sohan singh sandhu-3

سفنے گر ਸੁਫਨੇਗਰ

ਸੋਹਣ ਸਿੰਘ ਸੰਧੂ  ਗੁਲਸ਼ਨ ਦਿਆਲ

سوہن سنگھ سندھو گلشن دیال

 

ਪਿਛਲੇ ਹਿੱਸੇ پچھلے حصے

ਪਹਿਲਾپہلا  ਦੂਜਾ ਹਿੱਸਾ دوجا حصہ

 

 

ਪਿਛਲੇ ਕਾਲਮ پچھلے کالم

ਸੁਲੇਮਾਨ ਸ਼ਾਹਬਾਜ਼سلیمان شہباز  ਇਮਰਾਨ ਨੌਮੀ عمران نومی ਚਮਨ ਲਾਲ چمن لال ਅਹਿਦ ਰੰਧਾਵਾاحد رندھاوا
ਖ਼ਾਲਿਦ ਮਹਿਮੂਦخالد محمود ਆਮਰ ਜ਼ੱਹੀਰ ਭੱਟੀ عامر ظہیر بھٹی ਹੰਨਾ ਆਇਸ਼ਾحنا عائشہ شیر ਆਲਮ ਸ਼ੇਰ عالم شیر

 

ਸੋਹਣ ਸਿੰਘ ਸੰਧੂ ਜੀ ਦੀਆਂ ਗੱਲਾਂ ਸੁਣਨੀਆਂ ਤੇ ਉਨ੍ਹਾਂ ਕੋਲ ਬੈਠਣ ਦਾ ਇੱਕ ਮਤਲਬ ਇਹ ਵੀ ਹੈ ਕਿ ਪੰਜਾਬੀ ਕਲਚਰ , ਪੰਜਾਬ ਦਾ ਕਈ ਦਹਾਕਿਆਂ ਦਾ ਇਤਿਹਾਸ , ਆਜ਼ਾਦੀ ਦੀ ਲੜਾਈ ਦੀ ਜੱਦੋ ਜਹਿਦ ਤੇ ਇੱਕ ਲੰਮੇ ਸਮੇਂ ਦੀ ਦਾਸਤਾਨ ਨੂੰ ਸੁਣ ਲੈਣਾ ਹੈ, ਜਿਸ ਨੂੰ ਸਾਡੀਆਂ ਬੀਤ ਚੁੱਕੀਆਂ ਪੀੜ੍ਹੀਆਂ ਨੇ ਜੀਵਿਆ ਹੈ ਤੇ ਜਿਸ ਬਾਰੇ ਸਾਡੀਆਂ ਆਉਣ ਵਾਲਿਆਂ ਨਸਲਾਂ ਸੁਣਦੀਆਂ ਵੀ ਰਹਿਣਗੀਆਂ ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਛੋਟੇ ਹੁੰਦਿਆਂ ਨਾਨੀ ਜਾਂ  ਦਾਦੀ ਦੀਆਂ ਗੱਲਾਂ ਤੇ ਬਾਤਾਂ ਸੁਣਦੇ ਹੁੰਦੇ ਸਾਂ । ਉਂਝ ਤਾਂ , ਆਖਦੇ ਨੇ ਕਿ ਇਤਿਹਾਸ ਨੂੰ ਜੇਤੂ ਲੋਕ ਲਿਖਦੇ ਹਨ । ਗੱਲ ਬਹੁਤ ਸੱਚ ਹੈ – ਸਕੂਲਾਂ ਦੇ ਸਿਲੇਬਸ ਰਾਹੀਂ ਸਾਡੀਆਂ ਸਰਕਾਰਾਂ ਤੇ ਰਾਜਸੀ ਪਾਰਟੀਆਂ ਸਾਡੇ ਦਿਮਾਗ ਵਿੱਚ ਕੁਝ ਮਰਜ਼ੀ ਪਾਈ ਜਾਣ – ਕੀ ਫਰਕ ਪੈਂਦਾ ਹੈ ? ਕੁਝ ਕੁ ਲੋਕ ਜਰੂਰ ਹੁੰਦੇ ਹਨ ਜੋ ਇਤਿਹਾਸ ਦੇ ਗੁੰਮ ਚੁੱਕੇ ਪੰਨਿਆਂ ਵਿਚੋਂ ਉਨ੍ਹਾਂ ਨੂੰ ਲੱਭ ਹੀ ਲੈਂਦੇ ਹਨ ,  ਜਿਨਾਂ ਨੂੰ ਅਜੋਕੀ ਸਰਕਾਰ ਲੁਕੋ ਕੇ ਰਖਦੀ ਹੈ  ਜਾਂ ਲੁਕੋ ਕੇ ਰਖਣਾ ਚਾਹੁੰਦੀ ਹੈ  । ਕੀ ਪਾਸ਼ ਨੂੰ ਜਾਨਣ ਲਈ ਉਸਦੀ ਕਹਾਣੀ ਅੱਠਵੀਂ ਤੇ ਨੌਵੀਂ ਦੀਆਂ ਕਿਤਾਬਾਂ ਵਿੱਚ ਹੋਣੀ ਜਰੂਰੀ ਹੈ ? ਭਗਤ ਸਿੰਘ ਦੀ ਸੋਚ ਬਾਰੇ ਅਸੀਂ ਆਪਣੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਕਿੰਨਾ ਕੁ ਪੜ੍ਹਿਆ ਸੀ , ਉਹ ਤੇ ਸਾਡੇ ਦਿਲਾਂ ਤੇ ਲਿਖਿਆ ਗਿਆ ਹੈ , ਸਰਕਾਰਾਂ ਤੇ ਫਿਰਕੇ ਭਾਵੇਂ ਉਸ ਦੀ ਹੈਟ ਤੇ ਪਗੜੀ ਦੀ ਲੜਾਈ ਵਿੱਚ ਰੁੱਝੀਆਂ ਰਹਿੰਦੀਆਂ ਨੇ , ਪਰ ਉਸ ਦੀ ਸੋਚ ਨੂੰ ਜਿਨ੍ਹਾਂ ਜਾਨਣਾ ਹੈ ਉਨ੍ਹਾਂ ਉਸ ਨੂੰ ਭਾਲ ਹੀ ਲੈਣਾ ਹੈ ਤੇ ਉਹ ਸਾਡੇ ਚੜ੍ਹਦੇ ਵੱਲ ਹੀ ਨਹੀਂ,  ਉਹ ਵਾਘਿਓਂ ਪਾਰ ਵੀ ਲੋਕਾਂ ਦੇ ਲਹੂ ਵਿੱਚ ਲਹਿਰ ਬਣ ਦੌੜ ਰਿਹਾ ਹੈ । ਫਿਰਕੂ ਸਿਆਸੀ ਪਾਰਟੀਆਂ ਜਾਂ ਮੁੱਠ ਕੁ ਲੋਕਾਂ ਦੀ ਧਾਰਮਿਕ ਕੱਟੜਤਾ ਦੀ ਗੰਦੀ ਰਾਜਨੀਤੀ ( ਸਿਆਸਤ ) ਕੁਝ ਮਰਜ਼ੀ ਕਰ ਲਵੇ , ਅਸੀਂ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਤਲਾਸ਼ ਹੀ ਲਵਾਂਗੇ ਜਿਨ੍ਹਾਂ  ਨੂੰ ਲੁਕਾਉਣ ਜਾਂ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਕੀਤੀ ਜਾਂਦੀ ਹੈ ।
ਸੰਧੂ ਸਾਹਿਬ ਜੀ ਆਪਣੇ ਪਿੰਡ ਦੀ ਕਹਾਣੀ ਸੁਣਾਉਂਦਿਆਂ ਹੋਇਆਂ ਦੱਸਦੇ ਹਨ ਕੀ ਉਨ੍ਹਾਂ ਦੇ ਪਿੰਡਾਂ ਵੱਲ ਜਿਆਦਾ ਆਬਾਦੀ ਰਾਮ ਰਾਈਏ ਸਿੱਖਾਂ ਦੀ ਸੀ । ਮੇਰੇ ਵਾਂਗ ਸ਼ਾਇਦ ਕਈਆਂ ਨੂੰ ਜਿਆਦਾ ਪਤਾ  ਨਾ ਹੋਵੇ ਕਿ ਰਾਮ ਰਾਈਏ ਕੌਣ ਸਨ ? ਸੋ ਇੰਨਾਂ ਬਾਰੇ ਮੈਂ ਤੁਹਾਡਾ ਤੁਆਰੁੱਫ਼ ਸੋਹਣ ਸਿੰਘ ਜੀ ਦੇ ਲਫਜਾਂ ਰਾਹੀਂ ਹੀ ਕਰਵਾਉਂਦੀ ਹਾਂ । ਗੁਰੂ ਹਰ ਰਾਏ ਜਦੋਂ ਗੱਦੀ ਤੇ ਸਨ ਤਾਂ ਕਿਸੇ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਜਾ ਭਰੇ ਸਨ ਕਿ ਸਿੱਖਾਂ ਦੀ ਬਾਣੀ ਵਿੱਚ ਮੁਸਲਮਾਨਾਂ ਨੂੰ ਬੁਰਾ ਭਲਾ ਕਿਹਾ ਗਿਆ ਹੈ । ਔਰੰਗਜ਼ੇਬ ਨੇ ਇਸ ਗੱਲ ਦੀ ਸਫਾਈ ਲਈ ਗੁਰੂ ਜੀ ਨੂੰ ਬੁਲਾ ਭੇੱਜਿਆ । ਗੁਰੂ ਜੀ ਨੇ  ਇਹ ਫੈਸਲਾ ਕੀਤਾ ਹੋਇਆ ਸੀ ਕਿ ਉਹ ਕਿਸੇ ਮੁਗਲ ਜਾਂ ਤੁਰਕ ਦੇ ਮੱਥੇ ਨਹੀਂ ਲੱਗਣਗੇ
। ਸੋ ਉਨ੍ਹਾਂ ਆਪਣੇ ਵੱਡੇ ਸਾਹਿਬਜ਼ਾਦੇ ਰਾਮ ਰਾਏ ਜੀ ਨੂੰ ਔਰੰਗਜ਼ੇਬ ਦੀਆਂ ਗੱਲਾਂ ਦਾ ਜੁਆਬ ਦੇਣ ਲਈ ਦਿੱਲੀ ਦਰਬਾਰ ਵਿੱਚ ਭੇਜ ਦਿੱਤਾ । ਸਾਖੀਆਂ ਅਨੁਸਾਰ ਰਾਮ ਰਾਏ ਜੀ ਚੰਗੀ ਸੂਝ ਬੂਝ ਵਾਲੇ , ਪੜ੍ਹੇ ਲਿਖੇ , ਆਲਮੀ ਇਨਸਾਨ ਸਨ ਤੇ ਸਾਖੀਆਂ ਅਨੁਸਾਰ ਉਹ  ਕਈ ਕਰਾਮਾਤਾਂ ਕਰਨਾ ਵੀ ਜਾਣਦੇ ਸਨ । ਆਖਦੇ ਨੇ ਉਨ੍ਹਾਂ ਨੇ ਔਰੰਗਜ਼ੇਬ ਬਾਦਸ਼ਾਹ ਨੂੰ 72  ਕਰਾਮਾਤਾਂ ਕਰ ਕੇ ਵਿਖਾਈਆਂ । ਪਰ ਜਦ ਔਰੰਗਜ਼ੇਬ ਨੇ ” ਮਿਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ ” ਵਾਲੀ ਤੁਕ ਦੇ ਮਤਲਬ ਪੁੱਛੇ ਤਾਂ ਰਾਮ ਰਾਏ ਜੀ ਨੇ ਆਖਿਆ ਕਿ, ” ਨਹੀਂ,  ਤੁਹਾਨੂੰ ਗਲਤਫਹਿਮੀ ਹੈ , ਇਥੇ ਲਫ਼ਜ਼ ਮੁਸਲਮਾਨ ਨਹੀਂ ਬਲਕਿ  ” ਬੇਈਮਾਨ ” ਲਫ਼ਜ਼ ” ਹੈ । ਔਰੰਗਜ਼ੇਬ ਨੇ ਰਾਮ ਰਾਏ ਜੀ ਨੂੰ ਜਾਣ ਦਿੱਤਾ ਪਰ ਇਸ ਤੋਂ ਪਹਿਲਾਂ ਕਿ ਉਹ ਘਰ ਪੁੱਜਦੇ , ਉਨ੍ਹਾਂ ਦੇ ਗਲਤ ਬਿਆਨਬਾਜ਼ੀ ਦੀ ਖ਼ਬਰ ਗੁਰੂ ਜੀ ਨੂੰ ਪਹਿਲੋਂ ਹੀ ਮਿਲ  ਗਈ । ਸੋ ਜਦ ਉਹ ਘਰ ਪੁੱਜੇ ਤਾਂ ਗੁਰੂ ਜੀ ਦੇ ਬੂਹੇ ਉਨ੍ਹਾਂ ਦੇ ਲਈ ਬੰਦ ਹੋ ਚੁੱਕੇ ਸਨ । ਗੁਰੂ ਜੀ ਉਨ੍ਹਾਂ ਦੇ ਮੱਥੇ ਹੀ ਨਹੀਂ ਲੱਗੇ । ਜਦ ਸੰਧੂ ਸਾਹਿਬ ਜੀ ਇਥੇ ਪੁੱਜੇ ਤਾਂ ਉਨ੍ਹਾਂ ਇੱਕ ਗੱਲ ਆਖੀ ਜੋ ਮੈਂ ਸਾਰੀ ਸਿੱਖ ਕੌਮ ਸਾਹਮਣੇ ਵੀ ਰੱਖਣਾ ਚਾਹੁੰਦੀ  ਹਾਂ , ਉਨ੍ਹਾਂ ਆਖਿਆ ਕਿ , ” ਸਮਝ ਨਹੀਂ ਆਓਂਦੀ ਕਿ ਗੁਰੂ ਜੀ ਨੇ ਕਿਸੇ ਵੀ ਤੁਰਕ ਜਾਂ ਮੁਗਲ ਦੇ ਮੱਥੇ ਨਾ ਲੱਗਣ ਦਾ  ਕਿਓਂ ਫੈਸਲਾ ਕਰ ਲਿਆ ? ਤੇ ਇਹ ਵੀ ਕਿ ਜਦ ਔਰੰਗਜ਼ੇਬ ਨੇ  ਸੱਦਿਆ ਉਨ੍ਹਾਂ ਨੂੰ ਸੀ, ਉਨ੍ਹਾਂ ਆਪਣੇ ਬੇਟੇ ਨੂੰ ਇਸ ਤਰ੍ਹਾਂ ਦੀ ਹਾਲਤ ਵਿੱਚ ਕਿਓਂ ਪਾ ਦਿੱਤਾ ਕਿ ਉਹ ਘਬਰਾ ਕੇ ਗਲਤ ਬਿਆਨਬਾਜ਼ੀ ਕਰ ਜਾਵੇ ? ” ਮੈਂ ਸਿੱਖ ਹਾਂ ਤੇ ਸਿੱਖ ਹੋਣ ਤੇ ਮੇਨੂੰ ਮਾਣ ਹੈ ਤੇ ਜਦੋਂ ਮੈਂ ਇਹ ਸੁਆਲ ਪਾ ਰਹੀ ਹਾਂ,  ਨਿੰਦਾ ਦਾ  ਮੇਰਾ ਕੋਈ ਭਾਵ ਨਹੀਂ ਹੈ । ਖੈਰ ! ਰਾਮ ਰਾਏ ਜੀ ਨੇ ਪੁੱਛਿਆ ਕਿ ਹੁਣ ਉਹ ਕੀ  ਕਰਨ ਤੇ ਕਿੱਧਰ ਨੂੰ ਜਾਣ ? ਗੁਰੂ ਜੀ ਨੇ ਕਿਹਾ , ” ਜਿੱਧਰ ਨੂੰ ਤੇਰਾ ਮੂੰਹ ਹੈ ਉਸ ਪਾਸੇ ਹੀ ਚਲਿਆ ਜਾ । ” ਉਨ੍ਹਾਂ ਦਾ ਚਿਹਰਾ ਉਸ ਵੇਲੇ ਉੱਤਰ ਵੱਲ ਨੂੰ ਸੀ ਸੋ ਉਹ ਪਹਾੜਾਂ ਵੱਲ ਹੋ ਲਏ । ਤੇ ਫਿਰ ਉਨ੍ਹਾਂ ਨੇ ਇੱਕ ਨਵਾਂ ਸੈਕਟ , ਨਵਾਂ ਫਿਰਕਾ ਸ਼ੁਰੂ ਕਰ ਲਿਆ । ਸੰਧੂ ਜੀ ਨੇ ਦੱਸਿਆ ਕਿ ਇਸ ਕਰਕੇ ਉੱਨਾ , ਹੁਸ਼ਿਆਰਪੁਰ , ਤੇ ਜੰਲਧਰ ਦੇ ਕਈ ਪਿੰਡਾ ਵੱਲ ਰਾਮ ਰਾਏ ਨੂੰ ਮੰਨਣ  ਵਾਲੇ ਕਾਫੀ ਲੋਕ ਸਨ ਤੇ ਇਹ ਵੀ ਇੱਕ ਕਾਰਨ  ਸੀ ਕਿ ਇਹ ਲੋਕ ਬਹੁਤ ਦੇਰ ਤੱਕ ਹਿੰਦੂ ਰਸਮਾਂ ਤੇ ਰਿਵਾਜਾਂ ਨੂੰ ਮੰਨਦੇ ਰਹੇ । ਮੇਨੂੰ ਨਹੀਂ ਪਤਾ ਕਿ ਇਹ ਲੋਕ ਕਿੰਨੀ ਕੁ  ਗਿਣਤੀ ਵਿੱਚ ਹੁਣ ਪਾਏ ਜਾਂਦੇ ਹਨ ਤੇ ਜੇ ਨਹੀਂ ਹਨ ਤਾਂ ਉਹ ਪੂਰੇ ਸਿੱਖ ਕਿਵੇਂ ਤੇ ਕਦੋਂ ਬਣੇ  ?
ਸੰਧੂ ਜੀ ਆਪਣੀ ਜੀਵਨੀ ਬਾਰੇ ਲਿਖਦੇ ਵੀ ਰਹਿੰਦੇ ਹਨ ਤੇ ਆਪਣੇ ਪਿਛੋਕੜ ਬਾਰੇ ਹਮੇਸ਼ਾ ਛਾਣ ਬੀਨ ਕਰਦੇ ਵੀ ਰਹਿੰਦੇ ਹਨ । ਉਨ੍ਹਾਂ ਨੇ ਬਕਾਇਦਾ ਆਪਣੇ ਜੀਵਨ ਬਾਰੇ ਇੱਕ ਡਾਇਰੀ ਲਿਖੀ ਹੈ ਤੇ ਉਸ ਵਿੱਚ ਹਰ ਰੋਜ਼ ਲੋੜ ਪੈਣ ਤੇ ਕੁਝ ਨਾ ਕੁਝ ਹੋਰ ਜੋੜਦੇ ਰਹਿੰਦੇ ਨੇ ਜਦ ਉਹ ਲਿਖਦੇ ਨੇ, ਉਹ ਸਿਰਫ ਸਵੈ ਜੀਵਨੀ ਦੀ ਹੀ ਗੱਲ ਨਹੀਂ ਕਰਦੇ ਸਗੋਂ ਉਹ ਆਪਣੇ ਵੇਲਿਆਂ ਨੂੰ ਹਰ ਪਾਸਿਓਂ ਤੋਂ, ਹਰ ਨੁਕਤੇ ਤੋਂ ਦੇਖਦੇ ਹਨ । ਆਪਣੇ ਪਰਿਵਾਰ ਬਾਰੇ ਉਹ ਦਸਦੇ ਹਨ ਕਿ ਕਿਸੇ ਵੇਲੇ ਦੋ ਭਰਾ  ਇਸ ਪਿੰਡ ਵਿੱਚ ਆ ਕੇ ਵੱਸੇ , ਇਨ੍ਹਾਂ ਵਿਚੋਂ ਇੱਕ ਭਰਾ ਦੀ ਔਲਾਦ ਖੂਬ ਵੱਧੀ ਫੁੱਲੀ ਤੇ ਤਕਰੀਬਨ ਸਾਰਾ ਪਿੰਡ ਹੀ ਉਸ ਪੀੜ੍ਹੀ ਵਿਚੋਂ ਸੀ ਪਰ ਇੱਕ ਭਰਾ ਦੀ ਇੱਕੋ ਹੀ ਔਲਾਦ ਅੱਗੇ ਤੁਰਦੀ , ਜੇ ਦੋ ਭਰਾ ਹੋ ਵੀ ਜਾਂਦੇ ਤਾਂ ਉਨ੍ਹਾਂ ਵਿਚੋਂ ਇੱਕ ਜਾਂ ਤਾਂ ਮਰ ਜਾਂਦਾ , ਜਾਂ ਇੱਕ ਦਾ ਵਿਆਹ  ਨਾ ਹੁੰਦਾ , ਜਾਂ ਜੇ ਵਿਆਹ ਹੋ ਜਾਂਦਾ ਤਾਂ  ਫਿਰ ਉਸ ਦੇ ਔਲਾਦ ਨਾ ਹੁੰਦੀ , ਸੋ ਪਾਸ਼ ਤੇ ਸੰਧੂ ਜੀ ਉਸ ਪੀੜ੍ਹੀ ਵਿਚੋਂ ਹਨ ।  ਕੁਝ ਇਸ ਤਰ੍ਹਾਂ ਵੱਖ ਜਿਹੀ ਤਕਦੀਰ ਸੀ ਸੰਧੂ ਜੀ ਦੇ ਵੱਡੇ ਵਡੇਰਿਆਂ ਦੀ । ਉਨ੍ਹਾਂ ਦੇ ਪਿੰਡ ਕੋਲ ਇੱਕ ਸਰਾਏ ਹੈ ਜਿਸ ਪਿੰਡ ਨੂੰ ਦੱਖਣੀ ਸਰਾਏ ਆਖਦੇ ਨੇ , ਇਹ ਸਰਾਂ ਸ਼ਾਇਦ ਮੁਗਲਾਂ ਵੇਲੇ ਦੀ ਬਣੀ ਹੋਈ ਹੈ । ਕੁਝ ਹੋਰ ਦੂਰੀ ਤੇ ਨੂਰ ਮਹਲ ਦੀ ਸਰਾਂ ਵੀ ਹੈ । ਇਸ ਸਰਾਂ ਨੂੰ  ਮਹਾਰਾਜ ਰਣਜੀਤ ਸਿੰਘ ਦੇ ਸਮੇ  ਉਨ੍ਹਾਂ ਦੇ ਅਫਸਰਾਂ ਤੇ ਫੌਜ਼ ਨੇ  ਵੀ ਵਰਤਿਆ । ਮਹਾਰਾਜਾ ਰਣਜੀਤ ਸਿੰਘ ਦੇ ਜਮਾਨੇ ਵਿੱਚ ਉਹ ਟੈਕਸ  ਤੇ ਰੈਵਿਨੀਊ ਪੈਸੇ ਜਾਂ ਸਿੱਕਿਆਂ ਵਿੱਚ ਨਹੀਂ ਵਸੂਲ ਕਰਦੇ ਸਨ ਬਲਕਿ ਉਹ ਇਹ ਅਨਾਜ ਜਾਂ ਪੀਸੇ ਜਾਂ ਪੀਠੇ ਹੋਏ ਆੱਟੇ ਦੀ ਸ਼ਕਲ ਵਿੱਚ ਵਸੂਲ ਕਰਦੇ ਸਨ । ਸੋ ਘਰ ਦੀਆਂ ਸੁਆਣੀਆਂ , ਔਰਤਾਂ ਸਾਰਾ ਸਾਰਾ ਦਿਨ ਚੱਕੀ ਤੇ  ਆੱਟਾ ਪੀਹਦੀਂਆਂ ਲੰਘਾ ਦਿੰਦੀਆਂ । ਤੇ ਕਿਓਂ ਕਿ ਸੰਧੂ ਜੀ ਦੇ ਵੱਡੇ ਵਡੇਰਿਆਂ ਵਿੱਚ ਬੰਦਿਆਂ ਦੀ ਘਾਟ ਸੀ ਇਸ  ਕਰ ਕੇ ਟੈਕਸ ਆੱਟੇ ਦੀ ਸ਼ਕਲ ਵਿੱਚ ਦੇਣਾ ਔਖਾ ਲੱਗਦਾ ਸੀ । ਉਨ੍ਹਾਂ ਦੇ ਬਜ਼ੁਰਗਾਂ ਨੇ ਆਪਣੇ ਆਲੇ ਸੁਆਲੇ ਪਿੰਡਾਂ ਤੋਂ 7  – 8  ਰਾਈਂ ਮੁਸਲਮਾਨਾਂ ਦੇ  ਪਰਿਵਾਰ ਨੂੰ ਇੰਨਾਂ ਦੇ ਪਿੰਡ ਆ ਕੇ ਕੰਮ ਕਰਨ ਲਈ ਆਖਿਆ , ਤੇ ਉਨ੍ਹਾਂ ਨੂੰ ਕਿਹਾ ਕੀ ਇਥੇ ਆਓ ਨਾਲੇ ਸਾਡੇ ਨਾਲ ਕੰਮ ਕਰੋ ਤੇ ਇਥੇ ਹੀ ਰਹਿ ਜਾਵੋ ।  ਇਸ ਤਰ੍ਹਾਂ ਹੌਲੀ ਹੌਲੀ ਇੰਨਾ ਦੇ ਪਿੰਡ ਵਿੱਚ ਵੰਡ ਹੋਣ ਵੇਲੇ ਤੱਕ ਮੁਸਲਮਾਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੋ ਗਈ  ਸੀ ।
ਜਦ ਉਹ ਮੇਨੂੰ ਆਪਣੀਆਂ ਪੀੜ੍ਹੀਆਂ ਤੇ ਦਾਦਿਆਂ ਤੇ ਪੜਦਾਦਿਆਂ ਦੀ ਇਸ ਤਰ੍ਹਾਂ ਗੱਲਾਂ ਸੁਣਾ ਰਹੇ ਸਨ , ਤਾਂ ਮੇਨੂੰ ਇੱਕ ਕਿਤਾਬ ਯਾਦ ਆਈ ਜੋ ਮੇਨੂੰ ਹੈਰੀ ( ਮੇਰੀ ਸਹੇਲੀ ) ਨੇ ਇੱਕ ਵੇਰ ਪੜ੍ਹਨ  ਲਈ ਭੇਜੀ ਸੀ । ਇਹ ਕਿਤਾਬ ਸੀ ‘ ਰੂਟਸ ‘ ( Roots ) ਤੇ ਇਸ ਦਾ ਲਿਖਾਰੀ ਸੀ ਅਲੈਕਸ ਹੈਲੇ ( Alex Haley ) । ਉਸ ਦਾ ਕੋਈ ਵੱਡਾ ਵਡੇਰਾ ਅੱਜ ਤੋਂ 200  ਸਾਲ  ਤੋਂ ਵੀ  ਪਹਿਲਾ 1757  ਦੇ ਨੇੜ ਤੇੜ , ਜਿਸ ਦਾ ਨਾਂ ਸੀ ਕੁੰਤਾ ਕਿੰਤੇ , ਤੇ ਜੋ ਕਿ  ਅਫਰੀਕਾ ਵਿੱਚ ਗਾਬੀਂਆ ਦੇ ਇੱਕ ਮੁਸਲਮਾਨ ਕਬੀਲੇ ਵਿਚੋਂ ਸੀ , ਉਸ ਨੂੰ ਜ਼ਬਰਦਸਤੀ ਚੁੱਕ ਕੇ ਜੰਜ਼ੀਰਾਂ ਵਿੱਚ ਬੰਨ੍ਹ ਸਮੁੰਦਰੀ ਜਹਾਜ਼ ਵਿੱਚ ਅਮਰੀਕਾ ਲਿਆ ਕੇ ਇੱਕ ਗੁਲਾਮ ਵਜੋਂ ਵੇਚ ਦਿੱਤਾ ਗਿਆ ਸੀ । ਜਦ ਉਸ ਨੂੰ ਇਹ ਪੱਕ ਹੋ ਗਿਆ ਕਿ ਹੁਣ ਉਹ ਕਦੀ ਵੀ ਆਪਣੇ ਪਿੰਡ ਤੇ ਆਪਣੇ ਕਬੀਲੇ ਨੂੰ ਮੁੜ ਕੇ ਨਹੀਂ ਮਿਲ ਸਕਦਾ ਤਾਂ ਉਸ ਨੇ ਇਹ ਫੈਸਲਾ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਕਬੀਲੇ ਬਾਰੇ , ਪਿੰਡ ਦੇ ਕੋਲ ਵੱਗਦੇ ਦਰਿਆ ਦੇ ਨਾਂ ਜਰੂਰ ਸਿਖਾਵੇਗਾ ਤੇ ਉਨ੍ਹਾਂ ਤੋਂ ਇਹ ਵਾਦਾ ਲਵੇਗਾ ਕਿ ਉਹ ਅੱਗੋਂ ਆਪਣੇ ਬਚਿੱਆਂ ਤੋਂ ਵੀ ਇਹੀ ਕੌਲ ਲੈਣ । ਸੋ ਉਸ ਕੁਨਬੇ ਵਿੱਚ ਇਹ ਦੋ ਤਿੰਨ ਨਾਮ ਪੀੜ੍ਹੀ ਦਰ ਪੀੜ੍ਹੀ ਤੁਰਦੇ ਗਏ । ਤੇ ਫਿਰ ਇੱਕ ਦਿਨ ਇਸ ਪਰਿਵਾਰ ਦਾ ਇੱਕ ਬੇਟਾ 200 ਸਾਲਾਂ ਬਾਅਦ ਆਪਣੇ ਪਿੰਡ ਖੜ੍ਹਾ ਸੀ ਤੇ ਉਸ ਪਿੰਡ ਦੇ ਕਬੀਲਿਆਂ ਵਾਲਿਆਂ ਨੇ ਵੀ ਇਹ ਤਸਦੀਕ ਕੀਤੀ ਕਿ ਉਹ ਇਹ ਕਹਾਣੀ ਹਮੇਸ਼ਾ ਸੁਣਦੇ ਆਏ ਹਨ ਤੇ   ਇਸ ਨਾਮ ਦਾ ਇੱਕ ਮੁੰਡਾ ਇਸ ਤਰ੍ਹਾਂ ਉਥੋਂ ਚੁੱਕ ਲਿਆ ਗਿਆ ਸੀ । ਅਲੈਕਸ ਸੀ ਕੁੰਤਾ ਕਿੰਤੇ ਦੀ ਅੱਠਵੀਂ ਪੀੜ੍ਹੀ । ਅਲੈਕਸ ਨੇ ਜਦ ਇਹ ਕਿਤਾਬ ਲਿਖੀ ਤਾਂ ਉਸ ਨੂੰ ਅਜੀਬ ਲੱਗਿਆ ਕਿ ਇਸ ਦਾਸਤਾਨ ਨੂੰ ਉਹ ਆਪਣੇ ਗਲੀਚਿਆਂ ਲੱਦੇ ਘਰ ਵਿੱਚ ਨਰਮ ਸੋਫਿਆਂ ਤੇ ਬੈਠ ਕੇ ਲਿਖੇ ਤੇ ਫਿਰ ਉਸ ਜਹਾਜ਼ ਦੀ ਟਿਕਟ ਖਰੀਦੀ ਤੇ ਲਾਈਬੇਰੀਆ ਤੋਂ ਅਮਰੀਕਾ ਤੱਕ ਇੱਕ ਸਮੁੰਦਰੀ ਜਹਾਜ਼ ਵਿੱਚ ਫਰਸ਼ ਤੇ ਲੰਮੇ ਪੈ ਇੱਕ ਹੀ ਨਿੱਕਰ ਵਿੱਚ ਸਫਰ ਕੀਤਾ । ਉਸ ਲਈ ਕਿੰਨਾ ਜਰੂਰੀ ਹੋ ਗਿਆ ਆਪਣੀਆਂ ਜੜ੍ਹਾਂ ਨੂੰ ਜਾਨਣਾ ਤੇ ਆਪਣੀ ਤਹਜ਼ੀਬ ਤੇ ਇਤਿਹਾਸ  ਨੂੰ ਸਮਝਣਾ  । ਕੁਝ ਇਸ ਤਰ੍ਹਾਂ ਦਾ ਸ਼ੌਕ ਸੰਧੂ ਸਾਹਿਬ ਜੀ ਨੂੰ ਵੀ ਹੈ , ਤੇ ਫਿਰ ਉਨ੍ਹਾਂ ਨੇ ਬੜੇ ਚਾਅ ਨਾਲ ਆਪਣੀ ਫੈਮਲੀ ਟਰੀ ਕੰਪਿਉਟਰ ਤੇ ਦਿਖਾਈ । ਤੇ ਅੱਜ ਕਲ ਸਾਡੇ ਬੱਚੇ ਪੰਜਾਬੀ ਕਹਾਉਣ ਵਿਚ ਹੀ ਸ਼ਰਮ ਸਮਝਦੇ ਨੇ ਤੇ ਅਕਸਰ ਮੈਂ ਮਾਵਾਂ ਨੂੰ ਦੇਖਿਆ ਹੈ ਕਿ ਉਹ ਬਹੁਤ ਟੋਹਰ ਨਾਲ ਕਹਿਣਾ ਪਸੰਦ ਕਰਦੀਆਂ ਹਨ ਕਿ ਉਨ੍ਹਾਂ ਦਾ ਬੱਚਾ ਸਿਰਫ, ਅੰਗ੍ਰੇਜ਼ੀ , ਉਰਦੂ ਜਾਂ ਹਿੰਦੀ ਹੀ ਬੋਲਣਾ ਜਾਣਦਾ  ਹੈ ।
ਇਸ ਕਾਲਮ ਦੀ ਭਾਵੇਂ ਮੈਂ ਸਾਰੀ ਨੁਹਾਰ ਘੜ੍ਹ ਲਈ ਸੀ ਪਰ ਫਿਰ ਵੀ ਮੇਰੇ ਪਿਛਲੇ ਕਾਲਮ ਨੇ ਆਸਿਫ਼ ਜੀ ਦੇ ਹੱਥ ਵਿੱਚ ਇੱਕ ਨਵਾਂ ਸੁਆਲ ਫੜ੍ਹਾ ਦਿੱਤਾ ਸੀ – ਕਹਿੰਦੇ , ” ਗੁੱਲੂ ! ਮੈਂ ਸੰਧੂ ਸਾਹਿਬ ਜੀ ਨੂੰ ਮਿਲਿਆ , ਉਨ੍ਹਾਂ ਨਾਲ ਗੱਲਾਂ ਵੀ ਕੀੱਤੀਆਂ ਤੇ ਉਹ ਸਾਰੀਆਂ ਜ਼ਾਤ ਪਾਤ , ਮਜ਼ਹਬੀ ਵੰਡਾਂ ਤੋਂ ਉੱਪਰ ਹੋ ਕੇ ਸੋਚਣ ਵਾਲੇ ਇਨਸਾਨ ਨੇ , ਫਿਰ ਉਹ ਅੰਮ੍ਰਿਤ ਛੱਕਣ ਵਾਲੇ ਤੇ ਨਿੱਤ ਨੇਮ ਦੀ  ਪਾਬੰਦੀ ਕਰਨ ਵਾਲੇ ਕੱਟੜ ਸਿੱਖ ਤੋਂ ਹੁਣ ਵਾਲੇ ਇਨਸਾਨ ਕਿਵੇਂ ਬਣੇ , ਕਿਹੜੀ ਚੀਜ਼ ਨੇ ਉਨ੍ਹਾਂ ਨੂੰ ਇੰਨਾਂ ਬਦਲਤਾ ? ” ਸੁਆਲ ਤਾਂ ਉਨ੍ਹਾਂ ਦਾ ਠੀਕ ਸੀ – ਤੇ ਇਹ ਸੁਆਲ ਮੈਂ ਆਪਣੇ ਖਿਆਲਾਂ  ਵਿੱਚ ਪੁੱਠਾ ਸਿੱਧਾ ਕਰ ਸੋਚਦੀ ਰਹੀ ਕਿ ਕੀ  ਹੋ ਸਕਦਾ ਹੈ ਜਿਸ ਨੇ ਉਨ੍ਹਾਂ ਨੂੰ ਇੰਨਾ ਬਦਲ ਦਿੱਤਾ  ਹੈ , ਭਾਵੇਂ  ਵਕ਼ਤ ਨਾਲ ਅਸੀਂ ਸਾਰੇ ਬਦਲਦੇ ਹਾਂ । ਤੇ ਇਸ ਤਰ੍ਹਾਂ ਅੱਜ ਮੈਂ ਇਹ ਸੁਆਲ ਲਈ ਹੋਈ  ਨੇ  ਉਨ੍ਹਾਂ ਦੇ ਬੂਹੇ ਦਸਤਕ ਦਿੱਤੀ । ਆਥੱਣ ਦਾ ਵੇਲਾ , ਸੂਰਜ ਡੁੱਬਣ ਵਾਲਾ,  ਤੇ ਸਕੂਲੋਂ ਆਓਂਦੀ ਹੋਈ ਨਿੱਕੇ ਨਿੱਕੇ ਕੰਮ ਕਰਦੀ  , ਮੈਂ ਆਪਣੇ ਘਰ ਜਾਣ ਦੀ  ਥਾਂ ਉਨ੍ਹਾਂ ਦੇ ਘਰ ਸਿੱਧੀ ਚਲੀ ਗਈ । ਰਸਤੇ ਵਿੱਚ ਬੇਤਹਾਸ਼ਾ ਟ੍ਰੈਫਿਕ , ਰਾਹ  ਵਿੱਚ ਕਿੰਨੀ ਵੇਰ ਮਨ ਵਿੱਚ ਆਇਆ ਵੀ ਕਿ ਮੈਂ ਘਰ ਵਾਪਿਸ ਮੁੜ ਜਾਵਾਂ , ਦੇਰ ਹੋ ਗਈ ਹੈ ਕਦੀ ਫਿਰ ਜਾ ਆਵਾਂਗੀ । ਪਰ ਆਖਰ ਕਰ ਉਧੇੜ ਬੁਣ ਵਿੱਚ ਪਈ ਆਪਣੇ ਖਿਆਲਾਂ ਵਿੱਚ ਗੁੰਮ ਤੇ  ਸੋਚਦੀ  ਸੋਚਦੀ  ਉਨ੍ਹਾਂ ਦੇ ਘਰ ਪਹੁੰਚ  ਹੀ ਗਈ,  ਕਿ ਕੰਮ ਤਾਂ ਰੋਜ਼ ਹੀ ਹੁੰਦੇ ਹਨ ਤੇ ਕੁਝ ਪਲਾਂ ਬਾਅਦ ਜਿਸ ਕਮਰੇ ਵਿੱਚ ਉਹ ਅਕਸਰ ਬੈਠਦੇ ਨੇ ,   ਉਨ੍ਹਾਂ ਦੀ ਉਸ ਕਮਰੇ ਦੀ ਬਾਰੀ ਮੂਹਰੇ ਖੜ੍ਹੀ ਉਸ ਨੂੰ ਮੈਂ ਹੋਲੀ ਜਿਹੀ ਠਕੋਰ ਰਹੀ ਸੀ । ਉਹ ਉੱਠਣ ਵੀ  ਲੱਗੇ ਬੂਹਾ ਖੋਲ੍ਹਣ ਲਈ ਪਰ ਉਸ ਤੋਂ ਪਹਿਲਾਂ ਹੀ ਵਿੰਕਲ ਨੇ ਮੇਨੂੰ ਬੂਹਾ ਖੋਲ੍ਹ  ਹੋਲੀ ਜਿਹੇ ਮੁਸਕਰਾਦਿਂਆ ‘ ਹੇੱਲੋ’  ਆਖੀ । ਕੁਝ ਪਲ ਨਿੱਕੇ ਅਰਮਾਨ ਨਾਲ ਦੁਆ ਸਲਾਮ ਤੇ ਲਾਡ ਕਰ ਮੈਂ ਸੰਧੂ ਜੀ ਦੇ ਕਮਰੇ ਵਿੱਚ ਪੁੱਜੀ ਤੇ ਉਨ੍ਹਾਂ ਸਾਹਮਣੇ ਆਸਿਫ਼ ਜੀ ਦਾ ਸੁਆਲ ਧਰ ਦਿੱਤਾ ।
ਹੱਸ ਕੇ ਕਹਿੰਦੇ , ” ਹਾਂ ! ਗੁਲਸ਼ਨ ਜਦ ਮੈਂ ਅੱਠਵੀਂ ਨੌਵੀੰ ਵਿੱਚ ਅੰਮ੍ਰਿਤ ਛੱਕਿਆ ਤੇ ਡੇਢ ਤੇ ਦੋ  ਫੁੱਟ ਕਿਰਪਾਨ ਵੀ ਬਹੁਤ ਦੇਤ ਤੱਕ ਪਾਈ ਰੱਖੀ ਤੇ  ਪੰਜ ਕਕਾਰ ਰਖਣੇ ਸ਼ੁਰੂ ਕੀਤੇ ਤਾਂ ਬਹੁਤ ਪੱਕਾ ਸੀ , ਨਿਤ ਨੇਮ ਕਰਨਾ, ਗੁਰਬਾਣੀ ਦਾ ਪਾਠ ਕਰਨਾ , ਸਗੋਂ ਇੰਨੀ ਚੰਗੀ ਤਰ੍ਹਾਂ ਕਰਨਾ ਕਿ ਮੈਂ  ਅਸਲੀ ਪਾਠੀਆਂ ਦੀ ਇੱਕ ਤਰ੍ਹਾਂ ਛੁੱਟੀ ਹੀ ਕਰ ਦਿੱਤੀ ਸੀ । ਕਛਿਹਰੇ ਬਾਰੇ ਪੂਰੀ ਮਰਿਆਦਾ ਰੱਖਦਾ ਸੀ ਇੱਕ ਪਾਸੇ ਤੋਂ ਹੀ ਲਾਹ ਕੇ ਨਵਾਂ ਪਾ ਕੇ ਦੂਸਰੇ ਪਾਸੇ ਤੋਂ ਲਾਹੁਣਾ । ਪੂਰਾ ਸਿਦਕ ਰੱਖਿਆ । ” ਉਨ੍ਹਾਂ ਨੇ ਗੁਰਬਾਣੀ ਦਾ ਪਾਠ ਬਹੁਤ ਕੀਤਾ ਹੈ ਉਸ ਉਮਰ ਵਿੱਚ । ਦਸਦੇ ਸਨ ਕਿ ਉਹ ਜਪੁਜੀ ਸਾਹਿਬ ਜੀ ਦਾ ਪਾਠ ਸਿਰਫ ਅੱਠ  ਮਿੰਟਾਂ ਵਿਚ ਕਰ ਲੈਂਦੇ ਸਨ । ਫਿਰ ਮੇਨੂੰ ਸਮਝਾਉਣ ਲੱਗੇ ਕਿ ਵੈਸੇ ਤਾਂ ਆਮ ਲੋਕ ਉਨ੍ਹਾਂ ਦਿਨਾਂ ਵਿੱਚ ਸਹਿਜ ਪਾਠ ਹੀ ਜਿਆਦਾ ਕਰਿਆ ਕਰਦੇ ਸਨ – ਅਖੰਡ ਪਾਠ ਤਾਂ ਕੋਈ ਕੋਈ ਹੀ ਕਦੇ ਹੀ ਕਰਦਾ ਸੀ ਤੇ ਉਹ ਪਾਠ ਕਰਨ ਲਈ ਖਾਸ ਲੋਕ ਹੀ ਹੁੰਦੇ ਸਨ –  ਤੇ ਫਿਰ ਅਖੰਡ ਪਾਠ ਦੇ ਨਾਲ ਲੋਕ ਜਪੁ ਜੀ  ਸਾਹਿਬ ਦਾ ਪਾਠ ਵੀ ਨਾਲ ਨਾਲ  ਕਰਿਆ ਕਰਦੇ ਸਨ , ਇਸ ਦਾ ਮਤਲਬ ਇਹ ਹੁੰਦਾ ਸੀ ਕਿ ਪਾਠ ਅਖੰਡ ਹੋਵੇ ਤੇ ਜੋ ਗੁਰੂ ਗਰੰਥ ਸਾਹਿਬ ਦਾ  ਪਾਠ ਕਰਨ ਵੇਲੇ ਵਿੱਚ ਵਿੱਚ ਖਾਲੀ ਥਾਂ ਜਾਂ ਫਾਸਲਾ ਰਹਿ ਜਾਂਦਾ ਸੀ ,  ਇੱਕ ਸ਼ਬਦ ਤੋਂ ਦੂਜੇ  ਸ਼ਬਦ ਤੱਕ – ਜਾਂ ਇੱਕ ਸਾਹ ਲੈਣ ਤੋਂ ਦੂਜੇ ਸਾਹ ਲੈਣ ਤੱਕ , ਤਾਂ ਮਤਲਬ ਸੀ ਕਿ ਉਸ  ਗੈਪ ਨੂੰ ਜਪੁ ਜੀ ਸਾਹਿਬ ਦੇ ਪਾਠ  ਨਾਲ ਪੂਰਾ ਕੀਤਾ ਜਾ  ਰਿਹਾ ਹੈ ਸੋ ਇਸ ਤਰ੍ਹਾਂ ਦਾ  ਇੱਕ ਅਖੰਡ ਪਾਠ ਦਾ ਕੋਨਸੈਪਟ ਸੀ , ਬਿਨ  ਰੋਕ ਟੋਕ ਦੇ ਲਗਾਤਾਰ ਪਾਠ । ਜੋ ਬੱਚੇ ਜਾਂ ਪਾਠੀ ਜਪੁ ਜੀ ਸਾਹਿਬ ਦਾ ਪਾਠ ਕਰਦੇ ਜਾਂ ਪਾਠ ਦੇ ਨਾਲ ਨਾਲ ਲਗਾਤਾਰ ਧੂਫ ਜਗਾਈ ਰੱਖਦੇ , ਉਨ੍ਹਾਂ ਨੂੰ ਧੂਫੀਏ ਆਖਦੇ ਸਨ । ਜੋ ਪਾਠੀ ਉਨ੍ਹਾਂ ਦਿਨ ਵਿੱਚ ਹੁੰਦੇ ਸਨ , ਉਹ ਕੋਈ ਬਹੁਤਾ ਪੜ੍ਹੇ ਲਿਖੇ ਨਹੀਂ ਹੁੰਦੇ ਸਨ , ਸਕੂਲ ਦੀ ਕੋਈ ਪੜ੍ਹਾਈ ਉਨ੍ਹਾਂ ਕੋਲ ਨਹੀਂ ਹੁੰਦੀ ਸੀ । ਬਸ ਉਨ੍ਹਾਂ ਗੁਰਦੁਆਰੇ ਹੀ ਹੋਰਨਾ ਪਾਠੀਆਂ ਤੋਂ ਪਾਠ ਕਰਨਾ ਸਿੱਖਿਆ ਹੁੰਦਾ ਸੀ । ਦਸਦੇ ਸਨ ਕਿ ਲੋਕ ਬਹੁਤੀ ਵੇਰ ਕੁੜੀਆਂ ਨੂੰ ਵੀ ਇਨ੍ਹਾਂ ਸਕੂਲਾਂ ਵਿੱਚ ਪਾਠ ਸਿੱਖਣ ਲਈ ਭੇਜ ਦਿੰਦੇ ਸਨ । ਮੇਨੂੰ ਯਾਦ ਹੈ ਕਿ ਮੇਰੀ ਨਾਨੀ ਦਸਦੀ ਹੁੰਦੀ ਸੀ ਕਿ ਉਸ ਨੇ ਵੀ ਗੁਰਦੁਆਰੇ ਤੋਂ ਹੀ ਪੰਜਾਂ ਬਾਣੀਆਂ ਦਾ ਪਾਠ ਕਰਨਾ ਸਿੱਖਿਆ ਸੀ , ਉਸ ਨੂੰ ਸਾਰੇ ਪਾਠ ਮੂੰਹ ਜ਼ੁਬਾਨੀ ਵੀ ਯਾਦ ਸਨ ਤੇ ਗੁਟਕੇ ਤੋਂ ਵੀ ਕਰ ਲਿਆ ਕਰਦੀ ਸੀ  । ਬਸ ਇਸ ਤਰ੍ਹਾਂ ਉਹ ਸਿਰਫ  ਪਾਠ ਹੀ ਪੜ੍ਹ ਸਕਦੀ ਸੀ , ਜੇ ਅਸੀਂ ਕੋਈ ਗੁਰਮੁਖੀ ਵਿੱਚ ਛਪੀ ਕਿਤਾਬ  ਜਾਂ ਅਖਬਾਰ ਉਸ ਦੇ ਮੂਹਰੇ ਕਰ ਕੇ ਉਸ ਨੂੰ ਪੜ੍ਹਨ ਲਈ ਆਖਣਾ ਤਾਂ ਉਸ ਨੇ ਕਹਿਣਾ, ” ਨਹੀਂ,  ਮੇਨੂੰ ਨਹੀਂ ਆਓਂਦਾ ਇਸ ਤਰ੍ਹਾਂ ਪੜ੍ਹਨਾ । ”  ਅਸੀਂ ਉਸ ਤੇ ਹੱਸਣਾ ਵੀ ਤੇ ਨਾਲੇ ਹੈਰਾਨ ਹੋਣਾ ਕਿ ਕਿਵੇਂ ਉਹ ਪਾਠ ਪੜ੍ਹ ਲੈਂਦੀ ਹੈ ਪਰ ਕੁਝ ਹੋਰ ਨਹੀਂ ਪੜ੍ਹ ਸਕਦੀ ਸੀ । ਇਹ ਹੈਰਾਨੀ ਮੇਨੂੰ ਹੁਣ ਤੱਕ ਹੈ   । ਸੋ ਸੰਧੂ ਸਾਹਿਬ ਜੀ ਨੇ ਵੀ ਮੇਨੂੰ ਇਹੀ ਦੱਸਿਆ ਕਿ ਲੋਕ ਬਸ ਗੁਰਦੁਆਰੇ ਵਿਚੋਂ ਹੀ ਪਾਠ ਪੜ੍ਹਨਾ ਸਿਖ ਕੇ  ਪ੍ਰੋਫੈਸਨਲ ਪਾਠੀ ਬਣ ਜਾਂਦੇ ਸਨ ।
ਮੈਂ ਸੋਚਣ ਲੱਗ ਪਈ ਕਿ ਸ਼ਾਇਦ ਇਹ ਕਾਰਨ ਸੀ ਸਾਡੇ ਗ੍ਰੰਥੀ ਲੋਕ ਚਰਚ ਦੇ ਪਾਦਰੀਆਂ ਮੁਕਾਬਲੇ  ਜਿਆਦਾ ਪੜ੍ਹੇ ਲਿਖੇ ਲੋਕ ਨਹੀਂ ਹੁੰਦੇ । ਜਦੋਂ ਕਿ ਚਰਚ ਦੇ ਪਾਦਰੀ  ਕਈ ਕਈ ਵਰ੍ਹਿਆਂ ਦੀ ਖਾਸ ਪੜ੍ਹਾਈ ਕਰਦੇ ਹਨ . ਬਕਾਇਦਾ ਇਮਤਿਹਾਨ ਪਾਸ ਕਰਦੇ ਹਨ ਤੇ ਅੱਡ ਅੱਡ ਕਿਸਮਾਂ ਦੀ ਪੜ੍ਹਾਈ ਕਰਦੇ ਹੋਏ , ਤਾਂ ਕਿਤੇ ਜਾ ਕੇ ਫ਼ਾਦਰ ਜਾਂ ਪਰੀਸਟ ਬਣਦੇ ਹਨ । ਇਹ  ਸਾਡੇ ਸਿੱਖ ਧਰਮ ਵਿੱਚ ਇੱਕ ਵੱਡੀ ਘਾਟ ਹੈ । ਬੁੱਧ ਤੇ ਜੈਨ ਧਰਮ ਵਿੱਚ ਵੀ  ਉਨ੍ਹਾਂ ਦੇ ਧਾਰਮਿਕ ਗ੍ਰੰਥੀ ਕਾਫੀ  ਪੜ੍ਹਾਈ ਕਈ ਕਈ ਵਰ੍ਹਿਆਂ ਤੱਕ ਕਰਦੇ ਹਨ । ਬਲਕਿ ਉਨ੍ਹਾਂ ਨੂੰ ਵੀ  ਬਹੁਤ ਕੁਝ ਪੜ੍ਹਾਇਆ ਤੇ ਸਿਖਾਇਆ  ਜਾਂਦਾ ਹੈ । ਤੇ ਜਿੱਥੇ ਚਰਚ ਵਿੱਚ ਇੱਕ ਪਾਦਰੀ ਬੇਹੱਦ ਪਿਆਰ ਨਾਲ ਤੁਹਾਡੇ ਨਾਲ  ਗੱਲ ਕਰਦਾ ਹੈ ਤਾਂ ਗੁਰਦੁਆਰੇ ਵਿੱਚ ਇੱਕ ਗ੍ਰੰਥੀ ਮਾੜੀ ਜਿਹੀ ਸਿਰ ਤੋਂ ਚੁੰਨੀ ਲਹਿ ਜਾਣ ਤੇ ਭੱਜ ਕੇ ਤੁਹਾਡੇ ਗੱਲ ਪੈਂਦਾ ਹੈ । ਮੇਰਾ ਇੱਕ ਬੜਾ ਹੀ ਭੈੜਾ ਤਜਰਬਾ ਹੈ । ਗਰਮੀ ਦੀਆਂ ਛੁੱਟੀਆਂ ਵਿੱਚ ਇੱਕ ਵਾਰੀ ਅਸੀਂ ਆਪਣੀਆਂ ਭਤੀਜੀਆਂ ਨੂੰ ਕੈੰਪ ਲਾਉਣ ਲਈ  ਭੇਜ ਦਿੱਤਾ, ਪਰ ਉਸ ਕੈੰਪ ਤੋਂ ਬਾਦ ਉਨ੍ਹਾਂ ਨੇ ਗੁਰਦੁਆਰਾ ਹੀ ਜਾਣਾ ਬੰਦ ਕਰ ਦਿੱਤਾ ਕਿਓਂ ਕਿ ਉਥੇ ਉਨ੍ਹਾਂ ਦਾ ਇੰਨਸਟਰਕਟਰ ਚੌਂਕੜੀ ਨਾ ਮਾਰ ਸਕਣ ਤੇ ਜਾਂ ਮਾੜੀ ਜਿਹੀ ਚੁੰਨੀ ਲਹਿ ਜਾਣ ਤੇ ਇੰਨੀ ਬੂਰੀ ਤਰ੍ਹਾਂ ਉੱਚੀ ਬੋਲ ਕੇ ਮਗਰ ਪੈਂਦਾ ਸੀ  ਕਿ ਜੋ ਮੇਰੀਆਂ ਭਤੀਜਿਆਂ ਹਰ ਹਫਤੇ ਭੱਜ  ਕੇ ਚਾਅ ਨਾਲ ਜਾਂਦੀਆਂ ਸਨ ਉਹ ਕਿੰਨੇ ਸਾਲ ਹੀ ਗੁਰਦੁਆਰੇ ਨਹੀਂ ਗਈਆਂ,  ਹੁਣ ਥੋੜ੍ਹਾ ਵੱਡੀਆਂ ਹੋ ਗਈਆਂ ਨੇ ਤੇ ਕੁਝ ਸਮਝ ਆ ਗਈ ਹੈ ਗੱਲਾਂ ਦੀ , ਤਾਂ ਉਨ੍ਹਾਂ ਨੇ ਹੁਣ ਗੁਰਦੁਆਰੇ ਜਾਣਾ ਸ਼ੁਰੂ ਕੀਤਾ ਹੈ ਪਰ ਅੱਜੇ ਵੀ ਉਹ ਡਰਦੀਆਂ ਹੀ ਰਹਿੰਦੀਆਂ ਨੇ ਕਿ ਕੋਈ ਉਨ੍ਹਾਂ ਦੇ ਮਗਰ ਹੀ ਨਾ ਪੈ ਜਾਏ ।  ਹਾਲਾਂਕਿ ਸਾਡੇ ਧਰਮ ਵਿੱਚ ਲੋਕਾਂ ਦਾ ਦਿਲ ਦੂਜਿਆਂ ਦੇ ਮੁਕਾਬਲੇ ਵਿੱਚ ਬਹੁਤ ਵੱਡਾ ਹੁੰਦਾ ਹੈ , ਸਿੱਖ ਧਰਮ ਹੀ ਸ਼ਾਇਦ ਇੱਕੋ ਇੱਕ ਧਰਮ  ਹੈ ਜੋ ਕਿਸੇ ਨੂੰ ਆਪਣਾ ਧਰਮ ਬਦਲਣ ਲਈ ਨਹੀਂ ਆਖਦਾ ਜਦ ਕੇ ਦੂਜੇ ਧਰਮਾਂ ਦੇ ਲੋਕ ਕਿਸ ਤਰ੍ਹਾਂ ਤੁਹਾਡਾ ਧਰਮ ਤੁਹਾਥੋਂ ਖੋਹ ਕੇ ਆਪਣਾ ਧਰਮ ਤੁਹਾਡੇ ਤੇ ਠੋਸਣਾ ਚਾਹੁੰਦੇ ਹਨ ਤੇ ਇਸ ਤਰ੍ਹਾਂ ਦਾ ਜੋਰ ਜ਼ਬਰ ਕਰ ਜਾਂ ਹੋਰ ਕਿਸਮਾਂ ਦੇ ਲਾਲਚ ਦੇ ਕਰਦੇ ਵੀ ਆਏ ਹਨ   । ਭਾਵੇਂ ਮੇਨੂੰ ਆਪਣਾ ਸਿੱਖ ਹੋਣਾ ਹੀ ਚੰਗਾ ਲੱਗਦਾ ਹੈ , ਕੁਝ ਹੋਰ ਨਹੀਂ ; ਪਰ ਕੁਝ ਗੱਲਾਂ ਤੇ ਸਾਨੂੰ ਜਰੂਰ ਲੋਜੀਕਲੀ ਸੋਚਣਾ ਚਾਹੀਦਾ ਹੈ । ਬਾਕੀ ਦੁਨੀਆ ਵਿੱਚ ਤਾਂ ਮੇਨੂੰ ਪਤਾ ਨਹੀਂ ਪਰ ਮੇਰੇ ਸ਼ਹਿਰ  ਵਿੱਚ ਜੇ  ਤੁਹਾਡੇ ਗੋਡੇ ਦੁਖਦੇ ਹਨ, ਤੁਸੀਂ ਝੁੱਕ ਕੇ ਬੈਠ ਨਹੀਂ ਸਕਦੇ ਫਰਸ਼ ਤੇ,  ਤਾਂ ਤੁਸੀਂ ਗੁਰਦੁਆਰੇ ਨਹੀਂ ਜਾ ਸਕਦੇ , ਭਾਵੇਂ ਫਰੀਮੋਂਟ ਦਾ ਗੁਰਦੁਆਰਾ ਮੇਨੂੰ ਆਲੇ ਦੁਆਲੇ ਦੇ ਗੁਰਦੁਆਰਿਆਂ ਵਿਚੋਂ ਸਭ ਤੋਂ ਪਸੰਦ ਹੈ ਪਰ ਦੁੱਖ ਹੁੰਦਾ ਹੈ ਇਹ ਜਾਣ ਕੇ  ਕਿ ਮੇਰੀ ਮੰਮੀ ਨੂੰ ਕੋਈ ਹੱਕ ਨਹੀਂ ਗੁਰੂ ਘਰ ਜਾਣ ਦਾ ,  ਕਿਓਂ ਕੀ ਹੁਣ ਉਸ ਦੇ ਗੋਡਿਆਂ ਨੇ ਜੁਆਬ ਦੇ ਦਿੱਤਾ ਹੈ । ਮੇਰੇ ਮਮ ਵਰਗੇ ਕਿੰਨੇ ਹੀ ਲੋਕ ਹਨ ਜੋ ਗੁਰੂ ਘਰ ਆਓਣਾ ਚਾਹੁੰਦੇ ਹਨ ਪਰ  ਬੈਠਣ ਦੀ ਤਕਲੀਫ਼ ਸਦਕਾ ਇੱਕ ਜੇਲ ਵਰਗੀ ਜ਼ਿੰਦਗੀ ਜਿਓਣ ਲਈ ਮਜਬੂਰ ਹੋ ਜਾਂਦੇ ਹਨ ।
ਆਸਿਫ਼ ਜੀ ਦੇ ਸੁਆਲ ਦੇ ਜੁਆਬ ਵਿਚ  ਗੱਲ ਨੂੰ ਅੱਗੋਂ ਤੋਰਦਿਆਂ ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਪੜ੍ਹਨ ਦੇ ਸ਼ੌਕ ਨੇ ਤੇ ਸਾਇੰਸ ਵਿੱਚ ਦਿਲਚਸਪੀ ਨੇ ਉਨ੍ਹਾਂ ਦੀ ਸੋਚ ਵਿੱਚ ਬਹੁਤ  ਤਬਦੀਲੀ ਲਿਆ ਦਿੱਤੀ ਸੀ  । ਫਿਰ ਮੇਰੀ ਪਿਛਲੇ ਕਾਲਮ ਦੀ ਇੱਕ ਗਲਤੀ ਫੜਦਿਆਂ ਉਨ੍ਹਾਂ ਆਖਿਆ ਕਿ ‘ ਪੰਜ ਦਰਿਆ ‘ ਮੈਗਜ਼ੀਨ ਪਿਆਰਾ ਸਿੰਘ ਪਦਮ ਨਹੀਂ ਕੱਢਦਾ ਸੀ ,  ਬਲਕਿ ਇਹ ਮੈਗਜ਼ੀਨ ਪ੍ਰੋਫ਼ੈਸਰ ਮੋਹਨ ਸਿੰਘ ਜੀ ਦਾ ਸੀ , ਇਸ ਵਿੱਚ ਹੀ ਉਹ ਪਿਆਰਾ ਸਿੰਘ ਪਦਮ ਦੇ ਲਿਖੇ ਲੇਖ ਪੜ੍ਹਿਆ ਕਰਦੇ ਸਨ , ਉਨ੍ਹਾਂ ਦੱਸਿਆ ਕਿ ਉਨ੍ਹਾਂ ਦਿਨਾਂ ਵਿਚ  ਮੋਹਨ ਸਿੰਘ ਜੀ ਆਪਣੇ ਨਾਂ ਮਗਰ ‘ ਮਾਹਰ ‘ ਲਾਓੰਦੇ ਸਨ । ਪਿਆਰਾ ਸਿੰਘ ਪਦਮ ਦਾ ਇੱਕ ਲੇਖ ਸੀ  ” ਆਦਿ ਜਨਮ ਸਾਖੀ ਵਿੱਚ ਅਤਿ ਕਥਨੀ ” , ਇਸ ਦਾ ਉਨ੍ਹਾਂ ਤੇ ਬਹੁਤ ਅਸਰ ਪਿਆ , ਤੇ ਫਿਰ ਪ੍ਰੀਤ ਲੜ੍ਹੀ ਦਾ ਵੀ ਬਹੁਤ ਅਸਰ ਸੀ । ਪ੍ਰੀਤ ਲੜ੍ਹੀ ਜੋ 1935 ਦੇ ਲਗਭਗ ਸ਼ੁਰੂ ਹੋਇਆ ਸੀ , ਇਸ ਦੇ ਐਡੀਟਰ  ਗੁਰਬਖ਼ਸ਼ ਸਿੰਘ ਜੀ  ਨੇ ਪੰਜਾਬੀ ਸਾਹਿਤ ਤੇ  ਇੱਕ ਪੂਰੀ ਸਦੀ  ਅਸਰ ਪਾਇਆ । ਉਨ੍ਹਾਂ ਕਰਕੇ ਹੀ ਸਾਡੀ  ਨਾਨਕ ਸਿੰਘ , ਬਲਵੰਤ ਗਾਰਗੀ , ਬਲਰਾਜ ਸਾਹਨੀ , ਸ਼ਿਵ ਕੁਮਾਰ , ਅੰਮ੍ਰਿਤਾ ਪ੍ਰੀਤਮ , ਜਸਵੰਤ ਕੰਵਲ ਤੇ ਹੋਰ ਬਹੁਤ ਲਿਖਾਰੀਆਂ ਨਾਲ  ਪਹਿਲੀ ਵੇਰ ਮੁਲਾਕਾਤ ਹੋਈ । ਖੂਬਸੂਰਤ ਤੋਂ ਖੂਬਸੂਰਤ ਲਫਜਾਂ ਨਾਲ ਸਾਡੀ ਦੋਸਤੀ ਗੁਰਬਖ਼ਸ਼ ਸਿੰਘ ਜੀ ਨੇ ਕਰਵਾਈ , ਉਨ੍ਹਾਂ ਨੇ ਸਿਰਫ ਸਾਨੂੰ ਇੱਕ ਸੁੰਦਰ ਦਿਲਖਿਚੱਵੀਂ ਬੋਲੀ ਹੀ ਨਹੀਂ ਦਿੱਤੀ ਬਲਕਿ ਸਾਨੂੰ ਇੱਕ ਸੋਹਣੀ ਜਿੰਦਗੀ ਜਿਓਣ ਦੀ ਸੇਧ ਤੇ ਜਾਚ ਵੀ ਸਿਖਾਈ  । ਲਫਜਾਂ ਦੇ ਜਾਦੂਗਰ , ਸੁਹਣੀ ਲਿਖਤ ਦੇ ਬਾਦਸ਼ਾਹ  ਸਨ ਉਹ , ਤੇ ਸਾਨੂੰ  ਉਨ੍ਹਾਂ ਨੇ ਮੁਹੱਬਤ ਬਾਰੇ ਇੱਕ ਬੇਹੱਦ ਸੋਹਣਾ ਤੇ ਨਵਾਂ ਨਜ਼ਰੀਆ ਦਿੱਤਾ । ਸੰਧੂ ਜੀ ਇਸ ਗੱਲ ਨੂੰ ਮੰਨਦੇ ਹਨ ਕਿ ਵਾਰਤਕ ਲੇਖਣੀ ਦੇ ਗੁਰਬਖ਼ਸ਼ ਸਿੰਘ ਜੀ ਪਿਤਾਮਾ ਸਨ , ਸਾਰਿਆਂ ਨੇ ਵਾਰਤਿਕ ਨੂੰ ਸੋਹਣੇ ਢੰਗ ਨਾਲ ਲਿਖਣ ਦੀ ਕਲਾ  ਉਨ੍ਹਾਂ ਤੋਂ ਹੀ ਸਿੱਖੀ । ਸੰਧੂ ਸਾਹਿਬ ਜੀ ਨੇ ਉਨ੍ਹਾਂ ਦੇ ਸਾਵੀਂ ਤੇ ਪੱਧਰੀ ਜਿੰਦਗੀ ਬਾਰੇ ਸਾਰੇ ਲੇਖ ਪ੍ਰੀਤ ਲੜ੍ਹੀ ਵਿੱਚ ਹੀ ਪੜ੍ਹੇ । ਪ੍ਰੀਤ ਲੜ੍ਹੀ ਦਾ ਪੰਜਾਬੀ ਸਾਹਿਤ ਤੇ ਅਸਰ ਤੋਂ ਬਿਨਾ ਹੋਰ ਅਸਰ ਉਸ ਵੇਲੇ ਦੀ ਰਾਜਸੀ ਸੋਚ ਤੇ  ਪਿਆ , ਤੇ 47 ਤੋਂ ਪਹਿਲਾਂ ਆਜ਼ਾਦੀ ਦੀ ਲੜਾਈ ਲਈ ਕੀਤੀ ਜਾ ਰਹੀ  ਮੁਹਿੰਮ ਤੇ ਵੀ ਪਿਆ । ਸੱਚ ਤਾਂ ਇਹ ਹੈ ਕਿ ਉਸ ਦਹਾਕੇ ਦਾ ਇਤਿਹਾਸ , ਖਾਸ ਕਰ ਕੇ ਪੰਜਾਬ ਦਾ ਤੇ ਪੰਜਾਬੀ ਦਾ ਇਤਿਹਾਸ ਦਾ ਪ੍ਰੀਤ ਲੜ੍ਹੀ  ਦੇ ਇਤਿਹਾਸ ਤੋਂ ਬਿਨਾ ਪੂਰਾ ਨਹੀਂ ਹੁੰਦਾ , ਇਹ ਮੇਰੀ ਸੋਚ ਹੈ । ਸੋ ਕਿਸੇ ਵੇਲੇ 45 – 46 ਵਿੱਚ ਫੌਜ਼ ਵਿੱਚ ਪ੍ਰੀਤ ਲੜ੍ਹੀ ਨੂੰ  ਪੜ੍ਹਨ ਤੇ ਬੈਨ ਲੱਗ ਗਿਆ । ਇਸ ਲਈ ਕਿ ਇਸ ਦੀ ਕਮਿਉਨਸਟ ਸੋਚ ਸੀ । ਸੰਧੂ ਜੀ ਇਹ ਵੀ ਦਸਦੇ ਹਨ ਕਿ ਇੰਨਾਂ ਰਿਸਾਲਿਆਂ ਵਿੱਚ ਜੋ ਲੇਖ ਛਪਦੇ ਸਨ , ਉਨ੍ਹਾਂ ਦੀ ਸੋਚ ਨਵੀਂ ਤੇ ਸਾਇੰਟੀਫੈਕਟ ਸੀ , ਤੇ ਇਹ ਲੋਕ ਧਰਮ ਨੂੰ ਹੋਰ ਪੱਖ ਤੋਂ ਦੇਖਦੇ ਸਨ । ਇਸ ਤਰ੍ਹਾਂ ਉਨ੍ਹਾਂ ਦੀ ਸੋਚ ਵਿਚ ਹੌਲੀ ਹੌਲੀ 180 ਡਿਗਰੀ ਦਾ ਮੋੜ ਆ ਗਿਆ । ਉਮੀਦ ਹੈ ਕਿ ਆਸਿਫ਼ ਜੀ ਨੂੰ ਆਪਣੇ ਸੁਆਲ ਦਾ ਜੁਆਬ ਮਿਲ ਗਿਆ ਹੋਵੇਗਾ । ਪਰ ਫਿਰ ਵੀ ਸੰਧੂ ਜੀ ਗੁਰੂ ਨਾਨਕ ਦੇਵ  ਜੀ ਨੂੰ ਸਾਇੰਸ ਦੇ ਸਭ ਤੋਂ ਕਰੀਬ ਸਮਝਦੇ  ਹਨ ।
ਉਨ੍ਹਾਂ ਨੇ ਮੇਨੂੰ ਇੱਕ ਬੜੀ ਦਿਲਚਿਸਪ ਘਟਨਾ ਸੁਣਾਈ । 1948 ਵਿੱਚ ਸੰਧੂ ਜੀ ਜੱਬਲਪੁਰ ਟਰੇਨਿੰਗ ਲੈ ਰਹੇ ਸਨ । ਇੱਕ ਲੰਮੀ ਸਾਰੀ ਬੈਰਿਕ ਵਿੱਚ ਉਹ ਹੋਰ ਜੁਆਨਾਂ ਨਾਲ ਰਹਿੰਦੇ ਸਨ । ਉਨ੍ਹਾਂ ਦਾ ਇੱਕ ਅੰਮ੍ਰਿਤਸਰ ਤੋਂ ਸਾਥੀ ਪੂਰਨ ਸਿੰਘ ਜੀ ਦੇ ਨਾਮ ਦਾ ਸੀ । ਉਸ ਨੂੰ ਵੀ ਇਨ੍ਹਾਂ ਵਾਂਗ ਪ੍ਰੀਤ ਲੜ੍ਹੀ ਪੜ੍ਹਨ ਦਾ ਸ਼ੌਕ ਸੀ ਤੇ ਉਹ ਉਸ ਨੂੰ ਉੱਥੇ ਜੱਬਲਪੁਰ  ਮੰਗਵਾ ਲੈਂਦਾ ਸੀ , ਤੇ ਸੰਧੂ ਸਾਹਿਬ ਜੀ ਵੀ ਉਸ ਕੋਲੋਂ ਲੈ ਕੇ ਪੜ੍ਹ ਲੈਂਦੇ ਸਨ । ਇਸ ਵੇਲੇ ਉਨ੍ਹਾਂ ਦਾ ਅਫਸਰ  ਕੋਈ ਕਰਨਲ ਬਹੁਤ ਹੀ ਸਖ਼ਤ ਸੁਭਾ ਦਾ ਸੀ , ਸਾਰੇ  ਫੌਜੀ ਉਸ ਤੋਂ ਬਹੁਤ ਹੀ ਦੁਖੀ ਸਨ । ਉਨ੍ਹਾਂ ਦੀ ਉਥੇ ਇੱਕ ਆਰਮਡ ਫੋਰਸਸ਼ ਲੀਗ ਹੁੰਦੀ ਸੀ । ਉਨ੍ਹਾਂ ਨੇ ਉਸ ਅਫਸਰ ਦੇ ਖਿਲਾਫ਼ ਕੁਝ ਲਿਖ ਕੇ  ਰਾਤੋ ਰਾਤ ਪਰਚੇ ਸਾਈਕਲੋਸਟਾਇਲ ਕਰ ਕੇ ਫੌਜੀਆਂ ਦੀਆਂ ਮੱਛਰਦਾਨੀਆਂ ਤੇ ਰੱਖ ਦਿੱਤੇ । ਸਵੇਰ ਨੂੰ ਜਦ ਅਫਸਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵਿੱਚ ਤਰਥੱਲੀ ਮਚ ਗਈ । ਯੂ . ਪੀ . ਦਾ ਇੱਕ ਮਿੱਠ- ਬੋਲੜਾ ਕੈਪਟਨ ਜੈਮਨੀ ਰਾਏ ਸੀ , ਉਹ ਇੱਕ ਹੋਰ ਅਫਸਰ ਨਾਲ ਤਲਾਸ਼ੀ ਲੈਣ ਆਇਆ । ਤੇ ਉਸ ਨੇ ਬਕਸੇ ਵਿੱਚ ਪ੍ਰੀਤ ਲੜ੍ਹੀ ਦੇ ਪਿਛਲੇ ਸਫੇ ਤੇ ਇੰਗਲਿਸ਼ ਵਿੱਚ ਲਿਖਿਆ ਪ੍ਰੀਤ ਲੜ੍ਹੀ ਪੜ੍ਹਿਆ ਤਾਂ ਉਸ ਨੇ ਪੂਰਨ ਸਿੰਘ ਨੂੰ ਮਖੌਲ ਵਿੱਚ ਪੁੱਛਿਆ , ” ਪੂਰਨ ਸਿੰਘ ,ਪ੍ਰੀਤ ਲੜ੍ਹੀ ?  ਫਿਰ ਯੇਹ ਪ੍ਰੀਤ ਕਿਸ ਕੇ ਸਾਥ ਲੜ੍ਹੀ ? ‘ ਖੈਰ ਕਿਸੇ ਨੇ ਇਸ ਮੈਗਜ਼ੀਨ ਦਾ ਕੋਈ ਖਾਸ ਨੋਟਿਸ ਨਹੀਂ ਲਿਆ । ਸੰਧੂ ਸਾਹਿਬ ਜੀ ਅੱਜੇ ਤੱਕ ਪ੍ਰੀਤ ਲੜ੍ਹੀ ਪੜ੍ਹਦੇ ਹਨ , ਹੁਣ ਵੀ ਪੂਨਮ ਸਿੰਘ ਜੀ ਉਨ੍ਹਾਂ ਨੂੰ ਇਹ ਮੈਗਜ਼ੀਨ  ਭੇਜਦੀ ਰਹਿੰਦੀ ਹੈ । ਉਨ੍ਹਾਂ ਨੇ ਪੂਨਮ ਜੀ ਨੂੰ ਆਖਿਆ ਵੀ ਕਿ ਹੁਣ ਉਹ ਇੰਨਾ ਖਰਚ ਕਰ ਕੇ ਮੈਗਜ਼ੀਨ ਇੰਨੀ ਦੂਰ ਨਾ ਭੇਜਿਆ ਕਰੇ , ਪਰ ਫਿਰ ਵੀ ਇਹ ਹਰ ਮਹੀਨੇ ਉਨ੍ਹਾਂ ਦੇ ਬੂਹੇ ਦਸਤਕ ਦਿੰਦੀ  ਹੈ ।  ਰਿਸਾਲਿਆਂ ਤੇ ਮੈਗਜ਼ੀਨਾਂ ਤੋਂ ਬਿਨਾ ਸਾਇੰਸ ਨੂੰ ਵੀ ਉਹ ਬਹੁਤ ਘੋਖਦੇ ਸਨ । ਉਹ ਸੋਚਦੇ ਰਹਿੰਦੇ ਸਨ ਪਿਰਿਉਡਿਕ ਟੇਬਲਸ ਬਾਰੇ , ਕਿ ਕਿਵੇਂ ਹਰ ਚੀਜ਼ ਤੇ ਮੈਟਲ ਜਾਂ ਧਾਤ ਦਾ ਸੁਭਾ ਉਸ ਦੇ ਵਿਚਲੇ ਪਰੋਟਾਨ, ਇਲੈਕਟਰੋਨ ਜਾਂ ਨਿਉਟਰਾਨ  ਦਾ ਅਸਰ ਹੁੰਦਾ ਹੈ । ਮੇਨੂੰ ਉਨ੍ਹਾਂ ਦੀ ਗੱਲ ਸੁਣ ਕਾਲਜ ਵਿੱਚ ਪੜ੍ਹੀ ਸਾਰੀ ਕੈਮਿਸਟਰੀ ਯਾਦ ਆ ਗਈ । ਤਾਰਾ ਮੰਡਲ , ਗੈਲਕਸੀ ਤੇ ਹਰ ਕਿਸਮ ਦੀ ਪੜ੍ਹਾਈ ਨੂੰ ਉਹ ਜਾਨਣ ਜਾਂ ਸਮਝਣ ਦੀ ਕੋਸ਼ਿਸ਼ ਕਰਦੇ ਸਨ ।

ਆਸਿਫ਼ ਜੀ ਦਾ ਇਹ ਸਵਾਲ ਇਸ ਕਰਕੇ ਵੀ ਸੀ ਕਿ ਜਦ ਉਹ ਕੈਲੇਫ਼ੁਰਨੀਆ ਵਿਚ ਆਏ ਸਨ ਤੇ ਉਹ ਸੰਧੂ ਜੀ ਨੂੰ ਮਿਲੇ ਤੇ ਉਹ ਉਨ੍ਹਾਂ ਤੋਂ ਬਹੁਤ ਮੁਤਾਸਿਰ ਵੀ ਹੋਏ  । ਉਨ੍ਹਾਂ ਇਸ ਸ਼ਹਿਰ ਵਿਚ  ਸਾਂਝੇ ਪੰਜਾਬ ਬਾਰੇ ਦੋ ਵਾਰੀ ਬਹੁਤ ਸੋਹਣੀ ਉਹੀ  ਤਕਰੀਰ ਕੀਤੀ ਸੀ । ਦੋਨੋ ਵਾਰੀ   ਇਥੇ ਪੁੱਜੇ ਸਾਰੇ ਲੋਕਾਂ ਨੇ ਉਸ ਤਕਰੀਰ ਦਾ ਦਿਲੋਂ ਸਵਾਗਤ ਕੀਤਾ ਪਰ ਇਸ ਫ਼ੰਕਸ਼ਨ ਵਿਚ ਆਸਿਫ਼ ਜੀ ਦੇ ਨਾਲ਼ ਨਾਲ਼ ਇਕ ਹੋਰ ਉੱਘੇ ਪੰਜਾਬੀ ਲਿਖਾਰੀ ਦਾ ਮਾਣ ਵੀ ਕੀਤਾ ਜਾ ਰਿਹਾ ਸੀ ਤੇ ਜੋ ਦੋਵੇਂ ਦਿਨ ਨਾਲ਼ ਸੀ  । ਦੂਸਰੀ ਵਾਰ ਜਦ ਆਸਿਫ਼ ਜੀ ਦੀ ਤਕਰੀਰ ਤੋਂ ਬਾਦ ਆਸਿਫ਼ ਜੀ  ਨੂੰ ਬਹੁਤ ਸਵਾਲ  ਪੁੱਛੇ ਗਏ ਤੇ ਇਨ੍ਹਾਂ  ਦੇ ਉਨ੍ਹਾਂ ਨੇ ਬਹੁਤ ਚੰਗੀ ਤਰ੍ਹਾਂ ਜਵਾਬ ਵੀ ਦਿੱਤੇ;  ਅਸਲ ਗੱਲ ਤਾਂ ਇਹ ਵੀ ਸੀ ਕਿ ਸਵਾਲ ਵੀ ਬਹੁਤ ਸੋਹਣੇ ਸਨ , ਪਰ ਆਸਿਫ਼ ਜੀ ਦੀ ਤਕਰੀਰ ਤੋਂ ਬਾਦ ਦੂਜੇ ਮਹਿਮਾਨ ਨੇ ਜਦ ਆਪਣੀ ਤਕਰੀਰ  ਕੀਤੀ ਤਾਂ ਉਸ ਨੇ ਗੱਲ ਨੂੰ ਇਕ ਮਜ਼੍ਹਬੀ ਵਿਤਕਰਾ ਤੇ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਪਹਿਲੇ ਦਿਨ ਉਸ ਨੂੰ ਕੋਈ ਇਤਰਾਜ਼ ਨਹੀਂ ਸੀ , ਪਰ ਦੂਜੇ ਦਿਨ ਇਹ ਫ਼ਰਕ ਖੜੇ ਹੋ ਗਏ । ਕੁੱਝ ਲੋਕ ਤਾਂ ਹੈਰਾਨ ਹੀ ਰਹਿ ਗਏ;   ਜਦ ਆਸਿਫ਼ ਜੀ ਸੰਧੂ ਜੀ ਨੂੰ ਘਰ ਮਿਲਣ ਗਏ ਤਾਂ ਉਨ੍ਹਾਂ ਬੜੇ ਪਿਆਰ ਤੇ  ਦੁੱਖ ਨਾਲ਼ ਆਸਿਫ਼ ਜੀ ਨੂੰ ਕਿਹਾ  :”  ਤੁਸੀਂ ਤਾਂ ਪਿਆਰ, ਵਰਾਗ,  ਸਾਂਝ  ਤੇ ਅਮਨ  ਦਾ ਪੈਗ਼ਾਮ ਲੈ ਕੇ ਆਏ ਸੀ , ਪਰ ਇਸ ਆਦਮੀ ਨੇ ਉਸ ਨੂੰ ਮਜ਼ਹਬ  ਵਿਚ ਵਲੇਟ ਕੇ ਨਫ਼ਰਤ ਦਾ ਪੈਗ਼ਾਮ ਬਣਾ ਦਿੱਤਾ  ਤੇ ਉਨ੍ਹਾਂ ਲੋਕਾਂ ਦੀ ਯਾਦ ਦੀਵਾ ਦਿੱਤੀ ਜਿਹਨਾਂ  1947  ਵਿਚ   ਮਜ਼੍ਹਬੀ ਜਨੂਨ  ਰਾਹੀਂ ਜ਼ੁਲਮ  ਦੀ ਇੰਤਹਾ ਕਰ ਦਿੱਤੀ  । ਮੈਨੂੰ  ਸਖ਼ਤ ਹੈਰਾਨੀ ਹੋਈ  ਨਾਲ਼ ਆਪਣੇ  ਸੁੱਖ ਹੋਣ ਤੇ ਸ਼ਰਮ ਵੀ ਆਈ  ਕਿ ਏਨਾ  ਸਮਾਂ ਲੰਘਣ ਦੇ ਬਾਵਜੂਦ ਹਾਲੇ ਵੀ ਅਜਿਹੇ ਸਿੱਖ ਮੌਜੂਦ ਨੇ ਜੋ ਮੁਸਲਮਾਨ ਪੰਜਾਬੀਆਂ ਨਾਲ਼ ਏਨੀ ਨਫ਼ਰਤ ਕਰਦੇ ਨੇ

سوہن سنگھ سندھو جی دیاں گلاں سننیاں تے اوہناں کول بیٹھن دا اک مطلب ایہہ وی ہے کہ پنجابی کلچر ، پنجاب دا کئی دہاکیاں دا اتہاس ، آزادی دی لڑائی دی جدو جہد تے اک لمے سمیں دی داستان نوں سن لینا ہے، جس نوں ساڈیاں بیت چکیاں پیڑھیاں نے جیویا ہے تے جس بارے ساڈیاں آؤن والیاں نسلاں سندیاں وی رہنگیاں بالکل اسے طرحاں ہی جویں آپاں چھوٹے ہندیاں نانی جاں  دادی دیاں گلاں تے باتاں سندے ہندے ساں ۔ انجھ تاں ، آکھدے نے کہ اتہاس نوں جیتو لوک لکھدے ہن ۔ گلّ بہت سچ ہے – سکولاں دے سلیبس راہیں ساڈیاں سرکاراں تے حاکم  پارٹیاں ساڈے دماغ وچّ جوکجھ مرضی پائی جان – کی فرق پیندا ہے ؟ کجھ کو لوک ضرور ہندے ہن جو اتہاس (تاریخ ) دے  گواچے  ورقیاں  وچوں اوہناں نوں لبھّ ہی لیندے ہن ،  جناں نوں اجوکی سرکار لکو کے رکھدی ہے  جاں لکو کے رکھنا چاہندی ہے  ۔ کی پاش نوں جانن لئی اسدی کہانی اٹھویں تے نوویں دیاں کتاباں وچّ ہونی ضروری ہے ؟ بھگت سنگھ دی سوچ بارے اسیں اپنیاں اتہاس(تاریخ )  دیاں کتاباں وچّ کنا کو پڑھیا سی ، اوہ تے ساڈے دلاں تے لکھیا گیا ہے ، سرکاراں تے فرقے بھاویں اس دی ہیٹ تے پگڑی دی لڑائی وچّ رجھیاں رہندیاں نے ، پر اس دی سوچ نوں جنہاں جاننا ہے اوہناں اس نوں بھال ہی لینا ہے تے اوہ ساڈے چڑھدے ولّ ہی نہیں،  اوہ واہگیوں پار وی لوکاں دے لہو وچّ لہر بن دوڑ رہا ہے ۔ فرقو سیاسی پارٹیاں جاں مٹھّ کو لوکاں دی دھارمک کٹڑتا دی گندی راجنیتی ( سیاست ) کجھ مرضی کر لوے ، اسیں اوہناں ہزاراں لوکاں نوں لبھ  ہی لوانگے جنہاں  نوں لکاؤن جاں مٹاؤن دی کوشش کیتی گئی ہے جاں کیتی جاندی ہے ۔

سندھو صاحب جی اپنے پنڈ دی کہانی سناؤندیاں ہویاں دسدے ہن کی اوہناں دے پنڈاں ولّ زیادہ آبادی رام رائیے سکھاں دی سی ۔ میرے وانگ شاید کئیاں نوں زیادہ پتہ  نہ ہووے کہ رام رائیے کون سن ؟ سو اوہناں بارے میں تہاڈا تعارف سوہن سنگھ جی دے لفظاں راہیں ہی کرواؤندی ہاں ۔ گورو ہر رائے جدوں گدی تے سن تاں کسے نے مغل بادشاہ اورنگزیب دے کنّ جا بھرے سن کہ سکھاں دی بانی وچّ مسلماناں نوں برا بھلا کیہا گیا ہے ۔ اورنگزیب نے اس گلّ دی صفائی لئی گورو جی نوں بلا بھیجیا ۔ گورو جی نے  ایہہ فیصلہ کیتا ہویا سی کہ اوہ کسے مغل جاں ترک دے متھے نہیں لگن گے

۔ سو اوہناں اپنے وڈے صاحبزادے رام رائے جی نوں اورنگزیب دیاں گلاں دا جواب دین لئی دلی دربار وچّ بھیج دتا ۔ ساکھیاں انوسار رام رائے جی چنگی سوجھ بوجھ والے ، پڑھے لکھے ، عالم  انسان سن تے ساکھیاں انوسار اوہ  کئی کراماتاں کرنا وی جاندے سن ۔ آکھدے نے اوہناں نے اورنگزیب بادشاہ نوں 72  کراماتاں کر کے وکھائیاں ۔ پر جد اورنگزیب نے ” مٹی مسلمان کی پیڑے پئی کمیار ” والی تک دے مطلب پچھے تاں رام رائے جی نے آکھیا کہ، ” نہیں،  تہانوں غلط فہمی ہے ، اتھے لفظ مسلمان نہیں بلکہ  ” بے ایمان ” لفظ ” ہے ۔ اورنگزیب نے رام رائے جی نوں جان دتا پر اس توں پہلاں کہ اوہ گھر پجدے ، اوہناں دے  “غلط بیانی”  دی خبر گورو جی نوں پہلوں ہی مل  گئی ۔ سو جد اوہ گھر پجے تاں گورو جی دے بوہے اوہناں دے لئی بند ہو چکے سن ۔ گورو جی اوہناں دے متھے ہی نہیں لگے ۔

 جد سندھو صاحب جی اتھے پجے تاں اوہناں اک گلّ آکھی جو میں ساری سکھ قوم ساہمنے وی رکھنا چاہندی  ہاں ، اوہناں آکھیا کہ : ” سمجھ نہیں آؤندی کہ گورو جی نے کسے وی ترک جاں مغل دے متھے نہ لگن دا  کیوں فیصلہ کر لیا ؟ تے ایہہ وی کہ جد اورنگزیب نے  سدیا اوہناں نوں سی، اوہناں اپنے بیٹے نوں اس طرحاں دی صورت حال وچّ کیوں پا دتا کہ اوہ گھبرا کے غلط بیان بازی کر جاوے ؟ “۔

 میں سکھ ہاں تے سکھ ہون تے مینوں مان ہے تے جدوں میں ایہہ سوال کر رہی ہاں،  نندا دا  میرا کوئی بھاوَ نہیں ہے ۔  خیر ! رام رائے جی نے پچھیا کہ ہن اوہ کی  کرن تے کدھر نوں جان ؟ گورو جی نے کیہا :  ” جدھر نوں تیرا منہ ہے اس پاسے ہی چلیا جا ۔ “

اوہناں دا چہرہ اس ویلے اتر ولّ نوں سی سو اوہ پہاڑاں ولّ ہو ترے  تے پھر اوہناں نے اک نواں سیکٹ جاں نواں فرقہ شروع کر لیا ۔ سندھو جی نے دسیا کہ اس کرکے انا ، ہوشیارپور ، تے جلندھر دے کئی پنڈاں وچ رام رائے نوں منن  والے کافی لوک سن تے ایہہ وی اک کارن  سی کہ ایہہ لوک بہت دیر تکّ ہندو رسماں تے رواجاں نوں مندے رہے ۔ مینوں نہیں پتہ کہ ایہہ لوک کنی کو  گنتی وچّ ہن  تے اوہ پورے سکھ کویں تے کدوں بنے  ؟

سندھو جی اپنی جیونی بارے لکھدے وی رہندے ہن تے اپنے پچھوکڑ بارے ہمیشہ چھان بین کردے وی رہندے ہن ۔ اوہناں نے باقاعدہ اپنے جیون بارے اک ڈائری لکھی ہے تے اس وچّ ہر روز لوڑ پین تے کجھ نہ کجھ ہور جوڑدے رہندے نے جد اوہ لکھدے نے، اوہ صرف سوے جیونی دی ہی گلّ نہیں کردے سگوں اوہ اپنے ویلیاں نوں ہر پاسیوں توں، ہر نقطے توں دیکھدے ہن ۔ اپنے پریوار بارے اوہ دسدے ہن کہ کسے ویلے دو بھرا  اس پنڈ وچّ آ کے وسے ، ایہناں وچوں اک بھرا دی اولاد خوب ودھی پھلی تے تقریباً سارا پنڈ ہی اس پیڑھی وچوں سی پر اک بھرا دی اکو ہی اولاد اگے تردی ، جے دو بھرا ہو وی جاندے تاں اوہناں وچوں اک جاں تاں مر جاندا ، جاں اک دا ویاہ  نہ ہندا ، جاں جے ویاہ ہو جاندا تاں  پھر اس دے اولاد نہ ہندی ، سو پاش تے سندھو جی اس پیڑھی وچوں ہن ۔  کجھ اس طرحاں وکھ جہی تقدیر سی سندھو جی دے وڈے وڈیریاں دی ۔ اوہناں دے پنڈ کول اک سرائے ہے جس پنڈ نوں دکھنی سرائے آکھدے نے ، ایہہ سراں شاید مغلاں ویلے دی بنی ہوئی ہے ۔ کجھ ہور دوری تے نور محل دی سراں وی ہے ۔ اس سراں نوں  مہاراج رنجیت سنگھ دے سمے  اوہناں دے افسراں تے فوج نے  وی ورتیا ۔ مہاراجہ رنجیت سنگھ دے زمانے وچّ اوہ ٹیکس  پیسے جاں سکیاں وچّ نہیں وصول کردے سن سگوں اوہ ایہہ اناج جاں پیسے ہوئے آٹے دی شکل وچّ وصول کردے سن ۔ سو گھر دیاں عورتاں سارا سارا دن چکی تے  آٹا پیہدیناں لنگھا دیندیاں ۔کیوں جے سندھو جی دے وڈے وڈیریاں وچّ بندیاں دی گھاٹ سی اس  کر کے ٹیکس آٹے دی شکل وچّ دینا اوکھا لگدا سی ۔ اوہناں دے بزرگاں نے اپنے آلے سوالے پنڈاں توں 7  – 8  آرائیں مسلمان  پریواراں نوں ایہناں دے پنڈ آ کے کم کرن لئی آکھیا ، تے اوہناں نوں کیہا  کہ  اتھے آؤ نالے ساڈے نال کم کرو تے اتھے ہی رہِ جائو ۔  اس طرحاں ہولی ہولی ایہناں دے پنڈ وچّ ونڈ ہون ویلے تکّ مسلماناں دی گنتی کافی زیادہ ہو گئی  سی ۔

جد اوہ مینوں اپنیاں پیڑھیاں تے دادیاں تے پڑدادیاں دی اس طرحاں گلاں سنا رہے سن ، تاں مینوں اک کتاب یاد آئی جو مینوں ہیری ( میری سہیلی ) نے اک وار پڑھن  لئی بھیجی سی ۔ ایہہ کتاب سی ‘ روٹس ‘ ( Roots ) تے اس دا لکھاری سی الیکس ہیلے ( Alex Haley ) ۔ اس دا کوئی وڈا وڈیرا اج توں 200  سال  توں وی  پہلاں 1757  دے نیڑ تیڑ ، جس دا ناں سی کنتا کنتے ، تے جو کہ  افریقہ وچّ گامبیا دے اک مسلمان قبیلے وچوں سی ، اس نوں زبردستی چکّ کے زنجیراں وچّ بنھ سمندری جہاز وچّ امریکہ لیا کے اک غلام دے طور  تے ویچ دتا گیا سی ۔ جد اس نوں ایہہ پکّ ہو گیا کہ ہن اوہ کدی وی اپنے پنڈ تے اپنے قبیلے نوں مڑ کے نہیں مل سکدا تاں اس نے ایہہ فیصلہ کیتا کہ اوہ اپنے بچیاں نوں اپنے قبیلے بارے ، پنڈ دے کول وگدے دریا دے ناں ضرور سکھاو ےگا تے اوہناں توں ایہہ وعدہ لوے گا کہ اوہ اگوں اپنے بچیاں توں وی ایہی قول لین ۔ سو اس کنبے وچّ ایہہ دو تنّ نام پیڑھی در پیڑھی تردے گئے ۔ تے پھر اک دن اس پریوار دا اک بیٹا 200 سالاں بعد اپنے پنڈ کھڑا سی تے اس پنڈ دے قبیلیاں والیاں نے وی ایہہ تصدیق کیتی کہ اوہ ایہہ کہانی ہمیشہ سندے آئے ہن تے   اس نام دا اک منڈا اس طرحاں ایتھوں چکّ لیا گیا سی ۔ الیکس سی کنتا کنتے دی اٹھویں پیڑھی ۔ الیکس نے جد ایہہ کتاب لکھی تاں اس نوں عجیب لگیا کہ اس داستان نوں اوہ اپنے غلیچیاں لدے گھر وچّ نرم صوفیاں تے بیٹھ کے لکھے تے پھر اس جہاز دی ٹکٹ خریدی تے لائیبیریا توں امریکہ تکّ اک سمندری جہاز وچّ فرش تے لمے پے کے اک ہی نکر وچّ سفر کیتا ۔ اس لئی کنا ضروری ہو گیا اپنیاں جڑھاں نوں جاننا تے اپنی تہذیب تے اتہاس  نوں سمجھنا  ۔ کجھ اس طرحاں دا شوق سندھو صاحب جی نوں وی ہے ، تے پھر اوہناں نے بڑے چاء نال اپنی فیملی ٹری کمپیوٹر تے دکھائی ۔ تے اج کل ساڈے بچے پنجابی کہاؤن وچ ہی شرم سمجھدے نے تے اکثر میں ماواں نوں دیکھیا ہے کہ اوہ بہت ٹوہر نال کہنا پسند کردیاں ہن کہ اوہناں دا بچہ صرف، انگریزی ، اردو جاں ہندی ہی بولنا جاندا  ہے ۔

اس کالم دی بھاویں میں ساری نہار گھڑھ لئی سی پر پھر وی میرے پچھلے کالم نے آصف جی دے ہتھ وچّ اک نواں سوال پھڑا دتا سی – کہندے ، ” گلو ! میں سندھو صاحب جی نوں ملیا ، اوہناں نال گلاں وی کیتیاں تے اوہ ساریاں ذات پات ، مذہبی ونڈاں توں اپر ہو کے سوچن والے انسان نے ، پھر اوہ امرت چھکن والے تے نت نیم دی  پابندی کرن والے کٹڑ سکھ توں ہن والے انسان کویں بنے ، کہڑی چیز نے اوہناں نوں اینا بدل دتا ؟ ” سوال تاں اوہناں دا ٹھیک سی – تے ایہہ سوال میں اپنے خیالاں  وچّ پٹھا سدھا کر کرسوچدی رہی کہ کی  ہو سکدا ہے جس نے اوہناں نوں اینا بدل دتا  ہے ، بھاویں  وقت نال اسیں سارے بدلدے ہاں ۔ تے اس طرحاں اج میں ایہہ سوال لئی ہوئی  نے  اوہناں دے بوہے دستک دتی ۔شام  دا ویلا ، سورج ڈبن والا،  تے سکولوں آؤندی ہوئی نکے نکے کم کردی  ، میں اپنے گھر جان دی  تھاں اوہناں دے گھر سدھی چلی گئی ۔ رستے وچّ بے تحاشہ ٹریفک ، راہ  وچّ کنی وار من وچّ آیا وی کہ میں گھر واپس مڑ جاواں ، دیر ہو گئی ہے کدی پھر جا آوانگی ۔ پر آخر کر ادھیڑ بن وچّ پئی اپنے خیالاں وچّ گمّ تے  سوچدی  سوچدی  اوہناں دے گھر پہنچ  ہی گئی،  کہ کم تاں روز ہی ہندے ہن تے کجھ پلاں بعد جس کمرے وچّ اوہ اکثر بیٹھدے نے ،   اوہناں دی اس کمرے دی باری موہرے کھڑی اس نوں میں ہولی جہی ٹھکور رہی سی ۔ اوہ اٹھن وی  لگے بوہا کھولن لئی پر اس توں پہلاں ہی ونکل نے مینوں بوہا کھول  ہولی جہے مسکرادندیاں ‘ ہیلو’  آکھی ۔ کجھ پل نکے ارمان نال دعا سلام تے لاڈ کر میں سندھو جی دے کمرے وچّ پجی تے اوہناں ساہمنے آصف جی دا سوال دھر دتا ۔

ہسّ کے کہندے ، ” ہاں ! گلشن جد میں اٹھویں نوویں وچّ امرت چھکیا تے ڈیڈھ تے دو  فٹّ کرپان وی بہت دیت تکّ پائی رکھی تے  پنج ککار رکھنے شروع کیتے تاں بہت پکا سی ، نت نیم کرنا، گربانی دا پاٹھ کرنا ، سگوں انی چنگی طرحاں کرنا کہ میں  اصلی پاٹھیاں دی اک طرحاں چھٹی ہی کر دتی سی ۔ کچھہرے بارے پوری مریادا رکھدا سی اک پاسے توں ہی لاہ کے نواں پا کے دوسرے پاسے توں لاہنا ۔ پورا صدق رکھیا ۔ ” اوہناں نے گربانی دا پاٹھ بہت کیتا ہے اس عمر وچّ ۔ دسدے سن کہ اوہ جپجی صاحب جی دا پاٹھ صرف اٹھ  منٹاں وچ کر لیندے سن ۔ پھر مینوں سمجھاؤن لگے کہ ویسے تاں عامَ لوک اوہناں دناں وچّ سہج (مختصر)پاٹھ ہی زیادہ کریا کردے سن – اکھنڈ (پورے گورو  گرنتھ صاحب دا پاٹھ)پاٹھ تاں کوئی کوئی ہی کدے ہی کردا سی تے اوہ پاٹھ کرن لئی خاص لوک ہی ہندے سن –  تے پھر اکھنڈ پاٹھ دے نال لوک جپُ جی  صاحب دا پاٹھ وی نال نال  کریا کردے سن ، اس دا مطلب ایہہ ہندا سی کہ پاٹھ اکھنڈ ہووے تے جو گورو گرنتھ صاحب دا  پاٹھ کرن ویلے وچّ وچّ خالی تھاں جاں فاصلہ رہِ جاندا سی ،  اک شبد توں دوجے  شبد تکّ – جاں اک ساہ لین توں دوجے ساہ لین تکّ ، تاں مطلب سی کہ اس  گیپ نوں جپُ جی صاحب دے پاٹھ  نال پورا کیتا جا  رہا ہے سو اس طرحاں دا  اک اکھنڈ پاٹھ دا کونسیپٹ سی ، بن  روک ٹوک دے لگاتار پاٹھ ۔ جو بچے جاں پاٹھی جپُ جی صاحب دا پاٹھ کردے جاں پاٹھ دے نال نال لگاتار دھوپھ جگائی رکھدے ، اوہناں نوں دھوپھیئے آکھدے سن ۔ جو پاٹھی اوہناں دن وچّ ہندے سن ،

اوہ کوئی بہتا پڑھے لکھے نہیں ہندے سن ، سکول دی کوئی پڑھائی اوہناں کول نہیں ہندی سی ۔ بس اوہناں گردوارے ہی ہورنا پاٹھیاں توں پاٹھ کرنا سکھیا ہندا سی ۔ دسدے سن کہ لوک بہتی وار کڑیاں نوں وی ایہناں سکولاں وچّ پاٹھ سکھن لئی بھیج دیندے سن ۔ مینوں یاد ہے کہ میری نانی دسدی ہندی سی کہ اس نے وی گردوارے توں ہی پنجاں بانیاں دا پاٹھ کرنا سکھیا سی ، اس نوں سارے پاٹھ منہ زبانی وی یاد سن تے گٹکے توں وی کر لیا کردی سی  ۔ بس اس طرحاں اوہ صرف  پاٹھ ہی پڑھ سکدی سی ، جے اسیں کوئی گورمکھی وچّ چھپی کتاب  جاں اخبار اس دے موہرے کر کے اس نوں پڑھن لئی آکھنا تاں اس نے کہنا، ” نہیں،  مینوں نہیں آؤندا اس طرحاں پڑھنا ۔ ”  اسیں اس تے ہسنا وی تے نالے حیران ہونا کہ کویں اوہ پاٹھ پڑھ لیندی ہے پر کجھ ہور نہیں پڑھ سکدی سی ۔ ایہہ حیرانی مینوں ہن تکّ ہے   ۔ سو سندھو صاحب جی نے وی مینوں ایہی دسیا کہ لوک بس گردوارے وچوں ہی پاٹھ پڑھنا سکھ کے  پروفیشنل پاٹھی بن جاندے سن ۔

میں سوچن لگّ پئی کہ شاید ایہہ کارن سی ساڈے گرنتھی لوک چرچ دے پادریاں مقابلے  وچ  زیادہ پڑھے لکھے لوک نہیں ہندے ۔ جدوں کہ چرچ دے پادری  کئی کئی ورھیاں دی خاص پڑھائی کردے ہن . باقاعدہ امتحان پاس کردے ہن تے اڈّ اڈّ قسماں دی پڑھائی کردے ہوئے ، تاں کتے جا کے فادر جاں پریسٹ بندے ہن ۔ ایہہ  ساڈے سکھ دھرم وچّ اک وڈی گھاٹ ہے ۔ بدھ تے جین دھرم وچّ وی  اوہناں دے دھارمک گرنتھی کافی  پڑھائی کئی کئی ورھیاں تکّ کردے ہن ۔ بلکہ اوہناں نوں وی  بہت کجھ پڑھایا تے سکھایا  جاندا ہے ۔ تے جتھے چرچ وچّ اک پادری بے حدّ پیار نال تہاڈے نال  گلّ کردا ہے تاں گردوارے وچّ اک گرنتھی ماڑی جہی سر توں چنی لہہ جان تے بھجّ کے تہاڈے گلّ پیندا ہے ۔ میرا اک بڑا ہی بھیڑا تجربہ ہے ۔ گرمی دیاں چھٹیاں وچّ اک واری اسیں اپنیاں بھتیجیاں نوں کیمپ لاؤن لئی  بھیج دتا، پر اس کیمپ توں بعد اوہناں نے گرودوارہ ہی جانا بند کر دتا کیوں کہ اوتھے اوہناں دا انسٹرکٹر چونکڑی نہ مار سکن تے جاں ماڑی جہی چنی لہہ جان تے اینی بْری طرحاں اچی بول کے مگر پیندا سی  کہ جو میریاں بھتیجیاں ہر ہفتے بھجّ  کے چاء نال جاندیاں سن اوہ کنے سال ہی گردوارے نہیں گئیاں،  ہن تھوڑا وڈیاں ہو گئیاں نے تے کجھ سمجھ آ گئی ہے گلاں دی ، تاں اوہناں نے ہن گردوارے جانا شروع کیتا ہے پر اجے وی اوہ ڈردیاں ہی رہندیاں نے کہ کوئی اوہناں دے مگر ہی نہ پے جائے ۔  حالانکہ ساڈے دھرم وچّ لوکاں دا دل دوجیاں دے مقابلے وچّ بہت وڈا ہندا ہے ، سکھ دھرم ہی شاید اکو اک دھرم  ہے جو کسے نوں اپنا دھرم بدلن لئی نہیں آکھدا جد کے دوجے دھرماں دے لوک کس طرحاں تہاڈا دھرم تہاتھوں کھوہ کے اپنا دھرم تہاڈے تے ٹھوسنا چاہندے ہن تے اس طرحاں دا زور جبر کر جاں ہور قسماں دے لالچ دے کردے وی آئے ہن   ۔ بھاویں مینوں اپنا سکھ ہونا ہی چنگا لگدا ہے ، کجھ ہور نہیں ؛ پر کجھ گلاں تے سانوں ضرور لوجیکلی (منطق نال)  سوچنا چاہیدا ہے ۔ باقی دنیا وچّ تاں مینوں پتہ نہیں پر میرے شہر  وچّ جے  تہاڈے گوڈے دکھدے ہن، تسیں جھکّ کے بیٹھ نہیں سکدے فرش تے،  تاں تسیں گردوارے نہیں جا سکدے ، بھاویں فریمونٹ دا گرودوارہ مینوں آلے دوآلے دے گوردواریاں وچوں سبھ توں پسند ہے پر دکھ ہندا ہے ایہہ جان کے  کہ میری ممی نوں کوئی حق نہیں گورو گھر جان دا ،  کیوں  کے ہن اس دے گوڈیاں نے جواب دے دتا ہے ۔ میرے ممی ورگے کنے ہی لوک ہن جو گورو گھر آؤنا چاہندے ہن پر  بیٹھن دی تکلیف صدقہ اک جیل ورگی زندگی جیون لئی مجبور ہو جاندے ہن ۔

آصف جی دے سوال دے جواب وچ  گلّ نوں اگے  توردیاں اوہناں آکھیا کہ اوہناں دے پڑھن دے شوق نے تے سائنس وچّ دلچسپی نے اوہناں دی سوچ وچّ بہت  تبدیلی لیا دتی سی  ۔ پھر میری پچھلے کالم دی اک غلطی پھڑدیاں اوہناں آکھیا کہ ‘ پنج دریا ‘ میگزین پیارا سنگھ پدم نہیں کڈھدا سی ،  بلکہ ایہہ میگزین پروفیسر موہن سنگھ جی دا سی ، اس وچّ ہی اوہ پیارا سنگھ پدم دے لکھے لیکھ پڑھیا کردے سن ، اوہناں دسیا کہ اوہناں دناں وچ  موہن سنگھ جی اپنے ناں مگر ‘ ماہر ‘ لاؤندے سن ۔ پیارا سنگھ پدم دا اک لیکھ سی  ” آدی جنم ساکھی وچّ اتی کتھنی ” ، اس دا اوہناں تے بہت اثر پیا ، تے پھر پریت لڑھی دا وی بہت اثر سی ۔ پریت لڑھی جو 1935 دے لگ بھگ شروع ہویا سی ، اس دے ایڈیٹر  گربخش سنگھ جی  نے پنجابی ساہت تے  اک پوری صدی  اثر پایا ۔ اوہناں کرکے ہی ساڈی  نانک سنگھ ، بلونت گارگی ، بلراج ساہنی ، شو کمار ، امرتا پریتم ، جسونت کنول تے ہور بہت لکھاریاں نال  پہلی وار ملاقات ہوئی ۔ خوبصورت توں خوبصورت لفظاں نال ساڈی دوستی گربخش سنگھ جی نے کروائی ، اوہناں نے صرف سانوں اک سندر دل کھچویں بولی ہی نہیں دتی بلکہ سانوں اک سوہنی زندگی جیون دی سیدھ تے جاچ وی سکھائی  ۔ لفظاں دے جادوگر ، سوہنی لکھت دے بادشاہ  سن اوہ ، تے سانوں  اوہناں نے محبت بارے اک بے حدّ سوہنا تے نواں نظریہ دتا ۔ سندھو جی اس گلّ نوں مندے ہن کہ وارتک لیکھنی دے گربخش سنگھ جی پتاما سن ، ساریاں نے وارتک نوں سوہنے ڈھنگ نال لکھن دی کلا  اوہناں توں ہی سکھی ۔ سندھو صاحب جی نے اوہناں دے ساویں تے پدھری زندگی بارے سارے لیکھ پریت لڑھی وچّ ہی پڑھے ۔ پریت لڑھی دا پنجابی ساہت تے اثر توں بنا ہور اثر اس ویلے دی راجسی سوچ تے  پیا ، تے 47 توں پہلاں آزادی دی لڑائی لئی کیتی جا رہی  مہم تے وی پیا ۔ سچ تاں ایہہ ہے کہ اس دہاکے دا اتہاس ، خاص کر کے پنجاب دا تے پنجابی دا اتہاس دا پریت لڑھی  دے اتہاس توں بنا پورا نہیں ہندا ، ایہہ میری سوچ ہے ۔ سو کسے ویلے 45 – 46 وچّ فوج وچّ پریت لڑھی نوں  پڑھن تے بین لگّ گیا ۔ اس لئی کہ اس دی کمیونسٹ سوچ سی ۔ سندھو جی ایہہ وی دسدے ہن کہ ایناں رسالیاں وچّ جو لیکھ چھپدے سن ، اوہناں دی سوچ نویں تے سائِنسی سی ، تے ایہہ لوک دھرم نوں ہور پکھ توں دیکھدے سن ۔ اس طرحاں اوہناں دی سوچ وچ ہولی ہولی 180 ڈگری دا موڑ آ گیا ۔ امید ہے کہ آصف جی نوں اپنے سوال دا جواب مل گیا ہووےگا ۔ پر پھر وی سندھو جی گورو نانک دیوَ  جی نوں سائنس دے سبھ توں قریب سمجھدے  ہن ۔

اوہناں نے مینوں اک بڑی دلچسپ گھٹنا سنائی ۔ 1948 وچّ سندھو جی جبلپور ٹریننگ لے رہے سن ۔ اک لمی ساری بیرک وچّ اوہ ہور جواناں نال رہندے سن ۔ اوہناں دا اک امرتسر توں ساتھی پورن سنگھ جی دے نام دا سی ۔ اس نوں وی ایہناں وانگ پریت لڑھی پڑھن دا شوق سی تے اوہ اس نوں اتھے جبلپور  منگوا لیندا سی ، تے سندھو صاحب جی وی اس کولوں لے کے پڑھ لیندے سن ۔ اس ویلے اوہناں دا افسر  کوئی کرنل بہت ہی سخت سبھا دا سی ، سارے  فوجی اس توں بہت ہی دکھی سن ۔ اوہناں دی ایتھے اک آرمڈ فورس لیگ ہندی سی ۔ اوہناں نے اس افسر دے خلاف کجھ لکھ کے  راتو رات پرچے سائیکلوسٹائل کر کے فوجیاں دیاں مچھردانیاں تے رکھ دتے ۔ سویر نوں جد افسراں نوں پتہ لگیا تاں اوہناں وچّ ترتھلی مچ گئی ۔ یو . پی . دا اک مٹھّ- بولڑا کیپٹن جیمنی رائے سی ، اوہ اک ہور افسر نال تلاشی لین آیا ۔ تے اس نے بکسے وچّ پریت لڑھی دے پچھلے صفے تے انگلش وچّ لکھیا پریت لڑھی پڑھیا تاں اس نے پورن سنگھ نوں مخول وچّ پچھیا ، ” پورن سنگھ ،پریت لڑی ؟  پھر یہ پریت کس کے ساتھ لڑی ؟ ‘ خیر کسے نے اس میگزین دا کوئی خاص نوٹس نہیں لیا ۔ سندھو صاحب جی اجے تکّ پریت لڑی پڑھدے ہن ، ہن وی پونم سنگھ جی اوہناں نوں ایہہ میگزین  بھیجدی رہندی ہے ۔ اوہناں نے پونم جی نوں آکھیا وی کہ ہن اوہ اینا خرچ کر کے میگزین اینی دور نہ بھیجیا کرے ، پر پھر وی ایہہ ہر مہینے اوہناں دے بوہے دستک دیندی  ہے ۔  رسالیاں تے میگزیناں توں بنا سائنس نوں وی اوہ بہت گھوکھدے سن ۔ اوہ سوچدے رہندے سن پریوڈک ٹیبلس بارے ، کہ کویں ہر چیز تے میٹل جاں دھات دا سبھا اس دے وچلے پروٹان، الیکٹرون جاں نیوٹران  دا اثر ہندا ہے ۔ مینوں اوہناں دی گلّ سن کالج وچّ پڑھی ساری کیمسٹری یاد آ گئی ۔ تارہ منڈل ، گیلکسی تے ہر قسم دی پڑھائی نوں اوہ جانن جاں سمجھن دی کوشش کردے سن ۔

آصف جی دا ایہہ سوال اس کرکے وی سی کہ جد اوہ کیلیفورنیا وچّ آئے سن تے اوہ سندھو جی نوں ملے تے اوہ اوہناں توں بہت متاثر وی ہوئے  ۔ اوہناں اس شہر وچّ  سانجھے پنجاب بارے دو واری بہت سوہنی اوہی  تقریر کیتی سی ۔ دونو واری   اتھے پجے سارے لوکاں نے اس تقریر دا دلوں سواگت کیتا پر اس فنکشن وچّ آصف جی دے نال نال اک ہور اگھے پنجابی لکھاری دا مان وی کیتا جا رہا سی تے جو دوویں دن نال سی  ۔ دوسری وار جد   آصف جی دی تقریر توں بعد آصف جی  نوں بہت سوال  پچھے گئے تے ایہناں  دے اوہناں نے بہت چنگی طرحاں جواب وی دتے؛  اصل گلّ تاں ایہہ وی سی کہ سوال وی بہت سوہنے سن ، پر آصف جی دی تقریر توں بعد دوجے مہمان نے جد اپنی تقریر  کیتی تاں اس نے گلّ نوں اک مذہبی وتکرا تے دھارمک رنگت دین دی کوشش کیتی حیرانی دی گلّ تاں ایہہ سی کہ پہلے دن اس نوں کوئی اعتراض نہیں سی ، پر دوجے دن ایہہ فرق کھڑے ہو گئے ۔ کجھ لوک تاں حیران ہی رہِ گئے؛   جد آصف جی سندھو جی نوں گھر ملن گئے تاں اوہناں بڑے پیار تے  دکھ نال آصف جی نوں کیہا  :”  تسیں تاں پیار، وراگ،  سانجھ  تے امن  دا پیغام لے کے آئے سی ، پر اس آدمی نے اس نوں مذہب  وچ ولیٹ کے نفرت دا پیغام بنا دتا  تے اوہناں لوکاں دی یاد دیوادتی جیہناں  1947  وچ   مذہبی جنون  راہیں ظلم  دی انتہا کر دتی  ۔ مینوں  سخت حیرانی ہوئی  نال آپنے  سکھ ہون تے شرم وی آئی  کہ اینا  سماں لنگھن دے باوجودحالے وی اجیہے سکھ موجود نےجو مسلمان پنجابیاں نال اینی نفرت کردے نے”۔

 

Hi, Stranger! Leave Your Comment...

Name (required)
Email (required)
Website
 
UA-19527671-1 http://www.sanjhapunjab.net