ਤੱਕ ਸਾਰੇ ਫੈਸਲੇ ਤੇ ਸਲਾਹ ਮਸ਼ਵਰੇ ਇੱਥੇ ਹੀ ਹੁੰਦੇ ਰਹੇ। ਇਸ ਵੱਡੀ ਹਵੇਲੀ ਨੂੰ ਲੁੱਟ ਲੈਣ ਦਾ ਮਸ਼ਵਰਾ ਵੀ ਐਥੇ ਹੀ ਹੋਇਆ ਸੀ। ਇਹ ਨਹੀਂ ਕਿ ਸ਼ਾਹਣੀ ਨੂੰ ਇਸ ਦਾ ਪਤਾ ਨਹੀਂ ਸੀ। ਉਹ ਤਾਂ ਜਾਣ ਬੁੱਝ ਕੇ ਅਣਜਾਣ ਬਣੀ ਬੈਠੀ ਸੀ। ਉਸ ਦਾ ਨਾਂ ਕਿਸੇ ਨਾਲ ਵੈਰ ਵਿਰੋਧ ਤੇ ਨਾਂ ਹੀ ਕਿਸੇ ਦਾ ਬੁਰਾ ਉਸ ਤੱਕਿਆ , ਪਰ ਬੁੱਢੀ ਸ਼ਾਹਣੀ ਨੂੰ ਕਿੱਥੇ ਪਤਾ ਕਿ ਸਿੱਕਾ ਬਦਲ ਗਿਐ।

ਦੇਰ ਹੋ ਰਹੀ ਸੀ। ਥਾਣੇਦਾਰ ਦਾਊਦ ਆਕੜ ਕੇ ਅੱਗੇ ਵਧੀਆ ਪਰ ਡਿਉੜੀ ਕੋਲ ਖੜੀ ਪੱਥਰ ਬਣੀ ਨਿਰਜੀਵ ਛਾਂ ਨੂੰ ਵੇਖ ਕੇ ਠਠੰਬਰ ਗਿਆ। ਇਹ ਓਹੋ ਸ਼ਾਹਣੀ ਹੈ ਜਿਸ ਲਈ ਕਦੇ ਸ਼ਾਹ ਜੀ ਸ਼ਮਿਆਨੇ ਲਵਾ ਦਿਆ ਕਰਦੇ ਸਨ। ਇਹ ਤਾਂ ਓਹੋ ਸ਼ਾਹਣੀ ਹੈ ਜਿਸ ਕਦੇ ਉਸ ਦੀ ਮੰਗੇਤਰ ਨੂੰ ਕੰਨਾਂ ਦੇ ਬੁੰਦੇ ਦਿੱਤੇ ਸਨ। ਅਜੇ ਕੁਝ ਦਿਨ ਪਹਿਲਾਂ ਉਹ ਲੀਗ ਦੇ ਸਿਲਸਿਲੇ ਚ ਆਇਆ ਸੀ ਤਾਂ ਉਸ ਨੇਂ ਹੰਕਾਰ ਨਾਲ ਕਿਹਾ ਸੀ ,” ਸ਼ਾਹਣੀ ! ਭਾਗੋਵਾਲ ਚ ਮਸੀਤ ਬਣ ਰਹੀ ਹੈ। ਤਿੰਨ ਸੌ ਰੁਪੈ ਤਾਂ ਦੇਣੇ ਹੀ ਪੈਣ ਗਏ। ਸੁਭਾਅ ਤੋਂ ਸਾਦੀ ਸ਼ਾਹਣੀ ਨੇਂ ਤਿੰਨ ਸੌ ਰੁਪੈ ਕੱਢ ਫੜਾਏ ਸਨ। ਤੇ ਅੱਜ …..?”

ਨੇੜੇ ਜਾ ਹੌਲੀ ਜਿਹੀ ਉਸ ਸ਼ਾਹਣੀ ਦੇ ਕੰਨਾਂ ਚ ਕਿਹਾ ,” ਸ਼ਾਹਣੀ ਕੁਝ ਰੱਖਣਾਂ ਤਾਂ ਰੱਖ ਲੈ। ਕੁਝ ਨਾਲ ਵਾਸਤੇ ਵੀ ਬੰਨ ਲਿਐ ਕਿ ਨਹੀਂ। ਸੋਨਾ ? ਚਾਂਦੀ ? …”

ਸ਼ਾਹਣੀ ਨਾਂ ਸਾਫ ਸੁਣਾਈ ਦੇਣ ਵਾਲੇ ਸ਼ਬਦਾਂ ਚ ਬੋਲੀ ,”ਸੋਨਾ ਚਾਂਦੀ ?…”, ਥੋੜਾ ਰੁਕੀ ਤੇ ਫਿਰ ਕਿਹਾ ,” ਬੱਚਿਓ ! ਇਹ ਸਾਰਾ ਕੁਝ ਤਾਂ ਤੁਹਾਡਾ ! ਮੇਰਾ ਸੋਨਾਂ ਚਾਂਦੀ ਤਾਂ ਇੱਕ ਇੱਕ ਖੇਤ ਚ ਖਿੱਲਰਿਆ ਪਿਐ ”

ਦਾਊਦ ਖਾਂ ਥੋੜਾ ਸ਼ਰਮਾ ਗਿਆ ,” ਸ਼ਾਹਣੀ ਤੁਸੀਂ ਕੱਲੇ ਹੋ। ਸਮੇਂ ਦਾ ਵੀ ਕੁਝ ਪਤਾ ਨਹੀਂ ਲੱਗਦਾ , ਕੁਝ ਨਾਂ ਕੁਝ ਕੋਲ ਹੋਣਾਂ ਜ਼ਰੂਰੀ ਹੈ , ਥੋੜੀ ਰੋਕੜ ਹੀ ਰੱਖ ਲਵੋ ”

” ਸਮਾਂ ? “ਸ਼ਾਹਣੀ ਭਿੱਜੀਆਂ ਅੱਖਾਂ ਨਾਲ ਬੋਲੀ ,”ਇਸ ਨਾਲੋਂ ਸੋਹਣਾ ਸਮਾਂ ਵੇਖਣ ਲਈ ਕਿਸ ਜਿਉਂਦਿਆਂ ਰਹਿਣਾ ” , ਕਿਸੇ ਡੂੰਘੇ ਦਰਦ ਅਤੇ ਤ੍ਰਿਸਕਾਰ ਨਾਲ ਸ਼ਾਹਣੀ ਕਹਿ ਗਈ।

ਦਾਊਦ ਨੂੰ ਕਹਿਣ ਲਈ ਕੋਈ ਜੁਆਬ ਨਾਂ ਸੁੱਝਾ , ਫਿਰ ਵੀ ਕਿਹਾ ,”ਕੁਝ ਰੋਕੜ ਫਿਰ ਵੀ ਜ਼ਰੂਰੀ ਹੈ ”

” ਨਹੀਂ ਬੱਚਿਆ ! ਇਸ ਘਰ ਨਾਲੋਂ …..” , ਸ਼ਾਹਣੀ ਦਾ ਗੱਚ ਭਰ ਆਇਆ ,” … ਰੋਕੜ ਕਿੱਥੇ ਪਿਆਰੀ। ਐਥੋਂ ਦੀ ਰੋਕੜ ਐਥੇ ਹੀ ਰਹੇਗੀ ”

ਸ਼ੇਰਾ ਕੋਲ ਆ ਖੜੋਇਆ। ਓਨਹੂੰ ਇਓਂ ਲੱਗਿਆ ਜਿਵੇਂ ਕੁਝ ਮੰਗ ਰਿਹੈ ਸ਼ਾਹਣੀ ਕੋਲੋਂ। ” ਖਾਨ ਸਾਹਿਬ ਦੇਰ ਹੋ ਰਹੀ ਹੈ “. ਉਸ ਕਿਹਾ।

ਸ਼ਾਹਣੀ ਚੌਂਕ ਪਈ , ਦੇਰ ? ਮੇਰੇ ਘਰ ਚ ਮੈਨੂੰ ਹੀ ਦੇਰ ? ਹੰਝੂਆਂ ਦੀ ਘੁੰਮਣ ਘੇਰੀ ਚੋਂ ਪਤਾ ਨਹੀਂ ਕਿਵੇਂ ਬਗਾਵਤ ਫੁੱਟ ਪਈ। ਮੈਂ .;ਵੱਡ ਵਡੇਰਿਆਂ ਦੀ ਐਡੀ ਵੱਡੀ ਹਵੇਲੀ ਦੀ ਮਾਲਕਣ ..
ਮੇਰੇ ਹੀ ਅੰਨ ਉੱਤੇ ਇਹ ਪਲੇ ਹੋਏ ..ਨਹੀਂ ! ਇਉਂ ਬਿਲਕੁਲ ਹੀ ਨਹੀਂ ..ਠੀਕ ਹੈ ਦੇਰ ਹੋ ਰਹੀ ਹੈ ..ਪਰ ਇਓਂ ਤਾਂ ਬਿਲਕੁਲ ਨਹੀਂ। ਸ਼ਾਹਣੀ ਰੋ ਰੋ ਕੇ ਨਹੀਂ , ਮਾਣ ਨਾਲ ਲੰਘੇਗੀ ਇਹ ਦੇਹਰੀ I ਆਪਣੇ ਵੱਡ ਵਡੇਰਿਆਂ ਦੇ ਘਰੋਂ ਜਿੱਥੇ ਇੱਕ ਦਿਨ ਉਹ ਰਾਣੀ ਬਣ ਆਂ ਖਲੋਈ ਸੀ। ਕੰਬਦੇ ਪੈਰਾਂ ਨੂੰ ਸੰਭਾਲਦਿਆਂ ਉਸ ਚੁੰਨੀ ਦੇ ਲੜ ਨਾਲ ਹੰਝੂ ਪੂੰਝੇ ਤੇ ਡਿਊੜਿਓਂ ਬਾਹਰ ਲੰਘ ਗਈ। ਬੁੱਢੀਆਂ ਬੁਢੇਰੀਆਂ ਰੋ ਪਈਆਂ। ਸ਼ਾਹਣੀ ਦੇ ਮੇਲ ਬਰਾਬਰੀ ਦੀ ਹੋਰ ਕੌਣ ? ਰੱਬ ਨੇਂ ਸਭ ਦਿੱਤਾ ਪਰ …ਹੁਣ ? ਦਿਨ ਵੀ ਬਦਲ ਗਏ ਤੇ ਸਮਾਂ ਵੀ।

ਸ਼ਾਹਣੀ ਨੇ ਦੁੱਪਟੇ ਨਾਲ ਸਿਰ ਢਕਦੀਆਂ ਹਵੇਲੀ ਨੂੰ ਆਖਰੀ ਵਾਰ ਵੇਖਿਆ। ਸ਼ਾਹ ਜੀ ਮੌਤ ਤੋਂ ਬਾਅਦ ਜਿਸ ਅਮਾਨਤ ਨੂੰ ਉਸ ਸੰਭਾਲ ਕੇ ਰੱਖਿਆ ਅੱਜ ਓਹੀਓ ਧੋਖਾ ਦੇ ਗਈ। ਸ਼ਾਹਣੀ ਨੇਂ ਦੋਵੇਂ ਹੱਥ ਜੋੜ ਲਏ। ਇਹੀ ਅੰਤਮ ਪ੍ਰਣਾਮ ਸੀ ਮੋਹ ਨੇ ਖਿੱਚ ਮਾਰੀ। ਉਸ ਸੋਚਿਆ ਇੱਕ ਵਾਰ ਉਹ ਪੂਰੇ ਘਰ ਨੂੰ ਦੁਬਾਰਾ ਫਿਰ ਕਿਉਂ ਨਾਂ ਵੇਖ ਆਏ। ਜੀ ਛੋਟਾ ਹੋ ਰਿਹੈ। ਪਰ ਇਉਂ ਕਰਦਿਆਂ ਕੀ ਉਹ ਉਨ੍ਹਾਂ ਸਾਰਿਆਂ ਸਾਹਮਣੇ ਛੋਟੀ ਨਾਂ ਹੋ ਜਾਏਗੀ ਜਿਨ੍ਹਾਂ ਸਾਹਮਣੇ ਉਹ ਹਮੇਸ਼ਾ ਵੱਡੀ ਬਣੀ ਰਹੀ। ਐਨਾ ਹੀ ਠੀਕ ਹੈ , ਹੋ ਗਿਆ ਜਿਹੜਾ ਹੋਣਾਂ ਸੀ। ਉਸ ਸਿਰ ਝੁਕਾਇਆ। ਕੁਲ ਵਹੁਟੀ ਦੀਆਂ ਅੱਖਾਂ ਚੋਂ ਕੁਝ ਬੂੰਦਾਂ ਸਿੰਮ ਆਈਆਂ। ਸ਼ਾਹਣੀ ਚੱਲ ਪਾਈ। ਅਟਾਰੀ ਪਿੱਛੇ ਖੜੀ ਰਹੀ ਗਈ। ਦਾਊਦ ਖਾਂ , ਸ਼ੇਰਾ , ਪਟਵਾਰੀ , ਜੈਲਦਾਰ ਤੇ ਛੋਟੇ ਵੱਡੇ ਬੁੱਢੇ ਔਰਤਾਂ ਤੇ ਮਰਦ ਸਭ ਪਿੱਛੇ ਪਿੱਛੇ।

ਟਰੱਕ ਭਰੇ ਗਏ। ਸ਼ਾਹਣੀ ਆਪਣੇ ਆਪ ਨੂੰ ਖਿੱਚੀ ਧੂਹੀ ਤੁਰੀ ਜਾਂਦੀ ਸੀ। ਗਿਰਾਂ ਵਾਲਿਆਂ ਦੇ ਗਲੋਂ ਜਿਵੇਂ ਧੂੰਆਂ ਉੱਠ ਰਿਹਾ ਹੋਵੇ। ਸ਼ੇਰੇ ..ਖੂਨੀ ਸ਼ੇਰੇ ਦਾ ਦਿਲ ਵੀ ਟੁੱਟ ਰਿਹਾ ਸੀ। ਦਾਊਦ ਖਾਂ ਨੇ ਅੱਗੇ ਵੱਧ ਕੇ ਟਰੱਕ ਦਾ ਦਰਵਾਜ਼ਾ ਖੋਲਿਆ। ਸ਼ਾਹਣੀ ਅੱਗੇ ਵਧੀ। ਇਸਮਾਈਲ ਨੇਂ ਅੱਗੇ ਵੱਧ ਕੇ ਭਾਰੀ ਆਵਾਜ਼ ਕਿਹਾ ,” ਸ਼ਾਹਣੀ ਜਾਂਦੀ ਜਾਂਦੀ ਕੁਝ ਕਹਿ ਜਾ। ਤੇਰੀ ਅਸੀਸ ਬੇਕਾਰਥ ਨਹੀਂ ਜਾਂਦੀ। ਸ਼ੇਰੇ ਨੇਂ ਅੱਗੇ ਵੱਧ ਕੇ ਸ਼ਾਹਣੀ ਦੇ ਪੈਰੀਂ ਹੱਥ ਲਾਇਆ ,” ਸ਼ਾਹਣੀ ਕੋਈ ਕੁਝ ਨਾਂ ਕਰ ਸਕਿਆ। ਰਾਜ ਹੀ ਬਦਲ ਗਿਆ ” ਸ਼ਾਹਣੀ ਨੇਂ ਆਪਣਾਂ ਕੰਬਦਾ ਹੱਥ ਸ਼ੇਰੇ ਦੇ ਸਿਰ ਉੱਤੇ ਰੱਖਿਆ ਅਤੇ ਕਿਹਾ ,” ਤੈਨੂੰ ਭਾਗ ਲੱਗਣ ਚੰਨਾਂ ” I ਦਾਊਦ ਖ਼ਾਂ ਨੇਂ ਹੱਥ ਦਾ ਇਸ਼ਾਰਾ ਕੀਤਾ। ਕੁਝ ਵੱਡੀਆਂ ਬੁੱਢੀਆਂ ਸ਼ਾਹਣੀ ਨਾਲ ਗਲੇ ਮਿਲੀਆਂ ਅਤੇ ਟਰੱਕ ਤੁਰ ਪਏ।

ਅੰਨ ਜਲ ਉੱਠ ਗਿਆ। ਉਹ ਹਵੇਲੀ ,ਨਵੀਂ ਬੈਠਕ ਉੱਚਾ ਚੌਬਾਰਾ ਤੇ ਵੱਡਾ ਪਸਾਰਾ ਇੱਕ ਇੱਕ ਕਰ ਕੇ ਸ਼ਾਹਣੀ ਦੀਆਂ ਅੱਖਾਂ ਸਾਹਮਣੇਂ ਤੈਰਦੀਆਂ ਗਈਆਂ। ਪਤਾ ਨਹੀਂ ਟਰੱਕ ਚੱਲੀ ਜਾਂਦਾ ਸੀ ਕਿ ਉਹ ਆਪ। ਦਾਊਦ ਭੰਬੂਤਰਿਆ ਜਿਹਾ ਸ਼ਾਹਣੀ ਨੂੰ ਵੇਖ ਰਿਹਾ ਸੀ। ਸ਼ਾਹਣੀ ਕਿੱਥੇ ਜਾਏਗੀ ? ਤੁਰਦਿਆਂ ਤੁਰਦਿਆਂ ਉਸ ਕਿਹਾ ,” ਸ਼ਾਹਣੀ ਮਨ ਮੈਲਾ ਨਾਂ ਕਰੀਂ। ਕੁਝ ਕਰ ਸਕਦੇ ਤਾਂ ਕਸਰ ਨਾਂ ਰੱਖਦੇ। ਸਮਾਂ ਹੀ ਐਸਾ … ਰਾਜ ਵੀ ਪਲਟ ਗਿਆ ਤੇ ਸਿੱਕਾ ਵੀ।

 

ਰਾਤ ਨੂੰ ਸ਼ਾਹਣੀ ਜਦੋਂ ਕੈਂਪ ਚ ਪਹੁੰਚ ਕੇ ਜ਼ਮੀਨ ਤੇ ਲੇਟੀ ਤਾਂ ਦੁਖੀ ਮਨ ਨਾਲ ਸੋਚਣ ਲੱਗੀ ,” ਰਾਜ ਬਦਲ ਗਿਐ ….ਸਿੱਕੇ ਨੇਂ ਕੀ ਬਦਲਣੈਂ ? ਉਹ ਤਾਂ ਮੈਂ ਓਥੇ ਹੀ ਛੱਡ ਆਈ।

ਤੇ ਸ਼ਾਹ ਜੀ ਦੀ ਸ਼ਾਹਣੀ ਦੀਆਂ ਅੱਖਾਂ ਹੋਰ ਭਿੱਜ ਗਈਆਂ।

ਨੇੜੇ ਤੇੜੇ ਦੇ ਖੇਤਾਂ ਨਾਲ ਘਿਰੇ ਗਿਰਾਵਾਂ ਚ ਸਾਰੀ ਰਾਤ ਖੂਨ ਵੱਸਦਾ ਰਿਹਾ।

ਸ਼ਾਇਦ ਰਾਜ ਵੀ ਪਲਟੀ ਮਾਰ ਰਿਹਾ ਸੀ ਤੇ ਸਿੱਕਾ ਵੀ ਬਦਲ ਰਿਹਾ ਸੀ।

سکہ بدل گیا

 لکھارن — کرشنا صوبتی ترجمہ  سبھاش رابڑا

 

چادر دی بکل ماری شاہنی جدوں دریا کنڈھے پہنچی تاں دن چڑھ رہا سی۔ دور دور آسمانی پردے اتے لالی پھیل رہی سی اہنی کپڑے لاہ کے رام رام کردی پانی چ وڑ گئی …پانی دا بکّ بھر سورج دیوتا نوں نمسکار کیتا ، اپنیاں انیندریاں اکھاں اتے پانی دے چھٹے مارے اتے پانی نال جا جپھی پائی۔ جھناں دا پانی پہلاں وانگ ہی سرد سی۔ لہراں لہراں نوں چمّ رہیاں سن۔ دریڈے کشمیر دے پہاڑاں اتے برف پنگھل رہی سی۔ اچھل اچھل آؤندیاں چھلاں نال کنارے کر رہے سن پر دور تکّ پسری ریت پتہ نہیں کیوں چپّ چاپ سی۔ شاہنی نیں کپڑے پائے ، ایدھر اودھر ویکھیا کسے دا پرچھاواں تکّ وی نیڑے نہیں سی .. پر تھلے ریت اتے پیراں دے انگنت نشان سن۔ . انہوں کانبا جیہا چھڑ گیا۔ اج اس پربھات ویلے دی مٹھی مٹھی چپّ پتہ نہیں کیوں کجھ ڈراؤنی جہی لگّ رہی سی ۔ پچھلے پنجاہاں سالاں توں اوہ اتھے ہی نہاؤندی آ رہی ہے۔ کنا لمبا سماں ۔ شاہنی سوچن لگی کدے اسے دریا  دے کنارے اس دی ڈولی اتری۔تے اج نا شاہ جی ،نا اوہناں دا پتر۔ اج اوہ کلی ہے۔ شاہ جی دی لمبی چوڑی حویلی چ کلم کلی۔ پر نہیں اج اوہ ایہہ سارا کجھ کیوں سوچی جاندی ہے ؟ لگدے اجے وی دنیا داری توں اس دا من نہیں بھریا۔ لمبا ساہ لے کے رام رام کردی نیں باجرے دے کھیتاں وچوں اس گھر دا راہ پھڑیا I تازے لپے پوچے گھراں چوں کتوں کتوں دھوآں اٹھ رہا سی۔ بلداں دے گلیں بنیاں گھنٹیاں ٹنّ ٹنّ کر کے وج رہیاں سن۔ پر پھر وی اج جویں سارا کجھ بنیا بنیا۔ جمیں والا کھوہ وی نہیں سی وگ رہا۔ ایہہ ساریاں شاہ جی دیاں آسامیاں سن۔ شاہنی نیں اکھاں چکیاں۔ میلو میل پھیلے کھیت اپنے ہی سن۔ شاہنی جویں موہ نال بھجّ گئی۔ دور دراڈے دے پنڈاں تکّ پھیلیاں زمیناں تے کھوہ سبھ آپنیں۔ سال چ تنّ تنّ فصلاں۔ زمیناں جویں سوناں اگلدیاں ہون ۔ شاہنی کھوہ ول ودھی تے آواز دتی ،” شیریا وے شیریا ! ہسیناں نیں ہسیناں ” شیرا شاہنی دے بول پچھاندے۔ پچھانیں وی کیوں ناں ؟ اپنی ماں جینا دی موت بعد اوہ شاہنی کول رہِ کے ہی تاں پلیا وڈا ہویا۔ اس نیں کول پیا گنڈاسا شٹالے دے ڈھیر تھلے کھسکا دتا۔ ہتھ چ حقہ پھڑھ کے بولیا ، ” اے ہُ سے ناں ” I شاہنی دی آواز کویں اس نوں ہلا جہی گئی سی۔ اجے ہنے تاں اوہ سوچ رہا سی کہ شاہنی دی اچی حویلی دے ہنیرے تہہ خانے دیاں سندوکدیاں چوں کویں اوہ سونا چاندی …تے وچوں ایہہ آواز شیرے شیرے….. شیرا غصے نال بھر گیا۔ کس اتے کڈھے اپنا غصہ ؟ شاہنی تے ؟ ہسینا ولّ چیک کے بولیا ،” مر گئی ایں ؟ ربّ تینوں موت دیوے ” ہسینا آٹے والی ترامی اک پاسے رکھ جلدی جلدی باہر نکل آئی ،” آؤنیں پئی آں۔ کیوں سویرے سویرے تڑپھی جانیں ؟” تد تکّ شاہنی نیڑے پہنچ گئی سی۔ شیرے دی تیز آواز اوہ سن چکی سی۔ پیار نال بولی ،” ہسیناں ! ایہہ کوئی لڑن دا ویلے ؟ اوہ تاں پاگل اے.. توں ہی جگرا کر لیا کر ” ” جگرا ؟ ” ہسیناں نیں مان نال کیہا ،” شاہنی ! پتر تاں پتر ہی ہندے۔ کدے شیرے نوں وی پچھیا اے بئی سویرے سویرے منہ ہنیرے مینوں کیوں گالاں کیوں کڈھیاں انھے ؟” شاہنی نیں لاڈ نال ہسیناں دی کنڈ اتے ہتھ پھیردیاں کیہا ،” کملیئے مینوں تاں پتّ نالوں نونہہ پیاری ” ” شیرے ! ” ” ہاں شاہنی ! ” ” لگدے راتیں کلو وال توں کجھ لوک آئے سن ؟”، شاہنی نے گمبھیر ہو کے کیہا۔ ” شیرے نیں تھوڑا رک کے تھوڑا گھبرا کے کیہا ،”نہیں شاہنی ” شیرے دی گلّ نوں ناں گولدیاں شاہنی فکرمندی چ بولی ،”جو کجھ وی ہوئی جاندے اوہ چنگا نہیں۔ جے اج شاہ جی ہندے تاں کجھ وچّ وچا کردے۔ پر ….” شاہنی کہندے کہندے رک گئی۔ اج ایہہ کی ہو رہا ہے ؟ شاہنی نوں لگیا جویں اس دا گچّ بھر آیا ہووے۔ شاہ جی توں وچھڑے کئی ورھے لنگھ گئے سن۔ پر اج جویں کجھ پنگھلی جاندے۔ شاید کجھ پچھلیاں یاداں۔ ہڑ روکن لئی اس ہسینا ولّ تکیا تے مٹھا مٹھا ہسّ پئی۔ اج شیرا وی کی سوچی جاندے تے کی کہی جاندے ، شاہنی نوں تاں کی کسے نوں وی نہیں سی کہہ سکدا۔ ایہہ ہو کے رہے گا۔ ہووے وی کیوں ناں ؟ ساڈے ہی لوکاں کولوں ویاج لے لے شاہ سونیں دیاں بوریاں تولیا کردا سی۔ بدلے دی اگّ شیرے دیاں اکھاں چ تیر آئی۔ اس نوں گنڈاسی یاد آ گئی اس شاہنی ولّ ناں تکیا I شیرا پچھلے دناں چ تیہہ چالی قتل کر چکا سی پر اوہ اناں نیچ نہیں سی۔ ساہمنے جہڑی بیٹھی سی اوہ تاں شاہنی سی۔ اس دے تاں ہتھ ہی شیرے دیاں اکھاں ساہمنے تیر گئے۔ اوہ سیالے دیاں راتاں شاہ کولوں ڈانٹ پھٹکار کھا کے حویلی چ پیا رہندا۔ پھر اس ویکھنا شاہنی اپنے ممتا بھرے ہتھاں نال دودھ دا کٹورا پھڑی کولوں آ کھلوندی ،” شیریا ! شیریا !! اٹھ دودھ پی لے۔ . شیرے نیں ساہمنے بیٹھی شاہنی دے جھرڈیائے منہ ولّ ویکھیا۔ شاہنی ہولی ہولی مسکا رہی سی۔ شیرا وچلت ہو گیا۔ شاہ جی دی گلّ شاہ جی نال گئی۔ شاہنی نیں اس دا کی وگاڑیئ ؟ اوہ شاہنی نوں ضرور بچائیگا۔ پر کلّ رات والا مشورہ ؟ آخر اوہ فیروز دی گلّ منّ کویں گیا جد اس کیہا سی ،” سبھ ٹھیک ٹھاک ہو جائیگا۔ بعد چ ونڈ ونڈا کر لواں گے ” ” شاہنی ! چلو تہانوں گھر چھڈّ آواں ” شاہنی اٹھ کھڑوئی۔ ڈونگھیاں سوچاں چ ڈبی۔ شاہنی دے پچھے پچھے مضبوط قدماں نال شیرا چل رہا سی۔ شکی نظراں نال ایدھر اودھر ویکھدا۔ اپنے ساتھیاں دیاں گلاں اس دے کنیں وج رہیاں سن۔ پر کی کریگا اوہ شاہنی نوں مار کے ؟ ” شاہنی ” “ہاں شیریا ” شیرا چاہندا سی کہ اوہ شاہنی نوں کجھ ناں کجھ دسّ دئے۔ پر دسے کویں ؟ ” شاہنی ” شاہنی نیں سر اتے چکیا۔ پورا آسمان دھونئیں نال بھریا پیا سی۔ شیرا جاندا سی کہ ایہہ اگّ ہے۔ جبل پور اج لگنی سی ، سو لگّ گئی شاہنی کجھ ناں کہہ سکی۔ اس دا تاں سارا شریکا برادری ایتھے ہی سی۔ شاہنی نیں سنّ ہوئے دماغ چ پیر رکھیا۔ شیرا کدوں واپس مڑ گیا ؟ پتہ ہی نہیں۔ دربل کایا ، کلی تے بنا سہارے دے۔ شاہنی پتہ نہیں کدوں تکّ پئی رہی۔ دوپہر آئی وی تے چلی وی گئی۔ حویلی چپھٹّ کھلی پئی سی پر اج اس توں اٹھیا نہیں سی جا رہا۔ جویں اس دا حق آپ ہی اس توں بے باہرا ہندا جاندا ہووے۔ شاہ جی دے گھر دی مالکن۔ پر نہیں اج اس دا موہ نہیں سی ہٹ رہا۔ پتھر ہو گئی سی اوہ جویں۔ پئے پئے ترکالاں ڈھل آئیاں پر اوہ اٹھن کھڑون دی سوچ وی نہیں پا رہی سی۔ اچان چکّ اوہ رسولی دی آواز سن تربھک کے اٹھی ” ٹرکّ آؤندے پئے اے لین ” ” ٹرکّ ؟ ” شاہنی ایدوں ودھ کجھ ناں کہہ سکی۔ ہتھاں نیں اک دوجے نوں گھٹّ لیا۔ پلاں چ ہی گلّ سارے پنڈ چ پھیل گئی سی۔ بیبی نیں اپنے بھرے گلے نال کیہا ،” اج تکّ ناں ایسا ہویا تے ناں کدے سنیاں۔ ہنیر سائیں دا ” شاہنی پتھر بنیں کھڑی رہی۔ نواب بیبی نیں پیار گڑچی اداسی نال کیہا ،” اسیں تاں کدے ایوں سوچیا وی نہیں سی ” . شاہنی کی کہے ؟ اس کدے سوچیا سی ؟ تھلیوں ذیلدار دی آواز سنائی دتی۔ شاہنی سمجھ گئی کہ ویلا آ گیا۔ مشین وانگ اوہ تھلے تاں اتری پر ڈیوڑی ناں لنگھ سکی۔ اس ڈونگھی پتالوں اتری آواز نال پچھیا ،” کون ؟ ” کہڑا نہیں ہے اج ؟سارا گراں ہے ،جہڑا کدے اس دے اشاریاں اتے نچیا کردا سی۔ جس نوں کدے اس شریکے برادری توں گھٹّ نہیں سی سنیا۔ پر اج اس دا کوئی نہیں سی۔ ایہناں چ کلووال دے جٹّ وی سن ، ایہہ تاں اس نوں تڑک سویرے ہی پتہ لگّ گیا سی۔ بیگو پٹواری اتے مسیت دا ملا پتہ نہیں کی سوچ شاہنی دے کول جا کھڑے I بیگو شاہنی ولّ اج اکھ چکّ کے وی ویکھ پا رہا۔ ہولی ہولی گلا صاف کردیاں اس کیہا ،”ربّ نوں شاید ایہو منظور سی ” شاہنی دے قدم ڈول گئے۔ اوہ چکر کھا کے کندھ آسرے جا کھلوئی۔ ایہو دن ویکھن واسطے شاہ جی چھڈّ گئے سن اس نوں ؟ ساہوں ستوں سکی شاہنی نوں ویکھ کے بیگو سوچ رہا سی کہ کی ہوئی جاندے شاہنی نال ؟ پر ہور ہو وی کی سکدے ؟ سکہ جو بدل گیئے۔ شاہنی دا گھروں باہر نکلناں کوئی ماڑی موٹی گلّ نہیں سی۔ پنڈ دا پنڈ کھڑا سی حویلی دے اس دروازے توں لے کے اس دارے تک جہڑا کدے شاہ جی نیں منڈے دے ویاہ ویلے بنوایا سی۔ اودوں توں لے ہن تکّ سارے فیصلے تے صلاحَ مشورے اتھے ہی ہندے رہے۔ اس وڈی حویلی نوں لٹّ لین دا مشورہ وی ایتھے ہی ہویا سی۔ ایہہ نہیں کہ شاہنی نوں اس دا پتہ نہیں سی۔ اوہ تاں جان بجھّ کے انجان بنی بیٹھی سی۔ اس دا ناں کسے نال ویر ورودھ تے ناں ہی کسے دا برا اس تکیا ، پر بڈھی شاہنی نوں کتھے پتہ کہ سکہ بدل گیئے۔ دیر ہو رہی سی۔ تھانیدار داؤد آکڑ کے اگے ودھیا پر ڈیوڑی کول کھڑی پتھر بنی نرجیوَ چھاں نوں ویکھ کے ٹھٹھمبر گیا۔ ایہہ اوہو شاہنی ہے جس لئی کدے شاہ جی شمیانے لوا دیا کردے سن۔ ایہہ تاں اوہو شاہنی ہے جس کدے اس دی منگیتر نوں کناں دے بندے دتے سن۔ اجے کجھ دن پہلاں اوہ لیگ دے سلسلے چ آیا سی تاں اس نیں ہنکار نال کیہا سی ،” شاہنی ! بھاگووال چ مسیت بن رہی ہے۔ تنّ سو روپے تاں دینے ہی پین گئے۔ سبھاء توں سادی شاہنی نیں تنّ سو روپے کڈھ پھڑائے سن۔ تے اج …..؟” نیڑے جا ہولی جہی اس شاہنی دے کناں چ کیہا ،” شاہنی کجھ رکھناں تاں رکھ لے۔ کجھ نال واسطے وی بنّ لئ کہ نہیں۔ سونا ؟ چاندی ؟ …” شاہنی ناں صاف سنائی دین والے شبداں چ بولی ،”سونا چاندی ؟…”، تھوڑا رکی تے پھر کیہا ،” بچیو ! ایہہ سارا کجھ تاں تہاڈا ! میرا سوناں چاندی تاں اک اک کھیت چ کھلریا پئی ” داؤد خاں تھوڑا شرما گیا ،” شاہنی تسیں کلے ہو۔ سمیں دا وی کجھ پتہ نہیں لگدا ، کجھ ناں کجھ کول ہوناں ضروری ہے ، تھوڑی روکڑ ہی رکھ لوو ” ” سماں ؟ “شاہنی بھجیاں اکھاں نال بولی ،”اس نالوں سوہنا سماں ویکھن لئی کس جیوندیاں رہنا ” , کسے ڈونگھے درد اتے ترسکار نال شاہنی کہہ گئی۔ داؤد نوں کہن لئی کوئی جواب ناں سجھا ، پھر وی کیہا ،”کجھ روکڑ پھر وی ضروری ہے ” ” نہیں بچیا ! اس گھر نالوں …..” , شاہنی دا گچّ بھر آیا ،” … روکڑ کتھے پیاری۔ ایتھوں دی روکڑ ایتھے ہی رہیگی ” شیرا کول آ کھڑویا۔ اونہوں اؤں لگیا جویں کجھ منگ رہے شاہنی کولوں۔ ” خان صاحب دیر ہو رہی ہے “. اس کیہا۔ شاہنی چونک پئی ، دیر ؟ میرے گھر چ مینوں ہی دیر ؟ ہنجھوآں دی گھمن گھیری چوں پتہ نہیں کویں بغاوت فٹّ پئی۔ میں .؛وڈّ وڈیریاں دی ایڈی وڈی حویلی دی مالکن .. میرے ہی انّ اتے ایہہ پلے ہوئے ..نہیں ! ایوں بالکل ہی نہیں ..ٹھیک ہے دیر ہو رہی ہے ..پر اؤں تاں بالکل نہیں۔ شاہنی رو رو کے نہیں ، مان نال لنگھیگی ایہہ دیہری I اپنے وڈّ وڈیریاں دے گھروں جتھے اک دن اوہ رانی بن آں کھلوئی سی۔ کمبدے پیراں نوں سمبھالدیاں اس چنی دے لڑ نال ہنجھو پونجھے تے ڈیوڑیوں باہر لنگھ گئی۔ بڈھیاں بڈھیریاں رو پئیاں۔ شاہنی دے میل برابری دی ہور کون ؟ ربّ نیں سبھ دتا پر …ہن ؟ دن وی بدل گئے تے سماں وی۔ شاہنی نے دپٹے نال سر ڈھکدیاں حویلی نوں آخری وار ویکھیا۔ شاہ جی موت توں بعد جس امانت نوں اس سنبھال کے رکھیا اج اوہیؤ دھوکھا دے گئی۔ شاہنی نیں دوویں ہتھ جوڑ لئے۔ ایہی انتم پرنام سی موہ نے کھچّ ماری۔ اس سوچیا اک وار اوہ پورے گھر نوں دوبارہ پھر کیوں ناں ویکھ آئے۔ جی چھوٹا ہو رہے۔ پر ایوں کردیاں کی اوہ اوہناں ساریاں ساہمنے چھوٹی ناں ہو جائیگی جنہاں ساہمنے اوہ ہمیشہ وڈی بنی رہی۔ اینا ہی ٹھیک ہے ، ہو گیا جہڑا ہوناں سی۔ اس سر جھکایا۔ کل وہوٹی دیاں اکھاں چوں کجھ بونداں سم آئیاں۔ شاہنی چل پائی۔ اٹاری پچھے کھڑی رہی گئی۔ داؤد خاں ، شیرا ، پٹواری ، ذیلدار تے چھوٹے وڈے بڈھے عورتاں تے مرد سبھ پچھے پچھے۔ ٹرکّ بھرے گئے۔ شاہنی اپنے آپ نوں کھچی دھوہی تری جاندی سی۔ گراں والیاں دے گلوں جویں دھوآں اٹھ رہا ہووے۔ شیرے ..خونی شیرے دا دل وی ٹٹّ رہا سی۔ داؤد خاں نے اگے ودھ کے ٹرکّ دا دروازہ کھولھیا۔ شاہنی اگے ودھی۔ اسمٰعیل نیں اگے ودھ کے بھاری آواز کیہا ،” شاہنی جاندی جاندی کجھ کہہ جا۔ تیری اسیس بیکارتھ نہیں جاندی۔ شیرے نیں اگے ودھ کے شاہنی دے پیریں ہتھ لایا ،” شاہنی کوئی کجھ ناں کر سکیا۔ راج ہی بدل گیا ” شاہنی نیں آپناں کمبدا ہتھ شیرے دے سر اتے رکھیا اتے کیہا ،” تینوں بھاگ لگن چناں ” I داؤد خاں نیں ہتھ دا اشارہ کیتا۔ کجھ وڈیاں بڈھیاں شاہنی نال گلے ملیاں اتے ٹرکّ تر پئے۔ انّ جل اٹھ گیا۔ اوہ حویلی ،نویں بیٹھک اچا چوبارا تے وڈا پسارا اک اک کر کے شاہنی دیاں اکھاں ساہمنیں تیردیاں گئیاں۔ پتہ نہیں ٹرکّ چلی جاندا سی کہ اوہ آپ۔ داؤد بھمبوتریا جیہا شاہنی نوں ویکھ رہا سی۔ شاہنی کتھے جائیگی ؟ تردیاں تردیاں اس کیہا ،” شاہنی من میلا ناں کریں۔ کجھ کر سکدے تاں قصر ناں رکھدے۔ سماں ہی ایسا … راج وی پلٹ گیا تے سکہ وی۔ رات نوں شاہنی جدوں کیمپ چ پہنچ کے زمین تے لیٹی تاں دکھی من نال سوچن لگی ،” راج بدل گیئے ….سکے نیں کی بدلنیں ؟ اوہ تاں میں اوتھے ہی چھڈّ آئی۔ تے شاہ جی دی شاہنی دیاں اکھاں ہور بھجّ گئیاں۔ نیڑے تیڑے دے کھیتاں نال گھرے گراواں چ ساری رات خون وسدا رہا۔ شاید راج وی پلٹی مار رہا سی تے سکہ وی بدل رہا سی۔

Tags:

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net